ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
‘ਪੰਜਾਬ ਟਾਈਮਜ਼’ ਨਾਲ ਜੁੜੇ ਪਾਠਕਾਂ ਦੇ ਫੋਨ ਅਕਸਰ ਆਉਂਦੇ ਰਹਿੰਦੇ ਹਨ। ਕਈ ਆਪਣੇ ਦੁੱਖਾਂ ਦੀ ਗੰਢ ਖੋਲ੍ਹ ਕੇ ਸੁਣਾਉਂਦੇ ਹਨ, ਕਈ ਜ਼ਿੰਦਗੀ ਦੇ ਚੰਗੇ-ਮਾੜੇ ਤਜਰਬੇ ਸਾਂਝੇ ਕਰ ਲੈਂਦੇ ਹਨ। ਕੁੰਦਨ ਸਿੰਘ ਖਾਲਸਾ ਨੂੰ ਮੈਂ ਕਈ ਸਾਲਾਂ ਤੋਂ ਗੁਰਦੁਆਰੇ ਵਿਚ ਸੇਵਾ ਕਰਦਾ ਦੇਖ ਰਿਹਾ ਹਾਂ। ਕਦੇ ਉਹ ਜੋੜੇ ਝਾੜਦਾ ਦਿਸਦਾ ਹੈ, ਕਦੇ ਭਾਂਡੇ ਧੋਂਦਾ। ਮੈਂ ਉਹਨੂੰ ਦੇਖ ਕੇ ਆਪਣੇ ਮਨ ਵਿਚ ਕਹਿ ਲੈਂਦਾ ਹਾਂ, ਬਾਈ ਉਤੇ ਪਰਮਾਤਮਾ ਦੀ ਪੂਰੀ ਕ੍ਰਿਪਾ ਹੈ। ਕਈ ਵਾਰ ਮੈਂ ਉਹਨੂੰ ਕਹਿੰਦਾ, “ਬਾਈ! ਭਾਗਾਂ ਵਾਲੇ ਹੋ ਜਿਹੜੇ ਐਨੀ ਸੇਵਾ ਕਰਦੇ ਹੋ।” ਉਹ ਦੋ ਕੁ ਸ਼ਬਦਾਂ ਦਾ ਉਤਰ ਦੇ ਕੇ ਚੁੱਪ ਕਰ ਜਾਂਦਾ ਤੇ ਹੱਥਲਾ ਕੰਮ ਨਿਬੇੜਨ ਲੱਗ ਜਾਂਦਾ। ਪਤਾ ਨਹੀਂ ਕਿਉਂ, ਮੈਨੂੰ ਇੰਜ ਲੱਗਦਾ ਕਿ ਦੁੱਖਾਂ ਦੇ ਜ਼ਖ਼ਮ ਡੂੰਘੇ ਹਨ ਪਰ ਚੁੱਪ ਦੀ ਪੱਟੀ ਦਰਦਾਂ ਤੋਂ ਰਹਿਤ ਜਾਪਦੀ ਹੈ। ਫਿਰ ਇਕ ਦਿਨ ਚੁੱਪ ਦੀ ਪੱਟੀ ਲਾਹ ਕੇ ਉਸ ਨੇ ਆਪਣੇ ਦੁੱਖਾਂ ਦੇ ਜ਼ਖ਼ਮ ਦਿਖਾ ਦਿੱਤੇ।
ਮੈਂ ਮਾਪਿਆਂ ਦਾ ਕੁੰਦੀ ਸੀ ਤੇ ਹੁਣ ਕੁੰਦਨ ਸਿੰਘ ਖਾਲਸਾ ਹਾਂ। ਚਾਰ ਸਾਲ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ। ਵੱਡੇ ਪਰਿਵਾਰ ਦਾ ਮੈਂ ਅਣਗੌਲਿਆ ਜਿਹਾ ਜੀਅ ਸੀ। ਚਾਚੇ-ਤਾਇਆਂ ਦੇ ਇਕੱਠ ਵਿਚ ਮੈਂ ਵੀ ਕਣਕ ਵਿਚ ਜੋਦਰ ਵਾਂਗ ਪਲ ਗਿਆ। ਪੜ੍ਹਾਈ ਸਕੂਲ ਦੇ ਤੱਪੜਾਂ ਉਤੇ ਨਹੀਂ, ਖੇਤ ਦੀਆਂ ਵੱਟਾਂ ਤੋਂ ਸ਼ੁਰੂ ਹੋਈ। ਕਈ ਵਾਰ ਮਾਂ ਨੇ ਸਕੂਲ ਭੇਜਿਆ ਪਰ ਸਕੂਲ ਨੇ ਆਪਣਾ ਨਹੀਂ ਬਣਾਇਆ। ਮਾਸਟਰਾਂ ਦੀ ਕੁੱਟ ਤੋਂ ਡਰਦਾ ਮੈਂ ਸਕੂਲ ਦਾ ਗੇਟ ਨਾ ਵੜਦਾ, ਸਗੋਂ ਖੇਤ ਤੁਰ ਜਾਂਦਾ। ਥੋੜ੍ਹਾ ਵੱਡਾ ਹੋਇਆ ਤਾਂ ਮੱਝਾਂ ਚਰਾ ਕੇ ਮੁੜ ਆਉਂਦਾ। ਘਰ ਦੀ ਕਬੀਲਦਾਰੀ ਦਾ ਮੈਨੂੰ ਕੁਝ ਪਤਾ ਨਹੀਂ ਸੀ। ਮੇਰੇ ਕੋਲ ਤਾਂ ਪਸ਼ੂ ਪਾਲਣ ਮਹਿਕਮਾ ਸੀ। ਫਿਰ ਇਕ ਦਿਨ ਮਾਂ ਨੇ ਦੱਸਿਆ ਕਿ ਆਪਣੀ ਸ਼ਿੰਦੀ ਨੂੰ ਅਮਰੀਕਾ ਵਾਲੇ ਮੁੰਡੇ ਨੇ ਪਸੰਦ ਕਰ ਲਿਆ ਹੈ, ਅਗਲੇ ਮਹੀਨੇ ਵਿਆਹ ਕਰਨਾ ਹੈ। ਵੱਡੀ ਭੈਣ ਸ਼ਿੰਦੀ ਦਾ ਵਿਆਹ ਹੋ ਗਿਆ। ਉਸ ਦੇ ਵਿਆਹ ‘ਤੇ ਚੁੱਕੇ ਕਰਜ਼ੇ ਨੇ ਸਾਨੂੰ ਅੱਡ ਕਰ ਦਿੱਤਾ। ਪਤਾ ਨਹੀਂ ਚਾਚਿਆਂ ਤਾਇਆਂ ਤੋਂ ਸ਼ਿੰਦੀ ਦਾ ਅਮਰੀਕਾ ਵਾਲੇ ਮੁੰਡੇ ਨਾਲ ਵਿਆਹ ਜਰ ਨਹੀਂ ਸੀ ਹੋਇਆ ਜਾਂ ਕੀ ਸੀ! ਬਾਪੂ ਉਤੇ ਕਰਜ਼ੇ ਦੀ ਭਾਰੀ ਪੰਡ ਨੇ ਉਸ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ। ਅੱਡ ਹੋਣ ਨਾਲ ਪਰਿਵਾਰਕ ਜੀਅ ਘਟ ਗਏ ਤੇ ਮੈਨੂੰ ਘਰ ਦੀ ਨਿੱਕੀ-ਨਿੱਕੀ ਗੱਲ ਦੀ ਜਾਣਕਾਰੀ ਮਿਲਣ ਲੱਗੀ। ਸ਼ਿੰਦੀ ਬਾਪੂ ਨੂੰ ਤਸੱਲੀਆਂ ਦਿੰਦੀ ਜਹਾਜ਼ ਚੜ੍ਹ ਗਈ। ਬਾਪੂ ਤੋਂ ਹਾੜ੍ਹੀ ਸਾਉਣੀ ਆੜ੍ਹਤੀਏ ਦਾ ਵਿਆਜ ਵੀ ਨਾ ਮੁੜਦਾ। ਮੇਰੇ ਨਾਲੋਂ ਛੋਟਾ ਭਰਾ ਪੜ੍ਹ ਕੇ ਫੌਜ ਵਿਚ ਭਰਤੀ ਹੋ ਗਿਆ। ਮਾਂ ਉਸ ਦੀ ਭਰਤੀ ਦੇ ਅਜੇ ਪਤਾਸੇ ਵੰਡ ਰਹੀ ਸੀ ਕਿ ਤਿੰਨ ਮੱਝਾਂ ਇਕੋ ਦਿਨ ਮਰ ਗਈਆਂ। ਬਾਹਰ ਫਿਰਦੀਆਂ ਨੇ ਕੋਈ ਜ਼ਹਿਰਲੀ ਚੀਜ਼ ਨਿਗਲ ਲਈ ਸੀ। ਮੱਝਾਂ ਦੀ ਖੁਰਲੀ ਖਾਲੀ ਦੇਖ ਕੇ ਮੇਰੀ ਭੁੱਬ ਨਿਕਲ ਜਾਂਦੀ। ਹੁਣ ਦੋ ਮੱਝਾਂ ਰਹਿ ਗਈਆਂ ਸਨ।
ਅੱਡ ਹੋਣ ਤੋਂ ਬਾਅਦ ਚਾਚਿਆਂ ਨੇ ਚਲਾਕੀ ਨਾਲ ਰੱਖੇ ਗੁਪਤ ਰੁਪਏ ਕੱਢ ਕੇ ਨਵਾਂ ਟਰੈਕਟਰ ਟਰਾਲੀ ਲੈ ਆਂਦਾ। ਦੋਵੇਂ ਭੂਆ ਵੀ ਉਨ੍ਹਾਂ ਦੇ ਘਰੀਂ ਆਉਂਦੀਆਂ, ਸਾਡਾ ਘਰ ਇੰਜ ਛੱਡ ਜਾਂਦੀਆਂ ਜਿਵੇਂ ਸਾਉਣ ਦਾ ਮੀਂਹ ਵੱਟ ਛੱਡ ਜਾਂਦਾ ਹੈ। ਉਧਰ ਘਰ ਰਹਿਣ ਨਾਲ ਮੇਰੇ ‘ਤੇ ਵੀ ਨਿਖਾਰ ਆਉਣ ਲੱਗ ਗਿਆ। ਖੁੰਢਾਂ ‘ਤੇ ਬਹਿਣ ਨਾਲ ਮੈਨੂੰ ਵੀ ਜੱਗ ਜਹਾਨ ਦੀ ਸਮਝ ਆਉਣ ਲੱਗੀ। ਇੱਧਰ ਸ਼ਿੰਦੀ ਨੇ ਆਪਣੇ ਪਤੀ ਨੂੰ ਕਹਿ ਕੇ ਮੈਨੂੰ ਅਮਰੀਕਾ ਸੱਦਣ ਦਾ ਉਪਰਾਲਾ ਕਰ ਲਿਆ। ਲੋਕ ਮੈਨੂੰ ਭਾਗਾਂ ਵਾਲਾ ਕਹਿਣ ਲੱਗ ਪਏ ਕਿ ਤੂੰ ਮੱਝਾਂ ਚਾਰਦੇ ਨੇ ਅਮਰੀਕਾ ਚਲਿਆ ਜਾਣਾ ਹੈ! ਮਾਂ ਕਹਿੰਦੀ, ਤੇਰੇ ਹੁੰਦਿਆਂ ਫੌਜੀ ਦਾ ਵਿਆਹ ਕਰ ਦੇਈਏ, ਕੀ ਪਤਾ ਤੂੰ ਕਦੋਂ ਵਾਪਸ ਮੁੜੇਂ। ਫੌਜੀ ਦਾ ਵਿਆਹ ਕਰ ਦਿੱਤਾ। ਬਾਪੂ ਨੂੰ ਕਈ ਵਾਰ ਕਿਹਾ ਕਿ ਹੋਰ ਵਿਆਜ ਭਰਨ ਨਾਲੋਂ ਇਕ ਕਿੱਲਾ ਵੇਚ ਕੇ ਘਰ ਦਾ ਸਾਰਾ ਕਰਜ਼ਾ ਉਤਾਰ ਦੇਈਏ ਪਰ ਬਾਪੂ ਦੀ ਧੌਣ ਵਿਚ ਜੱਟ ਵਾਲਾ ਕਿੱਲਾ ਅੜਿਆ ਹੋਇਆ ਸੀ। ਖ਼ੈਰ! ਮੈਂ ਹੋਰ ਕਰਜ਼ਾ ਚੁੱਕ ਕੇ ਅਮਰੀਕਾ ਪਹੁੰਚ ਗਿਆ। ਮਾਂ ਦੇ ਲਾਡਲੇ ਦੀ ਰੱਬ ਨੇ ਕੋਲ ਹੋ ਕੇ ਸੁਣ ਲਈ ਸੀ। ਪੰਜ ਸੱਤਾਂ ਦਿਨਾਂ ਬਾਅਦ ਮੈਨੂੰ ਵੀ ਕੰਮ ਵਾਲੇ ਪਟੇ ‘ਤੇ ਚਾੜ੍ਹ ਦਿੱਤਾ। ਖੇਤਾਂ ਵਿਚ ਕੰਮ। ਜਿਹੜੀਆਂ ਵੱਟਾਂ ਤੋਂ ਉਠ ਕੇ ਆਇਆ ਸੀ, ਉਹੀ ਵੱਟਾਂ ਅਗਾਂਹ ਮਿਲ ਗਈਆਂ। ਫਰਕ ਇੰਨਾ ਕੁ ਸੀ ਕਿ ਇਥੇ ਖੇਤਾਂ ਦੇ ਘੇਰੇ ਵੱਡੇ ਸਨ।
ਸਮਾਂ ਲੰਘਿਆ, ਮੈਂ ਡਾਲਰ ਭੇਜੇ। ਬਾਪੂ ਨੇ ਕਰਜ਼ਾ ਉਤਾਰ ਦਿੱਤਾ। ਫੌਜੀ ਦੋ ਮਹੀਨੇ ਛੁੱਟੀ ਕੱਟ ਕੇ ਮੁੜ ਜਾਂਦਾ। ਮੈਂ ਸੋਚਿਆ ਕਿ ਰੱਬ ਨੇ ਹੁਣ ਪੋਰ ਟਿਕਾਣੇ ਬੰਨ੍ਹ ਦਿੱਤਾ ਹੈ, ਦਾਣਾ ਹਮੇਸ਼ਾ ਗਿੱਲ ਵਿਚ ਡਿਗੇਗਾ ਪਰ ਬਹੁਤਾ ਸਮਾਂ ਨਾ ਲੰਘਿਆ, ਬਾਪੂ ਮੌਤ ਹੱਥੋਂ ਹਾਰ ਗਿਆ। ਪੇਪਰ ਨਾ ਹੋਣ ਕਰ ਕੇ ਬਾਪੂ ਨੂੰ ਜਾਂਦੀ ਵਾਰੀ ਤੱਕ ਨਾ ਸਕਿਆ। ਪਹਿਲੀ ਵਾਰੀ ਅਮਰੀਕਾ ਤਿਹਾੜ ਜੇਲ੍ਹ ਵਰਗੀ ਲੱਗੀ। ਸ਼ਿੰਦੀ ਤਾਂ ਜਾ ਕੇ ਬਾਪੂ ਦੇ ਫੁੱਲ ਕੀਰਤਪੁਰ ਜਲ ਪ੍ਰਵਾਹ ਕਰ ਆਈ ਪਰ ਮੇਰੀਆਂ ਅੱਖਾਂ ਜਲ ਵਹਾਉਣੋਂ ਨਾ ਹਟੀਆਂ। ਬਾਪੂ ਦਾ ਕੋਠੀ ਬਣਾਉਣ ਦਾ ਸੁਪਨਾ ਵੀ ਪੂਰਾ ਨਾ ਹੋਇਆ। ਮੈਂ ਦਿਲ ਵਿਚ ਸੋਚਦਾ, ਕਿਤੇ ਮਾਂ ਵੀ ਨਾ ਇੰਜ ਬਿਨਾਂ ਮਿਲਿਆਂ ਤੁਰ ਜਾਵੇ। ਮੈਂ ਵੀਹ ਲੱਖ ਦਾ ਹਿਸਾਬ ਲਗਾਉਂਦਾ ਤੇ ਵਾਪਸ ਜਾਣ ਦੀਆਂ ਸਕੀਮਾਂ ਘੜਦਾ। ਫਿਰ ਮਾਂ ਨੂੰ ਪੋਤੇ ਦੀ ਕਿਲਕਾਰੀ ਨੇ ਦੁੱਖਾਂ ਤੋਂ ਪਾਸਾ ਦਿਵਾਇਆ। ਮਾਂ ਫੌਜੀ ਦੇ ਪੁੱਤ ਨਾਲ ਤੋਤਲੀਆਂ ਗੱਲਾਂ ਕਰਦੀ ਰਹਿੰਦੀ। ਮਾਂ ਫੋਨ ‘ਤੇ ਉਸ ਦੀਆਂ ਰੋਜ਼ ਗੱਲਾਂ ਕਰਦੀ, ਆਪ ਹੱਸਦੀ ਤੇ ਮੈਨੂੰ ਹਸਾਉਂਦੀ ਪਰ ਘਰ ਵਿਚ ਇਹ ਹਾਸੇ ਬਹੁਤਾ ਸਮਾਂ ਟਿਕ ਨਾ ਸਕੇ। ਫੌਜੀ ਨੂੰ ਆਪਣੀ ਯੂਨਿਟ ਨਾਲ ਕਾਰਗਿਲ ਜਾਣ ਦਾ ਹੁਕਮ ਆ ਗਿਆ। ਮਾਂ ਕਹੇ, ਨਾਮ ਕਟਵਾ ਕੇ ਘਰ ਆ ਜਾ। ਫੌਜੀ ਕਹਿੰਦਾ, ਜਦੋਂ ਦੇਸ਼ ਨੂੰ ਜਵਾਨਾਂ ਦੀ ਲੋੜ ਹੋਵੇ, ਫਿਰ ਪਿੱਠ ਨਹੀਂ ਦਿਖਾਈਦੀ; ਮਾਂ ਤੂੰ ਫਿਕਰ ਨਾ ਕਰ, ਜੇ ਜੰਗ ਤੋਂ ਜਿੱਤ ਕੇ ਮੁੜਿਆ ਤਾਂ ਤੇਰਾ ਹਾਂ, ਜੇ ਨਾ ਮੁੜਿਆ ਤਾਂ ਦੇਸ਼ ਦਾ। ਫਿਰ ਤੂੰ ਸ਼ਹੀਦ ਦੀ ਮਾਤਾ ਅਖਾਵੇਂਗੀ।
ਫੌਜੀ ਹੱਸਦਾ ਘਰੋਂ ਗਿਆ ਤੇ ਡੱਬੇ ਵਿਚ ਬੰਦ ਹੋ ਕੇ ਮੁੜਿਆ। ਸਾਰੇ ਪਿੰਡ ਨੇ ਸੋਗ ਮਨਾਇਆ। ਮੈਂ ਰੋ ਕੇ ਫਿਰ ਬੈਠ ਗਿਆ। ਜਿਹੜੇ ਖੰਭਾਂ ਨਾਲ ਵਤਨਾਂ ਨੂੰ ਪਰਵਾਜ਼ ਭਰਨੀ ਸੀ, ਉਹ ਖੰਭ ਅਜੇ ਨਿਕਲੇ ਨਹੀਂ ਸਨ। ਫੌਜੀ ਵੀ ਅੱਖੋਂ ਉਹਲੇ ਹੀ ਚੱਲਿਆ ਗਿਆ, ਪਿੰਡ ਦਾ ਨਾਂ ਉਚਾ ਕਰ ਗਿਆ। ਸਰਕਾਰੀ ਸਨਮਾਨਾਂ ਨਾਲ ਫੌਜੀ ਨੂੰ ਅਗਨੀ ਭੇਟ ਕੀਤਾ ਗਿਆ। ਮਾਂ ਦੀਆਂ ਭੁੱਬਾਂ ਨੇ ਅਫ਼ਸਰਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ। ਤਿੰਨ ਸਾਲਾਂ ਦਾ ਭਤੀਜਾ ਸਾਰਾ ਕੁਝ ਦੇਖਦਾ ਰਿਹਾ ਪਰ ਸਭ ਕੁਝ ਉਹਦੀ ਸਮਝ ਤੋਂ ਬਾਹਰ ਸੀ।
ਸ਼ਿੰਦੀ ਦੇ ਅਜੇ ਤੱਕ ਕੋਈ ਬੱਚਾ ਨਾ ਹੋਇਆ। ਉਹਦੇ ਸਹੁਰੇ ਉਹਨੂੰ ਤੰਗ ਕਰਨ ਲੱਗੇ। ਮੈਨੂੰ ਪੇਪਰਾਂ ਨੇ ਪੱਲਾ ਨਾ ਫੜਾਇਆ। ਮਾਂ ਕਹਿੰਦੀ, ‘ਛੱਡ ਦੇ ਸਭ ਕੁਝ, ਆ ਜਾ ਵਾਪਸ। ਮੇਰੇ ਪੋਤੇ ਦੇ ਸਿਰ ‘ਤੇ ਹੱਥ ਰੱਖ ਦੇ। ਮੇਰੇ ਪੁੱਤ ਦੀ ਸੋਹਣੀ ਵਹੁਟੀ ਹੈ, ਮੇਰੇ ਪੋਤੇ ਦੀ ਮਾਂ ਹੈ, ਤੂੰ ਪਿੰਡ ਆ ਜਾ।’ ਮੈਂ ਤਿਆਰੀ ਕਰਨ ਲੱਗਿਆ ਤਾਂ ਪੇਪਰ ਮਿਲਣ ਦੀ ਆਸ ਹੋ ਗਈ। ਥੋੜ੍ਹਾ ਚਿਰ ਰੁਕਿਆ, ਗਰੀਨ ਕਾਰਡ ਮਿਲ ਗਿਆ। ਗਰੀਨ ਕਾਰਡ ਵੀ ਉਦੋਂ ਮਿਲਿਆ ਜਦੋਂ ਦਿਲ ਵਿਚੋਂ ਖੁਸ਼ੀ ਮੁੱਕ ਚੁੱਕੀ ਸੀ। ਪਿੰਡ ਗਿਆ, ਮਾਂ ਧਾਹਾਂ ਮਾਰ-ਮਾਰ ਕੇ ਰੋਂਦੀ ਚਿੰਬੜੀ। ਜਿਹੜੇ ਘਰ ਵਿਚ ਬੰਦਿਆਂ ਦੀਆਂ ਰੌਣਕਾਂ ਸਨ, ਉਥੇ ਹੁਣ ਦੁੱਖਾਂ ਅਤੇ ਉਦਾਸੀਆਂ ਨੇ ਮਨਾਂ ਦੇ ਮੰਜੇ ਮੱਲੇ ਹੋਏ ਸਨ। ਮਾਂ ਨੇ ਗਲ ਪੱਲਾ ਪਾ ਕੇ ਕਿਹਾ ਸੀ, ‘ਪੁੱਤਰ! ਘਰ ਦੀ ਇੱਜ਼ਤ ਖਾਤਰ ਤੈਨੂੰ ਨਾ ਚਾਹੁੰਦਿਆਂ ਵੀ ਇਹ ਕੰਮ ਕਰਨਾ ਪੈਣਾ ਹੈ।’ ਮੈਂ ਮਾਂ ਦਾ ਕਿਹਾ ਨਾ ਮੋੜ ਸਕਿਆ। ਹੰਝੂਆਂ ਦੀ ਝੜੀ ਵਿਚ ਮੈਂ ਆਪਣੀ ਭਰਜਾਈ ਨਾਲ ਅਨੰਦ ਕਾਰਜ ਕਰਵਾ ਲਏ। ਭਤੀਜਾ ਮੈਨੂੰ ਪਾਪਾ ਕਹਿਣ ਲੱਗ ਪਿਆ ਸੀ। ਮੈਂ ਬੈਠਾ ਸੋਚਦਾ ਰਹਿੰਦਾ, ਕੀ ਸੋਚਿਆ ਸੀ ਤੇ ਕੀ ਬਣ ਗਿਆ?
ਦੋ ਤਿੰਨ ਮਹੀਨੇ ਰਹਿ ਕੇ ਮੁੜਿਆ। ਫਿਰ ਮਾਂ ਨੇ ਸੱਦ ਲਿਆ। ਅਖੇ, ਵਹੁਟੀ ਤੇ ਪੋਤੇ ਦੇ ਪੇਪਰ ਭਰ, ਇਨ੍ਹਾਂ ਨੂੰ ਆਪਣੇ ਨਾਲ ਲੈ ਜਾ। ਮੈਂ ਅੱਜ ਮਰੀ ਭਲਕੇ ਦੂਜਾ ਦਿਨ। ਮੈਂ ਪੱਕਾ ਹੀ ਪਿੰਡ ਰਹਿਣਾ ਚਾਹੁੰਦਾ ਸੀ ਪਰ ਮਾਂ ਅੱਗੇ ਫਿਰ ਮੇਰਾ ਸਿਰ ਝੁਕ ਗਿਆ। ਮੈਂ ਉਨ੍ਹਾਂ ਦੇ ਪੇਪਰਾਂ ਦਾ ਓਹੜ-ਪੋਹੜ ਕਰਨ ਲੱਗ ਪਿਆ। ਸਮਾਂ ਬੀਤਿਆ, ਉਹ ਦੋਵੇਂ ਮਾਂ ਪੁੱਤ ਆ ਗਏ। ਮੇਰੇ ਵਾਂਗ ਭਰਜਾਈ ਵੀ ਫੌਜੀ ਨੂੰ ਭੁਲਾ ਨਹੀਂ ਸੀ ਸਕੀ। ਉਸ ਦੇ ਅੰਦਰਲਾ ਦੁੱਖ ਸਾਹਾਂ ਵਿਚ ਧੜਕਦਾ ਮੈਂ ਮਹਿਸੂਸ ਕੀਤਾ ਸੀ। ਫਿਰ ਵੀ ਉਸ ਨੇ ਓਪਰੀ ਨਿਗ੍ਹਾ ਨਾਲ ਅਮਰੀਕਾ ਆਉਣ ਦਾ ਚਾਅ ਮਨਾਇਆ। ਭਤੀਜਾ ਪੜ੍ਹਨ ਲੱਗ ਪਿਆ, ਉਹ ਘਰ ਹੀ ਹੁੰਦੀ। ਮੈਂ ਖਾਣ-ਪੀਣ ਜੋਗਾ ਕੰਮ ਕਰੀ ਜਾਂਦਾ। ਪਰਮਾਤਮਾ ਦਾ ਸ਼ੁੱਕਰ ਮਨਾਉਂਦਾ ਕਿ ਉਹ ਜਿਵੇਂ ਕਰਦਾ ਹੈ, ਚੰਗਾ ਹੀ ਕਰਦਾ ਹੈ ਪਰ ਨਹੀਂæææ ਕਈ ਵਾਰ ਧੱਕਾ ਵੀ ਕਰ ਜਾਂਦਾ ਹੈ। ਅਜੇ ਮਾਂ ਨੇ ਦੁੱਖਾਂ ਦਾ ਕੰਡਿਆਲਾ ਕੰਬਲ ਲਾਹਿਆ ਹੀ ਸੀ ਕਿ ਉਸ ਨੂੰ ਦੁੱਖ ਦੇਣ ਵਾਲੀ ਖ਼ਬਰ ਸੁਣਾਉਣੀ ਪੈ ਗਈ। ਜਿਹੜੀ ਨੂੰਹ ਨੂੰ ਮਾਂ ਨੇ ਉਹਦੇ ਪੇਕਿਆਂ ਅੱਗੇ ਚੁੰਨੀ ਰੱਖ ਕੇ ਬੂਹਾ ਨਹੀਂ ਸੀ ਟੱਪਣ ਦਿੱਤਾ, ਤੇ ਧੀ ਬਣਾ ਕੇ ਰੱਖ ਲਈ ਸੀ, ਉਹਨੂੰ ਹੁਣ ਕਿਵੇਂ ਰੱਖੇਗੀ ਜਦੋਂ ਕੈਂਸਰ ਦੀ ਬਿਮਾਰੀ ਉਹਨੂੰ ਨਾਲ ਲਿਜਾਣ ਆ ਗਈ ਸੀ! ਮਾਂ ਤਾਂ ਸੁਣ ਕੇ ਸੁੰਨ ਹੋ ਗਈ। ਮੈਂ ਉਹਨੂੰ ਨਾਲ ਲੈ ਕੇ ਇੰਡੀਆ ਚੱਲਿਆ ਗਿਆ। ਭਤੀਜੇ ਨੂੰ ਸ਼ਿੰਦੀ ਕੋਲ ਛੱਡਿਆ ਤਾਂ ਕਿ ਪੜ੍ਹਾਈ ਖ਼ਰਾਬ ਨਾ ਹੋਵੇ। ਮੈਂ ਉਸ ਕਰਮਾਂ ਮਾਰੀ ਨੂੰ ਛੇ ਮਹੀਨੇ ਡਾਕਟਰਾਂ ਕੋਲ ਲਿਜਾਂਦਾ ਰਿਹਾ। ਉਨ੍ਹਾਂ ਨੇ ਵੀ ਪੂਰੀ ਵਾਹ ਲਾਈ ਪਰ ਸਵਾਸਾਂ ਦੀ ਪੂੰਜੀ ਉਧਾਰੀ ਨਹੀਂ ਮਿਲਦੀ। ਮੈਨੂੰ ਤੇ ਮਾਂ ਨੂੰ ਰੋਂਦਿਆਂ ਛੱਡ ਕੇ ਉਹ ਆਪਣੇ ਫੌਜੀ ਕੋਲ ਪਹੁੰਚ ਗਈ।
ਮਾਂ ਨੂੰ ਦੁੱਖਾਂ ਨੇ ਚੁਫੇਰਿਉਂ ਘੇਰੀ ਰੱਖਿਆ। ਉਹਨੇ ਕਈ ਵਾਰ ਰੱਬ ਨਾਲ ਗਿਲਾ ਕੀਤਾ ਕਿ ਜਾਂ ਤਾਂ ਮੈਨੂੰ ਚੁੱਕ ਲੈ, ਜਾਂ ਫਿਰ ਹੋਰ ਦੁੱਖ ਨਾ ਦੇਈਂ, ਪਰ ਰੱਬ ਜਿਵੇਂ ਕੰਨਾਂ ਤੋਂ ਬੋਲਾ ਸੀ। ਫਿਰ ਮੈਂ ਉਥੇ ਹੀ ਰਿਹਾ। ਫਿਰ ਮਾਂ ਨੂੰ ਵੀ ਸੁੰਨੇ ਘਰ ਦੀਆਂ ਕੰਧਾਂ ਬਹੁਤਾ ਚਿਰ ਨਾ ਰੱਖ ਸਕੀਆਂ। ਉਹ ਵੀ ਆਪਣਾ ਮੰਜਾ ਵਿਹਲਾ ਕਰਦੀ ਪੁੱਤ ਤੇ ਨੂੰਹ ਵਾਲੇ ਰਾਹ ਤੁਰ ਗਈ। ਮੈਂ ਤੇ ਸ਼ਿੰਦੀ ਨੇ ਮਾਂ ਦੇ ਫੁੱਲ ਜਲ ਪ੍ਰਵਾਹ ਕਰ ਦਿੱਤੇ ਤੇ ਵਿਹੜੇ ਵਿਚਕਾਰਲੀ ਕੰਧ ਢਾਹ ਕੇ ਸਾਰਾ ਘਰ-ਬਾਰ ਚਾਚਿਆਂ ਹਵਾਲੇ ਕਰ ਦਿੱਤਾ। ਸੋਚਿਆ, ਚਾਚਿਆਂ ਦੇ ਰਹਿਣ ਨਾਲ ਘਰ ਦੀਆਂ ਕੰਧਾਂ ਜਿਉਂਦੀਆਂ ਰਹਿ ਜਾਣਗੀਆਂ! ਬਿਨਾਂ ਬੰਦਿਆਂ ਤੋਂ ਤਾਂ ਛੱਤਾਂ ਵੀ ਡਿੱਗ ਪੈਂਦੀਆਂ ਹਨ! ਇਥੇ ਆ ਕੇ ਭਤੀਜਾ ਸ਼ਿੰਦੀ ਦੀ ਝੋਲੀ ਪਾ ਦਿੱਤਾ ਤੇ ਮੈਂ ਕਲਗੀਵਾਲੇ ਦਾ ਪੁੱਤਰ ਬਣ ਕੇ ਸੇਵਾ ਵਿਚ ਜੁਟ ਗਿਆ। ਹੁਣ ਦੱਸ, ਤੂੰ ਕਿਵੇਂ ਕਹਿੰਦਾ ਹੈਂ ਕਿ ਮੈਂ ਭਾਗਾਂ ਵਾਲਾ ਹਾਂ?
ਕੁੰਦਨ ਸਿੰਘ ਖਾਲਸਾ ਦੀ ਕਹਾਣੀ ਸੁਣ ਕੇ ਮੈਂ ਸੁੰਨ ਰਹਿ ਗਿਆ।
ਖਾਲਸਾ ਜੀ! ਭਾਂਡੇ ਮਾਂਜਣ ਜਾਂ ਜੋੜੇ ਝਾੜਨ ਨਾਲ ਅਗਲਾ ਰਾਹ ਸਾਫ ਹੁੰਦਾ ਹੈ ਜਾਂ ਨਹੀਂ, ਪਰ ਮਨ ਨੂੰ ਸ਼ਾਂਤੀ ਜ਼ਰੂਰ ਮਿਲ ਜਾਂਦੀ ਹੈ। ਜਿਥੇ ਅੰਮਿਤ ਛਕਣ ਨਾਲ ਦੁੱਖ ਘਟਦਾ ਹੈ, ਉਥੇ ਦੁੱਖ ਸਹਿਣ ਦਾ ਬਲ ਵੀ ਆ ਜਾਂਦਾ ਹੈ। ਕਹਿੰਦਾ ਕੁੰਦਨ ਸਿੰਘ ਖਾਲਸਾ ਮੇਰੀਆਂ ਖੁੱਲ੍ਹੀਆਂ ਅੱਖਾਂ ਦੇ ਉਹਲੇ ਹੋ ਗਿਆ।
Leave a Reply