ਗਦਰ ਪਾਰਟੀ ਲਹਿਰ ਦਾ 2013

ਗੁਲਜ਼ਾਰ ਸਿੰਘ ਸੰਧੂ
ਸੁਤੰਤਰਤਾ, ਸੈਕੂਲਰਿਜ਼ਮ ਤੇ ਬਰਾਬਰੀ ਨੂੰ ਪਰਣਾਈ ਜਨਤਾ ਵਾਸਤੇ 2013 ਗਦਰ ਪਾਰਟੀ ਲਹਿਰ ਦੀ ਮਹਤੱਤਾ ਨੂੰ ਚੇਤੇ ਕਰਨ ਦਾ ਵਰ੍ਹਾ ਸੀ। ਇਸ ਵਰ੍ਹੇ ਨੇ ਇਕੱਲੇ ਭਾਰਤ ਨੂੰ ਹੀ ਨਹੀਂ ਦੁਨੀਆਂ ਦੇ ਕਈ ਦੇਸ਼ਾਂ ਨੂੰ ਇਸ ਲਹਿਰ ਦੀ ਮਹਾਨਤਾ ਪਛਾਨਣ ਲਈ ਪ੍ਰੇਰਿਆ। ਸੁਤੰਤਰਤਾ ਲਈ ਜੂਝਦੇ ਭਾਰਤ ਵਿਚ ਇਸ ਦਾ ਯੋਗਦਾਨ ਇੰਨੇ ਮਾਣ ਵਾਲਾ ਸੀ ਕਿ ਹਰ ਪਾਰਟੀ, ਹਰ ਦੇਸ਼ ਤੇ ਹਰ ਧਰਮ ਇਸ ਲਹਿਰ ਨੂੰ ਮੋਢੇ ਉਪਰ ਚੁਕਣ ਲਈ ਤਤਪਰ ਹੋ ਗਿਆ।
ਕੁਝ ਸਿੱਖ ਜਥੇਬੰਦੀਆਂ ਨੇ ਕੈਨੇਡਾ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਉਦਮ ਨਾਲ ਇਸ ਨੂੰ ਖਾਲਸਾਈ ਲਹਿਰ ਦਾ ਰੰਗ ਦੇਣ ਲਈ ਅਗਸਤ 2013 ਦੇ ਅੰਤਲੇ ਸਪਤਾਹ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਨਿਰਪੱਖ ਚਿੰਤਕ ਜਗਜੀਤ ਸਿੰਘ ਰਚਿੱਤ ‘ਗਦਰ ਪਾਰਟੀ ਲਹਿਰ’ ਦਾ ਅੰਗਰੇਜ਼ੀ ਅਨੁਵਾਦ ਲੋਕ ਅਰਪਿਤ ਕਰਦਿਆਂ ਇਸ ਲਹਿਰ ਦੀ ਸਫਲਤਾ ਦਾ ਸਿਹਰਾ ਸਿੱਖ ਧਰਮ ਦੇ ਸਿਰ ਬੰਨ੍ਹਿਆ। ਪੰਜਾਬੀ ਤੇ ਅੰਗਰੇਜ਼ੀ ਵਿਚ ਆਹਮੋ-ਸਾਹਮਣੇ ਛਪੀ ਇਸ ਪੁਸਤਕ ਦੇ ਸਰਵਰਕ ਉਤੇ ਇੱਕ ਡੱਬੀ ਬਣਾ ਕੇ ਇਸ ਲਹਿਰ ਨਾਲ ਜੁੜੇ ਹਿੰਦੂ (54) ਤੇ ਮੁਸਲਮਾਨ (35) ਦੇ ਟਾਕਰੇ ਸਿੱਖਾਂ ਦੀ ਗਿਣਤੀ 527 ਛਾਪ ਕੇ ਇਸ ਨੂੰ ਖਾਲਸਾਈ ਸ਼ਾਨ ਦੀ ਲਹਿਰ ਗਰਦਾਨਿਆ। ਕੌਣ ਨਹੀਂ ਜਾਣਦਾ ਕਿ ਇਹ ਲਹਿਰ 1913 ਵਿਚ ਅਖੰਡ ਹਿੰਦੁਸਤਾਨ ਦੇ ਅਮਰੀਕਾ ਵਿਚ ਕਮਾਈ ਕਰਨ ਗਏ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਦਾ ਕ੍ਰਾਂਤੀਕਾਰੀ ਮੰਚ ਸੀ ਜਿਹੜਾ ਆਪਣੇ ਦੇਸ਼ ਨੂੰ ਗੋਰਿਆਂ ਦੇ ਚੁੰਗਲ ਵਿਚੋਂ ਕੱਢਣ ਲਈ ਇੱਕ ਜੁੱਟ ਹੋਇਆ ਸੀ। ਉਨ੍ਹਾਂ ਦੀ ਰਾਹਨੁਮਾਈ ਕਰਨ ਵਾਲੇ ਬਾਬਾ ਸੋਹਨ ਸਿੰਘ ਭਕਨਾ ਤੇ ਲਾਲਾ ਹਰਦਿਆਲ ਸਨ। ਉਨ੍ਹਾਂ ਨੇ ਆਪਣਾ ਦਫਤਰ ਵੀ ਸੈਨ ਫਰਾਂਸਿਸਕੋ ਵਿਚ ਖੋਲ੍ਹਿਆ ਜਿਹੜਾ ਪਹਿਲਾਂ ਹੀ ਗੋਰਿਆਂ ਦੇ ਸਤਾਏ ਆਇਰਲੈਂਡੀਆਂ ਦੇ ਨਿਆਂ ਦਾ ਗੜ੍ਹ ਸੀ। ਉਨ੍ਹਾਂ ਨੇ ਦਫ਼ਤਰ ਦਾ ਨਾਂ ਯੂਗਾਂਤਰ ਆਸ਼ਰਮ ਰਖ ਕੇ ਇਥੋਂ ‘ਗਦਰ’ ਨਾਂ ਦਾ ਪਰਚਾ ਕੱਢ ਕੇ ਆਪਣੀ ਸੋਚ ਨੂੰ ਅਜਿਹੇ ਖੰਭ ਲਾਏ ਕਿ ਇਹ ਫਟਾ ਫਟ ਹਿੰਦੁਸਤਾਨ, ਅਫਗਾਨਿਸਤਾਨ ਤੇ ਬਰਮਾ ਸਿਆਮ ਦੀਆਂ ਹੱਦਾਂ ਪਾਰ ਕਰ ਗਈ। ਗਦਰੀਆਂ ਵੱਲੋਂ ਸੁਲਘਾਈ ਇਸ ਚਿਣਗ ਵਿਚ ਏਨੀ ਜਾਨ ਤੇ ਦਮ ਸੀ ਕਿ ਉਨ੍ਹਾਂ ਬਾਬਿਆਂ ਨੇ ਅਮਰੀਕਾ ਤੋਂ ਚੱਲ ਕੇ ਕਲਕੱਤਾ ਦੇ ਬਜ ਬਜ ਘਾਟ ਉਤੇ ਹਾਕਮ ਗੋਰਿਆਂ ਤੋਂ ਗੋਲੀਆਂ ਵੀ ਖਾਧੀਆਂ ਤੇ ਕਾਲੇ ਪਾਣੀਆਂ ਦੀ ਸਜ਼ਾ ਵੀ ਭੁਗਤੀ।
ਇਸ ਲਹਿਰ ਨੂੰ ਸ਼ੁਰੂ ਕਰਨ ਵਾਲਿਆਂ ਵਿਚ ਸਿੱਖਾਂ ਦੀ ਗਿਣਤੀ ਦਾ ਹਿੰਦੂਆਂ ਤੇ ਮੁਸਲਮਾਨਾਂ ਤੋਂ ਵੱਧ ਹੋਣਾ ਕੇਵਲ ਇਕ ਸਬੱਬ ਸੀ। ਉਹ ਇਹ ਕਿ ਰੋਜ਼ੀ ਰੋਟੀ ਦੀ ਭਾਲ ਵਿਚ ਅਮਰੀਕਾ ਜਾਣ ਵਾਲੇ ਬਹੁਤੇ ਉਹੀਓ ਸਨ। ਅਗਸਤ ਤੋਂ ਪਿੱਛੋਂ ਦੇਸ਼ ਭਗਤ ਯਾਦਗਾਰ ਜਲੰਧਰ ਵਾਲਿਆਂ ਨੇ ਆਪਣੇ ਨਵੰਬਰ ਵਾਲੇ ਮੇਲੇ ਸਮੇਂ ਮੁਖ ਹਾਲ ਯੁਗਾਂਤਰ ਆਸ਼ਰਮ ਦਾ ਨਾਂ ਦੇ ਕੇ ਇਥੇ ਦੇਸ਼ ਭਗਤੀ ਤੇ ਜਨ ਕਲਿਆਣ ਦੀ ਸੋਚ ਵਾਲੇ ਅਜਿਹੇ ਬੁਲਾਰੇ ਇਕੱਠੇ ਕੀਤੇ ਕਿ ਲੋਕ ਗਾਇਨ, ਕੋਰੀਓਗ੍ਰਾਫੀ ਤੇ ਕਵੀਸ਼ਰੀ ਦੇ ਰੰਗ ਵਿਚ ਰੰਗਿਆ ਸਾਰਾ ਪ੍ਰੋਗਰਾਮ ਇਸ ਲਹਿਰ ਦੀ ਸੁਤੰਤਰ ਤੇ ਸੈਕੂਲਰ ਸੋਚ ਨਾਲ ਗੜੁੱਚਿਆ ਗਿਆ। ਉਹ ਦੱਸਣਾ ਚਾਹੁੰਦੇ ਸਨ ਕਿ ਗਦਰੀਆਂ ਦੀ ਸੋਚ ਕਿਸੇ ਇੱਕ ਧਰਮ ਤੱਕ ਸੀਮਤ ਨਹੀਂ ਸੀ।
ਇਸ ਮੇਲੇ ਵਿਚ ਭਾਗ ਲੈਣ ਵਾਲੇ ਯੂ ਕੇ ਦੀ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ 31 ਮੈਂਬਰੀ ਵਫਦ ਤੋਂ ਬਿਨਾ ਅਮਰੀਕਾ, ਕੈਨੇਡਾ ਤੇ ਯੂਰਪ ਦੇ ਪ੍ਰਤੀਨਿਧਾਂ ਸਮੇਤ ਇਕ ਸੌ ਤੋਂ ਵੱਧ ਪਰਵਾਸੀ ਭਾਰਤੀ ਸਨ। ਹੁਮ-ਹੁਮਾ ਕੇ ਆਉਣ ਵਾਲਿਆਂ ਦੀ ਗਿਣਤੀ 15-20 ਹਜ਼ਾਰ ਸੀ। ਇਸ ਮੇਲੇ ਵਿਚੋਂ ਸੈਂਕੜੇ ਬੁੱਧੀਜੀਵੀਆਂ ਤੇ ਦੂਜੇ ਕਾਰਕੁਨਾਂ ਨੇ ਸ਼ਹਿਰ ਵਿਚ ਇਕ ਬਹੁਤ ਵੱਡਾ ਜਲੂਸ ਕੱਢਿਆ ਜੋ ਮੇਲੇ ਦੀ ਸ਼ਾਨ ਸੀ।
ਫੇਰ ਇਸ ਲਹਿਰ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਾਲਾ ਸਮਾਗਮ ਅਕਾਦਮਿਕ ਹੁੰਦਾ ਹੋਇਆ ਵੀ ਸੁਤੰਤਰਤ ਤੇ ਸੈਕੂਲਰ ਸੋਚ ਨੂੰ ਨਿਤਾਰਨ ਵਾਲਾ ਸੀ। ਖਾਸ ਕਰਕੇ ਅੱਧੀ ਦਰਜਨ ਗਦਰੀ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੱਭ ਕੇ ਉਨ੍ਹਾਂ ਦਾ ਸਨਮਾਨ ਕਰਨਾ ਇਸ ਸਮਾਗਮ ਦਾ ਸੁਨਹਿਰੀ ਅਵਸਰ ਸੀ।
ਮੈਨੂੰ ਇਨ੍ਹਾਂ ਤਿਨਾਂ ਸਮਾਗਮਾਂ ਵਿਚ ਹਾਜ਼ਰ ਹੋਣ ਦਾ ਮਾਣ ਹੈ। ਪਰ ਮੇਰੇ ਕੋਲ ‘ਸੰਗਰਾਮੀ ਲਹਿਰ’ ਦੇ ਦਸੰਬਰ ਅੰਕ ਵਿਚ ਛਪੇ ਉਹ ਵੇਰਵੇ ਵੀ ਹਨ ਜਿਨ੍ਹਾਂ ਵਿਚ ਕੈਨੇਡਾ ਵਿਖੇ ਐਡਮੰਟਰ, ਟੋਰਾਂਟੋ ਤੇ ਵੈਨਕੂਵਰ ਵਾਲੇ ਸਮਾਗਮਾਂ ਦਾ ਪ੍ਰਭਾਵੀ ਵਰਣਨ ਹੈ, ਖਾਸ ਕਰਕੇ ਐਡਮੰਟਨ ਵਿਚ ਗਿਆਨੀ ਕੇਸਰ ਸਿੰਘ ਨਾਵਲਿਸਟ ਤੇ ਬਾਬਾ ਹਰਨਾਮ ਸਿੰਘ ਟੁੰਡੀਲਾਟ ਦੇ ਪਰਿਵਾਰਾਂ ਦੀ ਸ਼ਮੂਲੀਅਤ ਦਾ। ਇਸੇ ਤਰ੍ਹਾਂ ਗ਼ਦਰ ਪਾਰਟੀ ਲਹਿਰ ਨੂੰ ਸਮਰਪਿਤ ‘ਵਰਿਆਮ’ ਦੇ ਦੋ ਅੰਕਾਂ ਵਿਚ ਸਵਰਨ ਸਿੰਘ ਵਿਰਕ ਦੇ ਦੋ ਕਿਸ਼ਤਾਂ ਵਿਚ ਛਪੇ ਲੇਖ ਨੇ ਗਦਰ ਪਾਰਟੀ ਦੀ ਪ੍ਰੇਰਨਾ ਬਣੇ ਕੂਕਾ ਲਹਿਰ ਦੇ ਸਰੋਤਾਂ ਨੂੰ ਉਭਾਰਿਆ।
ਮੈਂ ਆਪਣੀ ਗੱਲ ‘ਨਵਾਂ ਜ਼ਮਾਨਾ’ ਵੱਲੋਂ ਰੀਝਾਂ ਨਾਲ ਕੱਢੇ 2013 ਦੇ ਆਖਰੀ ਐਤਵਾਰਤਾ ਅੰਕ ਦੇ ਸੰਦੇਸ਼ ਰਾਹੀਂ ਖਤਮ ਕਰਨੀ ਚਾਹਾਂਗਾ। ਉਹ ਇਹ ਕਿ ਕਾਰਪੋਰੇਟ ਸੈਕਟਰ ਦੀ ਚਾਂਦੀ ਅਤੇ ਕਿਸਾਨ, ਮਜ਼ਦੂਰ, ਮਧਵਰਗ ਦੀ ਵਰਤਮਾਨ ਬੇਹਾਲੀ ਵੇਖਦਿਆਂ ਜਾਪਦਾ ਹੈ ਕਿ ਸਾਰੀਆਂ ਸੈਕੂਲਰ ਪਾਰਟੀਆਂ ਨੂੰ ਇੱਕ ਜੁੱਟ ਹੋ ਕੇ ਗ਼ਦਰੀ ਬਾਬਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਕ ਵਾਰੀ ਫੇਰ ਉਸੇ ਤਰ੍ਹਾਂ ਦਾ ਸੰਘਰਸ਼ ਕਰਨਾ ਪੈ ਸਕਦਾ ਹੈ। ਇਸ ਨਾਲ ਅਲਵਿਦਾ 2013!
ਅੰਤਿਕਾ: (ਅਨੂ ਬਾਲਾ)
ਜੇ ਬੁਝਣਾ ਸੱਚ ਹੈ ਜਾਗਣਾ ਵੀ ਤਾਂ
ਹੈ ਕਰਮ ਜੀਵਨ ਦਾ,
ਜਗਾ ਕੇ ਜ਼ਿੰਦਗੀ ਦੀ ਜੋਤ
ਸਿਵਿਆਂ ‘ਚੋਂ ਗੁਜ਼ਰਦੀ ਮੈਂ।

Be the first to comment

Leave a Reply

Your email address will not be published.