ਬਲਜੀਤ ਬਾਸੀ ਦਾ ‘ਪੰਜਾਬ ਟਾਈਮਜ਼’ ਦੇ 28 ਦਸੰਬਰ ਦੇ ਅੰਕ ਵਿਚ ਲੇਖ ‘ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ’ ਛਪਿਆ ਹੈ। ਕਿਸੇ ਭਾਸ਼ਾ ਨੂੰ ਸੌੜੀਆਂ ਮਜ੍ਹਬੀ ਹੱਦਾਂ ਵਿਚ ਬੰਨਣ ਦੀ ਕੋਸ਼ਿਸ਼ ਕਰਨਾ ਉਸ ਭਾਸ਼ਾ ਦੀ ਤਰੱਕੀ ਦਾ ਰਸਤਾ ਰੋਕਣਾ ਹੈ। ਇਸ ਧਾਰਨਾ ਨੇ ਪੰਜਾਬੀ ਭਾਸ਼ਾ ਦਾ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਹੈ ਕਿਉਂਕਿ ਇਸ ਨੂੰ ਮਹਿਜ਼ ਸਿੱਖਾਂ ਦੀ ਬੋਲੀ ਹੋਣ ਤੱਕ ਮਹਿਦੂਦ ਕਰ ਦਿੱਤਾ ਗਿਆ ਹੈ।
ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਅੱਜ ਦੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਵੀ ਹਿੰਦੀ ਦੇ ਨਾਲ ਨਾਲ ਪੰਜਾਬੀ ਵੀ ਪੜ੍ਹਾਈ ਜਾਂਦੀ ਸੀ। ਹੁਣ ਇਨ੍ਹਾਂ ਦੋਵਾਂ ਸੂਬਿਆਂ ਵਿਚ ਪੰਜਾਬੀ ਦੀ ਪੜ੍ਹਾਈ ਦਾ ਨਾਮੋ-ਨਿਸ਼ਾਨ ਵੀ ਨਹੀਂ ਹੈ। ਕਿਥੇ ਪੰਜਾਬੀ ਗੁੜਗਾਉਂ ਤੱਕ ਪੜ੍ਹੀ ਜਾਂਦੀ ਸੀ ਅਤੇ ਕਿੱਥੇ ਹੁਣ ਅੰਬਾਲਾ ਨਹੀਂ ਟੱਪਦੀ। ਹੋਰ ਤਾਂ ਹੋਰ ਪੰਜਾਬ ਦੇ ਤਮਾਮ ਪਬਲਿਕ ਸਕੂਲਾਂ ਵਿਚ ਹਿੰਦੀ ਨਰਸਰੀ ਤੋਂ ਸ਼ੁਰੂ ਹੁੰਦੀ ਹੈ ਅਤੇ ਪੰਜਾਬੀ ਤੀਸਰੇ ਗਰੇਡ ਤੋਂ। ਸਾਰਾ ਸ਼ਹਿਰੀ ਤਬਕਾ ਹਿੰਦੀ ਬੋਲਣ ਨੂੰ ਆਪਣੀ ਸ਼ਾਨ ਸਮਝਦਾ ਹੈ। ਇਸ ਵਿਚ ਕਸੂਰ ਜਿੱਥੇ ਕੱਟੜ ਹਿੰਦੂ ਭਾਈਚਾਰੇ ਦਾ ਹੈ, ਉਥੇ ਹੀ ਕਥਿਤ ਸਿੱਖ ਵਿਦਵਾਨਾਂ ਦਾ ਵੀ ਹੈ ਜਿਹੜੇ ਬੋਲੀ ਨੂੰ ਮਜ੍ਹਬ ਨਾਲ ਜੋੜ ਕੇ ਦੇਖਦੇ ਹਨ।
ਅੱਜ ਪਾਕਿਸਤਾਨੀ ਪੰਜਾਬ ਵਿਚ ਪਿੰਡਾਂ ਦੇ ਬਹੁਤੇ ਬੱਚੇ ਪੜ੍ਹਾਈ ਪੱਖੋਂ ਪ੍ਰਾਇਮਰੀ ਤੋਂ ਅਗਾਂਹ ਨਹੀਂ ਟੱਪਦੇ ਕਿਉਂਕਿ ਉਨ੍ਹਾਂ ਨੂੰ ਮੁੱਢਲੀ ਸਿੱਖਿਆ ਪੰਜਾਬੀ ਵਿਚ ਦੇਣ ਦੀ ਥਾਂ ਉਰਦੂ ਵਿਚ ਦਿੱਤੀ ਜਾਂਦੀ ਹੈ ਜੋ ਕਿ ਉਨ੍ਹਾਂ ਦੀ ਅਸਲੀ ਬੋਲੀ ਨਾ ਹੋਣ ਕਰਕੇ ਉਨ੍ਹਾਂ ਦੇ ਪੱਲੇ ਨਹੀਂ ਪੈਂਦੀ। ਉਰਦੂ ਸਰਕਾਰੀ ਭਾਸ਼ਾ ਹੈ ਜੋ ਆਵਾਮ ‘ਤੇ ਥੋਪੀ ਹੋਈ ਹੈ, ਲੋਕਾਂ ਦੀ ਬੋਲੀ ਨਹੀਂ। ਇਹ ਸਭ ਮਜ੍ਹਬੀ ਕੱਟੜਪੁਣੇ ਦੇ ਕਾਰਨ ਹੈ। ਮੈਂ ਪਾਕਿਸਤਾਨੀ ਬੀਬੀਆਂ ਨੂੰ ਇਥੇ ਦੇਖਿਆ ਹੈ ਕਿ ਆਪਸ ਵਿਚ ਗੱਲ ਕਰਨ ਵੇਲੇ ਉਰਦੂ ਬੋਲਦੀਆਂ ਹਨ ਪਰ ਕਿਸੇ ਮੇਰੇ ਵਰਗੀ ਨਾਲ ਗੱਲ ਕਰਨ ਵੇਲੇ ਚੰਗੀ ਭਲੀ ਠੇਠ ਪੰਜਾਬੀ ਬੋਲਦੀਆਂ ਹਨ। ਇੱਕ ਬੀਬੀ ਨੂੰ ਮੈਂ ਇਹ ਵੀ ਕਹਿੰਦੇ ਸੁਣਿਆ ਕਿ ਉਹ ਆਪਣੇ ਸੂਟ ਉਤੇ ਕੋਟ-ਨੁਮਾ ਕਪੜਾ (ਗਰਮੀ ਦੇ ਮਹੀਨੇ ਵੀ) ਇਸ ਲਈ ਪਾ ਕੇ ਆਉਂਦੀ ਹੈ ਤਾਂ ਕਿ ਉਸ ਨੂੰ ਸਰਦਾਰਨੀ ਨਾ ਸਮਝ ਲਿਆ ਜਾਵੇ।
ਬੋਲੀ ਹਿੰਦੂ, ਸਿੱਖ ਜਾਂ ਮੁਸਲਮਾਨ ਨਹੀਂ ਹੁੰਦੀ। ਬੋਲੀ ਦਾ ਸਬੰਧ ਇਲਾਕੇ ਨਾਲ ਹੁੰਦਾ ਹੈ। ਇਤਿਹਾਸ ਅਨੁਸਾਰ ਵੇਦਾਂ ਦੀ ਰਚਨਾ ਪੰਜਾਬ ਵਿਚ ਹੋਈ (ਜੋ ਅਸਲੀ ਪੰਜਾਬ ਹੁੰਦਾ ਸੀ) ਅਤੇ ਵੇਦਾਂ ਦੀ ਬੋਲੀ ਉਸ ਵੇਲੇ ਇਥੇ ਬੋਲੀ ਜਾਂਦੀ ਸੀ। ਗੁਰੂ ਸਾਹਿਬਾਨ ਨੇ ਬਾਣੀ ਦਾ ਉਚਾਰਨ ਆਮ ਲੋਕਾਂ ਦੀ ਬੋਲੀ ਵਿਚ ਕੀਤਾ ਤਾਂ ਕਿ ਇਹ ਆਮ ਮਨੁੱਖ ਨੂੰ ਸਮਝ ਆ ਸਕੇ। ਬਾਣੀ ਹਰ ਪ੍ਰਾਣੀ ਮਾਤਰ ਲਈ ਰਚੀ ਗਈ ਹੈ। ਇਹ ਇੱਕ ਜੀਵਨ ਜਾਚ ਹੈ, ਨਾ ਕਿ ਮਹਿਜ ਪੂਜਾ ਲਈ ਹੈ। ਬਾਸੀ ਸਾਹਿਬ ਨੇ ਜਿਸ ਗੱਲ ਦਾ ਜ਼ਿਕਰ ਕੀਤਾ ਹੈ, ਉਹ ਮੇਰੇ ਨਾਲ ਵੀ ਵਾਪਰੀ ਸੀ। 1990 ਵਿਚ ਮੈਂ ਟੋਰਾਂਟੋ ਸਿੱਖ ਭਾਈਚਾਰੇ ਵੱਲੋਂ ਕੀਤੇ ਇੱਕ ਸੈਮੀਨਾਰ ਵਿਚ ਟੋਰਾਂਟੋ ਯੂਨੀਵਰਸਿਟੀ ਵਿਚ ਪਰਚਾ ਪੜ੍ਹ ਰਹੀ ਸੀ ਜੋ ਕਿ ਅੰਗਰੇਜ਼ੀ ਵਿਚ ਸੀ। ਮੈਂ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਸ੍ਰੀ ਪੜ੍ਹਿਆ ਤਾਂ ਸੈਸ਼ਨ ਦਾ ਪ੍ਰਧਾਨ ਕਹਿੰਦਾ ਗੁਰੂ ਨਾਨਕ ਦੇ ਨਾਮ ਨਾਲ ਸ੍ਰੀ ਨਹੀਂ ਲਾਉਣਾ, ਇਹ ਹਿੰਦੂਆਂ ਦਾ ਲਫ਼ਜ਼ ਹੈ। ਉਹ ਵਿਦਵਾਨ ਹੁਣ ਆਪਣੇ ਆਪ ਨੂੰ ਸਿੱਖਾਂ ਦਾ ਸਭ ਤੋਂ ਵੱਡਾ ਹਿਸਟੋਰੀਅਨ ਮੰਨਦਾ ਹੈ। ਇਹ ਸਭ ਅਨਪੜ੍ਹਤਾ ਅਤੇ ਮੂਰਖਤਾ ਹੈ। ਲਫ਼ਜ਼ ਸਾਂਝੇ ਹੁੰਦੇ ਹਨ। ਆਤਮਾ, ਬ੍ਰਹਮ, ਜੀਵ, ਰਾਮ, ਗੋਬਿੰਦ ਆਦਿ ਅਨੇਕਾਂ ਸ਼ਬਦ ਹਨ ਜੋ ਗੁਰੂ ਗ੍ਰੰਥ ਸਾਹਿਬ ਵਿਚ ਆਏ ਹਨ ਪਰ ਜਦੋਂ ਉਨ੍ਹਾਂ ਦੀ ਵਰਤੋਂ ਬਾਣੀ ਵਿਚ ਹੋਈ ਤਾਂ ਸੰਕਲਪ ਦੇ ਰੂਪ ਵਿਚ ਉਨ੍ਹਾਂ ਦਾ ਬਿਲਕੁਲ ਕਾਇਆਕਲਪ ਹੋ ਗਿਆ।
ਬਾਸੀ ਸਾਹਿਬ ਭਾਸ਼ਾ ਵਿਗਿਆਨੀ ਹਨ। ਚੰਗਾ ਹੋਵੇਗਾ ਜੇ ਮੇਰੇ ਵਰਗੇ ਅਖੌਤੀ ਸਿੱਖ ਵਿਦਵਾਨਾਂ ਲਈ ਉਹ ਪੰਜਾਬੀ ਬੋਲੀ ਦੇ ਨਿਕਾਸ ਅਤੇ ਵਿਕਾਸ, ਗੁਰਮੁਖੀ ਲਿਪੀ ‘ਤੇ ਚਾਨਣਾ ਪਾਉਂਦੇ ਦੋ-ਚਾਰ ਲੇਖ ਲਿਖਣ। ਇਹ ਵੀ ਪੰਜਾਬੀ ਬੋਲੀ ਦੀ, ਮਾਂ ਬੋਲੀ ਦੀ ਸੇਵਾ ਹੋਵੇਗੀ।
ਧੰਨਵਾਦ,
ਗੁਰਨਾਮ ਕੌਰ, ਕੈਨੇਡਾ
Leave a Reply