ਗਲੇ ਦੀ ਮਿਠਾਸ ਵਾਲੀ ਨੂਤਨ

ਸੁਰਿੰਦਰ ਸਿੰਘ ਤੇਜ
ਫੋਨ: 91-98555-01488
1960 ਵਿਚ ਰਿਲੀਜ਼ ਹੋਈ ਫਿਲਮ ‘ਛਬੀਲੀ’ ਦਾ ਖੂਬਸੂਰਤ ਗੀਤ ਹੈ ‘ਐ ਮੇਰੇ ਹਮਸਫ਼ਰ, ਲੇ ਰੋਕ ਅਪਨੀ ਨਜ਼ਰ’। ਪਹਿਲੀ ਵਾਰ ਸੁਣਨ ‘ਤੇ ਹੀ ਇਸ ਗੀਤ ਦੀ ਧੁਨ ਦੀ ਪਾਕੀਜ਼ਗੀ ਅਤੇ ਗਾਇਕਾ ਦੇ ਗਲੇ ਦੀ ਮਿਠਾਸ ਕੀਲ ਜਾਂਦੀ ਹੈ। ਨਾਲ ਹੀ ਅਹਿਸਾਸ ਹੁੰਦਾ ਹੈ ਕਿ ਇਹ ਗੀਤ ਕਿਸੇ ਪੇਸ਼ੇਵਰ ਗਾਇਕਾ ਦਾ ਨਹੀਂ ਗਾਇਆ ਹੋਇਆ, ਕਿਸੇ ਸ਼ੌਕੀਆ ਗਾਇਕਾ ਦੇ ਗਲੇ ਦੀ ਸੁਰਬਹਾਰ ਹੈ। ਦਰਅਸਲ, ਇਸੇ ਸੁਰਬਹਾਰ ਤੇ ਨਜ਼ਾਕਤ ਨੇ ਇਸ ਗੀਤ ਨੂੰ ਅਮਰ ਬਣਾਇਆ ਅਤੇ ਨੂਤਨ ਨੂੰ ਫਿਲਮ ‘ਛਬੀਲੀ’ ਦੇ ਹੋਰ ਗੀਤ ਗਾਉਣ ਦਾ ਸਾਹਸ ਬਖ਼ਸ਼ਿਆ।

‘ਛਬੀਲੀ’ ਨੂਤਨ ਦੇ ਘਰ ਦੀ ਫਿਲਮ ਸੀ। ਇਸ ਦਾ ਨਿਰਮਾਣ ਉਸ ਦੀ ਮਾਂ ਸ਼ੋਭਨਾ ਸਮਰੱਥ ਨੇ ਕੀਤਾ। ਸ਼ੋਭਨਾ ਖ਼ੁਦ ਵੀ ਆਪਣੇ ਸਮੇਂ ਦੀ ਮਸ਼ਹੂਰ ਅਭਿਨੇਤਰੀ ਸੀ ਅਤੇ ਅਦਾਕਾਰ ਪ੍ਰੇਮ ਅਦੀਬ ਨਾਲ ਉਸ ਦੀ ਫਿਲਮ ‘ਰਾਮ ਰਾਜਿਆ’ (1943) ਨੂੰ ਭਾਰਤੀ ਸਿਨਮਾ ਦੀਆਂ ਕਲਾਸਿਕ ਫਿਲਮਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ‘ਛਬੀਲੀ’ ਰਾਹੀਂ ਸ਼ੋਭਨਾ ਨੇ ਜਿੱਥੇ ਨੂਤਨ ਨੂੰ ਰੋਣ-ਧੋਣ ਵਾਲੀਆਂ ਭੂਮਿਕਾਵਾਂ ਦੇ ਮਾਇਆਜਾਲ ਵਿਚੋਂ ਕੱਢਣ ਦਾ ਯਤਨ ਕੀਤਾ, ਉੱਥੇ ਆਪਣੀ ਮੰਝਲੀ ਧੀ ਤਨੂਜਾ ਨੂੰ ਅਦਾਕਾਰਾ ਵਜੋਂ ਬ੍ਰੇਕ ਵੀ ਦਿੱਤਾ। ‘ਐ ਮੇਰੇ ਹਮਸਫ਼ਰ’ ਦਰਅਸਲ, ਨੂਤਨ ਵੱਲੋਂ ਗਾਇਆ ਗਿਆ ਦੂਜਾ ਫਿਲਮੀ ਗੀਤ ਸੀ। ਉਸ ਨੇ ਪਹਿਲਾ ਗੀਤ 10 ਸਾਲ ਪਹਿਲਾਂ ‘ਹਮਾਰੀ ਬੇਟੀ’ (1950) ਵਿਚ ਗਾਇਆ ਸੀ। ‘ਹਮਾਰੀ ਬੇਟੀ’ ਵੀ ਸ਼ੋਭਨਾ ਸਮਰੱਥ ਨੇ ਹੀ ਬਣਾਈ ਸੀ, ਆਪਣੇ ਦੋਸਤ (ਅਭਿਨੇਤਾ) ਮੋਤੀ ਲਾਲ ਨਾਲ ਮਿਲ ਕੇ। ਇਸ ਫਿਲਮ ਰਾਹੀਂ ਨੂਤਨ ਨੂੰ ਅਦਾਕਾਰਾ ਦੇ ਤੌਰ ‘ਤੇ ਲਾਂਚ ਕੀਤਾ ਗਿਆ ਸੀ। ਉਸ ਫਿਲਮ ਦਾ ਸੰਗੀਤ ਸਨੇਹਲ ਭਾਟਕਰ ਦਾ ਸੀ ਜੋ ਸ਼ੋਭਨਾ ਸਮਰੱਥ ਦੇ ਰਿਸ਼ਤੇਦਾਰ ਸਨ। ਸਨੇਹਲ ਜਿਨ੍ਹਾਂ ਦਾ ਅਸਲ ਨਾਮ ਵਾਸੂਦੇਵ ਗੰਗਾਰਾਮ ਭਾਟਕਰ ਸੀ, ਨੇ ਨੂਤਨ ਦੇ ਗਲੇ ਦੀ ਮਿਠਾਸ ਨੂੰ ਪਛਾਣਦਿਆਂ ‘ਹਮਾਰੀ ਬੇਟੀ’ ਵਿਚ ਉਸ ਪਾਸੋਂ ‘ਤੁਝੇ ਕੈਸਾ ਦੁਲਹਾ ਚਾਹੀਏ’ ਗਵਾਇਆ ਸੀ। ਇਹ ਗੀਤ ਸਰੋਤਿਆਂ ਵੱਲੋਂ ਪਸੰਦ ਵੀ ਕੀਤਾ ਗਿਆ ਸੀ, ਪਰ ਉਸ ਤੋਂ ਮਗਰੋਂ ਨਾ ਤਾਂ ਨੂਤਨ ਨੇ ਕਦੇ ਗੀਤ ਗਾਉਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਨਾ ਹੀ ਕਿਸੇ ਹੋਰ ਸੰਗੀਤਕਾਰ ਨੇ ਉਸ ਦੇ ਗਲੇ ਨੂੰ ਅਜ਼ਮਾਉਣ ਦਾ ਯਤਨ ਕੀਤਾ। ਜਦੋਂ ‘ਛਬੀਲੀ’ ਦਾ ਨਿਰਮਾਣ ਹੋਇਆ ਤਾਂ ਸਨੇਹਲ ਭਾਟਕਰ ਨੇ ਇਹ ਜ਼ਿੱਦ ਫੜ ਲਈ ਕਿ ਇਸ ਦੇ ਗੀਤ ਨੂਤਨ ਹੀ ਗਾਏਗੀ। ਇਹ ਇਸ ਜ਼ਿੱਦ ਦਾ ਨਤੀਜਾ ਸੀ ਕਿ ਇਸ ਫਿਲਮ ਦੇ ਹਰ ਗੀਤ ਵਿਚ ਨੂਤਨ ਸ਼ੁਮਾਰ ਰਹੀ। ਹੇਮੰਤ ਕੁਮਾਰ ਨਾਲ ਮਿਲ ਕੇ ਉਸ ਵੱਲੋਂ ਗਾਇਆ ਡੂਏਟ ‘ਲਹਿਰੋਂ ਪੇ ਲਹਿਰ, ਉਲਫ਼ਤ ਹੈ ਜਵਾਂ’ ਫਿਲਮ ਸੰਗੀਤ ਦੇ ਸਦਾਬਹਾਰ ਗੀਤਾਂ ਵਿਚ ਸ਼ਾਮਲ ਹੈ। ਹੇਮੰਤ ਕੁਮਾਰ ਨਾਲ ਗਾਉਣ ਮਗਰੋਂ ਨੂਤਨ ਨੂੰ ‘ਛਬੀਲੀ’ ਵਿਚ ਹੀ ਗੀਤਾ ਦੱਤ ਨਾਲ ਮਿਲ ਕੇ ‘ਯਾਰੋ ਕਿਸੀ ਸੇ ਨਾ ਕਹਿਨਾ’ ਅਤੇ ਸੁਧਾ ਮਲਹੋਤਰਾ ਨਾਲ ‘ਮਿਲਾ ਲੇ ਹਾਥ, ਲੇ ਬਨ ਗਈ ਬਾਤ’ ਰਿਕਾਰਡ ਕਰਵਾਉਣ ਵਿਚ ਕੋਈ ਦਿੱਕਤ ਨਹੀਂ ਆਈ। ਦਰਅਸਲ, ‘ਯਾਰੋ ਕਿਸੇ ਸੇ ਨਾ ਕਹਿਨਾ’ ਦੀ ਰਿਕਾਰਡਿੰਗ ਦੌਰਾਨ ਨੂਤਨ ਤੇ ਗੀਤਾ ਦੱਤ ਅਜਿਹੀਆਂ ਪੱਕੀਆਂ ਸਹੇਲੀਆਂ ਬਣੀਆਂ ਕਿ ਗੀਤਾ, ਨੂਤਨ ਉਪਰ ਫਿਲਮਾਏ ਜਾਣ ਵਾਲੇ ਹਰ ਗੀਤ ਵਿਚ ਵੱਧ ਜਾਨ ਪਾਉਣ ਲੱਗ ਪਈ।
‘ਛਬੀਲੀ’ ਫਲੌਪ ਹੋਣ ਕਾਰਨ ਨਾ ਤਾਂ ਕਿਸੇ ਹੋਰ ਸੰਗੀਤਕਾਰ ਨੇ ਨੂਤਨ ਨੂੰ ਗਾਇਕਾ ਵਜੋਂ ਅਜ਼ਮਾਉਣਾ ਵਾਜਬ ਸਮਝਿਆ ਅਤੇ ਨਾ ਹੀ ਨੂਤਨ ਨੇ ਆਪਣੀ ਗਾਇਕੀ ਨੂੰ ਗੰਭੀਰਤਾ ਨਾਲ ਲਿਆ। ਐਸ਼ਡੀæ ਬਰਮਨ ਨੇ ਫਿਲਮ ‘ਮੰਜ਼ਿਲ’ (1960) ਦੇ ਬਿਹਤਰੀਨ ਗੀਤ ‘ਚੁਪਕੇ ਸੇ ਮਿਲੇ, ਪਿਆਸੇ ਪਿਆਸੇ, ਕੁਛ ਹਮ ਕੁਛ ਤੁਮ’ ਵਿਚ ਮੁਹੰਮਦ ਰਫ਼ੀ ਤੇ ਗੀਤਾ ਦੱਤ ਨਾਲ ਨੂਤਨ ਤੋਂ ਕੁਝ ਪੰਕਤੀਆਂ ਕਾਵਿਕ ਰੂਪ ਵਿਚ ਬੁਲਵਾਈਆਂ ਜ਼ਰੂਰ, ਪਰ ਇਨ੍ਹਾਂ ਨੂੰ ਗਵਾਇਆ ਗੀਤਾ ਦੱਤ ਪਾਸੋਂ।
ਜਦੋਂ ਇਹ ਮਹਿਸੂਸ ਹੋਣ ਲੱਗਾ ਕਿ ਗਾਇਕਾ ਦੇ ਰੂਪ ਵਿਚ ਨੂਤਨ ਨੂੰ ਸਭ ਸੰਗੀਤਕਾਰ ਭੁਲ-ਭੁਲਾ ਗਏ ਹਨ ਤਾਂ 1980ਵਿਆਂ ਵਿਚ ਦੋ ਫਿਲਮਾਂ ਅਜਿਹੀਆਂ ਆਈਆਂ ਜਿਨ੍ਹਾਂ ਵਿਚ ਉਸ ਨੇ ਆਪਣੇ ਗਲੇ ਦੇ ਸੁਹਜ ਨੂੰ ਨਵੇਂ ਰੂਪ ਤੇ ਨਵੇਂ ਅੰਦਾਜ਼ ਵਿਚ ਪੇਸ਼ ਕੀਤਾ। ‘ਕਸਤੂਰੀ’ (1980) ਵਿਚ ਉਸ ਦੀ ਮੁੱਖ ਭੂਮਿਕਾ ਸੀ। ਬਿਮਲ ਦੱਤ ਵੱਲੋਂ ਨਿਰਦੇਸ਼ਿਤ ਇਸ ਫਿਲਮ ਦਾ ਸੰਗੀਤ ਬੱਪੀ ਲਹਿਰੀ ਤੇ ਉੱਤਮ ਸਿੰਘ ਦਾ ਸੀ। ਸਮਾਨੰਤਰ ਸਿਨਮਾ ਲਹਿਰ ਦਾ ਹਿੱਸਾ ਸਮਝੀ ਜਾਂਦੀ ਇਸ ਫਿਲਮ ਵਿਚ ਤਿੰਨ ਗੀਤ ਸਨ ਅਤੇ ਤਿੰਨੇ ਬੈਕਗ੍ਰਾਊਂਡ ਵਿਚ ਵੱਜਦੇ ਹਨ। ਇਨ੍ਹਾਂ ਵਿਚੋਂ ਇਕ ‘ਭੂਲ ਗਇਓ’ ਸੰਥਾਲੀ ਆਦਿਵਾਸੀ ਸੰਗੀਤ ਵਿਚ ਢਲਿਆ ਹੋਣ ਦੇ ਬਾਵਜੂਦ ਨੂਤਨ ਵੱਲੋਂ ਗਾਇਆ ਗਿਆ। ਇੰਜ ਹੀ, 1985 ਵਿਚ ਬਣੀ ਫਿਲਮ ‘ਮਯੂਰੀ’ ਦੇ ਚਾਰੇ ਗੀਤਾਂ ਵਿਚ ਜਿੱਥੇ ਨੂਤਨ ਨੇ ਆਪਣੀ ਗਾਇਕੀ ਰਾਹੀਂ ਯੋਗਦਾਨ ਦਿੱਤਾ, ਉੱਥੇ ਇਹ ਸਾਰੇ ਗੀਤ ਲਿਖੇ ਵੀ ਉਸ ਨੇ ਖ਼ੁਦ ਹੀ ਸਨ। ਇਨ੍ਹਾਂ ਵਿਚੋਂ ਦੋ ਗੀਤ ‘ਯਿਹ ਹੈ ਕੈਸੀ ਖ਼ਾਮੋਸ਼ੀ’ ਅਤੇ ‘ਮੇਰਾ ਜੀਵਨ ਏਕ ਬਰਫੀਲੀ ਧਾਰਾ’ ਸੋਲੋ ਹਨ ਅਤੇ ਬਾਕੀ ਦੋ ‘ਮਿਲ ਕੇ ਓ ਸਨਮ ਤੁਮ, ਤੁਮ ਨਾ ਰਹੇ’ ਅਤੇ ‘ਮੇਰਾ ਦਿਲ ਜਵਾਨ ਹੈ’ ਅਮਿਤ ਕੁਮਾਰ ਨਾਲ ਡੂਏਟਸ ਦੇ ਰੂਪ ਵਿਚ ਹਨ। ‘ਅਨੁਭਵ’ (1971) ਤੇ ‘ਆਵਿਸ਼ਕਾਰ’ (1973) ਵਰਗੀਆਂ ਫਿਲਮਾਂ ਵਿਚ ਲਾਜਵਾਬ ਸੰਗੀਤ ਦੇਣ ਵਾਲੇ ਸੰਗੀਤਕਾਰ ਕਾਨੂ ਰਾਏ ਵੱਲੋਂ ਸੰਗੀਤਬੱਧ ਕੀਤੇ ਇਨ੍ਹਾਂ ਸਾਰੇ ਗੀਤਾਂ ਦੀ ਸੀæਡੀæ ਜਾਂ ਕੈਸੇਟ ਤਾਂ ਨਹੀਂ ਮਿਲਦੀ, ਪਰ ਜੋਧਪੁਰ ਦੇ ਇਕ ਫਿਲਮ ਸੰਗੀਤ ਉਪਾਸ਼ਕ ਗਿਰਧਾਰੀ ਲਾਲ ਸਕਸੇਨਾ ਦੇ ਯਤਨਾਂ ਸਦਕਾ ਯੂ-ਟਿਊਬ ‘ਤੇ ਉਪਲਬਧ ਹਨ। ਇਸੇ ਸੰਗੀਤ ਉਪਾਸ਼ਕ ਦੀ ਸਾਧਨਾ ਦੀ ਬਦੌਲਤ ਇਕ ਫਿਲਮ ਸੰਮੇਲਨ ਵਿਚ ਨੂਤਨ ਵੱਲੋਂ ਗਾਏ ਗਏ ਫਿਲਮ ‘ਅਨਾੜੀ’ (1959) ਦੇ ਅਮਰ ਗੀਤ ‘ਯਿਹ ਚਾਂਦ ਖਿਲਾ ਯਿਹ ਤਾਰੇ ਹੰਸੇ, ਯਿਹ ਰਾਤ ਅਜਬ ਮਤਵਾਰੀ ਹੈ’ ਅਤੇ ਫਿਲਮ ‘ਘਰ ਨੰਬਰ 44’ (1958) ਦੇ ਖ਼ੂਬਸੂਰਤ ਗੀਤ ‘ਫੈਲੀ ਹੂਈ ਹੈਂ ਸਪਨੋਂ ਕੀ ਬਾਹੇਂ’ ਦੇ ਵੀਡੀਓ ਵੀ ਯੂ-ਟਿਊਬ ਉੱਤੇ ਸੁਣੇ ਜਾ ਸਕਦੇ ਹਨ।

Be the first to comment

Leave a Reply

Your email address will not be published.