ਲਿਓਨ ਤ੍ਰਾਤਸਕੀ ਦੀ ਪ੍ਰਸੰਗਿਕਤਾ-2
ਰੂਸੀ ਇਨਕਲਾਬ ਵਿਚ ਲਿਓਨ ਤ੍ਰਾਤਸਕੀ (1879-1940) ਦਾ ਚੰਗਾ-ਚੋਖਾ ਯੋਗਦਾਨ ਰਿਹਾ ਹੈ। ਇਨਕਲਾਬ ਤੋਂ ਬਾਅਦ ਉਸ ਨੇ ਲਾਲ ਫੌਜ ਦੀ ਜਿਸ ਢੰਗ ਨਾਲ ਅਗਵਾਈ ਕੀਤੀ ਅਤੇ ਉਲਟ-ਇਨਕਲਾਬ ਦੇ ਖਦਸ਼ੇ ਨਾਲ ਜਿਸ ਤਰ੍ਹਾਂ ਕਰੜੇ ਹੱਥੀਂ ਨਜਿੱਠਿਆ, ਉਸ ਦੀ ਸੰਸਾਰ ਭਰ ਵਿਚ ਕਿਤੇ ਕੋਈ ਮਿਸਾਲ ਨਹੀਂ ਲੱਭਦੀ। ਉਂਜ, ਉਸ ਦੇ ਕੁਝ ਵਿਚਾਰ ਪਹਿਲਾਂ ਰੂਸੀ ਇਨਕਲਾਬ ਦੇ ਪਿਤਾਮਾ ਲੈਨਿਨ ਅਤੇ ਮਗਰੋਂ ਸਤਾਲਿਨ ਨਾਲ ਇੰਨੇ ਜ਼ਿਆਦਾ ਖਹਿਸਰੇ ਕਿ ਅਖੀਰ ਉਹ ਇਕ-ਦੂਜੇ ਦੇ ਵਿਰੋਧੀ ਹੋ ਨਿਬੜੇ। ਇਸ ਵਿਚਾਰਧਾਰਕ ਭੇੜ ਵਿਚ ਤ੍ਰਾਤਸਕੀ ਨੂੰ ਪਰਿਵਾਰਕ ਤੌਰ ‘ਤੇ ਬਹੁਤ ਵੱਡੀ ਕੀਮਤ ਤਾਰਨੀ ਪਈ। ਇਸ ਕੋਣ ਤੋਂ ਸਤਾਲਿਨ ਦੀ ਅੱਜ ਤੱਕ ਨੁਕਤਾਚੀਨੀ ਹੋ ਰਹੀ ਹੈ ਜਿਸ ਨੇ ਆਪਣੇ ਵਿਰੋਧੀਆਂ ਖਿਲਾਫ ਸਫਾਏ ਦੀ ਮੁਹਿੰਮ ਵਿੱਢ ਦਿੱਤੀ ਸੀ। ਪੰਜਾਬ ਟਾਈਮਜ਼ ਵਿਚ ਡਾæ ਅੰਮ੍ਰਿਤਪਾਲ ਸਿੰਘ ਦਾ ਤ੍ਰਾਤਸਕੀ ਦੇ ਵਿਚਾਰਾਂ ਬਾਰੇ ਲੰਮਾ ਲੇਖ ਦੋ ਕਿਸ਼ਤਾਂ ਵਿਚ ਛਾਪਿਆ ਗਿਆ ਸੀ ਜਿਸ ਵਿਚ ਉਨ੍ਹਾਂ ਲੈਨਿਨ ਅਤੇ ਸਤਾਲਿਨ ਦੇ ਹਵਾਲੇ ਨਾਲ ਤ੍ਰਾਤਸਕੀ ਦੀ ਗੱਲ ਛੇੜੀ ਸੀ। ਐਤਕੀਂ ਗੁਰਦਿਆਲ ਸਿੰਘ ਬੱਲ ਵੱਲੋਂ ਭੇਜੇ ਲੇਖ ਦਾ ਦੂਜਾ ਹਿੱਸਾ ਛਾਪ ਰਹੇ ਹਾਂ ਜਿਸ ਵਿਚ ਅਫਗਾਨਿਸਤਾਨ ਬਾਰੇ ਉਚੇਚੀ ਚਰਚਾ ਕੀਤੀ ਗਈ ਹੈ। -ਸੰਪਾਦਕ
ਗੁਰਦਿਆਲ ਬੱਲ
ਸੋਵੀਅਤ ਯੂਨੀਅਨ ਵਿਚ ਸਮਾਜਵਾਦੀ ਇਨਕਲਾਬ ਦੀ ਅਸਫਲਤਾ ਦੇ ਦੁਖਾਂਤ ਨੂੰ ਸਮਝਣ ਲਈ ਪ੍ਰੋæ ਰਣਧੀਰ ਸਿੰਘ ਨੇ ‘ਕਰਾਈਸਿਸ ਇਨ ਸੋਸ਼ਲਿਜ਼ਮ’ ਨਾਂ ਦੀ ਬੜੀ ਹੀ ਅਹਿਮ ਅਤੇ ਵੱਡ-ਅਕਾਰੀ ਪੁਸਤਕ ਲਿਖੀ ਹੈ। ਕਿਧਰੇ ਕਿਧਰੇ ਥੋੜ੍ਹੇ ਬਹੁਤ ਦੁਹਰਾਉ ਦੇ ਬਾਵਜੂਦ ਮਾਰਕਸੀ ਚਿੰਤਨ ਨੂੰ ਸਮਝਣ ਲਈ ਅਤੇ ਜ਼ਿੰਦਗੀ ਨੂੰ ਮੁਹੱਬਤ ਕਰਨ ਵਾਲੇ ਹਰ ਇਨਸਾਨ ਨੂੰ ਇਹ ਕਿਤਾਬ ਲਾਜ਼ਮੀ ਪੜ੍ਹਨੀ ਚਾਹੀਦੀ ਹੈ। ਪ੍ਰੋæ ਰਣਧੀਰ ਸਿੰਘ ਦਿਓਕੱਦ ਸ਼ਖਸੀਅਤ ਦੇ ਸੰਜੀਦਾ ਚਿੰਤਕ ਹਨ ਅਤੇ ਆਪਣੇ ਖੇਤਰ ਅੰਦਰ ਪੂਰੇ ਦੱਖਣ ਪੂਰਬੀ ਏਸ਼ੀਆ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਮੇਰੇ ਮਨ ਵਿਚ ਉਨ੍ਹਾਂ ਦੀ ਪ੍ਰਤੀਬੱਧਤਾ ਦਾ ਬੇਹੱਦ ਸਤਿਕਾਰ ਹੈ। ਉਹ ਸਤਾਲਿਨ ਦੌਰ ਦੀਆਂ ਗਲਤੀਆਂ ਦੀ ਵੀ ਸਹੀ ਨਿਸ਼ਾਨਦੇਹੀ ਕਰਦੇ ਹਨ ਪਰ ਜਿਸ ਅੰਦਾਜ਼ ਵਿਚ ਉਹ ਖਰੁਸ਼ਚੇਵ, ਬਰੈਜ਼ਨੇਵ ਅਤੇ ਅਖੀਰ ਵਿਚ ਮਿਖਾਈਲ ਗੋਰਬਾਚੇਵ ਦੇ ਦੌਰਾਂ ਬਾਰੇ ਫਤਵੇ ਜਾਰੀ ਕਰਦੇ ਤੁਰੇ ਜਾਂਦੇ ਹਨ, ਉਹ ਕੋਈ ਬਾਤ ਨਹੀਂ ਹੈ। ਘੱਟੋ-ਘੱਟ ਮੇਰੀ ਨਜ਼ਰ ਵਿਚ ਫਤਵਿਆਂ ਦੀ ਭਾਸ਼ਾ ਵਿਚ ਗੱਲ ਕਰਨਾ ਕਤਈ ਠੀਕ ਨਹੀਂ ਹੈ। ਉਨ੍ਹਾਂ ਨੇ 20ਵੀਂ ਸਦੀ ਵਿਚ ਸਮਾਜਵਾਦੀ ਤਜਰਬੇ ਦੀ ਅਸਫਲਤਾ ਲਈ ਕਾਰਨਾਂ ਦੀ ਲੰਮੀ ਚੌੜੀ ਤਫਸੀਲ ਬਣਾਈ ਹੈ ਪਰ ਉਨ੍ਹਾਂ ਦੀ ਪੁਸਤਕ ਵੀ ਪਾਠਕ ਨੂੰ ਦੁਖਾਂਤ ਦੀਆਂ ਜੜ੍ਹਾਂ ਤੱਕ ਨਹੀਂ ਲਿਜਾਂਦੀ।
ਸੋਵੀਅਤ ਨਿਜ਼ਾਮ ਦੀ ਬਰਬਾਦੀ ਦੀ ਗੱਲ ਕਰਦਿਆਂ 30-32 ਵਰ੍ਹੇ ਪਹਿਲਾਂ ਰੂਸੀ ਕਮਿਊਨਿਸਟਾਂ ਬਾਰੇ ਆਪਣੇ ਮਿੱਤਰ ਪ੍ਰੋæ ਗੁਰਤਰਨ ਸਿੰਘ ਦੇ ਘਰ ਦੀ ਛੱਤ ‘ਤੇ ਬੈਠਿਆਂ ਪ੍ਰੋæ ਹਰਿੰਦਰ ਸਿੰਘ ਮਹਿਬੂਬ ਨਾਲ ਹੋਇਆ ਤਲਖ ਤਕਰਾਰ ਯਾਦ ਆ ਰਿਹਾ ਹੈ। ਪ੍ਰੋæ ਮਹਿਬੂਬ ਬਹੁਤ ਪੜ੍ਹੇ ਲਿਖੇ ਅਤੇ ਨਿਸ਼ਚੇ ਹੀ ਵੱਡੀ ਇਖਲਾਕ-ਉਚਤਾ ਵਾਲੇ ਸੱਜਣ ਸਨ ਪਰ ਉਹ ਅਫਗਾਨਿਸਤਾਨ ਵਿਚ ਰੂਸੀ ਦਖਲ-ਅੰਦਾਜ਼ੀ ਵਰਗੇ ਮੁੱਦੇ ‘ਤੇ ਅਰਥਪੂਰਨ ਰਾਏ ਦੇ ਸਕਣ ਦੇ ਮਾਮਲੇ ਵਿਚ ਮੇਰੀ ਜਾਚੇ ਮੂਲੋਂ ਹੀ ਓਬੜ ਸਨ। ਉਹ ਕਹਿ ਰਹੇ ਸਨ ਕਿ ਰੂਸੀਆਂ ਨੂੰ ਬੜਾ ਪਾਪ ਲੱਗਣਾ ਹੈ। ਅਖੇ, ਜੇ ਦੁਨੀਆਂ ਵਿਚੋਂ ਪਠਾਣਾਂ ਦੀ ਨਸਲ ਦਾ ਖਾਤਮਾ ਹੋ ਗਿਆ ਤਾਂ ਕਾਇਨਾਤ ਦੇ ਬਗੀਚੇ ਵਿਚੋਂ ਕੋਈ ਬਹੁਤ ਹੀ ਸੁੰਦਰ ਅਤੇ ਮਹਿਕਦਾਰ ਪੌਦਾ ਕੱਟਿਆ ਜਾਵੇਗਾ। ਪ੍ਰੋæ ਮਹਿਬੂਬ ਸਰਾਪ ਦੇਈ ਜਾ ਰਹੇ ਸਨ ਕਿ ਰੂਸੀਆਂ ਦਾ ਬੇੜਾ ਗਰਕ ਹੋ ਜਾਵੇਗਾ। ਮੈਂ ਉਨ੍ਹਾਂ ਨੂੰ ਉਸ ਜ਼ਮਾਨੇ ਦੇ ਅਫਗਾਨਿਸਤਾਨ ਦੀ ਹਕੀਕਤ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਲਟਾ ਨਾਰਾਜ਼ ਹੋ ਕੇ ਮੰਜੀ ਤੋਂ ਉਠ ਕੇ ਅਚਾਨਕ ਮੈਨੂੰ ਬਿਨਾਂ ਬੁਲਾਏ ਹੀ ਟੁਰ ਗਏ।
ਮੇਰਾ ਅੱਜ ਵੀ ਵਿਸ਼ਵਾਸ ਹੈ ਕਿ ਅਫਗਾਨਿਸਤਾਨ ਦੇ ਉਸ ਇਨਕਲਾਬੀ ਪ੍ਰੋਜੈਕਟ ਬਾਰੇ ਪ੍ਰੋæ ਮਹਿਬੂਬ ਨੂੰ ਕੱਖ ਪਤਾ ਨਹੀਂ ਸੀ। ਕਿਸੇ ਵੀ ਰਹੱਸਵਾਦੀ ਸੱਜਣ ਨੂੰ ਪਤਾ ਹੋ ਵੀ ਨਹੀਂ ਸਕਦਾ। ਬੜੇ ਲੋਕਾਂ ਦਾ ਕਹਿਣਾ ਹੈ ਕਿ ਸੋਵੀਅਤ ਕਮਿਊਨਿਸਟਾਂ ਦੀ ਬਰਬਾਦੀ ਲਈ ਅਫਗਾਨਿਸਤਾਨ ਵਾਲਾ ਫੈਸਲਾ ਹੀ ਸਭ ਤੋਂ ਵੱਧ ਜ਼ਿੰਮੇਵਾਰ ਸੀ। ਅਖੇ, ਇਹ ਦਖਲ ਉਵੇਂ ਹੀ ਸੀ ਜਿਵੇਂ ਅਮਰੀਕਨ ਵੀਅਤਨਾਮ ਵਿਚ ਫਸ ਗਏ ਸਨ। ਇਹ ਗੱਲ ਬਹੁਤ ਹੱਦ ਤੱਕ ਠੀਕ ਹੋ ਸਕਦੀ ਹੈ ਪਰ ਇਤਿਹਾਸ ਦਾ ਇਹ ਮੌਕਾ ਮੇਲ ਹੀ ਸੀ ਕਿ ਐਨ ਉਸੇ ਸਮੇਂ ਇਕ ਪਾਸੇ ਰੋਨਾਲਡ ਰੀਗਨ ਵਰਗਾ ਬਚਪਨ ਤੋਂ ਹੀ ਕੱਟੜ ਕਮਿਊਨਿਸਟ ਵਿਰੋਧੀ ਆਗੂ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਅਤੇ ਦੂਜੇ ਪਾਸੇ ਸਾਊਦੀ ਅਰਬ ਵਿਚ ਰੈਡੀਕਲ ਇਸਲਾਮ ਤੋਂ ਪ੍ਰੇਰਿਤ ਜਹਾਦੀਆਂ ਨੇ ਮੱਕੇ ‘ਤੇ ਕਬਜ਼ਾ ਕਰ ਕੇ ਸਾਊਦੀ ਸ਼ਹਿਜ਼ਾਦਿਆਂ ਨੂੰ ਕਾਂਬੇ ਛੇੜੇ, ਤੇ ਤੀਜੇ ਪਾਸੇ ਪਾਕਿਸਤਾਨ ਵਿਚ ਜ਼ੁਲਫਿਕਾਰ ਅਲੀ ਭੁੱਟੋ ਨੂੰ ਫਾਹੇ ਲਗਾ ਕੇ ਜ਼ਿਆ-ਉਲ-ਹੱਕ ਨੰਗਾ ਚਿੱਟਾ ਇਸਲਾਮੀ ਪੱਤਾ ਖੇਡ ਕੇ ਆਪਣੀ ਹਰ ਕਾਰਵਾਈ ਜਾਇਜ਼ ਸਾਬਤ ਕਰਨ ਲਈ ਹਰ ਹੱਥਕੰਡਾ ਵਰਤਣ ਲਈ ਤਹੂ ਹੋਇਆ ਪਿਆ ਸੀ।
ਜੋ ਵੀ ਹੈ, ਅਫਗਾਨਿਸਤਾਨ ਵਿਚ ਰੂਸੀ ਫੌਜੀ ਦਖਲ ਦਾ ਤਰਕ ਸਮਝਣਾ ਇਤਨਾ ਆਸਾਨ ਨਹੀਂ ਹੈ। ਰੂਸੀਆਂ ਨੇ ਕਤਈ ਕੋਈ ਮਾਅਰਕੇਬਾਜ਼ੀ ਨਹੀਂ ਸੀ ਕੀਤੀ, ਬਲਕਿ ਇਨਕਲਾਬ ਉਥੇ ਹਾਫਿਜ਼-ਉਲਾ ਅਮੀਨ, ਨੂਰ ਮੁਹੰਮਦ ਤਾਰਾਕੀ, ਬਬਰਾਕ ਕਾਰਮਲ ਅਤੇ ਖਲਕ ਤੇ ਪਰਚਮ ਧੜਿਆਂ ਦੇ ਅਫਗਾਨ ਕਮਿਊਨਿਸਟ ਇਨਕਲਾਬੀਆਂ ਨੇ ਖੁਦ ਕੀਤਾ ਸੀ। ਦੂਜੇ ਪਾਸੇ ਰੂਸੀ ਕਮਿਊਨਿਸਟ ਲੀਡਰਸ਼ਿਪ ਦਾ ਹਰ ਆਗੂ ਹੀ ਅਫਗਾਨਿਸਤਾਨ ਵਿਚ ਸਿੱਧੀ ਫੌਜੀ ਦਖਲ-ਅੰਦਾਜ਼ੀ ਦੇ ਸਖਤ ਵਿਰੁਧ ਸੀ। ਪ੍ਰਧਾਨ ਮੰਤਰੀ ਅਲੈਕਸੀ ਕੋਸੀਲਿਨ ਅਜੇ ਜਿਉਂਦੇ ਸਨ ਅਤੇ ਉਹ ਤਾਂ ਇਸ ਬਾਰੇ ਮਾਮੂਲੀ ਸੁਝਾਅ ਤੱਕ ਵੀ ਸੁਣਨ ਨੂੰ ਤਿਆਰ ਨਹੀਂ ਸਨ। ਫਿਰ ਵੀ ਉਹ ਦੁਖਾਂਤ ਵਾਪਰਿਆ, ਰੂਸੀ ਦਖਲ-ਅੰਦਾਜ਼ੀ ਦੇ ਮਹਾਂਦੁਖਾਂਤ ਨੂੰ ਜੇ ਕੋਈ ਜਾਣਨਾ ਚਾਹੁੰਦਾ ਹੈ ਤਾਂ ਉਹ ਸਾਲ 2011 ਵਿਚ ਰੌਡਰਿਕ ਬਰੈਥਵੇਟ ਦੀ ‘ਅਫਗਾਨਿਸਟੀ’ ਅਤੇ ਜੌਨਾਥਨ ਸਟੀਲ ਦੀ ‘ਘੋਸਟਸ ਆਫ ਅਫਗਾਨਿਸਤਾਨ’ ਨਾਂ ਦੀਆਂ ਪੁਸਤਕਾਂ ਜ਼ਰੂਰ ਪੜ੍ਹੇ। ਇਹ ਪੁਸਤਕਾਂ ਪੜ੍ਹ ਕੇ ਪਾਠਕ ਨੂੰ ਸਾਰੀ ਕਹਾਣੀ ਅਲੱਗ ਰੰਗਾਂ ਵਿਚ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਰੌਡਰਿਕ ਬਰੈਥਵੇਟ ਦੀ ਕਿਤਾਬ ਵਧੇਰੇ ਪ੍ਰਮਾਣਿਕ ਮੰਨੀ ਜਾਂਦੀ ਹੈ।
ਕਾਮਰੇਡ ਤਾਰਾਕੀ ਦੇ ਆਪਣੇ ਸਾਥੀ ਰਾਸ਼ਟਰਪਤੀ ਹਾਫਿਜ਼-ਉਲਾ ਅਮੀਨ ਹੱਥੋਂ ਬੜੇ ਹੀ ਤਰਾਸਦਿਕ ਅਤੇ ਰਹੱਸਮਈ ਹਾਲਤ ਵਿਚ ਮਾਰੇ ਜਾਣ ਪਿੱਛੋਂ ਖਲਕ ਧੜੇ ਵਿਚ ਉਨ੍ਹਾਂ ਦੇ ਚਾਰ ਅਹਿਮ ਸਾਥੀਆਂ ਸਈਦ ਮੁਹੰਮਦ ਗੁਲਾਬਜ਼ੋਈ, ਅਸਲਮ ਮੁਹੰਮਦ, ਵਤਨਯਾਰ, ਸ਼ੇਰਜਾਨ ਮਜ਼ਦੂਰਯਾਰ ਅਤੇ ਅਸਦ-ਉਲਾ ਸਰਵਰੀ ਨੇ ਇਨਕਲਾਬ ਨੂੰ ਆਪਣੇ ਹੀ ਅਤਿਵਾਦੀ ਸਾਥੀ ਹਾਫਿਜ਼ਉਲਾ ਅਮੀਨ ਦੀ ਦਹਿਸ਼ਤ ਅਤੇ ਵਹਿਸ਼ਤ ਤੋਂ ਬਚਾਉਣ ਲਈ ਰੂਸੀਆਂ ਨੂੰ ਕਿਵੇਂ ਤੇ ਕਿਉਂ ਮਜਬੂਰ ਕਰ ਦਿੱਤਾ, ਉਹ ਕਹਾਣੀ ਸੌਖਿਆਂ ਨਹੀਂ ਦੱਸੀ ਜਾ ਸਕਦੀ। ਇਹ ਚਾਰੇ ਦੇ ਚਾਰੇ ਹੀ ਬੜੇ ਦਰਵੇਸ਼ ਕਿਸਮ ਦੇ ਕਾਮਰੇਡ ਸਨ। ਫਿਰ ਅੱਗਿਉਂ ਕਮਾਲ ਇਹ ਹੈ ਕਿ ਰੂਸੀ ਫੌਜਾਂ ਨੇ ਅਫਗਾਨ ਲੋਕਾਂ ਨੂੰ ਮੱਧਯੁਗੀ ਜਗੀਰੂ ਅੰਧਕਾਰ ਵਿਚੋਂ ਕੱਢਣ ਲਈ ਹਰ ਵਾਹ ਹੀ ਤਾਂ ਲਗਾ ਦਿੱਤੀ ਸੀ ਪਰ ਅਫਗਾਨ ਮੁਜਾਹਿਦਾਂ ਨੇ ਆਪਣੀ ਕਮਿਊਨਿਸਟ ਸਰਕਾਰ ਵਿਰੁਧ ਮਾਰੂ ਜਹਾਦ ਵਿੱਢ ਕੇ ਆਪਣੇ ਪਿਆਰੇ ਅਫਗਾਨਿਸਤਾਨ ਦਾ ਬੇੜਾ ਗਰਕ ਕਿੰਜ ਕੀਤਾ, ਇਹ ਲੋਕਾਂ ਨੂੰ ਅਜੇ ਥੋੜ੍ਹਾ ਸਮਾਂ ਹੋਰ ਠਹਿਰ ਕੇ ਉਦੋਂ ਸਮਝ ਆਵੇਗੀ ਜਦੋਂ ਉਹ ਸੰਜੀਦਗੀ ਨਾਲ ਸੋਚਣਾ ਸ਼ੁਰੂ ਕਰਨਗੇ ਕਿ ਗੁਲਾਬਜ਼ੋਈ, ਵਤਨਯਾਰ, ਮਜ਼ਦੂਰਯਾਰ ਅਤੇ ਕਾਮਰੇਡ ਸਰਵਰੀ ਵਰਗੇ ਅਫਗਾਨ ਕਮਿਊਨਿਸਟ ਆਗੂ ਅਸਲ ਵਿਚ ਕਹਿ ਕੀ ਰਹੇ ਸਨ, ਉਹ ਕਿਸ ਕਿਸਮ ਦੇ ਸਮਾਜ ਦੀ ਸਿਰਜਣਾ ਦੀ ਚਾਹਤ ਕਰ ਰਹੇ ਸਨ!
ਪ੍ਰੋæ ਮਹਿਬੂਬ ਦੀ ਗੱਲ ਤੁਰੀ ਹੈ ਤਾਂ ਮੈਨੂੰ ਉਨ੍ਹਾਂ ਦੇ 60ਵਿਆਂ ਦੇ ਸ਼ੁਰੂ ਵਿਚ ਭੂਤਵਾੜਾ ਦੌਰ ਦੇ ਮਹਾਂਭੂਤ ਡਾæ ਗੁਰਭਗਤ ਸਿੰਘ ਦੀ ਯਾਦ ਵੀ ਆਪਮੁਹਾਰੇ ਆ ਗਈ ਹੈ। ਡਾæ ਗੁਰਭਗਤ ਸਿੰਘ ਪੰਜਾਬ ਦੇ ਸਿੱਖ ਭਾਈਚਾਰੇ ਵਿਚ ਅੱਜ ਦੇ ਦਿਨ ਸਭ ਤੋਂ ਪੜ੍ਹੇ-ਲਿਖੇ, ਸੰਜੀਦਾ, ਦਿਗੰਬਰ ਅਤੇ ਪ੍ਰਤੀਬਧ ਚਿੰਤਕ ਹਨ। ‘ਪੰਜਾਬ ਟਾਈਮਜ਼’ ਦੇ 11 ਦਸੰਬਰ 2013 ਦੇ ਅੰਕ ਵਿਚ ‘ਨਦੀਆ ਵਾਹ ਵਿਛੁੰਨਿਆ’ ਸਿਰਲੇਖ ਹੇਠ ਉਨ੍ਹਾਂ ਦਾ ਲੇਖ ਛਪਿਆ ਹੈ ਜਿਸ ਵਿਚ ਉਨ੍ਹਾਂ ਨੇ ‘ਰਾਗ ਆਸਾ’ ਵਿਚ ਗੁਰੂ ਨਾਨਕ ਦੇ ਮਹਾਂਵਾਕ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਲੇਖ ਪੜ੍ਹ ਕੇ ਅਫਸੋਸ ਹੋਇਆ ਕਿ ਡਾਕਟਰ ਸਾਹਿਬ ਪਿਛਲੇ 25-30 ਵਰ੍ਹਿਆਂ ਤੋਂ ਮਾਨੋ ਇਕੋ ਹੀ ਲੇਖ ਵਾਰ-ਵਾਰ ਲਿਖੀ ਜਾ ਰਹੇ ਹਨ।
ਇਸ ਲੇਖ ਵਿਚ ਡਾæ ਗੁਰਭਗਤ ਸਿੰਘ ਦੱਸਦੇ ਹਨ, “ਇਸ ਜਗਤ ਵਿਚ ਗੁਰੂ ਨਾਨਕ ਸਾਹਿਬ ਦਾ ਜਦੋਂ ਆਗਮਨ ਹੋਇਆ ਤਾਂ ਉਸ ਵਕਤ ਹਿੰਦੁਸਤਾਨੀ ਸਮਾਜ ਉਪਰ ਬ੍ਰਾਹਮਣਵਾਦ, ਇਸਲਾਮ ਤੇ ਜਗੀਰਦਾਰੀ ਦੇ (ਮਾਰੂ) ਇਕਸਾਰਵਾਦ ਨੇ ਆਮ ਲੋਕਾਈ ਦੀ ਜ਼ਿੰਦਗੀ ਦੀ ਭਰਪੂਰਤਾ ‘ਤੇ ਸੱਟ ਮਾਰੀ ਹੋਈ ਸੀ।” ਫਿਰ ਅਗਾਂਹ ਉਹ ਦੱਸਦੇ ਹਨ ਕਿ ਪੱਛਮੀ ਚਿੰਤਕਾਂ ਨੇ ਦੋ ਭਿਆਨਕ ਸੰਸਾਰ ਜੰਗਾਂ ਪਿਛੋਂ ਆਪਣੇ ਇਕਪਾਸੜ ਤਰਕ ਅਤੇ ਤਕਨਾਲੋਜੀ ਆਧਾਰਤ ਸਭਿਆਚਾਰਾਂ (ਦੀਆਂ ਖਾਮੀਆਂ) ਦਾ ਵਿਸ਼ਲੇਸ਼ਣ ਕਰਦਿਆਂ ਵਿਸ਼ਾਲ ਜੀਵਨ ਜਾਂ ਬ੍ਰਹਿਮੰਡੀ ਵਰਤਾਰੇ ਵਿਚ ਨਿਹਿਤ ਬਹੁਲਤਾ ਦੀ ਨਿਸ਼ਾਨਦੇਹੀ ਕੀਤੀ। ਇਸ ਨੂੰ ਮੁੜ ਵਿਆਪਕ ਬਣਾ ਕੇ ਵਿਅਕਤੀ ਤੇ ਸਭਿਆਚਾਰ ਦੇ ਨਿਰਮਾਣ ਦਾ ਚਿੰਤਨ ਰਚਿਆ। (ਅਖੇ) ਇਸ ਚਿੰਤਨ ਦਾ ਵੱਡਾ ਪ੍ਰਤੀਕ ਤੇ ਮੁੱਖ ਫਿਲਾਸਫਰ ਬਾਤਈ ਹੈ। (ਅਖੇ) ਉਸ ਦੇ ਚਿੰਤਨ ਵਿਚ ਨਵ-ਫਰਾਇਡੀ ਅਤੇ ਮਾਰਕਸੀ ਚਿੰਤਨ ਵੀ ਕਿਰਿਆਵੰਤ ਹੋਏ ਹੋਏ ਹਨ। ਹੈਰਾਨੀ ਹੈ ਕਿ ਕਿਥੇ ਸੈਡਇਜ਼ਮ ਦੇ ਸਿਧਾਂਤਕਾਰ ਮਾਰਖੇਜ ਦੀ ਸਾਦ (ੰਅਰਤੁਸਿ ਦe ੰਅਦe) ਦਾ ਸਭ ਤੋਂ ਵੱਡਾ ਪ੍ਰਸ਼ੰਸਕ ਬਾਤਈ (ਭਅਟਅਲਿਲe) ਅਤੇ ਕਿਥੇ ਗੁਰਬਾਣੀ!
ਇਸੇ ਹੀ ਲੇਖ ਵਿਚ ਡਾਕਟਰ ਸਾਹਿਬ ਆਪਣਾ ਹਜ਼ਾਰ ਵਾਰੀ ਕੀਤਾ ਪੁਰਾਣਾ ਦਾਅਵਾ ਇਹ ਕਹਿੰਦਿਆਂ ਫਿਰ ਦੁਹਰਾਉਂਦੇ ਹਨ ਕਿ ਪੱਛਮ ਦਾ ਕੋਈ ਵੀ ਪਰਵਰਗ ਪੂਰਬੀ ਚਿੰਤਨ ਦੇ ਅਨੁਭਵਾਂ ਅਤੇ ਚੇਤਨਤਾ ਦੇ (ਮਹਾਤਮ ਜਾਂ ਮਰਮ) ਨੂੰ ਨਹੀਂ ਸਮਝ ਸਕਦਾ।
ਹੁਣ ਜ਼ਰਾ ਧਿਆਨ ਨਾਲ ਵੇਖੋ ਤਾਂ ਡਾæ ਗੁਰਭਗਤ ਸਿੰਘ ਸਿੱਖ ਧਰਮ ਦੀ ਆਮਦ ਦੀ ਤਾਰਕਿਕਤਾ ਨੂੰ ਸ੍ਰੇਸ਼ਠ ਸਾਬਤ ਕਰਨ ਲਈ ਇਕ ਪਾਸੇ ਹਜ਼ਾਰ ਅੰਦਰੂਨੀ ਵਖਰੇਵਿਆਂ ਦੇ ਬਾਵਜੂਦ ਇਸਲਾਮ ਅਤੇ ਹਿੰਦੂ ਧਰਮ ਨੂੰ ਇਕੋ ਰੱਸੇ ਲਪੇਟ ਕੇ ਉਨ੍ਹਾਂ ਨੂੰ ਲੋਕ ਦੁਸ਼ਮਣ ਦੀ ਥਾਂ ਜੀਵਨ ਦੋਖੀ/ਇਕਸਾਰਵਾਦ ਦੇ ਰੂਪ ਵਿਚ ਕਲੱਬ ਕਰੀ ਜਾ ਰਹੇ ਹਨ; ਇਸ ਦੇ ਨਾਲ-ਨਾਲ ਹੀ ਵਾਰ-ਵਾਰ ਲਗਾਤਾਰ ਦਾਅਵਾ ਕਰੀ ਜਾਂਦੇ ਹਨ ਕਿ ਪੱਛਮੀ ਚਿੰਤਨ ਏਸ਼ੀਆਈ ਅਧਿਆਤਮਕ ਚਿੰਤਨ ਦੀ ਅਮੀਰੀ ਨੂੰ ਸਮਝਣ ਦੇ ਯੋਗ ਹੀ ਨਹੀਂ ਹੈ। ਯਾਦ ਰਹੇ ਕਿ ਪਿਛਲੇ ਡੇਢ ਹਜ਼ਾਰ ਸਾਲਾਂ ਦੌਰਾਨ ਇਸਲਾਮ ਨੇ ਅਣਗਿਣਤ ਮਹਾਨ ਚਿੰਤਕ ਪੈਦਾ ਕੀਤੇ ਹਨ। ਬੁੱਧ ਧਰਮ ਅਤੇ ਉਪਨਿਸ਼ਦਿਕ ਹਿੰਦੂਵਾਦ ਜਾਂ ਮਹਾਂਰਿਸ਼ੀ ਅਰਵਿੰਦੋ ਵਰਗੇ ਚਿੰਤਕਾਂ ਦੀ ਅਸੀਂ ਅਜੇ ਗੱਲ ਹੀ ਨਹੀਂ ਕਰਦੇ। ਇਸਲਾਮ ਵਿਚੋਂ ਵੀ ਇਕੱਲੇ ਸਈਦ ਹੁਸੈਨ ਨਾਸਰ ਨਾਂ ਦੇ ਇਰਾਨੀ ਚਿੰਤਕ ਨੂੰ ਲੈ ਲੈਂਦੇ ਹਾਂ। ਪਿਛਲੇ ਦਿਨੀਂ ਮੇਰੀ ਆਪਣੇ ਅਜੀਜ਼ ਧਰਮਜੀਤ ਅਤੇ ਦੋਸਤ ਪ੍ਰੋæ ਹਰਪਾਲ ਸਿੰਘ ਪੰਨੂ ਨਾਲ ਪ੍ਰੋæ ਭੁਪਿੰਦਰ ਸਿੰਘ ਵਲੋਂ ਸਿੱਖੀ ਦੀ ਮੂਲ ਭਾਵਨਾ ਨੂੰ ਸਥਾਪਤ ਕਰਨ ਲਈ ਹੁਣੇ-ਹੁਣੇ ਲਿਖੀ (ਅਜੇ ਅਣਛਪੀ) ਕਿਤਾਬ ਬਾਰੇ ਗੱਲ ਹੋ ਰਹੀ ਸੀ। ਮੈਂ ਪ੍ਰੋæ ਪੰਨੂ ਅਤੇ ਧਰਮਜੀਤ ਨੂੰ ਉਹ ਕਿਤਾਬ ਪੜ੍ਹਨ ਤੋਂ ਪਹਿਲਾਂ ਸਈਦ ਨਾਸਰ ਦੀ 2010 ਵਿਚ ਹਾਰਪਰ ਵੱਲੋਂ ਛਪੀ ‘ਇਸਲਾਮ ਇਨ ਦਿ ਮਾਡਰਨ ਵਰਲਡ’ ਪੁਸਤਕ ਲਾਜ਼ਮੀ ਤੌਰ ‘ਤੇ ਪੜ੍ਹ ਲੈਣ ਲਈ ਆਖਿਆ ਸੀ।
ਮੈਂ ਇਕਬਾਲ ਕਰਦਾ ਹਾਂ ਕਿ ਸਈਦ ਹੁਸੈਨ ਨਾਸਰ ਹਰ ਕਿਸਮ ਦੇ ਰੈਡੀਕਲ ਇਸਲਾਮੀ ਚਿੰਤਨ ਦੇ ਵਿਰੋਧ ਵਿਚ ਖੜ੍ਹਾ ਹੈ। ਉਹ ਰਵਾਇਤੀ ਇਸਲਾਮ ਦੀਆਂ ਸ਼ਾਨਾਂ ਦਾ ਮਹਾਨ ਢਾਡੀ ਹੈ। ਉਹ ਇਸਲਾਮ ਬਾਰੇ ਇਤਨੇ ਪਿਆਰ ਅਤੇ ਸੁਹਜ ਨਾਲ ਗੱਲ ਕਰਦਾ ਹੈ ਕਿ ਮੇਰੇ ਵਰਗੇ ਬੇ-ਪੀਰ ਆਦਮੀ ਦਾ ਵੀ ਕੇਰਾਂ ਤੁਰੰਤ ਇਸਲਾਮ ਗ੍ਰਹਿਣ ਕਰ ਲੈਣ ਨੂੰ ਮਨ ਕਰ ਆਉਂਦਾ ਹੈ। ਆਪਣੀ ਇਸੇ ਪੁਸਤਕ ਵਿਚ ਸਈਦ ਨਾਸਰ ਨੇ ਗੋਇਓਂ (ਘੁeਨੋਨ), ਮਾਰਟਿਨ ਲਿੰਗਜ਼, ਆਰੀ ਕੋਰਬਿਨ ਅਤੇ ਫਰਿਟਜੋਫ ਸ਼ੂਨ ਆਦਿ 20ਵੀਂ ਸਦੀ ਦੇ 6-7 ਇਸਾਈ ਮੂਲ ਦੇ ਮਹਾਨ ਮੁਸਲਿਮ ਸੂਫੀ ਚਿੰਤਕਾਂ ਬਾਰੇ ਪ੍ਰੇਰਨਾਮਈ ਅਤੇ ਤਾਜ਼ਗੀ ਭਰੇ ਅੰਦਾਜ਼ ਵਿਚ ਲਿਖਿਆ ਹੈ। ਇਹ ਸਾਰੇ ਚਿੰਤਕ ਉਹ ਹਨ ਜਿਨ੍ਹਾਂ ਨੇ 20ਵੀਂ ਸਦੀ ਦੇ ਸ਼ੁਰੂ ਵਿਚ ਇਸਲਾਮ ਧਾਰਨ ਕੀਤਾ। ਹਿਮਾਲਾ ਪਹਾੜ ਦੀਆਂ ਚੋਟੀਆਂ ਜਿੱਡੇ ਇਨ੍ਹਾਂ ਸਭਨਾਂ ਦੇ ਕੱਦ ਹਨ। ਮੈਂ ਧਰਮਜੀਤ ਨਾਲ ਜਦੋਂ ਸਈਦ ਨਾਸਰ ਅਤੇ ਇਨ੍ਹਾਂ ਚਿੰਤਕਾਂ ਦੀ ਗੱਲ ਕਰ ਰਿਹਾ ਸਾਂ ਤਾਂ ਮੈਨੂੰ ਯਾਦ ਹੈ ਕਿ ਉਹਨੇ ਸਹਿਜ ਨਾਲ ਮਹਿਜ਼ ਇਤਨਾ ਕਹਿ ਕੇ ਮੇਰੀ ਗੱਲ ਕੱਟ ਦਿੱਤੀ ਸੀ ਕਿ ਇਨ੍ਹਾਂ ਸਾਰੇ ਚਿੰਤਕਾਂ ਦੀ ਸੋਚ ਨੇ ਇਤਿਹਾਸਕ ਅਮਲ ਵਿਚ ਅਜਿਹੀ ਸਪਿਰਿਟ ਉਤਾਰੀ ਕਿਥੇ ਹੈ?
ਫਿਰ ਵੀ ਇਸਲਾਮ, ਹਿੰਦੂ ਜਾਂ ਬੁੱਧ ਧਰਮ ਦਾ ਸਮੁੰਦਰ ਜਿੱਡਾ ਪਸਾਰ ਹੈ। ਡਾæ ਗੁਰਭਗਤ ਸਿੰਘ ਸਪਸ਼ਟ ਨਹੀਂ ਕਰਦੇ, ਉਹ ਕਿਹੜੇ ਇਸਲਾਮ ਜਾਂ ਹਿੰਦੂ ਧਰਮ ਦੀ ਗੱਲ ਕਰੀ ਜਾਂਦੇ ਹਨ। ਤੇ ਜੇ ਗੱਲ ਮਹਿਜ਼ ਪ੍ਰੈਕਟਿਸ ਦੀ ਹੀ ਕਰਨੀ ਹੈ ਤਾਂ ਫਿਰ ਸਾਡੀ ਆਪਣੇ ਸਿੱਖ ਭਾਈਚਾਰੇ ਵਿਚ ਪ੍ਰੈਕਟਿਸ ਕਿਹੜਾ ਸਿੱਖ ਧਰਮ ਦੀ ਆਤਮਾ ਦੇ ਅਨੁਰੂਪ ਹੀ ਹੋ ਰਹੀ ਹੈ! ਸਵਾਲ ਇਹ ਹੈ ਕਿ ਡਾæ ਗੁਰਭਗਤ ਸਿੰਘ ਦੀ ਪੂਰਬੀ ਚਿੰਤਨ ਤੋਂ ਮੁਰਾਦ ਕੀ ਹੈ? ਕੀ ਇਹ ਬੱਸ ਸਿੱਖ ਧਰਮ ਤਕ ਹੀ ਮਹਿਦੂਦ ਹੈ?
ਅਫਸੋਸ ਦੀ ਗੱਲ ਹੈ ਕਿ ਡਾæ ਗੁਰਭਗਤ ਸਿੰਘ ਵਾਲੇ ਰਾਹ ਹੀ ਸਾਡੇ ਪਰਮ ਮਿੱਤਰ ਕਰਮਜੀਤ ਸਿੰਘ ਚੰਡੀਗੜ੍ਹ ਅਤੇ ਕੁਝ ਹੋਰ ਨਵੇਂ ਬਣੇ ਸਿੱਖ ਚਿੰਤਕ ਪਏ ਹੋਏ ਹਨ। ਡਾæ ਬਲਕਾਰ ਸਿੰਘ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਦਾਅਵਾ ਨਹੀਂ ਹੈ ਪਰ ਉਨ੍ਹਾਂ ਨੇ ਅਜਿਹੇ ਸੱਜਣਾਂ ਨੂੰ ਰੱਬ ਸੱਚੇ ਦਾ ਵਾਸਤਾ ਦਿੰਦਿਆ ਅਜਿਹਾ ਕਰਨ ਤੋਂ ਵਰਜਿਆ ਸੀ। ਉਨ੍ਹਾਂ ਠੀਕ ਹੀ ਤਾਂ ਕਿਹਾ ਸੀ, ਯਾਰੋ ਪਾਪ ਲੱਗੇਗਾ, ਨਾ ਕਰੋ ਏਤਰਾਂ! ਨਾ ਕਰੋ!
ਸਾਡੇ ਬਿਰਤਾਂਤ ਵਿਚ ਪ੍ਰੋæ ਮਹਿਬੂਬ ਤੇ ਡਾæ ਗੁਰਭਗਤ ਸਿੰਘ ਦਾ ਜ਼ਿਕਰ ਆਉਣ ਕਾਰਨ ਮੈਂ ਸਪਸ਼ਟ ਕਰ ਦੇਵਾਂ ਕਿ ਇਨ੍ਹਾਂ ਦੋਹਾਂ ਚਿੰਤਕਾਂ ਨੇ ਵੀ ਜ਼ਿੰਦਗੀ ਦੇ ਅਰਥਾਂ ਦੀ ਤਲਾਸ਼ ਦੀ ਮੁਹਿੰਮ ਮਾਰਕਸੀ ਚਿੰਤਨ ਦੀ ਪ੍ਰੇਰਨਾ ਨਾਲ ਹੀ ਕੀਤੀ ਸੀ। ਪ੍ਰੋæ ਮਹਿਬੂਬ ਬਾਰੇ ਦੰਤ-ਕਥਾ ਪ੍ਰਚਲਿਤ ਹੈ ਕਿ ਉਨ੍ਹਾਂ ਨੇ ਮਾਓ ਜੇ ਤੁੰਗ ਦੀ ‘ਲੰਮੀ ਯਾਤਰਾ’ (ਲੋਨਗ ਮਅਰਚਹ) ਉਤੇ ਲੰਮੀ ਨਜ਼ਮ ਵੀ ਲਿਖੀ ਸੀ ਜੋ ਪਿਛੋਂ ਪ੍ਰੋæ ਕੁਲਵੰਤ ਸਿੰਘ ਦੇ ਕਹਿਣ ‘ਤੇ ਉਨ੍ਹਾਂ ਸਾੜ ਦਿੱਤੀ ਸੀ। ਇਹ ਸੱਜਣ ਵੀ ਸਤਾਲਿਨੀ ਕਮਿਊਨਿਸਟ ਪ੍ਰੈਕਟਿਸ ਤੋਂ ਹੀ ਬਦਜ਼ਨ ਹੋਏ ਸਨ।
ਮੁਆਫ ਕਰਨਾ, ਗੱਲ ਮੈਂ ਕਾਮਰੇਡ ਲਿਓਨ ਤ੍ਰਾਤਸਕੀ ਅਤੇ ਸਤਾਲਿਨ ਬਾਰੇ ਬਹਿਸ ਦੀ ਸਾਰਥਿਕਤਾ ਦੀ ਕਰ ਰਿਹਾ ਸਾਂ। ਜ਼ਿੰਦਗੀ ਨੂੰ ਹੁਸੀਨ ਅਤੇ ਜਿਉਣਯੋਗ ਬਣਾਉਣ ਦੀ ਮੁਹਿੰਮ ਜਾਂ ਪ੍ਰੈਕਟਿਸ ਨੂੰ ਸਿਰੇ ਚੜ੍ਹਾਉਣ ਦੀਆਂ ਕੋਸ਼ਿਸ਼ਾਂ ਵਿਚ ਕਰੋੜਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਤੇ ਗੱਲ ਜੇ ਬਣੀ ਨਹੀਂ ਹੈ ਤਾਂ ਉਨ੍ਹਾਂ ਮੁੱਦਿਆਂ ਨੂੰ ਇਕ ਵਾਰ ਮੁੜ ਖੁੱਲ੍ਹੇ ਮਨ ਨਾਲ ਵਿਚਾਰ ਕਿਉਂ ਨਾ ਲਿਆ ਜਾਵੇ ਕਿ ਸਤਾਲਿਨ ਅਤੇ ਲਿਓਨ ਤ੍ਰਾਤਸਕੀ ਦਾ ਝਗੜਾ ਕੀ ਸੀ? ਕਾਮਰੇਡ ਲੈਨਿਨ ਦੇ ਦੋਹਾਂ ਜਾਨਸ਼ੀਨਾਂ ਵਿਚਾਲੇ 20ਵੀਂ ਸਦੀ ਦੇ ਸ਼ੁਰੂ ਵਿਚ ਹੋਈ ਮਹਾਨ ਤਕਰਾਰ ਪਿੱਛੇ ਮੂਲ ਮੁੱਦਾ ਕੀ ਸੀ?
ਮੈਨੂੰ ਯਾਦ ਆ ਰਿਹਾ ਹੈ, ਕਈ ਦਹਾਕੇ ਪੁਰਾਣਾ ਆਪਣੇ ਇਕ ਦੋਸਤ ਦੀ ਅਜ਼ੀਜ਼ ਕੁੜੀ ਦਾ ਮਾਸੂਮ ਜਿਹਾ ਇਕ ‘ਮਹਾਂਵਾਕ’। ਉਸ ਨੇ ਕੇਰਾਂ ਸਹਿਵਨ ਹੀ ਮੈਨੂੰ ਦੱਸਿਆ ਸੀ, “ਘਰ ‘ਚ ਮਹਿਮਾਨ ਜੇ ਕੋਈ ਨਾ ਆਵੇ, ਤਦ ਵੀ ਖੋਹ ਜਿਹੀ ਪੈਣ ਲੱਗ ਜਾਂਦੀ ਹੈ ਅਤੇ ਜੇ ਮਹਿਮਾਨ ਇਸ ਕਿਸਮ ਦਾ ਆ ਜਾਵੇ ਕਿ ਮਜਬੂਰੀਵਸ ਮਹਿਜ਼ ਇਕ ਰਾਤ ਲਈ ਵੀ ਆਪਣੇ ਸੱਜਣ ਪਿਆਰੇ ਤੋਂ ਪਾਸੇ ਹੋ ਕੇ ਸੌਣਾ ਪੈ ਜਾਵੇ ਤਾਂ ਡਰ ਲੱਗਦੈæææ ਆਤਮਿਕ ਹੁਸਨ ਵਿਚ ਵੱਡਾ ਕਜ ਤਾਂ ਨਹੀਂ ਕੋਈ ਪੈ ਜਾਵੇਗਾ। ਸਾਰੀ ਹਸਤੀ ਹੀ ਮਾਰੂ ਕਿਸਮ ਦੀ ਸਵੈ-ਵਿਦਰੇਕਤਾ ਨਾਲ ਤਾਂ ਨਹੀਂ ਸਰਾਪੀ ਜਾਵੇਗੀæææ ਕੋਈ ਸਦੀਵੀ ਵਿਗੋਚਾ ਤਾਂ ਨਹੀਂ ਪੈ ਜਾਵੇਗਾ।”
ਯੁੱਗਾਂ ਯੁੱਗਾਂ ਤੋਂ ਹਰ ਚਿੰਤਕ ਦਾ, ਹਰ ਧਰਮ ਦੇ ਰਹਿਨੁਮਾ ਦਾ ਕੇਂਦਰੀ ਸਰੋਕਾਰ ਇਹ ਹੀ ਤਾਂ ਰਿਹਾ ਹੈ ਕਿ ਇਨਸਾਨ ਵਿਦਰੇਕਤਾ ਅਤੇ ਸਵੈ-ਵਿਦਰੇਕਤਾ ਦਾ ਸ਼ਿਕਾਰ ਹੋਣ ਤੋਂ ਬਚ ਕੇ ਕਿੰਜ ਜੀਵੇ। ਕਾਰਲ ਮਾਰਕਸ ਨੇ ਆਪਣੀ ਮਹਾਨ ਰਚਨਾ ‘ਦਾਸ ਕੈਪੀਟਲ’ ਵਿਚ ਸਾਰਾ ਜ਼ੋਰ ਇਹ ਦੱਸਣ ‘ਤੇ ਹੀ ਲਗਾ ਦਿੱਤਾ ਸੀ ਕਿ 19ਵੀਂ ਸਦੀ ਵਿਚ ਸਰਮਾਏ ਜਾਂ ਮੁਨਾਫੇ ਦੇ ਨਿਜ਼ਾਮ ਨੇ ਮਨੁੱਖਾਂ ਦੀ ਹਾਲਤ ਕਿੰਜ ਜਾਨਵਰਾਂ ਤੋਂ ਵੀ ਬਦਤਰ ਬਣਾ ਦਿੱਤੀ ਸੀ।
ਕਾਰਲ ਮਾਰਕਸ ਦਾ ਸਭ ਤੋਂ ਜ਼ਹੀਨ ਪੈਰੋਕਾਰ ਲਿਓਨ ਤ੍ਰਾਤਸਕੀ ਅਜਿਹੇ ਵਿਦਰੇਕਤਾ ਰਹਿਤ ਸਮਾਜ ਦੀ ਸਿਰਜਣਾ ਲਈ ਤਾਂ ਜੂਝ ਗਿਆ ਸੀ। ਸਤਾਲਿਨ ਨਾਲ ਉਸ ਦਾ ਇਹੋ ਹੀ ਤਾਂ ਰੌਲਾ ਸੀ ਕਿ ਉਹ ਕਿਸੇ ਵੀ ਕਿਸਮ ਦੀ ਵਿਦਰੇਕਤਾ ਅਤੇ ਸਵੈ-ਵਿਦਰੇਕਤਾ ਤੋਂ ਪਾਰ ਸਮਾਜ ਦੀ ਸਿਰਜਣਾ ਦੀ ਆੜ ਵਿਚ ਅਜਿਹਾ ਨਿਜ਼ਾਮ ਉਸਾਰ ਰਿਹਾ ਸੀ ਜਿਸ ਵਿਚ ਇਨਸਾਨ ਦੀ ਜ਼ਿੰਦਗੀ ਵਿਚ ਅਜਿਹੀ ਮਾਰੂ ਵਿਦਰੇਕਤਾ ਅਤੇ ਸਵੈ-ਵਿਦਰੇਕਤਾ ਵਿਆਪ ਜਾਣੀ ਸੀ ਜਿਸ ਦਾ ਤੋੜ ਅੱਜ ਤੱਕ ਆਦਮ ਜਾਤ ਨੇ ਕਦੀ ਤੱਕਿਆ ਜਾਂ ਕਿਆਸਿਆ ਤੱਕ ਵੀ ਨਾ ਹੋਵੇਗਾ।
ਦੋ ਕੁ ਵਰ੍ਹੇ ਪਹਿਲਾਂ ਫਿਲਮਸਾਜ਼ ਮਣੀ ਕੌਲ ਬਾਰੇ ਸ਼ਰਧਾਂਜਲੀ ਲੇਖ ਵਿਚ ਮੈਂ ਕਿਹਾ ਸੀ ਕਿ ਕਾਮਰੇਡ ਲੈਨਿਨ ਨੇ ਇਨਕਲਾਬ, ਰੂਸੀ ਹਾਕਮਾਂ ਤੋਂ ਆਪਣੇ ਪਿਆਰੇ ਲੇਖਕ ਐਂਤੋਨ ਚੈਖੋਵ ਦੇ ‘ਕਲਰਕ ਦੀ ਮੌਤ’ ਦਾ ਬਦਲਾ ਲੈਣ ਲਈ ਕੀਤਾ ਸੀ, ਤੇ ਸਤਾਲਿਨ ਨੇ ਪਤਾ ਨਹੀਂ ਕਿਤਨੇ ‘ਬੇਗੁਨਾਹ ਕਲਰਕਾਂ’ ਨੂੰ ਬਿਨਾ ਵਜ੍ਹਾ ਹੀ ਮੌਤ ਦੇ ਮੂੰਹ ਧੱਕ ਦਿੱਤਾ ਸੀ!æææਤੇ ਲਿਓਨ ਤ੍ਰਾਤਸਕੀ ਦੀਆਂ ਲਿਖਤਾਂ ਪੜ੍ਹ ਕੇ ਮੈਨੂੰ ਹਮੇਸ਼ਾ ਇਉਂ ਮਹਿਸੂਸ ਹੋਇਆ ਹੈ ਕਿ ਉਹ ਅਜਿਹੇ ਸਮਾਜ ਦੀ ਉਸਾਰੀ ਲਈ ਜੂਝ ਰਿਹਾ ਸੀ ਜਿਥੇ ਨਾ ਤਾਂ ਕਿਸੇ ‘ਕਲਰਕ ਦੀ ਮੌਤ’ ਮੌਤ ਹੋਵੇ, ਤੇ ਨਾ ਹੀ ਕਿਸੇ ਹੁਸੀਨ ਕੁੜੀ ਨੂੰ ਕਿਸੇ ਵੀ ਸਮਾਜਕ ਬੰਧਨ ਦੀ ਬਲੀ ‘ਤੇ ਚੜ੍ਹਦਿਆਂ ਆਪਣੇ ਕਿਸੇ ਵੀ ਮਿੱਤਰ ਪਿਆਰੇ ਦੀ ਆਗੋਸ਼ ਤੋਂ ਵਾਂਝੇ ਰਹਿ ਜਾਣ ਦਾ ਖਦਸ਼ਾ ਹੋਵੇ।
ਮੈਨੂੰ ਲਿਓਨ ਤ੍ਰਾਤਸਕੀ ਦੀ ਸ਼ਖਸੀਅਤ ਕੋਹ ਕਾਫ ਦੀਆਂ ਚੋਟੀਆਂ ਵਰਗੀ ਉਚੀ ਤੇ ਨਿਰਮਲ ਲੱਗੀ ਸੀ। ਉਸ ਦੀਆਂ ਲਿਖਤਾਂ ਦੀ ਸਪਿਰਟ ਅੱਜ ਵੀ ਉਤਨੀ ਹੀ ਉਦਾਤ ਹੈ ਜਿਤਨੀ ਕਿ ਮੇਰੀਆਂ ਨਜ਼ਰਾਂ ਵਿਚ ਮੇਰੇ ਮਿੱਤਰ ਦੀ ਅਜੀਜ ਦਾ ਉਹ ਨਿਰਛਲ ਜਿਹਾ ਕਥਨ ਜਾਂ ਭਾਵਨਾਵਾਂ ਉਦਾਤ ਸਨ। ਸਤਾਲਿਨ ਤੋਂ ਬਾਅਦ ਖਰੁਸ਼ਚੇਵ, ਬਰੈਜ਼ਨੇਵ, ਕੋਸੀਜਿਨ, ਸੁਸਲੋਵ, ਆਂਦਰੋਪੋਵ, ਗੋਰਬਾਚੇਵ, ਲਿਗਾਚੇਵ ਅਤੇ ਬੋਰਿਸ ਯੇਲਤਸਿਨ ਦਾ ਤਰਦਾ-ਤਰਦਾ ਜ਼ਿਕਰ ਮੈਂ ਇਸ ਕਰ ਕੇ ਕੀਤਾ ਹੈ ਕਿ ਉਹ ਆਪੋ-ਆਪਣੀ ਜਗ੍ਹਾ ‘ਤੇ ਸਾਰੇ ਹੀ ਕਮਾਲ ਦੇ ਆਗੂ ਸਨ, ਸ਼ਾਗਿਰਦ ਸਨ; ਤੇ ਫਿਰ ਵੀ ਇਨਕਲਾਬ ਦੀ ਕਾਮਯਾਬੀ ਦੇ ਬਾਅਦ ਹਾਲਾਤ ਲਗਾਤਾਰ ਨਾਂਹ ਵਾਲੇ ਪਾਸੇ ਹੀ ਨਿਘਰਦੇ ਕਿਉਂ ਚਲੇ ਗਏ? ਕਾਰਲ ਮਾਰਕਸ ਤੇ ਲਿਓਨ ਤ੍ਰਾਤਸਕੀ ਦਾ ਸੁਪਨਾ ਤਾਂ ਅਜਿਹੇ ਸਮਾਜ ਦੀ ਸਿਰਜਣਾ ਸੀ ਜਿਥੇ ਕਿਸੇ ਦੀ ਵੀ ਮਿਹਨਤ ਦਾ ਸ਼ੋਸ਼ਣ ਨਾ ਹੋਵੇ ਤੇ ਕਿਸੇ ਮਾਸੂਮ ਮੁੰਡੇ ਜਾਂ ਕੁੜੀ ਦੀਆਂ ਭਾਵਨਾਵਾਂ ਦਾ ਹਨਨ ਵੀ ਨਾ ਹੋਵੇ। ਤਾਲਿਬਾਨੀ ਕੌਮੀ ਸਾਰਾਂ ਦੀ ਉਨ੍ਹਾਂ ਦੇ ਆਦਰਸ਼ ਸਮਾਜ ਵਿਚ ਕੋਈ ਥਾਂ ਨਹੀਂ ਸੀ।
ਸਤਾਲਿਨ ਨੇ ਤ੍ਰਾਤਸਕੀ ਸਮੇਤ ਲੱਖਾਂ ਬੇਗੁਨਾਹ ਲੋਕ ਬੇਰਹਿਮੀ ਨਾਲ ਮਰਵਾ ਦਿੱਤੇ। ਅਸੀਂ ਕਿੰਤੂ ਨਾ ਹੀ ਉਠਾਉਂਦੇ ਬਸ਼ਰਤੇ ਕਿ ਸਮਾਜਵਾਦੀ ਉਸਾਰੀ ਦਾ ਪ੍ਰਾਜੈਕਟ ਲੀਹ ‘ਤੇ ਆ ਜਾਂਦਾ। ਪੰਜਾਬ ਟਾਈਮਜ਼ ਵਿਚ ਕਰਨੈਲ ਸਿੰਘ ਨਾਂ ਦੇ ਸਾਡੇ ਇਕ ਜਗਿਆਸੂ ਪਾਠਕ ਨੇ ਲਿਓਨ ਤ੍ਰਾਤਸਕੀ ਦੀਆਂ ਅਨੇਕ ਪੇਸ਼ੀਨਗੋਈਆਂ ਦੇ ਗਲਤ ਸਾਬਤ ਹੋ ਜਾਣ ਦੀ ਗੱਲ ਕੀਤੀ ਹੈ। ਪਰ ਗੱਲ ਤਾਂ ਤ੍ਰਾਤਸਕੀ ਦੇ ਕਿਰਦਾਰ ਅਤੇ ਗੁਫਤਾਰ ਦੀ ਸਪਿਰਟ ਦੀ ਹੈ: ਪੇਸ਼ੀਨਗੋਈ ਅੱਜ ਤਕ ਭਲਾ ਕਿਸ ਦੀ ਸੱਚੀ ਸਾਬਤ ਹੋਈ ਹੈ। ਰਵਾਇਤਾਂ ਜਾਂ ਸਮਾਜਿਕ ਕੋਡ ਇਨਸਾਨੀ ਹਸਤੀ ਅੰਦਰ ਕੁਦਰਤਨ ਨਿਹਿਤ ਮਹਿਕ ਨੂੰ ਉਗਾਸਾ ਦੇਣ ਲਈ ਹੋਣੇ ਚਾਹੀਦੇ ਹਨ-ਭਾਂਤ ਭਾਂਤ ਦੇ ਕੌਮੀਸਾਰਾਂ, ਤਾਲਿਬਾਨਾਂ ਜਾਂ ਹਰਿਆਣਾ ਪ੍ਰਾਂਤ ਦੇ ਬਦਨਾਮ ਖਾਪ ਪੰਚਾਇਤਾਂ ਦੇ ਜ਼ਿਦਖੋਰੇ ਪੰਚਾਂ ਦੀ ਹਉਂ ਨੂੰ ਸਰਚਾਉਣ ਖਾਤਰ ਮੁਹੱਬਤ ਕਰਨ ਲਈ ਬਜਿਦ ਸਾਡੇ ਆਪਣੇ ਨੌਜਵਾਨ ਮੁੰਡੇ-ਕੁੜੀਆਂ ਦੇ ਜਜ਼ਬਾਤ ਨੂੰ ਜ਼ਿਬਹ ਕਰਨ ਲਈ ਕਦਾਚਿਤ ਵੀ ਨਹੀਂ।
(ਸਮਾਪਤ)
Leave a Reply