ਪੰਜਾਬ ਟਾਈਮਜ਼ ਦੇ 4 ਜਨਵਰੀ ਵਾਲੇ ਪਰਚੇ ਵਿਚ ਅੱਲ੍ਹਾ ਯਾਰ ਖ਼ਾਂ ਜੋਗੀ ਬਾਰੇ ਡਾæ ਹਰਚੰਦ ਸਿੰਘ ਸਰਹੰਦੀ ਦਾ ਲਿਖਿਆ ਲੇਖ ‘ਸ਼ਹੀਦਾਨਿ-ਵਫ਼ਾ ਦੀ ਪਹਿਲੀ ਸ਼ਤਾਬਦੀ’ ਪੜ੍ਹਿਆ ਜਿਸ ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜ਼ਿਕਰ ਕੀਤਾ ਗਿਆ ਹੈ। ਲੇਖਕ ਨੇ ਸਿੱਖਾਂ ਨੂੰ ਖਬਰਦਾਰ ਕੀਤਾ ਹੈ ਕਿ ਉਹ ਕਿਤੇ ਇਸ ਸੱਚੇ ਸ਼ਾਇਰ ਨੂੰ ਭੁੱਲ ਨਾ ਜਾਣ।
ਤੁਸੀਂ ਆਪਣੇ ਪਰਚੇ ਵਿਚ ‘ਸ਼ਹੀਦਾਨਿ-ਵਫ਼ਾ’ ਦੇ ਤਿੰਨ ਮਿਸਰੇ ਵੀ ਛਾਪੇ ਹਨ। ਕੀ ਤੁਸੀਂ ਆਪਣੇ ਪਰਚੇ ਵਿਚ ਇਹ ਸਾਰੀ ਰਚਨਾ ਨਹੀਂ ਛਾਪ ਸਕਦੇ? ਜੇ ਸੰਭਵ ਹੋਵੇ ਤਾਂ ਜ਼ਰੂਰ ਛਾਪੋ, ਪੁੰਨ ਦਾ ਕੰਮ ਹੋਵੇਗਾ। ਮੈਂ ਆਪ ਵੀ ਇਹ ਰਚਨਾ ਨਹੀਂ ਪੜ੍ਹੀ ਹੈ, ਇਸ ਬਾਰੇ ਪਹਿਲਾਂ ਸੁਣਿਆ ਜ਼ਰੂਰ ਸੀ। ਹੁਣ ਲੇਖ ਪੜ੍ਹ ਕੇ ਲੱਗਿਆ ਕਿ ਇਹ ਰਚਨਾ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪਰਚੇ ਵਿਚ ਰਚਨਾ ਛਪਣ ਨਾਲ ਡਾਕਟਰ ਸਾਹਿਬ ਦਾ ਉਲਾਂਭਾ ਵੀ ਥੋੜ੍ਹਾ ਦੂਰ ਹੋ ਜਾਵੇਗਾ ਅਤੇ ਪਾਠਕ ਇਸ ਸ਼ਾਇਰ ਦੀ ਰਚਨਾ ਦੇ ਰੂ-ਬਰੂ ਵੀ ਹੋ ਸਕਣਗੇ।
-ਅਨੰਦ ਸਿੰਘ ਮਠਾੜੂ
ਨਿਊ ਯਾਰਕ।
—————
ਸ਼ਬਦਾਂ ਦਾ ਝਰੋਖਾ
ਪੰਜਾਬ ਟਾਈਮਜ਼ ਦੇ 4 ਜਨਵਰੀ ਦੇ ਅੰਕ ਵਿਚ ਕਰਮਜੋਤ ਸਿੰਘ ਕਲਸੀ (ਸ਼ਿਕਾਗੋ) ਦੀ ਚਿੱਠੀ ਪੜ੍ਹੀ। ਸ਼ਬਦਾਂ ਦੇ ਅਰਥਾਂ ਦੀ ਚੀਰ-ਫਾੜ ਬਲਜੀਤ ਬਾਸੀ ਸੱਚਮੁੱਚ ਗੱਡ ਕੇ ਕਰਦੇ ਹਨ। ਸ਼ਬਦ ਦੀ ਵਿਆਖਿਆ ਵਿਚ ਹੋਰ ਜਾਣਕਾਰੀ ਵੀ ਲੁਕੀ ਹੁੰਦੀ ਹੈ ਪਰ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਹਾਂ, ਉਹ ਇਹ ਹੈ ਕਿ ਸਮਾਂ ਪਾ ਕੇ ਕੁਝ ਸ਼ਬਦਾਂ ਦੇ ਅਰਥ ਸੀਮਤ ਵੀ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਬਦਲ ਵੀ ਜਾਂਦੇ ਹਨ। ਸ੍ਰੀ ਅਤੇ ਸਰਦਾਰ ਸ਼ਬਦ ਹੀ ਲੈ ਲਉ। ਹੁਣ ਸਿੱਖੀ ਨਾਲ ਜੁੜੇ ਲੋਕਾਂ ਲਈ ਸਰਦਾਰ ਦੇ ਵੱਖਰੇ ਅਰਥ ਹਨ। ਇਸ ਬਾਰੇ ਕਿਸੇ ਨੂੰ ਇਤਰਾਜ਼ ਕਿਉਂ ਹੋਵੇ। ਸਾਨੂੰ ਇਸ ਮਾਮਲੇ ਵਿਚ ਥੋੜ੍ਹਾ ਉਦਾਰ ਹੋਣਾ ਚਾਹੀਦਾ ਹੈ। ਕੋਈ ਗੁੱਸੇ-ਗਿਲੇ ਵਾਲੀ ਗੱਲ ਤਾਂ ਨਹੀਂ ਹੈ ਪਰ ਕਦੀ-ਕਦਾਈਂ ਮੈਨੂੰ ਤਾਂ ਇਹ ਵੀ ਲੱਗਣ ਲੱਗ ਪੈਂਦਾ ਹੈ ਕਿ ਬਲਜੀਤ ਬਾਸੀ ਸਿੱਖਾਂ ਲਈ ਚੁੱਭਵੀਂ ਜਿਹੀ ਗੱਲ ਕਰ ਜਾਂਦੇ ਹਨ, ਸ਼ਾਇਦ ਇਸ ਪਿਛੇ ਉਨ੍ਹਾਂ ਦਾ ਪਹਿਲੀਆਂ ਵਿਚ ਕਾਮਰੇਡ ਹੋਣਾ ਕੰਮ ਕਰ ਜਾਂਦਾ ਹੈ। ਫਿਰ ਨਾਲ ਹੀ ਮੈਂ ਦੂਜੇ ਪਾਸਿਉਂ ਵੀ ਸੋਚਦਾ ਹਾਂ ਕਿ ਉਨ੍ਹਾਂ ਦੀ ਗੱਲ ਭਾਵੇਂ ਚੁੱਭਵੀਂ ਹੁੰਦੀ ਹੈ ਪਰ ਸੁੱਟ ਪਾਉਣ ਵਾਲੀ ਨਹੀਂ ਹੁੰਦੀ। ਇਹ ਸਤਰਾਂ ਮੈਂ ਉਨ੍ਹਾਂ ਦਾ ਨਵਾਂ ਲੇਖ ‘ਪਤਿਤ ਦਾ ਪਤਨ’ ਪੜ੍ਹ ਕੇ ਲਿਖ ਰਿਹਾ ਹਾਂ। ਸਿਆਣੇ ਕਹਿੰਦੇ ਨੇ ਕਿ ਪਤੇ ਦੀਆਂ ਗੱਲਾਂ ਤਾਂ ਔਖੇ ਹੋ ਕੇ ਸੁਣ ਲੈਣੀਆਂ ਚਾਹੀਦੀਆਂ ਹਨ। ਇਹ ਗੱਲਾਂ ਗੌਰ ਕਰਨ ਵਾਲੀਆਂ ਹਨ।
-ਗੁਰਜੰਟ ਸਿੰਘ
Leave a Reply