ਜਗਦੀਸ਼ ਭੋਲਾ ਨੇ ਕੀਤਾ ਖੁਲਾਸਾ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੇ ਲੋਕ ਸੰਪਰਕ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਇਸ ਵਾਰ ਕਸੂਤੇ ਫਸ ਗਏ ਹਨ। ਉਨ੍ਹਾਂ ਦਾ ਨਾਂ ਕੌਮਾਂਤਰੀ ਡਰੱਗ ਸਮਗਲ ਕਰਨ ਦੇ ਕੇਸ ਵਿਚ ਗੂੰਜਿਆ ਹੈ। ਡਰੱਗ ਤਸਕਰੀ ਦੇ ਇਲਜ਼ਾਮਾਂ ਵਿਚ ਘਿਰੇ ਅਤੇ ਆਪਣੇ ਵੇਲੇ ਕੌਮਾਂਤਰੀ ਪਹਿਲਵਾਨ ਰਹੇ ਜਗਦੀਸ਼ ਸਿੰਘ ਉਰਫ਼ ਭੋਲਾ ਨੇ ਮੀਡੀਆ ਸਾਹਮਣੇ ਨਸ਼ਿਆਂ ਦੀ ਤਸਕਰੀ ਪਿੱਛੇ ਸ਼ ਮਜੀਠੀਆ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੇਸ਼ੱਕ ਸ਼ ਮਜੀਠੀਆ ਨੂੰ ਕਲੀਨ ਚਿੱਟ ਦੇ ਕੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਕਰਾਰ ਦਿੰਦਿਆਂ ਸਿਆਸੀ ਸਟੰਟ ਕਿਹਾ ਹੈ ਪਰ ਵਿਰੋਧੀ ਧਿਰ ਕਾਂਗਰਸ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਘੇਰ ਲਿਆ ਹੈ।
ਉਧਰ, ਜਗਦੀਸ਼ ਭੋਲਾ ਵੱਲੋਂ ਕੀਤੇ ਜਾ ਰਹੇ ਖੁਲਾਸਿਆਂ ਦੀ ਸੀæਬੀæਆਈæ ਜਾਂਚ ਕਰਵਾਉਣ ਲਈ ਦਾਇਰ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਪਟੀਸ਼ਨ ਕਾਂਗਰਸ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਦਾਇਰ ਕੀਤੀ ਗਈ ਹੈ। ਜਗਮੀਤ ਬਰਾੜ ਨੇ ਅਦਾਲਤ ਅੱਗੇ ਇਸ ਕੇਸ ਦੀ ਖ਼ੁਦ ਪੈਰਵੀ ਕੀਤੀ। ਇਸ ਕੇਸ ਦੀ ਅਗਲੀ ਸੁਣਵਾਈ 28 ਜਨਵਰੀ ਨੂੰ ਚੀਫ ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਅਰੁਣ ਪੱਲੀ ਕਰਨਗੇ।
ਭੋਲਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਜਾਂਚ ਦੌਰਾਨ ਪਹਿਲੇ ਹੀ ਦਿਨ ਸੀæਆਈæਏ ਸਟਾਫ ਪਟਿਆਲਾ ਕੋਲ ਮਜੀਠੀਏ ਦਾ ਨਾਂ ਲਿਆ ਸੀ। ਉਸ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਇਸ ਗੋਰਖਧੰਦੇ ਵਿਚ ਇਸ ਮੰਤਰੀ ਦੀ ਸਿੱਧੀ ਮਿਲੀਭੁਗਤ ਹੈ ਤੇ ਇਸ ਬਾਰੇ ਦੁਆਬੇ ਦੇ ਇਕ ਮੰਤਰੀ ਦੇ ਨਾਂ ਦਾ ਖੁਲਾਸਾ ਉਹ 20 ਜਨਵਰੀ ਨੂੰ ਅਗਲੀ ਪੇਸ਼ੀ ਦੌਰਾਨ ਕਰੇਗਾ। ਭੋਲਾ ਨੇ ਪਟਿਆਲਾ ਦੇ ਐਸ਼ਐਸ਼ਪੀæ ਹਰਦਿਆਲ ਸਿੰਘ ਮਾਨ ‘ਤੇ ਵੀ ਕਰੋੜਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲਾਏ ਹਨ। ਉਸ ਨੇ ਕਿਹਾ ਕਿ ਸਮੁੱਚੇ ਡਰੱਗ ਰੈਕੇਟ ਵਿਚ ਮਜੀਠੀਏ ਦੀ ਮਿਲੀਭੁਗਤ ਹੈ ਤੇ ਜਾਂਚ ਦੌਰਾਨ ਸ਼ ਮਜੀਠੀਆ ਵੱਲੋਂ ਸੀæਆਈæਏæ ਸਟਾਫ਼ ਪਟਿਆਲਾ ਨੂੰ ਵਾਰ-ਵਾਰ ਫੋਨ ਵੀ ਕੀਤੇ ਜਾਂਦੇ ਸਨ। ਮੰਤਰੀ ਦਾ ਫੋਨ ਆਉਣ ਤੋਂ ਬਾਅਦ ਜਾਂਚ ਰੋਕ ਦਿੱਤੀ ਜਾਂਦੀ ਸੀ। ਇਹੀ ਨਹੀਂ, ਉਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਮਜੀਠੀਏ ਦਾ ਨਾਂ ਲੈਣ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੀ ਪੁਲਿਸ ਨੇ ਉਸ ਦਾ ਹੋਰ ਪੁਲਿਸ ਰਿਮਾਂਡ ਨਹੀਂ ਮੰਗਿਆ।
ਭੋਲਾ ਨੇ ਐਸ਼ਐਸ਼ਪੀæ ਮਾਨ ਸਮੇਤ ਇਸ ਕੇਸ ਦੀ ਜਾਂਚ ਕਰਨ ਵਾਲੀ ਸਮੁੱਚੀ ਟੀਮ ‘ਤੇ ਦੋਸ਼ ਲਾਇਆ ਕਿ ਹੁਣ ਤੱਕ ਰਿਸ਼ਵਤ ਦੇ ਰੂਪ ਵਿਚ ਕਰੀਬ 25 ਕਰੋੜ ਰੁਪਏ ਲਏ ਜਾ ਚੁੱਕੇ ਹਨ। ਪੰਜਾਬ ਵਿਚ ਕੁੱਲ 23 ਐਸ਼ਐਸ਼ਪੀæ ਕੰਮ ਕਰ ਰਹੇ ਹਨ ਪਰ ਨਸ਼ੀਲੇ ਪਦਾਰਥ ਜਿਨ੍ਹਾਂ ਵਿਚ ਹੈਰੋਇਨ ਤੇ ਹੋਰ ਕਿਸਮ ਦੇ ਨਸ਼ੇ ਸ਼ਾਮਲ ਹਨ, ਸਿਰਫ ਪਟਿਆਲਾ ਪੁਲਿਸ ਵੱਲੋਂ ਫੜੇ ਗਏ ਹਨ।
ਭੋਲਾ ਨੇ ਪੁਲਿਸ ਜਾਂਚ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਕਹਿੰਦਾ ਆ ਰਿਹਾ ਹੈ ਕਿ ਇਸ ਸਮੁੱਚੇ ਮਾਮਲੇ ਦੀ ਸੀæਬੀæਆਈæ ਤੋਂ ਜਾਂਚ ਕਰਵਾਈ ਜਾਵੇ ਪਰ ਪੰਜਾਬ ਦੇ ਮੁੱਖ ਮੰਤਰੀ ਸੀæਬੀæਆਈæ ਨੂੰ ਜਾਂਚ ਸੌਂਪਣ ਲਈ ਤਿਆਰ ਨਹੀਂ ਹਨ। ਭੋਲੇ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਆਖਿਆ ਕਿ ਉਸ ‘ਤੇ ਆਪਣੀ ਜ਼ੁਬਾਨ ਬੰਦ ਰੱਖਣ ਲਈ ਕਾਫੀ ਦਬਾਅ ਪਾਇਆ ਜਾ ਰਿਹਾ ਹੈ। ਜੇਲ੍ਹ ਵਿਚ ਉਸ ਦੀ ਜਾਨ ਨੂੰ ਖਤਰਾ ਹੈ।
ਜਗਦੀਸ਼ ਭੋਲਾ ਵੱਲੋਂ ਪੰਜਾਬ ਦੇ ਡਰੱਗ ਮਾਫੀਏ ਪਿੱਛੇ ਮਜੀਠੀਏ ਦਾ ਹੱਥ ਹੋਣ ਦਾ ਖੁਲਾਸਾ ਕਰਨ ਤੋਂ ਬਾਅਦ ਇਸ ਕੇਸ ਵਿਚ ਕਈ ਹੋਰ ਆਗੂ ਵੀ ਬੇਨਕਾਬ ਹੋ ਸਕਦੇ ਹਨ। ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ (ਜੇਲ੍ਹਾਂ) ਸ਼ਸ਼ੀ ਕਾਂਤ ਨੇ ਭੋਲੇ ਵਲੋਂ ਜਨਤਕ ਤੌਰ ‘ਤੇ ਸ਼ ਮਜੀਠੀਆ ਦਾ ਡਰੱਗ ਮਾਫੀਏ ਪਿੱਛੇ ਹੱਥ ਹੋਣ ਦਾ ਦੋਸ਼ ਲਾਉਣ ਤੋਂ ਬਾਅਦ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਵੱਖ-ਵੱਖ ਸਿਆਸੀ ਪਾਰਟੀਆਂ ਦੇ 12-13 ਆਗੂਆਂ ਤੇ ਪੁਲਿਸ ਅਧਿਕਾਰੀਆਂ ਦੇ ਨਾਂ ਹਨ ਜੋ ਪੰਜਾਬ ਵਿਚ ਡਰੱਗ ਮਾਫੀਏ ਦੀ ਸਰਪ੍ਰਸਤੀ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਹਾਈ ਕੋਰਟ ਨੇ ਇਜਾਜ਼ਤ ਦਿੱਤੀ ਤਾਂ ਇਸ ਕੇਸ ਦੀ 29 ਜਨਵਰੀ ਨੂੰ ਹੋ ਰਹੀ ਸੁਣਵਾਈ ਦੌਰਾਨ ਉਹ ਹਲਫ਼ਨਾਮੇ ਦੇ ਰੂਪ ਵਿਚ ਸਿਆਸੀ ਆਗੂਆਂ ਤੇ ਪੁਲਿਸ ਅਧਿਕਾਰੀਆਂ ਦੇ ਨਾਂ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਬਤੌਰ ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ (ਖੁਫ਼ੀਆ) ਉਨ੍ਹਾਂ ਨੇ ਡਰੱਗ ਮਾਫੀਆ ਨਾਲ ਜੁੜੇ ਕੁਝ ਸਿਆਸੀ ਆਗੂਆਂ ਬਾਰੇ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਰਿਪੋਰਟ ਸੌਂਪੀ ਸੀ ਜਿਸ ਵਿਚ ਉਸ ਵੇਲੇ ਦੇ ਕੁਝ ਮੰਤਰੀਆਂ ਅਤੇ ਮੌਜੂਦਾ ਤੇ ਸਾਬਕਾ ਵਿਧਾਇਕਾਂ ਦੇ ਵੀ ਨਾਂ ਸ਼ਾਮਲ ਸਨ। ਇਹ ਅਸਲ ਰਿਪੋਰਟ ਤਾਂ ਸਰਕਾਰ ਕੋਲ ਮੌਜੂਦ ਹੈ ਪਰ ਉਹ ਉਸੇ ਰਿਪੋਰਟ ਦੇ ਆਧਾਰ ‘ਤੇ ਡਰੱਗ ਮਾਫੀਆ ਨਾਲ ਜੁੜੇ ਲੋਕਾਂ ਦੀ ਸੂਚੀ ਹਾਈ ਕੋਰਟ ਨੂੰ ਸੌਂਪਣਗੇ। ਯਾਦ ਰਹੇ ਕਿ ਉਹ ਪਹਿਲਾਂ ਹੀ ਹਾਈ ਕੋਰਟ ਕੋਲ ਪਹੁੰਚ ਕਰ ਕੇ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀæਬੀæਆਈæ) ਹਵਾਲੇ ਕਰਨ ਦੀ ਮੰਗ ਕਰ ਚੁੱਕੇ ਹਨ।
——————————
ਜਗਦੀਸ਼ ਭੋਲਾ ਜਲੰਧਰ ਪੁਲਿਸ ਹਵਾਲੇ
ਜਲੰਧਰ: ਡਰਗ ਤਸਕਰੀ ਕੇਸ ਵਿਚ ਫਸੇ ਜਗਦੀਸ਼ ਭੋਲਾ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈਣ ਦੇ ਇਕ ਦਿਨ ਬਾਅਦ ਹੀ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚੋਂ ਪੁਲਿਸ ਹਿਰਾਸਤ ਵਿਚ ਲੈ ਆਂਦਾ ਗਿਆ। ਪੁਲਿਸ ਨੇ ਇਹ ਸਾਰੀ ਕਾਰਵਾਈ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਉਸ ਨੂੰ ਪਟਿਆਲਾ ਤੋਂ ਪ੍ਰੋਡਕਸ਼ਨ ਵਰੰਟ ‘ਤੇ ਲੈ ਕੇ ਆਈ। ਹੈਰਾਨੀ ਦੀ ਗੱਲ ਹੈ ਕਿ ਜਗਦੀਸ਼ ਭੋਲਾ ਵਿਰੁਧ ਜਲੰਧਰ ਪੁਲਿਸ ਕੋਲ ਕੋਈ ਵੀ ਕੇਸ ਨਹੀਂ ਹੈ, ਫਿਰ ਵੀ ਉਸ ਦਾ ਰਿਮਾਂਡ ਲਿਆ ਗਿਆ ਹੈ। ਭੋਲਾ ਨੂੰ ਜਲੰਧਰ ਲਿਆਉਣ ਬਾਰੇ ਕੋਈ ਵੀ ਪੁਲਿਸ ਅਫ਼ਸਰ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਸੀ।
——————————
ਪਰਵਾਸੀ ਭਾਰਤੀ ਗ੍ਰਿਫ਼ਤਾਰ
ਪਟਿਆਲਾ: ਪਟਿਆਲਾ ਪੁਲਿਸ ਨੇ ਛੇ ਹਜ਼ਾਰ ਕਰੋੜ ਰੁਪਏ ਦੀ ਸਿੰਥੈਟਿਕ ਡਰੱਗ ਦੀ ਕੌਮਾਂਤਰੀ ਪੱਧਰ ‘ਤੇ ਤਸਕਰੀ ਕਰਨ ‘ਤੇ ਆਧਾਰਤ ਇਕ ਹੋਰ ਵੱਡੇ ਕੇਸ ਦਾ ਪਰਦਾਫਾਸ਼ ਕਰਦਿਆਂ, ਕੈਨੇਡਾ ਦੇ ਵਸਨੀਕ ਦਵਿੰਦਰ ਸਿੰਘ ਦੇਵ ਨੂੰ ਕਾਬੂ ਕੀਤਾ ਹੈ। ਐਸ਼ਐਸ਼ਪੀæ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਦੇਵ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਿੱਲੀ ਦੇ ਕਰੋਲ ਬਾਗ ਖੇਤਰ ਦੀ ਇਕ ਕੁਆਲਿਟੀ ਫੂਡ ਕੰਪਨੀ ਦੇ ਪਰਮੋਦ ਟੋਨੀ ਸਮੇਤ ਸਮੁੰਦਰੀ ਜਹਾਜ਼ ਦੇ ਮਾਲਕ ਰਾਹੀਂ ਕੀਤੀ ਜਾਂਦੀ ਸੀ। ਉਸ ਨੇ ਜਗਦੀਸ਼ ਭੋਲਾ ਨੂੰ ਵੀ ਸਿੰਥੈਟਿਕ ਡਰੱਗ ਬਣਾਉਣ ਲਈ ਇਕ ਕੁਇੰਟਲ ਅਫੀਮ ਮੁਹੱਈਆ ਕਰਵਾਈ ਸੀ। ਦੇਵ ਨੂੰ ਅਦਾਲਤ ਨੇ 14 ਜਨਵਰੀ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ।
Leave a Reply