ਪੇਕੇ ਤੁਰ ਜਾਊਂਗੀ

ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ

ਛਾਤੀ ਅੰਦਰਲੇ ਥੇਹ-18
ਗੁਰਦਿਆਲ ਦਲਾਲ
ਫੋਨ: 91-98141-85363
ਮੇਰਾ ਸਾਲਾ ਰਾਜ ਕੁਮਾਰ ਆਪਣੀ ਛੋਟੀ ਭੈਣ ਇਕਬਾਲ ਦਾ ਰਿਸ਼ਤਾ ਮੇਰੇ ਨਾਲ ਕਰਨ ਲਈ ਪੁੱਛ-ਪੜਤਾਲ ਵਾਸਤੇ ਹਿਸਾਰ ਆਇਆ। ਬੀæਐਡæ ਦੇ ਤੀਹ ਕੁ ਵਿਦਿਆਰਥੀਆਂ ਦੀ ਆਰੀਆ ਸਕੂਲ ਵਿਚ ਚੱਲ ਰਹੀ ਟੀਚਿੰਗ ਪ੍ਰੈਕਟਿਸ ਦਾ ਮੈਂ ਇੰਚਾਰਜ ਸਾਂ। ਉਹ ਆਪਣੇ ਤਿੰਨ ਚਾਰ ਦੋਸਤਾਂ ਸਮੇਤ ਉਥੇ ਹੀ ਪਹੁੰਚ ਗਿਆ। ਸਕੂਲ ਦੇ ਪ੍ਰਿੰਸੀਪਲ ਨੇ ਉਨ੍ਹਾਂ ਲਈ ਖਾਣ ਪੀਣ ਦਾ ਸਮਾਨ ਮੰਗਵਾਇਆ। ਫਿਰ ਅਸੀਂ ਅਲੱਗ ਦਫ਼ਤਰ ਵਿਚ ਜਾ ਕੇ ਬੈਠ ਗਏ ਜਿਥੇ ਬੀæਐਡæ ਦੇ ਮੁੰਡੇ ਕੁੜੀਆਂ ਆਪਣੇ ਲੈਸਨ ਚੈਕ ਕਰਾਉਣ ਲਈ ਆਉਣ ਲੱਗੇ। ਮੇਰੀ ‘ਸਰ-ਸਰ’ ਹੁੰਦੀ ਦੇਖ ਕੇ ਰਾਜ ਕੁਮਾਰ ਨੇ ਆਪਣੇ ਪਿੰਡ ਆ ਕੇ ਕਾਹਲ ਪਾ ਦਿੱਤੀ ਕਿ ਮੁੰਡੇ ਦੀ ਬਹੁਤ ਟੌਹਰ ਹੈ। ਛੇਤੀ ਕਰੋ, ਕਿਧਰੇ ਰਿਸ਼ਤਾ ਖੁੱਸ ਹੀ ਨਾ ਜਾਵੇ।
ਮੈਂ ਜਦੋਂ ਬੇਬੇ ਨੂੰ ਮਿਲਣ ਦੋਰਾਹੇ ਗਿਆ ਤਾਂ ਰਾਜ ਕੁਮਾਰ ਆਪਣੇ ਮਾਮਾ ਜੀ ਸ੍ਰੀ ਬੈਨੀ ਪ੍ਰਸ਼ਾਦ ਵਰਮਾ ਤੇ ਤਿੰਨ ਚਾਰ ਹੋਰ ਬੰਦਿਆਂ ਨੂੰ ਨਾਲ ਲੈ ਕੇ ਦੋਰਾਹੇ ਆ ਗਿਆ। ਘਰ ਦੀ ਹਾਲਤ ਤਾਂ ਬਹੁਤ ਖਸਤਾ ਸੀ, ਉਹ ਮੇਰੀ ਨੌਕਰੀ ਕਰ ਕੇ ਹੀ ਪੱਕ ਠੱਕ ਕਰ ਗਏ ਤੇ ਦੋ ਤਿੰਨ ਦਿਨਾਂ ਬਾਅਦ ਮੇਰਾ ਮੰਗਣਾ ਇਕਬਾਲ ਨਾਲ ਹੋ ਗਿਆ। ਉਹ ਉਦੋਂ ਏæਐਸ਼ ਕਾਲਜ ਖੰਨਾ ਤੋਂ ਬੀæਏæ ਫਾਈਨਲ ਕਰ ਰਹੀ ਸੀ। ਕੁਝ ਐਡਵਾਂਸ ਹੋਣ ਕਰ ਕੇ ਘਰ ਵਾਲਿਆਂ ਨੇ ਚਿੱਠੀ ਪੱਤਰ ਦੀ ਖੁੱਲ੍ਹ ਦੇ ਦਿੱਤੀ। ਉਧਰ ਮੈਨੂੰ ਘਰ ਦੀ ਖਿੱਚ ਰਹਿੰਦੀ ਸੀ ਤੇ ਮੈਂ ਪੰਜਾਬ ਵਿਚ ਹੀ ਸੈਟਲ ਹੋਣਾ ਚਾਹੁੰਦਾ ਸਾਂ। ਕੁਝ ਸਮੇਂ ਮਗਰੋਂ ਮੇਰਾ ਕੰਮ ਬਣ ਗਿਆ ਤੇ ਮੈਂ ਹਿਸਾਰ ਕਾਲਜ ਤੋਂ ਅਸਤੀਫਾ ਦੇ ਕੇ 17 ਫਰਵਰੀ 1972 ਨੂੰ ਸਰਕਾਰੀ ਹਾਈ ਸਕੂਲ ਪੱਬੀਆਂ (ਜਗਰਾਉਂ) ਵਿਚ ਬਤੌਰ ਗਣਿਤ ਮਾਸਟਰ ਜੁਆਇਨ ਕਰ ਲਿਆ।
ਬੀæਐਡæ ਕਾਲਜ ਦੇ ਪ੍ਰੋਫੈਸਰ ਤੋਂ ਸਕੂਲ ਮਾਸਟਰ ਬਣਨ ਕਰ ਕੇ ਮੇਰਾ ਰੁਤਬਾ ਘਟਿਆ ਦੇਖ ਸਹੁਰੇ ਘਰ ਵਿਚ ਹੋਈ ਕੁਰਬਲ ਕੁਰਬਲ ਮੇਰੇ ਤੀਕ ਪਹੁੰਚ ਗਈ। ਉਨ੍ਹਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਹੁਣ ਤਨਖਾਹ ਵੀ ਅੱਧੀ ਰਹਿ ਗਈ ਸੀ। ਮੇਰੀ ਇਕ ਸਾਲੀ ਪਹਿਲਾਂ ਹੀ ਪੱਕੇ ਰੰਗ ਦੇ ਮੁੰਡੇ ਨਾਲ ਉਸ ਦੀ ਗੋਰੀ ਭੈਣ ਦਾ ਰਿਸ਼ਤਾ ਹੋਣ ਕਰ ਕੇ ਆਪਣੇ ਘਰਦਿਆਂ ਨਾਲ ਖ਼ਫਾ ਸੀ। ਹੁਣ ਰੁਤਬਾ ਘਟਣ ਕਰ ਕੇ ਉਹ ਇਸ ਰਿਸ਼ਤੇ ਨੂੰ ਖਤਮ ਕਰਨ ਲਈ ਜ਼ੋਰ ਪਾਉਣ ਲੱਗੀ। ਦੋਰਾਹਾ ਕਸਬੇ ਵਿਚ ਸਾਡੇ ਕੋਲ ਪਲਾਟ ਸੀ, ਉਹ ਵੀ ਚਾਰ ਭਰਾਵਾਂ ਦਾ ਸਾਂਝਾ। ਉਸ ਦੇ ਇਕ ਪਾਸੇ ਦੋ ਕਮਰੇ ਜਸਵੰਤ ਨੇ ਬਣਾ ਲਏ ਸਨ। ਸਟੋਰ ਵਾਲੇ ਲੰਮੇ ਕਮਰੇ ਵਿਚ ਦੀਵਾਰ ਕਰ ਕੇ ਮੈਂ ਦੋ ਪੋਰਸ਼ਨ ਬਣਾ ਲਏ। ਇਕ ਵਿਚ ਬੇਬੇ ਦਾ ਮੰਜਾ, ਪੇਟੀ, ਟਰੰਕ, ਘਰ ਦਾ ਨਿਕਸੁੱਕ ਰੱਖ ਦਿੱਤਾ ਤੇ ਦੂਜੇ ਨੂੰ ਮੈਂ ਆਪਣਾ ਬੈਡਰੂਮ ਬਣਾ ਲਿਆ। ਪਲਾਟ ਦੇ ਇਕ ਖੂੰਜੇ ਵਿਚ ਇੱਟਾਂ ਚਿਣ ਕੇ ਆਰਜ਼ੀ ਜਿਹਾ ਬਾਥਰੂਮ ਤੇ ਕੰਧ ਨਾਲ ਉਵੇਂ ਹੀ ਇੱਟਾਂ ਚਿਣ ਕੇ, ਉਤੇ ਟੀਨ ਪਾ ਕੇ, ਰਸੋਈ ਛੱਤ ਲਈ। ਸਾਡੇ ਘਰ ਦੁਆਲੇ ਖਾਲੀ ਟਿੱਬਿਆਂ ਵਿਚ ਘਾਹ ਫੂਸ, ਅੱਕ, ਸਰਕੜਾ ਅਤੇ ਬੇਰੀਆਂ ਦੀ ਭਰਮਾਰ ਸੀ ਜਿਥੇ ਸਾਰੀ ਸਾਰੀ ਰਾਤ ਗਿੱਦੜ ਹੁਆਂਕਦੇ ਰਹਿੰਦੇ। ਬਾਹਰ ਅੰਦਰ ਜਾਣ ਲਈ ਨਲਕੇ ਲਾਗੇ ਬੋਤਲ ਪਈ ਰਹਿੰਦੀ। ਬੇਬੇ ਹਰ ਹਫ਼ਤੇ ਗੋਹੇ ਮਿੱਟੀ ਨਾਲ ਵਿਹੜੇ ਅਤੇ ਕਮਰਿਆਂ ਦਾ ਕੱਚਾ ਫਰਸ਼ ਲਿੱਪ ਦਿੰਦੀ। ਸੋ, ਘਰ ਦੇ ਸਟੈਂਡਰਡ ਕਰ ਕੇ ਵੀ ਮੰਗਣਾ ਟੁੱਟਣ ਦਾ ਖ਼ਤਰਾ ਮੇਰੇ ਸਿਰ ਮੰਡਰਾਉਣ ਲੱਗਾ ਸੀ। ਮੈਂ ਆਪਣੇ ਵਿਚੋਲੇ ਬਾਲਕ ਰਾਮ ਪੋਸਟਮੈਨ ਨੂੰ ਕਿਹਾ ਕਿ ਉਹ ਅਸਰ ਰਸੂਖ ਵਾਲੇ ਦੋ ਚਾਰ ਬੰਦਿਆਂ ਨੂੰ ਵਿਚ ਪਾਵੇ ਅਤੇ ਬੈਨੀ ਪ੍ਰਸ਼ਾਦ ਹੈਡਮਾਸਟਰ ਨੂੰ ਸਮਰਾਲੇ ਜਾ ਕੇ ਮਿਲੇ। ਨਾਲ ਇਹ ਜ਼ਰੂਰ ਕਹਿ ਦੇਵੇ ਕਿ ਅਸੀਂ ਕੋਈ ਦਾਜ ਵਗੈਰਾ ਨਹੀਂ ਚਾਹੁੰਦੇ, ਬੱਸ ਤਿੰਨ ਕੱਪੜਿਆਂ ਵਿਚ ਕੁੜੀ ਤੋਰ ਦੇਣ ਪਰ ਬੈਨੀ ਪ੍ਰਸ਼ਾਦ ਜੀ ਨੇ ਮੈਨੂੰ ਆਪਣੇ ਘਰ ਹੀ ਬੁਲਾ ਲਿਆ। ਮੇਰੇ ਸੱਸ, ਸਹੁਰਾ, ਸਾਲਾ, ਸਾਲੀਆਂ-ਸਾਰਾ ਮੁਲਖ ‘ਕੱਠਾ ਕੀਤਾ ਹੋਇਆ। ਮੇਰਾ ਤਾਂ ਦੇਖ ਦੇਖ ਮੂੰਹ ਉਡਦਾ ਜਾਵੇ।
“ਕਿਉਂ ਕਾਕਾ, ਤੂੰ ਪ੍ਰੋਫੈਸਰੀ ਛੱਡ ਕੇ ਮਾਸਟਰੀ ਕਾਹਤੋਂ ਲੈ ਲਈ? ਮਾਸਟਰ ਨਾਲ ਤਾਂ ਅਸੀਂ ਕੁੜੀ ਨਹੀਂ ਸੀ ਵਿਆਹੁਣੀ।”
“ਜੀ ਐਥੇ ਮੈਂ ਆਪਣੇ ਲੋਕਾਂ ‘ਚ ਆ ਗਿਆ ਹਾਂ। ਉਹ ਤਾਂ ਪਰਾਇਆ ਮੁਲਖ਼ ਸੀ। ਮੈਂ ਐਮæਐਸਸੀæ ਬੀæਐਡæ ਤਕ ਪੜ੍ਹਿਆ ਹੋਇਆਂ। ਟਿਊਸ਼ਨਾਂ ਕਰ ਲਵਾਂਗਾ। ਇਕਬਾਲ ਬੀæਏæ ਤਾਂ ਹੈ ਹੀ। ਐਮæਏæ ਬੀæਐਡæ ਤਕ ਪੜ੍ਹਾਵਾਂਗਾ ਇਸ ਨੂੰ। ਨਾਲੇ ਲੈਕਚਰਾਰ ਤਾਂ ਮੈਂ ਦੋ ਚਾਰ ਸਾਲਾਂ ਵਿਚ ਹੀ ਪਰਮੋਟ ਹੋ ਜਾਣਾ ਏ। ਵਰਮਾ ਜੀ, ਤੁਸੀਂ ਤਾਂ ਆਪ ਮੇਰੇ ਮਹਿਕਮੇ ਵਿਚ ਅਫ਼ਸਰ ਹੋ।” ਮੈਂ ਕਿਹਾ।
“ਗੱਲ ਤਾਂ ਤੇਰੀ ਠੀਕ ਏ ਪਰ ਸਾਡੀ ਕੁੜੀ ਮੰਨੇ ਤਾਂ ਏ। ਅਸੀਂ ਸਲਾਹ ਕਰ ਕੇ ਦੱਸਾਂਗੇ।”
ਮੈਂ ਉਠ ਆਇਆ। ਸਮਰਾਲੇ ਅੱਡੇ ਦੇ ਕੋਲ ਠੇਕਾ ਸੀ। ਮੈਂ ਪਊਆ ਲਾ ਲਿਆ। ਸਲਾਹ ਕਰ ਕੇ ਦੱਸਣ ਦਾ ਮਤਲਬ ਸੀ, ਕੋਰਾ ਜਵਾਬ। ਮੈਨੂੰ ਅਹਿਸਾਸ ਹੋਣ ਲੱਗਾ ਕਿ ਨੌਕਰੀ ਛੱਡ ਕੇ ਮੈਂ ਬਹੁਤ ਵੱਡੀ ਗਲਤੀ ਕਰ ਬੈਠਾ ਸਾਂ। ਘਰ ਦੇ ਹੇਜ ਨੇ ਮਾਰ ਲਿਆ ਮੈਨੂੰ। ਘਰ ਪਹੁੰਚ ਕੇ ਮੈਂ ਇਕਬਾਲ ਨੂੰ ਬਹੁਤ ਵੱਡਾ ਖ਼ਤ ਲਿਖਿਆ। ਬੜੀਆਂ ਦਲੀਲਾਂ ਦਿੱਤੀਆਂ। ਮਿਲ ਕੇ ਸ਼ਾਨਦਾਰ ਜੀਵਨ ਬਿਤਾਉਣ ਦਾ ਸਬਜ਼ਬਾਗ ਦਿਖਾਇਆ। ਉਸ ਦੀ ਸਹੇਲੀ ਰਵਿੰਦਰ ਨੂੰ ਵੀ ਖ਼ਤ ਲਿਖਿਆ। ਖ਼ਤਾਂ ਵਿਚ ਸ਼ਾਇਰੋ-ਸ਼ਾਇਰੀ ਵੀ ਘੋਟੀ। ਖ਼ੈਰ, ਕੁਝ ਢੁੱਚਰਾਂ ਦੇ ਬਾਵਜੂਦ ਸਾਡਾ ਵਿਆਹ 11 ਮਈ 1972 ਨੂੰ ਸਿਰੇ ਚੜ੍ਹ ਗਿਆ।
ਇਕਬਾਲ ਸਾਡੇ ਵਰਗੇ ਹੀ ਪਰਿਵਾਰ ਵਿਚੋਂ ਆਈ ਸੀ, ਸੋ ਟਿਕ ਗਈ ਅਤੇ ਅਡਜਸਟ ਕਰ ਗਈ। ਉਹ ਬਾਕੀ ਸਭ ਕੁਝ ਤਾਂ ਹਜ਼ਮ ਕਰ ਗਈ, ਪਰ ਵਿੰਗੀ-ਟੇਢੀ ਰਸੋਈ ਉਸ ਨੂੰ ਬਹੁਤ ਚੁਭਿਆ ਕਰੇ। ਇਕ ਦੋ ਵਾਰੀ ਉਹਨੇ ਇਹਨੂੰ ਢਾਹ ਕੇ ਵਧੀਆ ਰਸੋਈ ਪਾਉਣ ਲਈ ਆਖਿਆ ਵੀ, ਪਰ ਮੈਂ ਗੱਲ ਆਈ-ਗਈ ਕਰ ਗਿਆ। ਹੁਣੇ ਤਾਂ ਮੈਂ ਵਿਆਹ ਉਤੇ ਦੋ ਢਾਈ ਹਜ਼ਾਰ ਰੁਪਏ ਖ਼ਰਚ ਕੇ ਹਟਿਆ ਸਾਂ। ਟੇਬਲ ਫੈਨ, ਪਲੰਘ ਤੇ ਕੁਝ ਭਾਂਡੇ ਟੀਂਡੇ ਹੋਰ ਖਰੀਦਣੇ ਪਏ ਸਨ। ਹੋਰ ਖਰਚਾ ਕਿਥੋਂ ਕਰਦਾ? ਉਧਾਰ ਚੁੱਕੀ ਰਕਮ ਦੀ ਕਿਸ਼ਤ ਹੀ ਸਾਹ ਨਹੀਂ ਸੀ ਲੈਣ ਦਿੰਦੀ, ਜੋ ਇਕਬਾਲ ਤੋਂ ਛੁਪਾ ਕੇ ਦੇਣੀ ਪੈਣੀ ਸੀ। ਬੱਸ ਅੱਜ ਕੱਲ੍ਹ ਕਰ ਕੇ ਕਾਫ਼ੀ ਦਿਨ ਟਾਲਦਾ ਰਿਹਾ।
ਇਕ ਦਿਨ ਜਦੋਂ ਮੈਂ ਡਿਊਟੀ ਤੋਂ ਪਰਤਿਆ ਤਾਂ ਵਿਹੜੇ ਵਿਚੋਂ ਰਸੋਈ ਗਾਇਬ ਸੀ। ਇੱਟਾਂ ਇਕ ਪਾਸੇ ਚਿਣੀਆਂ ਪਈਆਂ ਸਨ ਤੇ ਛੱਤ ਵਾਲਾ ਟੀਨ ਕੰਧ ਨਾਲ ਖੜ੍ਹਾ ਸੀ। ਚੱਕਵੇਂ ਚੁੱਲ੍ਹੇ ‘ਤੇ ਕੁਝ ਰਿੱਝ ਰਿਹਾ ਸੀ ਤੇ ਇਕਬਾਲ ਡੇਕ ਥੱਲੇ ਵਿਹੜੇ ਵਿਚ ਸੁੱਤੀ ਪਈ ਸੀ। ਉਹ ਉਠੀ ਤੇ ਨਲਕਾ ਗੇੜ ਕੇ ਪਾਣੀ ਦਾ ਗਿਲਾਸ ਲੈ ਆਈ।
“ਰਸੋਈ ਕਿੱਥੇ ਗਈ?” ਮੈਂ ਪੁੱਛਿਆ।
“ਜਹੱਨਮ ਵਿਚ।” ਉਹ ਅੰਗੜਾਈ ਲੈਂਦੀ ਬੋਲੀ ਤੇ ਦੰਦੀਆਂ ਕੱਢਣ ਲੱਗੀ। ਮੈਨੂੰ ਉਸ ਦਾ ਹਾਸਾ ਬੁਰਾ ਲੱਗਾ।
“ਦੰਦੀਆਂ ਕੀ ਕੱਢਦੀ ਏਂ? ਤੈਨੂੰ ਕਿਹੜੇ ਕੰਜਰ ਨੇ ਕਿਹਾ ਤੀ, ਰਸੋਈ ਢਾਹੁਣ ਨੂੰ?”
“ਕਿਉਂ, ਪੁੱਛਣਾ ਜ਼ਰੂਰੀ ਏ? ਮੇਰਾ ਘਰ ਏ, ਜੋ ਮਰਜ਼ੀ ਕਰਾਂ”, ਉਹ ਫਿਰ ਹੱਸੀ। ਮੈਂ ਆਪੇ ਤੋਂ ਬਾਹਰ ਹੋ ਗਿਆ ਤੇ ਉਸ ਨੂੰ ਮਾਰਨ ਲਈ ਆਪਣਾ ਹੱਥ ਉਪਰ ਚੁੱਕਿਆ। ਉਹ ਪਿੱਛੇ ਹਟਦੀ ਬੋਲੀ, “ਮਾਰਿਓ ਨਾ, ਮਹਿੰਗਾ ਪਊ। ਮੈਂ ਦੌੜ ਜੂੰ ਘਰੋਂ ਤੇ ਮੁੜ ਕੇ ਕਦੀ ਨਹੀਂ ਆਉਂਦੀ।” ਪਰ ਮੈਂ ਅੱਗੇ ਵਧ ਕੇ ਇਕ ਥੱਪੜ ਮਾਰ ਹੀ ਦਿੱਤਾ। ਉਹ ਬਿਨਾਂ ਬੋਲੇ ਆਰਾਮ ਨਾਲ ਅੰਦਰ ਜਾ ਵੜੀ। ਮੈਂ ਮੰਜੇ ‘ਤੇ ਬੈਠ ਅਖ਼ਬਾਰ ਪੜ੍ਹਨ ਲੱਗ ਪਿਆ। ਉਹ ਬਾਹਰ ਆਈ ਤੇ ਨਲ਼ਕੇ ਕੋਲ ਪਏ ਚੱਕੀ ਦੇ ਪੁੜ ‘ਤੇ ਬੈਠ ਸਾਬਣ ਨਾਲ ਹੱਥ ਮੂੰਹ ਧੋਤੇ, ਅੱਡੀਆਂ ਕੂਚੀਆਂ। ਅੰਦਰ ਜਾ ਕੇ ਕੱਪੜੇ ਬਦਲੇ, ਵਾਲ ਵਾਹੇ। ਸੁਰਖੀ ਬਿੰਦੀ ਲਾਈ, ਗਹਿਣੇ ਪਾਏ। ਫਿਰ ਉਚੀ ਅੱਡੀ ਦੇ ਸੈਂਡਲ ਪਾਈ, ਅਟੈਚੀ ਚੁੱਕੀ ਮੇਰੇ ਕੋਲੋਂ ਲੰਘਣ ਲੱਗੀ।
“ਹੁਣ ਕਿੱਥੇ ਚੱਲੀ ਏਂ?” ਮੈਂ ਪੁੱਛਿਆ।
“ਜਹਨਮ ਵਿਚ।” ਉਹ ਤੁਣਕ ਕੇ ਬੋਲੀ ਤੇ ਗੇਟ ਮੂਹਰੇ ਲਾਈ ਟੀਨ ਪਰ੍ਹਾਂ ਖਿੱਚ ਬਾਹਰ ਨਿਕਲ ਗਈ। ਮੈਂ ਮੰਜੀ ‘ਤੇ ਲੇਟ ਬਾਂਹ ਨਾਲ ਅੱਖਾਂ ਢਕ ਲਈਆਂ। ਤਦੇ ਬੇਬੇ ਗੋਹੇ ਦਾ ਤਸਲਾ ਚੁੱਕੀ ਅੰਦਰ ਆ ਵੜੀ। ਉਸ ਨੇ ਤਸਲਾ ਮਿੱਟੀ ਲਾਗੇ ਉਲਟਾਇਆ ਤੇ ਨਲਕੇ ਹੇਠ ਧੋ ਕੇ ਇਕ ਪਾਸੇ ਰੱਖ ਦਿੱਤਾ। ਫਿਰ ਦੋਹਾਂ ਕਮਰਿਆਂ ਵਿਚ ਗੇੜਾ ਦੇ ਕੇ ਮੇਰੇ ਕੋਲ ਆਉਂਦੀ ਬੋਲੀ, “ਬਹੂ?”
“ਗਈ”, ਮੈਂ ਕਿਹਾ।
“ਕਿੱਥੇ?” ਉਸ ਨੇ ਪੁੱਛਿਆ।
“ਜਹੱਨਮ ਵਿਚ”, ਮੈਂ ਖਿਝ ਕੇ ਕਿਹਾ।
“ਫੇਰ ਵੀ ਗੱਲ ਕੀ ਹੋਈ?”
“ਰਸੋਈ ਢਾਹ’ਤੀ ਸੀ ਸਾਲੀ ਨੇ, ਮੈਂ ਖੜਕਾ’ਤੀ।”
“ਵੇ ਢੈ ਜਾਣਿਆਂ, ਰਸੋਈ ਤਾਂ ਉਹਨੇ ਮੈਥੋਂ ਪੁੱਛ ਕੇ ਢਾਈ ਤੀ। ਜਾਹ ਦਫ਼ਾ ਹੋਣਿਆਂ, ਲਿਆ ਮੋੜ ਕੇ ਉਹਨੂੰ। ਕਿਸੇ ਖੂਹ ਖਾਤੇ ਜਾ ਮਰੂ। ਬੰਨ੍ਹਾਊ ਸਾਰਿਆਂ ਨੂੰ। ਜੱਗ ਹਸਾਈ ਹੋਊ ਟੁੱਟ ਪੈਣਿਆਂ।” ਬੇਬੇ ਬੋਲਣ ਤੋਂ ਨਾ ਹਟੀ ਤਾਂ ਮੈਂ ਸਾਇਕਲ ਚੁੱਕ ਕੇ ਪੋਸਟ ਆਫਿਸ ਕੋਲ ਚਲਾ ਗਿਆ ਜਿਥੋਂ ਸਮਰਾਲੇ ਨੂੰ ਭੂੰਡ (ਟੈਂਪੂ) ਚਲਦਾ ਸੀ। ਉਹ ਭੂੰਡ ਵਿਚ ਬੈਠੀ ਤੀਵੀਆਂ ਨਾਲ ਹੱਸ ਹੱਸ ਗੱਲਾਂ ਕਰ ਰਹੀ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮੈਨੂੰ ਉਸ ਦੇ ਢੀਠਪੁਣੇ ‘ਤੇ ਗੁੱਸਾ ਚੜ੍ਹਿਆ ਤੇ ਮੈਂ ਕਾਫੀ ਦੇਰ ਇਧਰ ਉਧਰ ਘੁੰਮਣ ਮਗਰੋਂ ਨਹਿਰ ‘ਤੇ ਜਾ ਬੈਠਾ।
ਦੋ ਕੁ ਘੰਟੇ ਮਗਰੋਂ ਵਾਪਸ ਘਰ ਪੁੱਜਾ ਤਾਂ ਬੇਬੇ ਫੇਰ ਗਾਲ੍ਹਾਂ ਕੱਢਣ ਲੱਗ ਪਈ। ਸਭ ਬੁੜ੍ਹੀਆਂ ਆਪਣੀਆਂ ਨੂੰਹਾਂ ਨਾਲ ਲੜਦੀਆਂ ਸਨ, ਆਪਣੇ ਕੰਟਰੋਲ ਵਿਚ ਰੱਖਦੀਆਂ ਸਨ। ਇਕ ਸਾਡੀ ਬੁੜ੍ਹੀ ਸੀ ਕਿ ਹਮੇਸ਼ਾ ਮੇਰੇ ਵਿਚ ਹੀ ਕਸੂਰ ਕੱਢਦੀ।
“ਵੇ ਜੇ ਉਹ ਨਾ ਆਈ, ਪੇਕੀਂ ਜਾ ਕੇ ਬੈਠ ਗਈ, ਆਪਣਾ ਕੀ ਬਣੂੰਗਾ?” ਉਹ ਬੋਲੀ।
“ਮੇਰਾ ਫ਼ਿਕਰ ਨਾ ਕਰ ਬੁੜ੍ਹੀਏ। ਬਥੇਰੇ ਸਾਲ ਰੋਟੀਆਂ ਆਪ ਹੀ ਥੱਪੀਆਂ ਨੇ ਮੈਂ ਤਾਂ। ਤੂੰ ਆਪ ਤੁਰ ਜਾ। ਫੌਜੀ ਕੋਲ ਜਾਹ, ਚਾਹੇ ਦਿੱਲੀ ਆਲੇ ਕੋਲ, ਚਾਹੇ ਪਟਿਆਲੇ। ਮੇਰੀ ਜਾਨ ਛੱਡ।” ਮੈਂ ਗੁੱਸੇ ਨਾਲ ਕਿਹਾ।
“ਦੁਰ ਫਿੱਟੇ ਮੂੰਹ ਤੇਰਾ ਇਹੋ ਜਿਹੇ ਦਾ। ਔਰਤ ‘ਤੇ ਹੱਥ ਚੁੱਕਦੈਂ ਕੰਜਰਾ। ਤੈਨੂੰ ਸ਼ਰਮ-ਹਿਆ ਹੈ ਭੋਰਾ?” ਉਹ ਕੜਕੀ।
ਪਤਾ ਨਹੀਂ, ਮੇਰੇ ਦਿਮਾਗ ਵਿਚ ਕਿੱਥੋਂ ਬਿਜਲੀ ਜਿਹੀ ਚਮਕੀ। ਭੰਗੂ ਗਿਆਨੀ ਜੀ ਕਿਹਾ ਕਰਦੇ ਸਨ, “ਔਰਤ ਉਤੇ ਕਦੀ ਹੱਥ ਨਹੀਂ ਚੁੱਕਣਾ ਚਾਹੀਦਾ। ਭੁਚਾਲ ਆ ਜਾਂਦਾ ਏ।”
ਬੇਬੇ ਨੇ ਨਾ ਰੋਟੀ ਬਾਰੇ ਪੁੱਛਿਆ ਤੇ ਨਾ ਮੈਂ ਖਾਧੀ। ਇਹ ਕੀ ਕਰ ਬੈਠਾ ਸਾਂ ਮੈਂ?
“ਬਾਲਕ ਰਾਮ ਨੂੰ ਮਿਲ ਕੇ ਕੋਈ ਹੱਲ ਕੱਢ ਚੰਦਰਿਆ। ਨਹੀਂ ਤਾਂ ਫਿਰੇਂਗਾ ਸਾਰੀ ਉਮਰ ਡੰਡੇ ਵਜਾਉਂਦਾ।” ਬੇਬੇ ਕਹਿਣ ਲੱਗੀ। ਮੈਂ ਸਾਇਕਲ ਚੁੱਕ ਬਾਲਕ ਰਾਮ ਨੂੰ ਮਿਲਣ ਬਰਮਾਲੀਪੁਰ ਚਲਾ ਗਿਆ। ਅੱਗੇ ਮੇਰੀ ਸੱਸ ਪਹਿਲਾਂ ਹੀ ਉਸ ਕੋਲ ਆਈ ਬੈਠੀ। ਮੈਨੂੰ ਦੇਖ ਕੇ ਉਹ ਬੋਲਣ ਲੱਗੀ, “ਤੂੰ ਬਾਲਕ ਰਾਮਾ, ਕੁੜੀ ਖੂਹ ਵਿਚ ਸੁਟਵਾ ਦਿੱਤੀ। ਮੇਰੀਆਂ ਪੰਜੇ ਧੀਆਂ ਸੁਖੀ ਵਸਦੀਆਂ ਨੇ। ਤੂੰ ਕਿਹੋ ਜਿਹੇ ਜਾਹਲ ਬੰਦਿਆਂ ਕੋਲ ਸਾਨੂੰ ਫਸਾ ਦਿੱਤਾ।”
ਸਾਇਕਲ ਸਟੈਂਡ ‘ਤੇ ਲਾ ਕੇ ਮੈਂ ਸੱਸ ਸਮੇਤ ਸਾਰਿਆਂ ਦੇ ਪੈਰੀਂ ਹੱਥ ਲਾਇਆ। ਉਹ ਭਰੀ ਪੀਤੀ ਬੈਠੀ ਰਹੀ। ਨਾ ਬੋਲੀ, ਨਾ ਸਿਰ ਪਲੋਸਿਆ। ਮੈਂ ਆਪਣੀ ਸਫਾਈ ਦਿੱਤੀ ਤਾਂ ਮੇਰਾ ਰੋਣ ਨਿਕਲ ਗਿਆ। ਬਾਲਕ ਰਾਮ ਨੇ ਦੋਹਾਂ ਧਿਰਾਂ ‘ਚ ਕਸੂਰ ਕੱਢ ਦਿੱਤਾ ਤਾਂ ਸੱਸ ਬੋਲੀ, “ਤਾਂ ਫੇਰ ਠੀਕ ਆ ਭਾਈ, ਮੈਂ ਜਾਂਦੀ ਆਂ। ਤੂੰ ਵੀ ਆਪਣੀ ਘਰਵਾਲੀ ਦੇ ਥੱਪੜ ਮਾਰਦਾ ਹੋਵੇਂਗਾ, ਤਾਂ ਹੀ ਹਿਮਾਇਤ ਕਰਦਾ ਏਂ। ਅਸੀਂ ਨੀ ਕੁੜੀ ਭੇਜਣੀ। ਕਹਿ ਦੇ ਜਾ ਕੇ ਪੰਚਾਇਤ ਸੱਦੋ। ਫੈਸਲਾ ਕਰ ਲਉ। ਮੇਰੀ ਧੀ ਵੀ ਨੀ ਰਾਜੀ ਜਾ ਕੇ। ਅਖੇ, ਪ੍ਰੋਫੈਸਰ ਲੱਗਾ ਏ। ਸੁਆਹ ਚੁੱਲ੍ਹਿਆਂ ਦੀ। ਫਸ ਗਏ ਭਾਈ ਅਸੀਂ, ਮਾੜੀ ਘੜੀ ਤੀ। ਸਾਡੀ ਕੁੜੀ ਸਿੱਟੀ ਹੋਈ ਨੀ ਬਈ ਥੱਪੜ ਖਾਵੇ।”
ਉਸ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਮੈਂ ਘਬਰਾ ਕੇ ਕਿਹਾ, “ਬੀ ਜੀ, ਚੱਲ ਉਹ ਆਪਣੀ ਗਲਤੀ ਮੰਨ ਲਵੇ। ਗਲਤੀ ਤਾਂ ਮੈਥੋਂ ਵੀ ਹੋ ਗਈ। ਮੈਂ ਅੱਗੇ ਤੋਂ ਨਹੀਂ ਮਾਰਾਂਗਾ। ਫੇਰ ਵੀ ਤੁਸੀਂ ਉਸ ਨੂੰ ਸਮਝਾਉ ਤਾਂ ਸਹੀ। ਅੱਜ ਰਸੋਈ ਢਾਹੀ ਏ, ਕੱਲ੍ਹ ਮਕਾਨ ਢਾਹੂ।”
“ਦੇਖ ਖਾਂ, ਕੀ ਕਰਦਾ ਏ, ਵੱਡੀਆਂ ਹਵੇਲੀਆਂ ਵਾਲਾ। ਘਰ ਨੂੰ ਹੁਣ ਤਕ ਗੇਟ ਤਾਂ ਲੱਗਿਆ ਨ੍ਹੀਂ।” ਸੱਸ ਬੋਲੀ ਤਾਂ ਬਾਲਕ ਰਾਮ ਨੇ ਕਿਹਾ, “ਇਉਂ ਨਾ ਬੋਲੋ ਤੁਸੀਂ। ਫੇਰ ਵੀ ਜੁਆਈ-ਭਾਈ ਏ। ਕੁੜੀ ਨੂੰ ਵੀ ਸਮਝਾਉ। ਘਰ ਬੈਠੀ ਧੀ ਦਾ ਕਿਤੇ ਘੱਟ ਦੁੱਖ ਹੁੰਦਾ ਏ। ਨਾਲੇ ਤੂੰ ਮੁੰਡਿਆਂ ਸੁਣ ਲੈ ਕੰਨ ਖੋਲ੍ਹ ਕੇ। ਖ਼ਬਰਦਾਰ, ਜੇ ਅੱਗੇ ਤੋਂ ਹੱਥ ਚੁੱਕਿਆ ਏ ਕੁੜੀ ‘ਤੇ।”
“ਜੀ ਨਹੀਂ ਚੁੱਕਦਾ।” ਮੈਂ ਕਿਹਾ ਤਾਂ ਸੱਸ ਕੁਝ ਢੈਲੀ ਹੋਈ ਤੇ ਘਰ ਨੂੰ ਵਾਪਸ ਜਾਣ ਲਈ ਉਠੀ।
“ਫੇਰ ਹੁਣ ਕੀ ਸੋਚਿਆ?” ਬਾਲਕ ਰਾਮ ਨੇ ਮੇਰੀ ਸੱਸ ਨੂੰ ਕਿਹਾ।
“ਮੈਂ ਆਪਣੇ ਭਰਾ ਬੈਨੀ ਨਾਲ ਗੱਲ ਕਰਾਂਗੀ। ਫੇਰ ਦੱਸਾਂਗੀ।” ਉਹ ਘਰੋਂ ਬਾਹਰ ਨਿਕਲ ਗਈ।
ਗਲੀ ਵਿਚ ਤੁਰੀ ਜਾਂਦੀ ਕੋਲ ਮੈਂ ਸਾਇਕਲ ਰੋਕ ਲਿਆ ਤੇ ਕਿਹਾ, “ਬੀ ਜੀ ਬੈਠੋ ਪਿੱਛੇ। ਮੈਂ ਤੁਹਾਨੂੰ ਬੀਜੇ ਛੱਡ ਆਵਾਂਗਾ।”
“ਮੈਂ ਨਹੀਂ ਬੈਠਣਾ। ਜਾਹ ਤੂੰ ਗਾਹਾਂ।” ਉਹ ਮੇਰੇ ਕੋਲੋਂ ਲੰਘ ਗਈ।
ਉਸ ਕੋਲੋਂ ਅੱਗੇ ਲੰਘ ਮੈਂ ਫੇਰ ਰੁਕ ਗਿਆ। ਜਦੋਂ ਫਿਰ ਮੇਰੇ ਕੋਲ ਪੁੱਜੀ ਮੈਂ ਕਿਹਾ, “ਬੀ ਜੀ ਤੁਹਾਡੇ ਨਾਲ ਤਾਂ ਮੇਰੀ ਕੋਈ ਲੜਾਈ ਨਹੀਂ ਹੋਈ। ਮੈਨੂੰ ਐਨਾ ਤਾਂ ਨਾ ਦੁਰਕਾਰੋ। ਤੁਸੀਂ ਤਾਂ ਮੈਨੂੰ ਐਨਾ ਪਿਆਰ ਕਰਦੇ ਸੀ, ਤਾਂ ਕੀ ਉਹ ਝੂਠਾ ਸੀ?”
“ਚੰਗਾ ਚੱਲ।” ਕਹਿੰਦੀ ਉਹ ਮੇਰੇ ਸਾਇਕਲ ਪਿੱਛੇ ਬੈਠ ਗਈ। ਮੈਂ ਬੜੀ ਤੇਜ਼ ਸਾਇਕਲ ਚਲਾ ਕੇ ਬੀਜੇ ਪਹੁੰਚ ਗਿਆ। ਉਥੇ ਸਮਰਾਲੇ ਜਾਣ ਵਾਲਾ ਭੂੰਡ ਖੜ੍ਹਾ ਸੀ। ਬੀਬੀ ਭੂੰਡ ਦੀ ਅਗਲੀ ਸੀਟ ‘ਤੇ ਬੈਠ ਗਈ। ਮੈਂ ਸਾਇਕਲ ਸਟੈਂਡ ‘ਤੇ ਲਾ ਕੇ ਉਸ ਕੋਲ ਜਾ ਖੜ੍ਹਿਆ। ਉਹ ਬੋਲੀ, “ਤੂੰ ਜਾਹ ਹੁਣ ਘਰ।”
“ਬੀ ਜੀ ਮੈਨੂੰ ਮਾਫ਼ ਕਰ ਦਿਉ। ਮੈਂ ਤੁਹਾਡਾ ਪੁੱਤ ਹਾਂ। ਮਾਂ ਪੁੱਤ ਨੂੰ ਮਾਫ਼ ਨਹੀਂ ਕਰਦੀ ਹੁੰਦੀ?” ਮੈਂ ਰੋਂਦਿਆਂ ਕਿਹਾ।
ਉਹ ਵੀ ਅੱਖਾਂ ਭਰ ਆਈ ਤੇ ਟੈਂਪੂ ਵਿਚੋਂ ਬਾਹਰ ਨਿਕਲ ਕੇ ਮੇਰਾ ਸਿਰ ਆਪਣੀ ਛਾਤੀ ਨਾਲ ਲਾਉਂਦੀ ਬੋਲੀ, “ਫੁੱਲਾਂ ਵਾਂਗ ਪਾਲੀ ਹੋਈ ਧੀ ਦਿੱਤੀ ਏ ਤੈਨੂੰ।”
ਮੈਂ ਉਸ ਦੇ ਪੈਰਾਂ ਨੂੰ ਹੱਥ ਲਾਇਆ ਤਾਂ ਉਸ ਨੇ ਮੇਰਾ ਸਿਰ ਪਲੋਸਿਆ ਤੇ ਬੋਲੀ, “ਜਿਉਂਦਾ ਰਹਿ।”
ਮੈਂ ਸਾਇਕਲ ਚੁੱਕ ਕੇ ਦੋਰਾਹੇ ਨੂੰ ਹਵਾ ਹੋ ਲਿਆ।
ਬੀ ਜੀ ਅਗਲੇ ਦਿਨ ਇਕਬਾਲ ਨੂੰ ਦੋਰਾਹੇ ਛੱਡ ਗਈ। ਉਹ ਘੁੱਟਵੀਂ ਜਿਹੀ ਸਲੈਕਸ ਪਾਈ ਮੇਰੇ ਕੋਲੋਂ ਅੰਦਰ ਲੰਘ ਗਈ। ਸੱਸ ਦੇ ਜਾਣ ਮਗਰੋਂ ਮੈਂ ਅੰਦਰ ਉਸ ਕੋਲ ਜਾ ਬੈਠਿਆ ਤੇ ਕਿਹਾ, “ਤੂੰ ਤਾਂ ਐਵੇਂ ਨਾਰਾਜ਼ ਹੋ ਕੇ ਦੌੜ ਗਈ। ਮੈਂ ਤਾਂ ਹਾਸੇ ‘ਚ ਮਾਰਿਆ ਸੀ। ਤੈਨੂੰ ਤਾਂ ਮੈਂ ਸਾਰੀ ਉਮਰ ਫੁੱਲਾਂ ਦੀ ਤਰ੍ਹਾਂ ਰੱਖਣਾ ਏਂ। ਤੈਥੋਂ ਬਿਨਾਂ ਮੇਰਾ ਹੈ ਕੌਣ? ਚੱਲ, ਛੱਡ ਹੁਣ ਗੁੱਸੇ ਨੂੰ। ਇਉਂ ਦੱਸ ਅੱਜ ਧਰਨਾ ਕੀ ਏ?”
“ਮੇਰਾ ਸਿਰ ਧਰ ਲਵੋ।” ਉਹ ਅੱਖਾਂ ਭਰਦੀ ਬੋਲੀ। ਮੈਂ ਉਸ ਦੇ ਹੰਝੂਆਂ ਵੱਲ ਦੇਖਦਿਆਂ ਮਨ ਹੀ ਮਨ ਫ਼ੈਸਲਾ ਕੀਤਾ ਕਿ ਇਸ ਨੂੰ ਸਾਰੀ ਉਮਰ ਕੁਝ ਨਹੀਂ ਕਹਾਂਗਾ।
(ਚਲਦਾ)

Be the first to comment

Leave a Reply

Your email address will not be published.