ਕਾਨਾ ਸਿੰਘ ਨੇ ਸ਼ਾਇਰੀ ਵੀ ਕੀਤੀ ਹੈ ਅਤੇ ਕਹਾਣੀਆਂ ਵੀ ਲਿਖੀਆਂ ਹਨ। ਬਾਲ ਰਚਨਾਵਾਂ ਵੀ ਸਾਹਿਤ ਦੀ ਝੋਲੀ ਪਾਈਆਂ ਹਨ। ਹੋਰ ਵੀ ਕਈ ਕੁਝ, ਨਿੱਕ-ਸੁੱਕ; ਪਰ ਉਹਦੀ ਨਸਰ (ਵਾਰਤਕ) ਦਾ ਰੰਗ ਨਿਰਾਲਾ ਹੈ। ਰਸਦਾਰ, ਸੁਘੜ, ਚੁਸਤ, ਤੇ ਨਾਲ ਹੀ ਨੱਚ-ਨੱਚ ਫਾਵੀ ਹੁੰਦੀ ਹੋਈ। ਰਚਨਾ ਵਿਚ ਲੋਹੜੇ ਦੀ ਰਵਾਨੀæææ। ਕਰਤਾਰ ਸਿੰਘ ਦੁੱਗਲ ਅਤੇ ਪ੍ਰੋæ ਮੋਹਨ ਸਿੰਘ ਤੋਂ ਬਾਅਦ ਉਹਦੀਆਂ ਰਚਨਾਵਾਂ ਵਿਚ ਪੋਠੋਹਾਰ ਭਰਵੇਂ ਰੂਪ ਵਿਚ ਪੇਸ਼ ਪੇਸ਼ ਹੈ। ਪਿਛਲੇ ਅੰਕਾਂ ਵਿਚ ਪਾਠਕਾਂ ਨੇ ਉਹਦੀ ਨਸਰ ਦਾ ਰੰਗ ‘ਮਰ ਜਾਣੇ ਜਿਉਣ ਜੋਗੇ’ ਅਤੇ ‘ਛੋਟਾ ਕੱਦ ਵੱਡਾ ਕੱਦ’ ਲੇਖਾਂ ਵਿਚ ਦੇਖਿਆ ਹੈ। ਇਸ ਵਾਰ ਲੋਹੜੀ ਮੌਕੇ ਉਨ੍ਹਾਂ ਦਾ ਲੇਖ ‘ਕੁੜੀ ਦਾ ਪਿਓ’ ਛਾਪ ਰਹੇ ਹਾਂ। ਆਪਣੀ ਨਸਰ ਦੀ ਕਿਤਾਬ ‘ਚਿਤ ਚੇਤਾ’ ਵਿਚ ਉਹਨੇ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਕਹਾਣੀ ਪੂਰੇ ਜਲੌਅ ਨਾਲ ਸਭ ਦੇ ਸਾਹਮਣੇ ਰੱਖੀ ਹੈ। -ਸੰਪਾਦਕ
ਕਾਨਾ ਸਿੰਘ
ਫੋਨ: 91-95019-44944
ਜਿਸ ਚੀਜ਼ ਦੀ ਵੀਹ ਸਾਲਾਂ ਤੋਂ ਕੋਈ ਲੋੜ ਨਹੀਂ ਪਈ, ਉਹਨੂੰ ਹੋਰ ਸੰਭਾਲ ਕੇ ਰੱਖਣ ਦੀ ਕੀ ਤੁਕ? ਲੋਹੇ ਦਾ ਟਰੰਕ ਤੇ ਉਹ ਵੀ ਇਤਨਾ ਭਾਰਾ?
ਇਹ ਮੇਰਾ ਦਾਜਲ ਟਰੰਕ ਹੈ ਤੇ ਮੁੰਬਈਉਂ ਮੁਹਾਲੀ ਸ਼ਿਫਟ ਕਰਦਿਆਂ ਕੰਮ ਵੀ ਬੜਾ ਆਇਆ ਸੀ। ਰਸੋਈ ਦੇ ਸਾਰੇ ਜ਼ਰੂਰੀ ਭਾਂਡੇ ਮੈਂ ਇਸ ਵਿਚ ਭਰ ਲਿਆਈ ਸਾਂ ਤੇ ਖਾਲੀ ਕਰਨ ਮਗਰੋਂ ਇਸ ਵਿਚ ਫਾਲਤੂ ਸਮਾਨ ਰੱਖ ਕੇ ਗੁਸਲਖਾਨੇ ਦੀ ਪੜਛੱਤੀ ਉਪਰ ਰੱਖ ਛੋੜਿਆ ਸੀ। ਜਦੋਂ ਵੀ ਸਫ਼ੇਦੀ ਕਰਾਈ, ਇਸ ਨੂੰ ਥੱਲੇ ਲੁਹਾਇਆ ਤੇ ਮੁੜ ਉਸੇ ਥਾਂ ‘ਤੇ ਉਂਜ ਦਾ ਉਂਜ ਟਿਕਵਾ ਦਿੱਤਾ।
ਐਤਕੀਂ ਸਫ਼ੇਦੀ ਕਰਨ ਵਾਲੇ ਮੀਆਂ ਜੀ ਨੇ ਇਹ ਟਰੰਕ ਮੰਗ ਲਿਆ ਹੈ। ਮੀਆਂ ਜੀ ਨੇ ਰੋਗਨ ਬੜੀ ਪ੍ਰੀਤ ਤੇ ਠਰ੍ਹੰਮੇ ਨਾਲ ਕੀਤਾ ਹੈ। ਮੈਂ ਖੁਸ਼ ਹਾਂ। ਮੈਂ ਤਾਂ ਉਨ੍ਹਾਂ ਨੂੰ ਇਨਾਮ ਵਜੋਂ ਬੇਟੇ ਦੀ ਸਾਈਕਲ ਦੇਣ ਬਾਰੇ ਸੋਚ ਰਹੀ ਸਾਂ ਪਰ ਮੀਆਂ ਜੀ ਨੇ ਟਰੰਕ ਨੂੰ ਤਰਜੀਹ ਦਿੱਤੀ। ਚਲੋ, ਇਹਦੀ ਉਨ੍ਹਾਂ ਨੂੰ ਜ਼ਿਆਦਾ ਲੋੜ ਹੋਵੇਗੀ!
ਟਰੰਕ ਖਾਲੀ ਕਰਦਿਆਂ ਦੋ ਮੱਛਰਦਾਨੀਆਂ ਅਤੇ ਵੱਡੇ ਭਾਰੇ ਪਤੀਲਿਆਂ ਤੇ ਕੜਾਹੀਆਂ ਤੋਂ ਸਿਵਾ ਇਕ ਤਸਵੀਰ ਵੀ ਮਿਲੀ ਹੈ, ਡੇਢ¿ਇਕ ਫੁੱਟ ਦੇ ਰਕਬੇ ਦੀ। ਸਾਗਵਾਨ ਦੀ ਲਕੜੀ ਦੇ ਸੁਹਣੇ ਢਾਲਵੇਂ ਚੌਗਾਠ ਵਿਚ ਜੜੀ ਹੋਈ ਮੇਰੀ ਇਹ ਤਸਵੀਰ, ਮੇਰੇ ਪਤੀ ਦੀ ਲਾਖੀ ਪੱਗ ਵਿਚ ਵਲ੍ਹੇਟੀ ਹੋਈ ਹੈ। ਇਹ ਤਸਵੀਰ ਮੇਰੀ ਯਾਦ ਵਿਚੋਂ ਪੂਰੀ ਤਰ੍ਹਾਂ ਮਨਫ਼ੀ ਹੋ ਚੁੱਕੀ ਸੀ।
ਇਸ ਤਸਵੀਰ ਨੂੰ ਮੈਂ ਕਿਉਂ ਖੂੰਜੇ ਵਿਚ ਸੁੱਟ ਦਿੱਤਾ? ਮੈਂ ਛੱਤੀ ਵਰ੍ਹੇ ਪਿੱਛੇ ਚਲੀ ਗਈ ਹਾਂ, ਬੀਤੇ ਵਿਚæææ।
—
ਸੰਨੀ ਨੂੰ ਚੌਥਾ ਸਾਲ ਲਗਿਆਂ ਮਸਾਂ ਕੁਝ ਦਿਨ ਹੀ ਹੋਏ ਸਨ। ਪੱਛਮ ਅੰਧੇਰੀ ਦੇ ਸੱਤ ਬੰਗਲੇ ਇਲਾਕੇ ਵਿਚ ਰਹਿੰਦੇ ਹੋਏ, ਨੇੜੇ ਦੇ ਨਵਰੰਗ ਸਿਨਮੇ ਵਿਚ ਫਿਲਮ ਵੇਖਣ ਗਏ। ਫ਼ਿਲਮ ਸੀ ਵਿਜੇ ਆਨੰਦ ਦੀ ‘ਆਖਰੀ ਖਤ’ ਜੋ ਅਠਾਰਾਂ ਮਹੀਨਿਆਂ ਦੇ ਮਾਸੂਮ ਬਾਲਕ ਬੰਟੀ ਦੁਆਲੇ ਕੇਂਦ੍ਰਿਤ ਸੀ। ਆਪਣੇ ਪ੍ਰੇਮੀ ਪਤੀ ਦੀ ਭਾਲ ਵਿਚ ਪਹਾੜੋਂ ਮੁੰਬਈ ਆਈ ਬੰਟੀ ਦੀ ਮਾਂ ਸੜਕ ਹਾਦਸੇ ਵਿਚ ਜਾਨ ਗੁਆ ਬੈਠਦੀ ਹੈ। ਯਤੀਮ ਬਾਲਕ ਬੰਟੀ ਮੁੰਬਈ ਦੀਆਂ ਗਲੀਆਂ ਅਤੇ ਸੜਕਾਂ ਉਪਰ ਕਲਮਕੱਲਾ ਤੁਰਦਾ ਡਿਗਦਾ, ਰੋਂਦਾ ਚੁੱਪਦਾ, ਮਾਮਾæææਮਾæææਮਾæææਕਰਦਾ ਕਦੇ ਮੁੰਬਈ ਦੀ ਭੀੜ ਵਿਚ ਗੁਆਚਦਾ ਨਿਕਲਦਾ ਹੈ ਤੇ ਕਦੇ ਥੱਕਿਆ ਟੁੱਟਿਆ ਰੇਲ ਦੀ ਪਟੜੀ ਵਿਚਾਲੇ ਹੀ ਘੂਕ ਸੌਂ ਜਾਂਦਾ ਹੈ। ਉਪਰੋਂ ਫੱਟ ਫੱਟ ਕਰਦੀ ਸਰਪਟ ਗੱਡੀ ਦੇ ਘੋਰ ਨਾਦ ਨਾਲ ਡਰਦਾ ਚਿਚਲਾਂਦਾ ਉਠਦਾ ਹੈ।
ਅਜਿਹੇ ਖੌਫ਼ਨਾਕ ਦ੍ਰਿਸ਼ ਵੇਖ ਕੇ ਸਾਡਾ ਸੰਨੀ ਰੋਂਦਾ ਪਿਟਦਾ, ਉਸ ਬੰਟੀ ਵਾਲੇ ‘ਬਾਬੇ’ ਨੂੰ ਘਰ ਲਿਜਾਣ ਦੀ ਜ਼ਿੱਦ ਕਰਨ ਲੱਗਾ।
ਉਹ ਫ਼ਿਲਮ ਤਾਂ ਜਿਵੇਂ ਕਿਵੇਂ ਖਤਮ ਹੋਈ ਪਰ ਸਾਡੀ ਆਪਣੀ ਫ਼ਿਲਮ ਸ਼ੁਰੂ ਹੋ ਗਈ। ਸੰਨੀ ਨੂੰ ਅਜਿਹਾ ਬੁਖਾਰ ਚੜ੍ਹਿਆ ਕਿ ਉਤਰਨ ਦਾ ਨਾਂ ਹੀ ਨਾ ਲਵੇ। ਉਹ ਇਕੋ ਹੀ ਰਟ ਲਗਾਵੇ, “ਬੰਟੀ ਵਾਲਾ ਬਾਬਾ ਗੱਡੀ ਹੇਠਾਂ ਆ ਜਾਵੇਗਾ, ਉਹਨੂੰ ਘਰ ਲੈ ਆਵੋ। ਮੈਨੂੰ ਬੰਟੀ ਵਾਲਾ ਬਾਬਾ ਚਾਹੀਦਾ ਹੈ, ਬੰਟੀ ਵਾਲਾ ਬਾਬਾæææਬੰਟੀ ਵਾਲਾæææਬੰਟੀæææਬੰਟੀæææਬੰਟੀæææ।”
ਸਾਡੇ ਕਮਰੇ ਦੇ ਸੱਜੇ ਕੋਨੇ ਦੀ ਬ੍ਰੈਕਟ ਉਪਰ ਗੁਰੂ ਗ੍ਰੰਥ ਸਾਹਿਬ ਦੀ ਨਿੱਕੀ ਬੀੜ ਹੁੰਦੀ ਸੀ। ਦੋ ਸੈਂਚੀਆਂ ਵਿਚ।
-ਇਹ ਵਾਹਿਗੁਰੂ ਜੀ ਹਨ, ਅਸਾਂ ਸਾਰਿਆਂ ਦੇ ਮਾਪੇ, ਰਾਖੇ। ਜੋ ਕੁਝ ਵੀ ਹੁੰਦਾ ਹੈ, ਇਨ੍ਹਾਂ ਦੀ ਹੀ ਮਰਜ਼ੀ ਨਾਲ ਹੁੰਦਾ ਹੈ। ਇਨ੍ਹਾਂ ਤੋਂ ਜੋ ਮੰਗੋ ਮਿਲਦਾ ਹੈæææ।
ਬਾਲਕ ਸੰਨੀ ਨੂੰ ਪੂਰਾ ਨਿਸਚਾ ਸੀ। ਰੋਜ਼ ਸਵੇਰੇ ਸ਼ਾਮ ਮੇਰੇ ਨਾਲ ਹੱਥ ਜੋੜ ਕੇ ਅਰਦਾਸ ਜੁ ਕਰਦਾ ਸੀ। ਹੁਣ ਹਰ ਵੇਲੇ ਉਥੇ ਖੜ੍ਹੋਤਾ ਅੱਖਾਂ ਬੰਦ ਕਰ ਕੇ ਹੱਥ ਜੋੜ ਜੋੜ ਸੰਨੀ ਅਰਦਾਸਾਂ ਕਰਦਾ, “ਵਾਹਿਗੁਰੂ ਜੀ, ਬੰਟੀ ਵਾਲੇ ਬਾਬੇ ਨੂੰ ਬਚਾਅ ਲਵੋæææਵਾਹਿਗੁਰੂ ਜੀ ਬੰਟੀ ਵਾਲਾ ਬਾਬਾ ਸਾਨੂੰ ਦੇ ਦਿਓæææਵਾਹਿਗੁਰੂ ਜੀ, ਬੰਟੀ ਵਾਲਾ ਬਾਬਾæææਵਾਹਿਗੁਰੂ ਜੀæææਬੰਟੀæææ।”
—
ਜੀਤ ਦੂਜੇ ਬਾਲਕ ਲਈ ਉਕਾ ਹੀ ਰਾਜ਼ੀ ਨਹੀਂ ਸੀ। ਕਹਿਣ ਲਈ ਭਾਵੇਂ ਜੀਤ ਕੋਲ ਕਈ ਬਹਾਨੇ ਸਨ ਪਰ ਅਸਲ ਕਾਰਨ ਸੀ ਉਹਦਾ ਕੁੜੀ ਪੈਦਾ ਹੋ ਜਾਣ ਦਾ ਡਰ। ਵੱਡੀਆਂ ਭੈਣਾਂ ਲਈ ਯੋਗ ਵਰ ਲੱਭਣ ਵਿਚ ਆਈਆਂ ਦਿੱਕਤਾਂ ਦਾ ਉਹ ਅਕਸਰ ਹੀ ਜ਼ਿਕਰ ਕਰਦਾ ਸੀ। ਉਸ ਨੂੰ ਕੁੜੀ ਦਾ ਪਿਓ ਬਣਨਾ ਅਸਲੋਂ ਹੀ ਪ੍ਰਵਾਨ ਨਹੀਂ ਸੀ। ਇਹਤਿਆਤ ਦੇ ਬਾਵਜੂਦ ਮੈਨੂੰ ਗਰਭ ਠਹਿਰ ਗਿਆ।
ਜੀਤ ਨੇ ਮੈਨੂੰ ਇਰਗਟ ਤੇ ਹੋਰ ਵੀ ਕਈ ਅੰਗਰੇਜ਼ੀ ਦਵਾਈਆਂ ਤੋਂ ਸਿਵਾ ਦੇਸੀ ਅਹੁੜਾਂ ਵੀ ਬਥੇਰੀਆਂ ਦਿੱਤੀਆਂ। ਪਪੀਤੇ, ਖਜੂਰਾਂ, ਜੈਫ਼ਲ ਤੇ ਹੋਰ ਵੀ ਜੋ ਕੁਝ ਗਰਮ ਖੁਸ਼ਕ ਚੀਜ਼ ਕੋਈ ਦੱਸੇ, ਜੀਤ ਮੈਨੂੰ ਖਾਣ ਲਈ ਮਜਬੂਰ ਕਰੇ।
ਆਪਣੀ ਥਾਂਵੇਂ ਮੈਨੂੰ ਕੁੜੀ ਜੰਮਣ ਦੀ ਹੱਦੋਂ ਬਾਹਰੀ ਰੀਝ ਸੀ। ਬਾਲ ਉਮਰੇ ਵੀ ਮੈਂ ਸਦਾ ਗੁੱਡੇ ਦੀ ਥਾਂ ਗੁੱਡੀ ਦਾ ਹੀ ਵਿਆਹ ਰਚਾਇਆ। ਮੇਰੀ ਭੂਆ ਦੀ ਧੀ, ਜੀਤੀ ਨੇ ਹਮੇਸ਼ਾਂ ਗੁੱਡਾ ਮੱਲਣਾ। ਉਸ ਜੰਝ ਲੈ ਕੇ ਢੁੱਕਣਾ ਤੇ ਪੂਰੀ ਖਾਤਰਦਾਰੀ ਮਗਰੋਂ ਸਣੇ ਦਾਜ ਦੇ ਮੇਰੀ ਗੁੱਡੀ ਦੀ ਡੋਲੀ ਲੈ ਜਾਣੀ। ਵੱਡਿਆਂ ਦੀ ਵੀ ਇਸ ਵਿਆਹ ਵਿਚ ਪੂਰੀ ਸ਼ਮੂਲੀਅਤ ਹੁੰਦੀ ਸੀ। ਜੀਤੀ ਉਂਜ ਵੀ ਲਹਿਣੇਦਾਰ ਸੀ, ਸਾਡੇ ਕਬੀਲੇ ਦੀ ਦੋਹਤੀ।
ਭੈਣਾਂ ਵਿਚੋਂ ਮੈਂ ਸਭ ਤੋਂ ਛੋਟੀ ਸਾਂ ਤੇ ਮੈਥੋਂ ਨਿੱਕੇ ਦੋ ਭਰਾ। ਮਾਂ ਤੁਲ ਵੱਡੀਆਂ ਭੈਣਾਂ ਦੇ ਘਰ ਪਹਿਲਾਂ ਲੜਕੇ ਹੀ ਪੈਦਾ ਹੋਏ। ਕਿਸੇ ਦੇ ਦੋ, ਕਿਸੇ ਦੇ ਤਿੰਨ ਤੇ ਕਿਸੇ ਦੇ ਚਾਰ। ਕਿਸ਼ੋਰ ਅਵਸਥਾ ਤਕ ਮੈਂ ਕੋਈ ਬਾਲੜੀ ਨਾ ਖਿਡਾ ਸਕੀ। ਇਥੋਂ ਤਕ ਕਿ ਸਾਡੇ ਗੁਆਂਢ ਵਿਚ ਹੀ ਰਹਿੰਦੀ ਮੇਰੀ ਭੈਣ ਨੂੰ ਚਾਰ ਪੁੱਤਰਾਂ ਮਗਰੋਂ ਜਦੋਂ ਗਰਭ ਠਹਿਰਨ ਦਾ ਮੈਨੂੰ ਪਤਾ ਲੱਗਾ ਤਾਂ ਦਸਵੀਂ ਦੇ ਇਮਤਿਹਾਨ ਦੀ ਤਿਆਰੀ ਦੇ ਬਾਵਜੂਦ ਮੈਂ ਰੋਜ਼ਾਨਾ ਸੁਖਮਨੀ ਸਾਹਿਬ ਦੇ ਪਾਠ ਤੋਂ ਇਲਾਵਾ ਗੁਰਦੁਆਰਾ ਸੀਸਗੰਜ ਦੇ ਦਰਸ਼ਨਾਂ ਦਾ ਬਿਨਾਂ ਨਾਗਾ ਚਲੀਹਾ ਵੀ ਕੱਟਿਆ ਤੇ ਸੁਖਣਾ ਵੀ ਸੁਖੀਆਂ ਕਿ ਭੈਣ ਦੇ ਘਰ ਬਾਲੜੀ ਜਨਮ ਲਵੇ। ਜਦੋਂ ਮੇਰੀ ਮੁਰਾਦ ਪੂਰੀ ਹੋਈ ਤਾਂ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਇਮਤਿਹਾਨ ਤੋਂ ਫਾਰਗ ਹੁੰਦਿਆਂ ਹੀ ਮੈਂ ਸਿਲਾਈ ਕਢਾਈ ਸਿੱਖਣ ਲੱਗੀ। ਸੁਹਣੇ ਝਾਲਰਦਾਰ ਤੇ ਸਮਾਕਿੰਗ ਵਾਲੇ ਕਢਾਈਦਾਰ ਫਰਾਕ ਮੈਂ ਬਣਾਉਣ ਤੇ ਉਣਨ ਲੱਗੀ।
ਬੱਬਲ, ਮੇਰੀ ਸਹਿਕਵੀਂ ਤੇ ਪਹਿਲੀ ਭਣੇਵੀਂ ਨੇ ਪ੍ਰਾਇਮਰੀ ਸਕੂਲ ਦੀ ਸਿੱਖਿਆ ਨਾਨਕੇ ਰਹਿ ਕੇ ਹੀ ਲਈ, ਮੇਰੀ ਨਿਗਰਾਨੀ ਹੇਠ। ਮੈਂ ਉਹਨੂੰ ਨਵੀਨ ਸ਼ਾਹਦਰੇ ਦੇ ਨਗਰਪਾਲਿਕਾ ਦੇ ਸਕੂਲ ਆਪਣੇ ਨਾਲ ਲੈ ਕੇ ਜਾਂਦੀ ਜਿੱਥੇ ਮੈਂ ਅਧਿਆਪਕ ਸਾਂ। ਸਦਾ ਮੇਰੇ ਅੰਗ ਸੰਗ ਰਹਿੰਦੀ ਬੱਬਲ। ਮੇਰੇ ਨਾਲ ਹੀ ਸੌਂਦੀ ਉਠਦੀ, ਖੇਡਦੀ ਪੜ੍ਹਦੀ। ਨਾਨਕੇ ਘਰ ਦਾ ਜ਼ਿਕਰ ਉਹ ‘ਮਾਸੀ ਘਰ’ ਆਖ ਕੇ ਹੀ ਕਰਦੀ ਸੀ।
ਹਰ ਕੁੜੀ ਮਾਂ ਹੁੰਦੀ ਹੈ। ਹੋਸ਼ ਸੰਭਾਲਦਿਆਂ ਹੀ ਉਹ ਮਾਂ ਬਣਨ ਦੇ ਸੁਪਨੇ ਲੈਣ ਲੱਗਦੀ ਹੈ। ਮੈਂ ਵੀ ਸਦਾ ਮਾਂ ਬਣਨਾ ਕਲਪਿਆ ਅਰਾਧਿਆ, ਪਰ ਕੁੜੀ ਦੀ ਮਾਂ ਬਣਨਾ ਹੀ। ਜੀਤ ਦੀਆਂ ਭਣੇਵੀਆਂ, ਭਤੀਜੀਆਂ ਮੇਰੀਆਂ ਚਹੇਤੀਆਂ ਸਨ ਤੇ ਮੈਂ ਉਨ੍ਹਾਂ ਦੀ ਚਹੇਤੀ ਮਾਮੀ, ਚਾਚੀ। ਜੀਤ ਨੂੰ ਸ਼ਾਇਦ ਮੇਰੀ ਕੁੜੀ-ਸਿਕ ਦਾ ਕਿਆਸ ਸੀ।
-ਤੁਸੀਂ ਇਸ ਬਾਲਕ ਨੂੰ ਨਿਰਵਿਘਨ ਜਨਮ ਲੈ ਲੈਣ ਦਿਓ। ਫਿਰ ਭਾਵੇਂ ਮੇਰਾ ਆਪਰੇਸ਼ਨ ਕਰਾ ਦੇਣਾ। ਸੰਨੀ ਵੱਲ ਵੇਖੋ ਕਿੰਜ ਅਰਦਾਸਾਂ ਕਰਦਾ ਹੈæææਮੇਰੀ ਕੁੱਖ ਵਿਚ ਸੰਨੀ ਵਰਗਾ ਹੀ ਬਾਲ ਹੈ, ਸਾਡਾ ਬਾਲ। ਉਹਨੂੰ ਮਾਰਨਾ ਸੰਨੀ ਨੂੰ ਮਾਰਨ ਦੇ ਬਰਾਬਰ ਹੈ, ਆਪਣੀ ਔਲਾਦ ਦਾ ਕਤਲ਼ææਪਲੀਜ਼ ਰਹਿਮ ਕਰੋæææ।
ਮੈਂ ਵਾਸਤੇ ਪਾਉਂਦੀ ਪਰ ਕੋਈ ਪੇਸ਼ ਨਾ ਜਾਂਦੀ। ਪਹਿਲੀ ਪ੍ਰਸੂਤੀ ਵਾਂਗ ਕੁਝ ਦਿਨ ਚੜ੍ਹਿਆਂ ਹੀ ਮੈਨੂੰ ਉਲਟੀਆਂ ਆਉਣ ਲੱਗੀਆਂ। ਮਲੂਕ ਤਾਂ ਪਹਿਲਾਂ ਹੀ ਸਾਂ ਤੇ ਉਪਰੋਂ ਗਲਤ ਦਵਾਈਆਂ ਦਾ ਅਸਰ, ਮਾਨਸਿਕ ਪੀੜ ਤੇ ਦੁਬਿਧਾ, ਕੁਝ ਨਾ ਪਚਦਾ। ਬਹੁਤ ਕਮਜ਼ੋਰ ਹੋ ਗਈ। ਤੀਜਾ ਮਹੀਨਾ ਲਗਦਿਆਂ ਹੀ ਜੀਤ ਨੇ ਗਰਭਪਾਤ ਦਾ ਫੈਸਲਾ ਕਰ ਲਿਆ।
ਪ੍ਰਾਈਵੇਟ ਡਾਕਟਰ ਹੋਣ ਦੇ ਨਾਤੇ ਜੀਤ ਆਪਣੇ ਜ਼ਨਾਨਾ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਅੰਦਰੂਨੀ ਸਮੱਸਿਆਵਾਂ ਦੀ ਜਾਂਚ ਤੇ ਇਲਾਜ ਲਈ ਡਾਕਟਰ ਸੌਂਡੇ ਕੋਲ ਭੇਜਦਾ ਸੀ। ਡਾਕਟਰ ਸੌਂਡੇ ਦਾ ਮਾਹੀਮ ਵਿਚ ਚੰਗਾ ਮੰਨਿਆ ਪ੍ਰਮੰਨਿਆ ਜ਼ਨਾਨਾ ਹਸਪਤਾਲ ਸੀ। ਪਹਿਲਾਂ ਵੀ ਦੋ ਵੇਰਾਂ ਮੈਂ ਡਾਕਟਰ ਸੌਂਡੇ ਕੋਲ ਅੰਦਰ ਦੀ ਸੋਜ਼ਸ਼ ਅਤੇ ਬੱਚੇਦਾਨੀ ਟੇਢੀ ਹੋਣ ਦੀ ਪੀੜ ਕਾਰਨ ਮਨਜੀਤ ਨਾਲ ਜਾ ਚੁੱਕੀ ਸਾਂ। ਡਾਕਟਰ ਕੋਲ ਲਿਜਾਣ ਤੋਂ ਪਹਿਲਾਂ ਜੀਤ ਨੇ ਗੁਰੂ ਗ੍ਰੰਥ ਸਾਹਿਬ ਉਪਰ ਤੇ ਫੇਰ ਸੰਨੀ ਦੇ ਸਿਰ ਉਪਰ ਹੱਥ ਰਖਵਾ ਕੇ ਮੈਥੋਂ ਵਚਨ ਲਿਆ: ਡਾਕਟਰ ਸੌਂਡੇ ਮੇਰੀ ਗੈਰਹਾਜ਼ਰੀ ਵਿਚ ਤੈਥੋਂ ਐਬੌਰਸ਼ਨ ਦਾ ਕਾਰਨ ਪੁੱਛੇਗੀ। ਤੂੰ ਇਹੋ ਕਹੇਂਗੀ ਕਿ ਇਹ ਤੇਰਾ ਆਪਣਾ ਫੈਸਲਾ ਹੈ। ਤੂੰ ਹੋਰ ਬੱਚਾ ਪੈਦਾ ਨਹੀਂ ਕਰਨਾ ਚਾਹੁੰਦੀ ਤੇ ਇਸ ਪੱਖੋਂ ਤੇਰੇ ਪਤੀ ਦਾ ਤੇਰੇ ਉਤੇ ਕੋਈ ਦਬਾਅ ਨਹੀਂ।
ਇਹ ਡਾਢਾ ਕਰੜਾ ਇਮਤਿਹਾਨ ਸੀ। ਇਕੋ ਡਰ ਸੀ ਕਿ ਕਿਧਰੇ ਮੇਰੇ ਨੈਣ ਫੁੱਟ ਨਾ ਪੈਣ ਤੇ ਜੀਭ ਜੁਆਬ ਨਾ ਦੇ ਜਾਵੇ।
—
ਡਾਕਟਰ ਸੌਂਡੇ ਕੋਲ ਪੇਸ਼ੀ ਹੋਈ। ਮੇਰੀ ਹਾਲਤ ਵੇਖਦਿਆਂ ਹੀ ਉਹ ਜੀਤ ਨੂੰ ਬੋਲੀ, “ਡਾਕਟਰ ਇਹ ਬੜੀ ਕਮਜ਼ੋਰ ਹੈ। ਇਸ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ।” ਤੇ ਫੇਰ ਮੈਨੂੰ ਮੁਖਾਤਬ ਹੋ ਕੇ ਉਸ ਕਿਹਾ, “ਸੁਣ ਭਾਬੀ, ਜੇ ਇਹ ਤੇਰਾ ਦੋ-ਟੁਕ ਫੈਸਲਾ ਹੈ ਤਾਂ ਇਕ ਹੱਲ ਹੈ। ਤੂੰ ਇਸ ਬਾਲਕ ਨੂੰ ਠੀਕ ਠਾਕ ਪੈਦਾ ਹੋ ਜਾਣ ਦੇ। ਇਸ ਦੇ ਗਰਭ ਦੀ ਸੁਰੱਖਿਆ ਅਤੇ ਹਰ ਤਰ੍ਹਾਂ ਦੀ ਸੰਭਾਲ ਦੀ ਮੇਰੀ ਜ਼ੁੰਮੇਵਾਰੀ। ਬਾਲਕ ਕੁੜੀ ਹੋਵੇ ਜਾਂ ਮੁੰਡਾ, ਜੇ ਤੂੰ ਨਹੀਂ ਰੱਖਣਾ ਚਾਹਵੇਂਗੀ ਤਾਂ ਬੱਚਾ ਮੈਂ ਗੋਦ ਲੈ ਲਵਾਂਗੀæææ ਕਿਉਂ ਡਾਕਟਰ?”
ਸੌਂਡੇ ਬੇਔਲਾਦ ਸੀ। ਉਹਨੇ ਮੇਰੇ ਪਤੀ ਨੂੰ ਨਿਰੁੱਤਰ ਕਰ ਦਿੱਤਾ ਤੇ ਮੈਨੂੰ ਵੀ ਅਗਨ ਪ੍ਰੀਖਿਆ ਤੋਂ ਬਚਾਅ ਲਿਆ।
“ਜ਼ਰੂਰ ਪਹਿਲੀਆਂ ਫੇਰੀਆਂ ਦੌਰਾਨ ਤੂੰ ਸੌਂਡੇ ਨੂੰ ਹੋਰ ਬੱਚਾ ਪੈਦਾ ਕਰਨ ਦੀ ਖਾਹਿਸ਼ ਦੱਸੀ ਹੋਵੇਗੀ। ਇਹ ਸਭ ਤੇਰੀ ਕਾਰਸਤਾਨੀ ਹੈ।” ਘਰ ਆ ਕੇ ਜੀਤ ਮੇਰੇ ਉਪਰ ਵਰ੍ਹ ਪਿਆ ਤੇ ਹੁਣ ਇਕ ਹੋਰ ਮੰਗ ਦੁਆਲੇ ਹੋ ਗਿਆ, “ਹੁਣ ਪੂਰੇ ਗਰਭ ਕਾਲ ਦੌਰਾਨ ਰੋਜ਼ ਸਵੇਰੇ ਮੇਰੇ ਨਾਲ ਬਹਿ ਕੇ ਤੂੰ ਸੁਖਮਨੀ ਸਾਹਿਬ ਦਾ ਪਾਠ ਕਰ ਕੇ ਅਰਦਾਸ ਕਰੇਂਗੀ ਕਿ ਵਾਹਿਗੁਰੂ ਸਾਨੂੰ ਪੁੱਤਰ ਦੀ ਹੀ ਦਾਤ ਬਖਸ਼ੇ।”
“ਪਰ ਜੋ ਬੀਜ ਅੰਦਰ ਪੈਣਾ ਸੀ, ਸੋ ਤਾਂ ਪੈ ਗਿਆ। ਜੋ ਕੁਝ ਹੁੰਦਾ ਹੈ, ਰੱਬ ਦੀ ਰਜ਼ਾ ਅਨੁਸਾਰ ਹੀ ਤਾਂ ਹੁੰਦਾ ਹੈ। ਹੁਣ ਇਸ ਤਰ੍ਹਾਂ ਦੀ ਮੰਗ ਕਰਨੀ ਕੀ ਰੇਖ ਵਿਚ ਮੇਖ ਮਾਰਨ ਵਾਲੀ ਗੱਲ ਨਹੀਂ ਹੋਵੇਗੀ? ਤੁਸੀਂ ਗੁਰਸਿੱਖ ਹੋ। ਪੱਕੇ ਗੁਰਸਿੱਖ। ਤੁਹਾਨੂੰ ਭਾਣਾ ਨਹੀਂ ਮੰਨਣਾ ਚਾਹੀਦਾ?” ਦੱਬੀ ਆਵਾਜ਼ ਵਿਚ ਮੈਂ ਦਲੀਲ ਦਿੱਤੀ। ਹੈਰਾਨ ਹੁੰਦੀ ਕਿ ਡਾਕਟਰ ਹੋਣ ਦੇ ਬਾਵਜੂਦ ਜੀਤ ਕਿੰਨੀਆਂ ਬੇਦਲੀਲ ਗੱਲਾਂ ਕਰਦਾ ਤੇ ਅੰਧ-ਵਿਸ਼ਵਾਸ ਰੱਖਦਾ ਸੀ।
ਸੁਖਮਨੀ ਸਾਹਿਬ ਦਾ ਪਾਠ ਤਾਂ ਪਹਿਲਾਂ ਵੀ ਰੋਜ਼ ਕਰੀਦਾ ਸੀ ਤੇ ਹੁਣ ਵੀ ਜਾਰੀ ਰਿਹਾ ਪਰ ਆਪੋ ਆਪਣੇ ਅਕੀਦੇ ਮੁਤਾਬਕ, ਆਪੋ ਆਪਣੇ ਪ੍ਰਸੰਗ ਵਿਚ। ‘ਬਾਲਕ ਕੁੜੀ ਹੋਵੇ ਜਾਂ ਮੁੰਡਾ, ਤੰਦਰੁਸਤ ਹੋਵੇ, ਅਰੋਗ ਅਤੇ ਨੇਕ ਪਰ ਉਸ ਉਪਰ ਗਰਭਪਾਤ ਲਈ ਮੈਥੋਂ ਖਾਧੀਆਂ ਗਈਆਂ ਦਵਾਈਆਂ ਦਾ ਕੋਈ ਅਸਰ ਨਾ ਹੋਵੇ’, ਮੈਂ ਅਰਦਾਸ ਕਰਦੀ।
—
ਇਕ ਵੇਰਾਂ ਗਰਭਪਾਤ ਦਾ ਫੈਸਲਾ ਰੱਦ ਹੋ ਜਾਣ ਮਗਰੋਂ ਜੀਤ ਨੇ ਪੂਰੇ ਗਰਭ ਕਾਲ ਦੌਰਾਨ ਮੇਰੀ ਸਿਹਤ ਦਾ ਪੂਰਾ ਖਿਆਲ ਰੱਖਿਆ। ਮੁੜ ਕੇ ਉਹ ਮੈਨੂੰ ਡਾਕਟਰ ਸੌਂਡੇ ਕੋਲ ਨਾ ਲੈ ਕੇ ਗਿਆ। ਪ੍ਰਸੂਤ ਪੀੜਾਂ ਦੇ ਸ਼ੁਰੂ ਹੁੰਦਿਆਂ ਹੀ ਉਸ ਮੈਨੂੰ ਖਾਰ ਸਥਿਤ ਡਾਕਟਰ ਨਾਗਪਾਲ ਦੇ ਨਰਸਿੰਗ ਹੋਮ ਵਿਚ ਭਰਤੀ ਕਰਾ ਦਿੱਤਾ। ਇਹ ਜ਼ਨਾਨਾ ਹਸਪਤਾਲ ਬਿਲਕੁਲ ਸਾਡੇ ਨਿਜੀ ਦਵਾਖਾਨੇ ਦੇ ਨੇੜੇ ਸੀ ਅਤੇ ਜੀਤ ਲਈ ਆਪਣੀ ਪ੍ਰੈਕਟਿਸ ਅਤੇ ਬੇਟੇ ਸੰਨੀ ਦੀ ਸੰਭਾਲ ਦੇ ਨਾਲ ਨਾਲ ਇਥੇ ਆਣਾ-ਜਾਣਾ ਵੀ ਸੌਖਾ ਸੀ। ਆਪ ਡਾਕਟਰ ਹੋਣ ਕਾਰਨ ਜਨਮ-ਘੜੀ ਵੇਲੇ ਜੀਤ ਮੇਰੇ ਕੋਲ ਹੀ ਸੀ, ਆਪਰੇਸ਼ਨ ਥਿਏਟਰ ਵਿਚ।
ਨਵਜੰਮੇ ਬਾਲਕ ਨੂੰ ਜਿਉਂ ਹੀ ਡਾæ ਨਾਗਪਾਲ ਨੇ ਪੁੱਠਾ ਪਕੜਿਆ, ਜੀਤ ਖੁਸ਼ੀ ਨਾਲ ਚਿਲਾ ਉਠਿਆ, “ਡਾਰਲਿੰਗ ਵੂਈ ਆਰ ਲੱਕੀ! ਇਟ ਇਜ਼ ਏ ਬੁਆਇæææਮੈਂ ਦੋ ਪੁੱਤਾਂ ਦਾ ਬਾਪ ਬਣ ਗਿਆæææਵਾਹ ਵਾਹæææ।”
‘ਤੇਰਾ ਭਾਣਾ ਮੀਠਾ ਲਾਗੇ’, ਮੇਰੇ ਸਾਹ-ਸਤ ਹੀਣ ਹੋਂਠ ਫਰਕੇ। ਇਹ ਸ਼ੁਕਰਾਨੇ ਦੀ ਸਿਖਰ ਸੀ।
ਜੀਤ ਨੇ ਮੇਰੇ ਹਸਪਤਾਲੋਂ ਘਰ ਪਰਤਣ ਤਕ ਦਾ ਵੀ ਸਬਰ ਨਾ ਕੀਤਾ। ਉਸੇ ਦਿਨ, ਉਸੇ ਘੜੀ ਤੋਂ ਉਸ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ। ਨਰਸਿੰਗ ਹੋਮ ਵਿਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਪੂਰੇ ਚਾਲੀ ਦਿਨਾਂ ਦਾ ਮੇਰਾ ਵਿਅੰਮ, ਜੀਤ ਦੇ ਬੇਪਨਾਹ ਚਾਵਾਂ ਤੇ ਖੁਸ਼ੀਆਂ ਦਾ ਆਲਮ ਸੀ।
ਫਾਰਗ ਹੋਈ ਹੀ ਸਾਂ ਕਿ ਨਵੀਂ ਸਾੜ੍ਹੀ, ਨਵੇਂ ਸੋਨ-ਸੈਟ ਨਾਲ ਤੈਸ ਲੈਸ ਕਰਾ ਕੇ ਜੀਤ ਮੈਨੂੰ ਅੰਧੇਰੀ ਦੇ ਤਰੁਣ ਫੋਟੋਗ੍ਰਾਫ਼ਰਜ਼ ਕੋਲ ਲੈ ਗਿਆ, ਮੇਰੀ ਫੋਟੋ ਖਿਚਵਾਣ।
“ਤੂੰ ਮੈਨੂੰ ਪੁੱਤਰ ਦਿੱਤਾ ਹੈæææਇਕ ਹੋਰ ਪੁੱਤਰæææ।” ਜੀਤ ਬਾਗੋਬਾਗ ਸੀ। ਤੇ ਮੈਂ? ਉਪਰੋਂ ਮੁਸਕਾਂਦੀ ਤੇ ਅੰਦਰੋਂ ਡੁਸਕਦੀ, “ਇਸੇ ਬਾਲਕ ਨੂੰ ਨਸ਼ਟ ਕਰਨ ਵਿਚ ਤੂੰ ਕੋਈ ਕਸਰ ਨਹੀਂ ਸੀ ਛੋੜੀ। ਤੂੰ ਉਸ ਤੋਂ ਜਨਮ ਲੈਣ ਦਾ ਹੱਕ ਖੋਹ ਰਿਹਾ ਸੈਂ।” ਸਾਰੀ ਹੋਈ ਬੀਤੀ ਦੀ ਫਿਲਮ ਅੱਖਾਂ ਸਾਹਵੇਂ ਚਲਦੀ ਰਹਿੰਦੀ।
—
ਜੜੀ ਗਈ ਤਸਵੀਰ ਫਰੇਮ ਵਿਚ ਤੇ ਟੰਗੀ ਵੀ ਗਈ ਕੰਧ ਉਤੇ ਐਨ ਸਾਡੇ ਪਲੰਘ ਸਾਹਮਣੇ, ਸਦਾ ਬਿਰਾਜਮਾਨ, ਦੋਹਾਂ ਦੇ ਵਿਚਕਾਰ ਦੋਹਾਂ ਦੀ ਨਜ਼ਰ ਸਾਹਵੇਂ, ਆਪੋ ਆਪਣੇ ਅਰਥਾਂ ਸਮੇਤ! ਬਾਲਕਾਂ ਨੂੰ ਮਾਪੇ ਤੇ ਮਾਪਿਆਂ ਨੂੰ ਬਾਲਕ ਘੱਟ ਵੱਧ ਪਿਆਰੇ ਨਹੀਂ ਹੁੰਦੇ ਪਰ ਭੀੜ ਆ ਪੈਣ ‘ਤੇ ਹਰ ਬਾਲਕ ਦੁੰਹਾਂ ਵਿਚੋਂ ਕਿਸੇ ਇਕ ਨੂੰ ਹੀ ਪੁਕਾਰਦਾ ਹੈ। ਇਹ ਉਹਦੀ ਆਪਣੀ ਚੋਣ ਹੁੰਦੀ ਹੈ।
ਬਾਲਕ ਸੰਨੀ ਜਦੋਂ ਵੀ ਰੋਂਦਾ ਸੀ ਉਸ ਦੇ ਮੂੰਹੋਂæææਪਾæææਪਾæææਪਾæææਪਾæææਪਾਪਾ ਹੀ ਨਿਕਲਦਾ, ਤੇ ਦੀਪੀ ਨੂੰ ਜਦੋਂ ਵੀ ਸੱਟ, ਪੀੜ ਜਾਂ ਕੋਈ ਤਕਲੀਫ਼ ਹੋਈ ਉਸ ਮਾæææਮਾæææਮਾਮਾ ਜੀ ਕਰ ਕੇ ਹੀ ਪੁਕਾਰਿਆ। ਭਰ ਜੁਆਨੀ ਵਿਚ ਸੱਟ ਲੱਗ ਜਾਵੇ ਜਾਂ ਕੋਈ ਮਾੜਾ ਸੁਪਨਾ ਵੇਖ ਲਵੇ ਤਾਂ ਸੁੱਤੇ ਸਿੱਧ ਦੀਪੀ ਦੇ ਮੂੰਹੋਂ ‘ਹਾਇ ਮਾਮਾ’ ਹੀ ਨਿਕਲਦਾ ਹੈ। ਮੇਰੀ ਨੂੰਹ, ਰਿਚਾ ਹੱਸਦੀ ਹੈ ਤੇ ਉਹਨੂੰ ‘ਮਾਂ ਦਾ ਪੁੱਤ’ ਆਖ ਕੇ ਛੇੜਦੀ ਹੈ।
ਕੀ ਦੀਪੀ ਦੀ ਇਸ ਚੋਣ ਦਾ ਕਾਰਨ ਉਹਦੇ ਬਾਪ ਵਲੋਂ ਉਹਦਾ ਅਪ੍ਰਵਾਨ ਗਰਭ ਸੀ? ਦੋਹਾਂ ਬਾਲਕਾਂ ਦੇ ਵੱਖੋ ਵੱਖ ਵਤੀਰੇ ਪਿੱਛੇ ਕੀ ਇਹੀ ਅਚੇਤ ਕਾਰਨ ਸੀ? ਮੈਂ ਅਕਸਰ ਸੋਚਦੀ ਹਾਂ।
—
ਮੁਹਾਲੀ ਆ ਕੇ ਇਹ ਤਸਵੀਰ ਮੈਂ ਖੂੰਜੇ ਪਾ ਦਿੱਤੀ ਸੀ। ਹਮੇਸ਼ਾਂ ਲਈ ਅੱਖੋਂ ਓਹਲੇ। ਟਰੰਕ ਵਿਚ। ਕਿਉਂ? ਮੈਂ ਉਹ ਸਾਰੀ ਹੱਡ-ਬੀਤੀ ਭੁਲ ਜਾਣਾ ਚਾਹੁੰਦੀ ਸਾਂ, ਕੀ ਇਸ ਲਈ? ਮੈਂ ਬੇਅਹਿਸਾਸ ਅਤੇ ਨਿਰਦਲੀਲ ਜੀਤ ਨੂੰ ਭੁੱਲ ਜਾਣਾ ਚਾਹੁੰਦੀ ਸਾਂ, ਕੀ ਇਸ ਲਈ? ਜਾਂ ਉਸ ਰੀੜ੍ਹ ਰਹਿਤ ਆਪੇ ਨੂੰ ਵਿਸਾਰਨਾ ਚਾਹੁੰਦੀ ਸਾਂ, ਇਸ ਲਈ?
ਮੈਂ ਤਸਵੀਰ ਨੂੰ ਪੂੰਝ ਪਾਂਝ ਕੇ ਹੁਣ ਦੀ ਤਸਵੀਰ ਸਾਹਵੇਂ ਰੱਖ ਕੇ ਇਕ ਟਕ ਵੇਖਦੀ ਹਾਂ। ਵੇਖਦੀ ਰਹਿੰਦੀ ਹਾਂ। ਜ਼ਰੀਦਾਰ ਨੀਲੀ ਸਾੜ੍ਹੀ ਨਾਲ ਮੇਲ ਖਾਂਦਾ ਨਵਾਂ ਸੋਨ-ਸੈਟ, ਪੋਚਿਆ ਪਾਚਿਆ ਚਿਹਰਾ, ਮਸਕਾਰੇ ਲੱਦੀਆਂ ਅੱਖਾਂ ਤੇ ਰੱਤੇ ਲਿਪਸਟਕੀ ਹੋਂਠ, ਸਿਰ ਉਪਰ ਉਚਾ ਸਾਰਾ ਪੱਫ ਤੇ ਲੰਮੇ ਲੰਮੇ ਕਾਂਟੇæææਦਬੀ ਦਬੀ ਦਰਦੀਲੀ ਮੁਸਕਾਣ, ਹਰ ਨਕਸ਼, ਹਰ ਭਾਵ ਉਪਰ ਜੀਤ ਦੀ ਮੋਹਰ। ਗੂੜ੍ਹੀ ਗੂੜ੍ਹੀ। ਮੈਂ! ਜੀਤ ਦੀ ਪਤਨੀ! ਪਰ ਮੈਂ ਕਿੱਥੇ ਹਾਂ?æææਤੇ ਹੁਣ ਦੀ ਤਸਵੀਰ?
ਧੋਤਾ ਧਾਤਾ ਨਿਖਰਿਆ ਚਿਹਰਾ, ਚੌੜਾ ਮੱਥਾ ਮਾਣਮੱਤਾ, ਅੱਧ-ਚਿੱਟਾ ਸਿਰ, ਸਿੱਧੇ ਵਾਹੇ ਵਾਲ, ਖਿੰਡਰੇ ਪੁੰਡਰੇæææਹਾਰ ਨਾ ਸ਼ਿੰਗਾਰ, ਬੇਪਰਵਾਹ ਨੁਹਾਰ, ਅੱਖਾਂ ਵਿਚ ਅੱਖਾਂ ਪਾ ਕੇ ਸਿੱਧੀ ਤੱਕਣੀæææ ਪੱਕਾ ਇਰਾਦਾ, ਸਵੈ ਭਰੋਸਾæææਇਹ ਮੈਂ ਹਾਂ, ਨਿਰੀ ਮੈਂ! ਦੁੰਹਾਂ ਤਸਵੀਰਾਂ ਨੂੰ ਨਾਲ ਨਾਲ ਟੰਗਾਂ ਕਿ ਨਾ? ਮੈਂ ਦੁਬਿਧਾ ਵਿਚ ਹਾਂ।
—
ਕੱਲ੍ਹ ਲੋਹੜੀ ਹੈ, ਮੇਰੀ ਪੋਤੀ ਜ਼ਾਵੀਆ ਦੀ ਪਹਿਲੀ ਲੋਹੜੀ। ਮੈਂ ਫਿਰ ਅਤੀਤ ਵਿਚ ਪ੍ਰਵੇਸ਼ ਕਰ ਜਾਂਦੀ ਹਾਂ, ਬਸ ਸਾਲ ਕੁ ਪਿੱਛੇæææਪੋਤੀ ਲਈ ਮੇਰੀ ਸਿੱਕ ਨੂੰ ਭਾਂਪਦੀ ਹੋਈ ਰਿਚਾ, ਮੇਰੀ ਨੂੰਹ, ਮੇਰੇ ਪੁੱਤਰ ਦੀਪੀ ਨੂੰ ਕਹਿ ਰਹੀ ਹੈ, “ਮੈਨੂੰ ਡਰ ਹੈ ਕਿ ਜੇ ਸਾਡੇ ਮੁੰਡਾ ਪੈਦਾ ਹੋ ਗਿਆ ਤਾਂ ਮਾਮਾ ਨੇ ਤਾਂ ਉਹਨੂੰ ਪਿਆਰ ਹੀ ਨਹੀਂ ਕਰਨਾ।”
ਉਨ੍ਹਾਂ ਦੇ ਬੈਡਰੂਮ ਤੋਂ ਬਾਹਰ, ਲੌਬੀ ਵਿਚ ਬੈਠਦਿਆਂ ਮੈਂ ਸੁਣ ਲਿਆ ਤੇ ਗੁਆਚ ਗਈ ਹਾਂ ਅਤੀਤ ਵਿਚ, ਦੂਰ ਪਿੱਛੇæææ।
—
ਰੱਖੜੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਹੁਣੇ ਹੀ ਸਕੂਲੋਂ ਪਰਤਿਆ, ਖਾਣੇ ਦੇ ਮੇਜ਼ ‘ਤੇ ਬੈਠਾ ਸੱਤ ਸਾਲਾਂ ਦਾ ਦੀਪੀ ਬਹੁਤ ਉਦਾਸ ਹੈ, ਬੁਝਿਆ ਬੁਝਿਆ।
“ਕੀ ਗੱਲ ਹੈ ਪੁੱਤਰ, ਖਾਣਾ ਕਿਉਂ ਨਹੀਂ ਖਾ ਰਿਹਾ?” ਮੈਂ ਪੁਚਕਾਰਦੀ ਹਾਂ। ਦੀਪੀ ਚੁੱਪ ਹੈ, ਡਾਢਾ ਮੁਰਝਾਇਆ ਹੋਇਆ।
“ਕਿਉਂ ਬੱਚੇ? ਕੀ ਗੱਲ ਹੈ?” ਮੈਂ ਉਹਦਾ ਮੱਥਾ ਚੁੰਮਦੀ ਹਾਂ।
“ਕੱਲ੍ਹ ਰੱਖੜੀ ਹੈæææਤੇ ਮੇਰੀ ਕੋਈ ਭੈਣ ਨਹੀਂæææ।” ਦੀਪੀ ਦੀਆਂ ਅੱਖਾਂ ਛਲਕ ਪਈਆਂ ਹਨ, “ਮੈਨੂੰ ਭੈਣ ਚਾਹੀਦੀ ਹੈ, ਰੱਖੜੀ ਬੰਨ੍ਹਣ ਲਈ।” ਹੁਣ ਦੀਪੀ ਆਪੇ ਤੋਂ ਬਾਹਰ ਹੋ ਰਿਹਾ ਹੈ, ਕ੍ਰੋਧ ਤੇ ਕਰੁਣਾ ਵਿਚ ਫੁੱਟ ਫੁੱਟ।
“ਗਿਫ਼ਟੀ ਤੇ ਰਿੱਪੀ ਤੇਰੀ ਭੂਆ ਦੀਆਂ ਧੀਆਂ ਭੈਣਾਂ ਹੀ ਤਾਂ ਨੇ। ਉਨ੍ਹਾਂ ਦੀਆਂ ਰੱਖੜੀਆਂ ਪਹੁੰਚ ਗਈਆਂ ਹਨ। ਅੰਮ੍ਰਿਤਸਰੋਂ ਤੇਰੀ ਤਾਈ ਜੀ ਨੇ ਰੂਬੀ ਤੇ ਚਾਂਦੀ ਵਲੋਂ ਰੱਖੜੀਆਂ ਵੀ ਭੇਜ ਦਿੱਤੀਆਂ ਨੇ ਤੇ ਤੇਰੀ ਗੁਆਂਢ-ਦੀਦੀ ਰੇਖਾ ਵੀ ਆਏਗੀ ਕੱਲ੍ਹ। ਹਮੇਸ਼ਾਂ ਵਾਂਗ ਤੇਰੀ ਆਰਤੀ ਉਤਾਰੇਗੀ। ਟਿੱਕਾ ਲਾਏਗੀ। ਸਾਰੀਆਂ ਭੈਣਾਂ ਦੀਆਂ ਆਈਆਂ ਹੋਈਆਂ ਰੱਖੜੀਆਂ ਰੇਖਾ ਬੰਨ੍ਹੇਗੀæææਸਾਨੂੰ ਰੱਖੜੀਆਂ ਦਾ ਕੀ ਘਾਟਾ ਹੈ?”
“ਮੈਨੂੰ ਇਹ ਸਭ ਭੈਣਾਂ ਨਹੀਂ ਚਾਹੀਦੀਆਂ। ਆਪਣੀ ਭੈਣ ਚਾਹੀਦੀ ਹੈ, ਆਪਣੀ ਮਾਂ ਦੇ ਪੇਟੋਂæææ।” ਦੀਪੀ ਚੀਕ ਉਠਿਆ ਹੈ, ਡਾਢੀ ਤੜਫਾਹਟ ਨਾਲ।
—
“ਹੱਛਾ ਪੁੱਤਰ, ਜਦੋਂ ਤੇਰੇ ਘਰ ਬੇਟੀ ਪੈਦਾ ਹੋਵੇਗੀ ਨਾ, ਤਾਂ ਮੈਂ ਉਹਨੂੰ ਗੋਦ ਲੈ ਲਵਾਂਗੀ। ਉਹ ਤੇਰੀ ਭੈਣ ਬਣ ਜਾਵੇਗੀæææ।” ਮੈਂ ਉਹਨੂੰ ਬਾਹਾਂ ਵਿਚ ਲੈ ਕੇ ਦਿਲਾਸਾ ਦੇਣ ਲੱਗਦੀ ਹਾਂ।
“ਹੂੰ! ਮੈਂ ਆਪਣੀ ਬੇਟੀ ਤੁਹਾਨੂੰ ਦੇ ਦੇਵਾਂਗਾ? ਕਿਉਂ? ਕਦੇ ਵੀ ਨਹੀਂ।” ਫੁੰਕਾਰਾ ਮਾਰਦਾ ਦੀਪੀ ਮੇਰੀ ਗਲਵਕੜੀ ਵਿਚੋਂ ਨਿਕਲ ਜਾਂਦਾ ਹੈ।
—
ਅੱਜ ਦੀਪੀ ਦੀ ਖੁਸ਼ੀ ਦਾ ਅੰਤ ਨਹੀਂ। ਲੋਹੜੀ ਦੀਆਂ ਤਿਆਰੀਆਂ ਹੋ ਰਹੀਆਂ ਹਨ। ਮਹਿਮਾਨਾਂ ਨੂੰ ਸੱਦੇ ਦਿੱਤੇ ਗਏ ਹਨ। ਕਨਾਤਾਂ ਲੱਗ ਗਈਆਂ ਹਨ। ਹਲਵਾਈਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਵਿਹੜੇ ਵਿਚ ਲੋਹੜੀ ਬਾਲਣ ਲਈ ਲੱਕੜਾਂ ਬੀੜੀਆਂ ਜਾ ਚੁੱਕੀਆਂ ਹਨ। ਢੋਲੀ ਵੀ ਵੇਲੇ ਸਿਰ ਆ ਜਾਵੇਗਾ। ਦੀਪੀ ਇਸ ਸਮਾਗਮ ਦੇ ਹਰ ਪੜਾਅ ਨੂੰ ਫਿਲਮ-ਬੱਧ ਕਰ ਰਿਹਾ ਹੈ। ਦਸ ਮਹੀਨਿਆਂ ਦੀ ਸਾਡੀ ਜ਼ਾਵੀਆ ਸਾਰਿਆਂ ਦੀਆਂ ਬਾਹਾਂ ਵਿਚ ਵਾਰੋ-ਵਾਰ ਪਲੰਮਦੀ ਗੁਟਕ ਰਹੀ ਹੈ, ਖਿੜੀ ਖਿੜੀ।
ਦੇਰ ਨਾਲ ਹੀ ਸਹੀ ਪਰ ਭੁੱਖੇ ਦੀ ਰੋਟੀ ਪੱਕੀ ਤਾਂ ਹੈ! ਮੈਂ ਸ਼ੁਕਰ ਸ਼ੁਕਰ ਹਾਂ। ਸ਼ਕਲ, ਕੱਦ-ਬੁੱਤ, ਚਾਲ ਢਾਲ, ਆਵਾਜ਼, ਅੰਦਾਜ਼ ਤੇ ਹੋਰ ਪਤਾ ਨਹੀਂ ਕਿਤਨਾ ਕੁਝ ਤੇ ਕਿੱਥੇ ਕਿੱਥੇ ਅਕਹਿ ਜਿਹਾ, ਦੀਪੀ ਦਾ ਪਿਓ ਸ਼ਾਮਲ ਹੈ, ਦੀਪੀ ਵਿਚ।
‘ਨਿਰਾ ਪਿਓ।’ ਮੈਂ ਅਕਸਰ ਹੀ ਕਹਿ ਉਠਦੀ ਹਾਂ ਪਰ ਅੱਜ ਨਹੀਂ। ਦੀਪੀ ਨੇ ਵਿਰਾਸਤ ਵਿਚ ਆਪਣੇ ਪਿਓ ਦੀ ਸੰਕੀਰਨਤਾ ਨਹੀਂ ਲਈ ਤੇ ਨਾ ਹੀ ਲਿਆ ਹੈ ਉਸ ਜੀਤ ਦਾ ‘ਕੁੜੀ ਦਾ ਪਿਓ’ ਨਾ ਬਣਨ ਦਾ ਇਰਾਦਾ।
ਸਾਗਵਾਨ ਦੀ ਲੱਕੜ-ਜੜੀ ਚੌਗਾਠ ਮੇਰੇ ਹੱਥਾਂ ਵਿਚ ਹੈ। ਮੈਂ ਤਸਵੀਰ ਸਮੇਤ ਇਹਨੂੰ ਲੋਹੜੀ ਲਈ ਜੁੜੀਆਂ-ਬੀੜੀਆਂ ਲੱਕੜਾਂ ਵਿਚ ਸੁੱਟਣ ਜਾਂਦੀ ਹਾਂ। ਸੁੱਟਦੀ ਸੁੱਟਦੀ ਰੁਕ ਜਾਂਦੀ ਹਾਂ।æææਕੀ ਇਹਨੂੰ ਨਸ਼ਟ ਕਰਨ ਨਾਲ ਮੇਰਾ ਹੰਢਾਇਆ ਹੋਇਆ ਅਤੀਤ ਨਸ਼ਟ ਹੋ ਜਾਵੇਗਾ? ਕੀ ਉਸ ਪਲ ਦਾ ਸੰਤਾਪ ਮੇਰੇ ਇਸ ਪਲ ਦੇ ਵਿਸਮਾਦ ਦਾ ਆਗਾਜ਼ ਨਹੀਂ?
Leave a Reply