ਪੰਜਾਬ ਕਾਂਗਰਸ ਦੀਆਂ ਜੜ੍ਹ ‘ਚ ਬਹਿ ਗਈ ਬਗਾਵਤ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਕਾਂਗਰਸ ਦੇ ਪੁਨਰਗਠਨ ਮਗਰੋਂ ਸ਼ੁਰੂ ਹੋਈ ਬਗਾਵਤ ਨੇ ਪਾਰਟੀ ਦੇ ਅਕਸ ਨੂੰ ਮੁੜ ਢਾਹ ਲਾਈ ਹੈ ਤੇ ਹੇਠਲੇ ਪੱਧਰ ‘ਤੇ ਕੰਮ ਕਰ ਰਹੇ ਵਰਕਰ ਵੀ ਨਿਰਾਸ਼ ਹੋ ਰਹੇ ਹਨ। ਇਸ ਬਗਾਵਤ ਨੇ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ‘ਤੇ ਵੀ ਸਵਾਲ ਉਠਾਇਆ ਹੈ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਵਿਚ ਪਏ ਇਸ ਖਲਾਰੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਤੇ ਪਾਰਟੀ ਨੂੰ ਇਸ ਦਾ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਲੋਕ ਸਭਾ ਚੋਣਾਂ ਸਿਰ ਉਤੇ ਹੋਣ ਕਾਰਨ ਕਾਂਗਰਸ ਦੇ ਘਰ ਵਿਚ ਪਏ ਕਲੇਸ਼ ਤੋਂ ਅਕਾਲੀ ਕੱਛਾਂ ਵਜਾ ਰਹੇ ਹਨ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਮਗਰੋਂ ਕਾਂਗਰਸ ਹਾਈ ਕਮਾਨ ਦੀ ਪਾਰਟੀ ‘ਤੇ ਪਕੜ ਕਮਜ਼ੋਰ ਪਈ ਹੈ। ਇਸ ਗੱਲ ਦਾ ਸੰਕੇਤ ਕੇਂਦਰੀ ਨੇਤਾਵਾਂ ਦੀ ਘੁਰਕੀ ਮਗਰੋਂ ਵੀ ਪੰਜਾਬ ਦੇ ਕਾਂਗਰਸ ਆਗੂਆਂ ਵੱਲੋਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀ ਜਾਰੀ ਸੂਚੀ ਵਿਰੁੱਧ ਰੋਸ ਪ੍ਰਗਟ ਕਰਦਿਆਂ ਅਸਤੀਫਿਆਂ ਦੀ ਝੜੀ ਲਗਾਤਾਰ ਜਾਰੀ ਰਹਿਣ ਤੋਂ ਮਿਲਦਾ ਹੈ। ਪੰਜਾਬ ਦੇ ਇੰਚਾਰਜ ਅਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਡਾæ ਸੁਸ਼ੀਲ ਅਹਿਮਦ ਦੀ ਪਾਰਟੀ ਆਗੂਆਂ ਨੂੰ ਆਪਣੇ ਮਤਭੇਦ ਜਨਤਕ ਕਰਨ ਤੇ ਅਸਤੀਫ਼ੇ ਦੇਣ ਵਰਗੀਆਂ ਕਾਰਵਾਈਆਂ ਤੋਂ ਸੰਕੋਚ ਕਰਨ ਦੀ ਦਿੱਤੀ ਸਲਾਹ ਵੀ ਰੱਦ ਕਰ ਦਿੱਤੀ ਗਈ ਹੈ। ਡਾæ ਅਹਿਮਦ ਨੇ ਜ਼ਾਬਤਾ ਭੰਗ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਵੀ ਘੁਰਕੀ ਦਿੱਤੀ ਪਰ ਕਾਂਗਰਸ ਅੰਦਰ ਜਿਸ ਪੱਧਰ ਦੀ ਘਰੇਲੂ ਜੰਗ ਛਿੜੀ ਹੈ, ਮੁੱਕਣ ‘ਤੇ ਨਹੀਂ ਆ ਰਹੀ।
ਪਾਰਟੀ ਆਗੂਆਂ ਅੰਦਰ ਇਹ ਆਮ ਪ੍ਰਭਾਵ ਹੈ ਕਿ ਪਾਰਟੀ ਅਹੁਦੇਦਾਰਾਂ ਤੇ ਕਮੇਟੀ ਦੀ ਜਾਰੀ ਸੂਚੀ ਵਿਚ ਬਹੁਤੇ ਸੀਨੀਅਰ ਨੇਤਾਵਾਂ ਨੂੰ ਅੱਖੋਂ-ਪਰੋਖੇ ਕਰਨ ਕਾਰਨ ਹੀ ਪਾਰਟੀ ਅੰਦਰ ਰੋਸ ਤੇ ਵਿਰੋਧ ਦੀ ਇੰਨੀ ਵੱਡੀ ਲਹਿਰ ਪੈਦਾ ਹੋਈ ਹੈ। ਆਮ ਕਰ ਕੇ ਇਹ ਪ੍ਰਭਾਵ ਹੈ ਕਿ ਕੈਪਟਨ ਧੜੇ ਵੱਲੋਂ ਅਸਤੀਫ਼ਾ ਮੁਹਿੰਮ ਸ਼ ਬਾਜਵਾ ਦੀ ਪੁਜ਼ੀਸ਼ਨ ਖ਼ਰਾਬ ਕਰਨ ਲਈ ਚਲਾਈ ਸੋਚੀ-ਸਮਝੀ ਕਾਰਵਾਈ ਹੈ ਪਰ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਅਸਤੀਫ਼ਾ ਦੇਣ ਵਾਲੇ ਕਾਂਗਰਸ ਆਗੂਆਂ ਨੇ ਸ਼ ਬਾਜਵਾ ਦੀ ਅਗਵਾਈ ਵਿਚ ਆਪਣੇ ਹਲਕਿਆਂ ਵਿਚ ਗੱਜ-ਵੱਜ ਕੇ ਰੈਲੀਆਂ ਕਰਵਾਈਆਂ ਸਨ ਪਰ ਸ਼ ਬਾਜਵਾ ਇਨ੍ਹਾਂ ਆਗੂਆਂ ਨੂੰ ਆਪਣੇ ਨਾਲ ਰੱਖਣ ਵਿਚ ਅਸਮਰਥ ਰਹੇ।
ਅਸਲ ਵਿਚ ਪ੍ਰਦੇਸ਼ ਕਾਂਗਰਸ ਵਿਚ ਏਕਤਾ ਹੋਣੀ ਤਾਂ ਦੂਰ ਦੀ ਗੱਲ, ਇਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਹੀ ਇਕਸੁਰ ਨਹੀਂ ਹੋ ਸਕੇ।
ਅਸਲ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸੰਕਟ ਉਸ ਵੇਲੇ ਗੰਭੀਰ ਹੋ ਗਿਆ ਸੀ ਜਦੋਂ ਪਿਛਲੇ ਸਾਲ ਹਾਈ ਕਮਾਨ ਵੱਲੋਂ ਕੈਪਟਨ ਨੂੰ ਛਾਂਗ ਕੇ ਸ਼ ਬਾਜਵਾ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਸੀ। ਸ਼ ਬਾਜਵਾ ਦੇ 23 ਮਾਰਚ ਨੂੰ ਪੰਜਾਬ ਇਕਾਈ ਦਾ ਅਹੁਦਾ ਸਾਂਭਦਿਆਂ ਹੀ ਕੈਪਟਨ ਨੇ ‘ਲੰਚ ਸਿਆਸਤ’ ਰਾਹੀਂ ਆਪਣੀ ਵੱਖਰੀ ਹੋਂਦ ਦਾ ਮੁਜ਼ਾਹਰਾ ਕਰ ਦਿੱਤਾ ਸੀ। ਦੂਜੇ ਪਾਸੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਵੀ ਸ਼ ਬਾਜਵਾ ਨਾਲ ਕਦੇ ਇਕਸੁਰ ਨਜ਼ਰ ਨਹੀਂ ਹੋਏ। ਸੰਗਰੂਰ ਵਿਚ ਕਾਂਗਰਸ ਦੀ ਰੈਲੀ ਦੌਰਾਨ ਸ਼ ਬਾਜਵਾ ਅਤੇ ਕੈਪਟਨ ਵਲੋਂ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਹੀ ਸਟੇਜ ਉਪਰ ਇਕ-ਦੂਜੇ ਨਾਲ ਮਿਹਣੋ-ਮਿਹਣੀ ਹੋਣ ਕਾਰਨ ਕਾਂਗਰਸੀ ਵਰਕਰਾਂ ਦੇ ਹੌਸਲੇ ਪਸਤ ਹੋ ਗਏ ਸਨ। ਕਾਂਗਰਸ ਦੇ ਆਮ ਵਰਕਰ ਭਾਵੇਂ ਅਕਾਲੀ ਦਲ-ਭਾਜਪਾ ਤੋਂ ਸਤੇ ਹੋਣ ਕਾਰਨ ਆਪਣੇ ਆਗੂਆਂ ਨੂੰ ਇਕ ਹੋਇਆ ਦੇਖਣਾ ਚਾਹੁੰਦੇ ਹਨ, ਪਰ ਪਾਰਟੀ ਵਿਚ ਪਿਆ ਰੱਫੜ ਦਿਨ-ਬਦਿਨ ਵਧ ਰਿਹਾ ਹੈ। ਪਾਰਟੀ ਦੇ ਮੁੱਖ ਆਗੂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਣਕਿਆਸੀ ਹਾਰ ਪਿਛੋਂ ਪਾਰਟੀ ਦੀ ਖੁਰੀ ਸਾਖ ਬਚਾਉਣ ਦੀ ਥਾਂ ਆਪੋ-ਆਪਣੀ ਭੱਲ ਬਣਾਉਣ ਤੱਕ ਹੀ ਸੀਮਤ ਰਹੇ ਹਨ।
ਉਧਰ, ਕਈ ਆਗੂਆਂ ਵੱਲੋਂ ਅਹੁਦਿਆਂ ਤੋਂ ਅਸਤੀਫੇ ਦੇਣ ਮਗਰੋਂ ਕਾਂਗਰਸ ਹਾਈਕਮਾਨ ਨੇ ਅਜਿਹੀਆਂ ਸਾਰੀਆਂ ਸ਼ਿਕਾਇਤਾਂ ‘ਤੇ ਨਜ਼ਰਸਾਨੀ ਕਰਨ ਲਈ ਪੰਜਾਬ ਤੋਂ ਸੰਸਦ ਮੈਂਬਰ ਤੇ ਕਾਂਗਰਸ ਦੀ ਕੌਮੀ ਕਾਰਜਕਾਰਨੀ ਕਮੇਟੀ ਲਈ ਵਿਸ਼ੇਸ਼ ਮੈਂਬਰ ਮਹਿੰਦਰ ਸਿੰਘ ਕੇæਪੀæ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਬਣਾਈ ਹੈ। ਇਸ ਕਮੇਟੀ ਵਿਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਲਾਲ ਸਿੰਘ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਡਾæ ਮਾਲਤੀ ਥਾਪਰ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਕੇæਐਲ਼ ਸ਼ਰਮਾ ਨੂੰ ਮੈਂਬਰਾਂ ਵਜੋਂ ਲਿਆ ਗਿਆ ਹੈ। ਹਾਈ ਕਮਾਨ ਦੇ ਹੁਕਮ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਕਮੇਟੀ ਪ੍ਰਦੇਸ਼ ਕਾਂਗਰਸ ਦੇ ਪੁਨਰਗਠਨ ਬਾਰੇ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਡਾæ ਅਹਿਮਦ ਨੂੰ ਪੇਸ਼ ਕਰੇਗੀ ਜੋ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਮਸ਼ਵਰੇ ਨਾਲ ਆਉਂਦੇ ਇਕ ਮਹੀਨੇ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਇਸ ਪਾਰਟੀ ਵਿਵਾਦ ਬਾਰੇ ਆਪਣੀਆਂ ਸਿਫਾਰਸ਼ਾਂ ਪੇਸ਼ ਕਰਨਗੇ।
ਇਹ ਚਰਚਾ ਵੀ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਹਰੀਸ਼ ਚੌਧਰੀ ਚੰਡੀਗੜ੍ਹ ਆ ਰਹੇ ਹਨ। ਸ੍ਰੀ ਚੌਧਰੀ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਅਤਿ ਨਜ਼ਦੀਕੀਆਂ ਵਿਚੋਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਚਾਰ ਮੈਂਬਰੀ ਕਮੇਟੀ ਦੇ ਗਠਨ ਨਾਲ ਪ੍ਰਦੇਸ਼ ਕਾਂਗਰਸ ਵਿਚੋਂ ਉਠ ਰਹੀ ਬਗਾਵਤ ਇਕ ਵਾਰ ਮੱਠੀ ਪੈ ਜਾਵੇਗੀ ਕਿਉਂਕਿ ਕਮੇਟੀ ਵਿਚ ਸ਼ਾਮਲ ਕੀਤੇ ਗਏ ਮੈਂਬਰਾਂ ‘ਤੇ ਵੀ ਬਾਗੀਆਂ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਕਿਉਂਕਿ ਸ੍ਰੀਮਤੀ ਮਾਲਤੀ ਥਾਪਰ ਖੁੱਲ੍ਹੇ ਤੌਰ ‘ਤੇ ਹੀ ਨਵੀਂ ਕਮੇਟੀ ਦਾ ਵਿਰੋਧ ਕਰ ਚੁੱਕੇ ਹਨ ਜਦੋਂਕਿ ਸ੍ਰੀ ਮਹਿੰਦਰ ਸਿੰਘ ਕੇæਪੀæ ਤੇ ਸ਼ ਲਾਲ ਸਿੰਘ ਵੀ ਇਸ ਕਮੇਟੀ ਦੇ ਗਠਨ ਤੋਂ ਖੁਸ਼ ਨਹੀਂ।
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨਵਨਿਯੁਕਤ 137 ਅਹੁਦੇਦਾਰਾਂ ਦੀ ਚੰਡੀਗੜ੍ਹ ਵਿਚ ਹੋਈ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਕੁੱਲ ਮਿਲਾ ਕੇ ਬਲ ਮਿਲਿਆ ਸੀ। ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਜਿਥੇ ਸ਼ ਬਾਜਵਾ ਦੀ ਅਗਵਾਈ ਵਿਚ ਵਿਸ਼ਵਾਸ ਪ੍ਰਗਟ ਕੀਤਾ ਗਿਆ, ਉਥੇ ਹਾਈ ਕਮਾਨ ਵੱਲੋਂ ਪੰਜਾਬ ਇਕਾਈ ਦੀ ਬਣਾਈ ਨਵੀਂ ਟੀਮ ਦੇ ਵੀ ਹੱਕ ਵਿਚ ਵੀ ਮਤਾ ਪਾਸ ਕੀਤਾ। ਇਸ ਮੀਟਿੰਗ ਵਿਚ 61 ਸਕੱਤਰਾਂ ਵਿਚੋਂ 49, 14 ਮੀਤ ਪ੍ਰਧਾਨਾਂ ਵਿਚੋਂ 12, ਤੇ 34 ਜਨਰਲ ਸਕੱਤਰਾਂ ਵਿਚੋਂ 3 ਜਨਰਲ ਸਕੱਤਰ ਸ਼ਾਮਲ ਨਹੀਂ ਹੋਏ। ਸਮੂਹ 27 ਜ਼ਿਲ੍ਹਾ ਕਾਂਗਰਸ ਪ੍ਰਧਾਨ ਮੀਟਿੰਗ ਵਿਚ ਸ਼ਾਮਲ ਸਨ। ਉਂਜ ਇਹ ਚਰਚਾ ਜਾਰੀ ਹੈ ਕਿ ਸ਼ ਬਾਜਵਾ ਦੀ ਅਸਲ ਪ੍ਰੀਖਿਆ 148 ਮੈਂਬਰੀ ਸੂਬਾ ਕਾਰਜਕਾਰਨੀ ਕਮੇਟੀ ਤੇ 34 ਮੈਂਬਰੀ ਸਪੈਸ਼ਲ ਇਨਵਾਈਟੀਜ਼ ਕਮੇਟੀ ਨਾਲ ਸਿੱਝਣ ਮੌਕੇ ਹੋਵੇਗੀ। ਇਨ੍ਹਾਂ ਕਮੇਟੀਆਂ ਵਿਚਲੇ ਮੈਂਬਰਾਂ ਨੇ ਹੀ ਵੱਡੇ ਪੱਧਰ ‘ਤੇ ਬਾਗੀ ਸੁਰਾਂ ਚੁੱਕੀਆਂ ਹਨ ਤੇ ਸ਼ ਬਾਜਵਾ ਨੇ ਇਨ੍ਹਾਂ ਕਮੇਟੀਆਂ ਦੀ ਵੱਖਰੇ ਤੌਰ ‘ਤੇ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਹੈ। ਸਪੈਸ਼ਲ ਇਨਵਾਈਟੀਜ਼ ਕਮੇਟੀ ਵਿਚ ਕੈਪਟਨ ਅਮਰਿੰਦਰ ਸਿੰਘ, ਰਾਜਿੰਦਰ ਕੌਰ ਭੱਠਲ, ਮਹਿੰਦਰ ਸਿੰਘ ਕੇਪੀ, ਅਸ਼ਵਨੀ ਕੁਮਾਰ, ਪਰਨੀਤ ਕੌਰ, ਲਾਲ ਸਿੰਘ, ਸੁਨੀਲ ਜਾਖੜ, ਜਗਮੀਤ ਸਿੰਘ ਬਰਾੜ ਜਿਹੇ ਮੁੱਖ ਆਗੂ ਸ਼ਾਮਲ ਹਨ।

Be the first to comment

Leave a Reply

Your email address will not be published.