ਚੰਡੀਗੜ੍ਹ: ਦਿੱਲੀ ਵਿਚ ਨਵੀਂ ਸਰਕਾਰ ਦਾ ਗਠਨ ਹੁੰਦਿਆਂ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਿਜਲੀ ਕੰਪਨੀਆਂ ਦਾ ਆਡਿਟ ਕਰਵਾਏ ਜਾਣ ‘ਤੇ ਤਾਂ ਹਾਲੇ ਅਮਲ ਸ਼ੁਰੂ ਹੋਣਾ ਹੈ ਪਰ ਆਪਣੇ-ਆਪ ਨੂੰ ਵਾਧੂ ਬਿਜਲੀ ਵਾਲੇ ਸੂਬੇ ਦੇ ਉਪ ਮੁੱਖ ਮੰਤਰੀ ਹੋਣ ਦਾ ਦਾਅਵਾ ਕਰਨ ਵਾਲੇ ਸ਼ ਸੁਖਬੀਰ ਸਿੰਘ ਬਿਜਲੀ ਦਰਾਂ ਦੇ ਦਿੱਲੀ ਨਾਲੋਂ ਵੀ ਕਿਤੇ ਉੱਚਾ ਹੋਣ ਨੂੰ ਲੈ ਕੇ ਸ਼ਾਇਦ ਅੰਕੜਿਆਂ ਤੋਂ ਜਾਣੂ ਨਹੀਂ। ਇਹੀ ਨਹੀਂ ਥਰਮਲ ਪਲਾਂਟ ਸਥਾਪਤ ਕਰਨ ਦੇ ਬਾਵਜੂਦ ਪੰਜਾਬ ਦਾ ਆਮ ਖਪਤਕਾਰ ਮਹਿੰਗੇ ਬਿਜਲੀ ਬਿੱਲਾਂ ਦੇ ਭਰ ਥੱਲੇ ਦੱਬਿਆ ਹੋਇਆ ਹੈ।
ਇਸ ਬਾਰੇ ਪੰਜਾਬ ਤੇ ਦਿੱਲੀ ਵਿਚ ਵਸੂਲੀਆਂ ਜਾ ਰਹੀਆਂ ਬਿਜਲੀ ਦਰਾਂ ਦਾ ਅਧਿਐਨ ਕਰਨ ‘ਤੇ ਸਾਹਮਣੇ ਆਏ ਅੰਕੜਿਆਂ ਅਨੁਸਾਰ ਵਾਧੂ ਬਿਜਲੀ ਵਾਲੇ ਰਾਜ ਵਜੋਂ ਉਭਾਰੇ ਜਾ ਰਹੇ ਪੰਜਾਬ ਪ੍ਰਾਂਤ ਦੇ ਲੋਕਾਂ ਕੋਲੋਂ ਦਿੱਲੀ ਨਾਲੋਂ 3æ087 ਗੁਣਾ ਵਧ ਬਿਜਲੀ ਦਰਾਂ ਵਸੂਲੀਆਂ ਜਾ ਰਹੀਆਂ ਹਨ। ਜੇਕਰ ਸਿਰਫ਼ ਵੰਡੇ ਜਾਂਦੇ ਬਿਜਲੀ ਬਿੱਲਾਂ ਦੇ ਅਧਾਰ ‘ਤੇ ਹੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਘਰੇਲੂ ਮੰਤਵ ਲਈ 100 ਯੂਨਿਟਾਂ ਤੱਕ ਬਿਜਲੀ ਦਰ 4æ56 ਰੁ: ਪ੍ਰਤੀ ਯੂਨਿਟ ਹੈ। 100 ਤੋਂ 300 ਯੂਨਿਟਾਂ ਤੱਕ ਇਹ ਦਰ 6æ02 ਪ੍ਰਤੀ ਯੂਨਿਟ ਹੈ ਤੇ 300 ਤੋਂ ਜ਼ਿਆਦਾ ਯੂਨਿਟਾਂ ਲਈ ਇਹ ਦਰ 6æ44 ਰੁ: ਪ੍ਰਤੀ ਯੂਨਿਟ ਹੈ। ਦਿੱਲੀ ਵਿਚ ਘਰੇਲੂ ਖਪਤਕਾਰ ਪਹਿਲੇ 200 ਯੂਨਿਟਾਂ ਤੱਕ ਪਹਿਲਾਂ 2æ70 ਰੁ: ਪ੍ਰਤੀ ਯੂਨਿਟ ਦਰ ਦੇ ਹਿਸਾਬ ਨਾਲ ਬਿੱਲ ਦੇ ਰਿਹਾ ਸੀ। 201 ਤੋਂ 400 ਯੂਨਿਟ ਤੱਕ ਪੰਜ ਰੁ: ਪ੍ਰਤੀ ਯੂਨਿਟ ਤੇ 401 ਤੋਂ 800 ਯੂਨਿਟਾਂ ਤੱਕ 6æ80 ਰੁ: ਪ੍ਰਤੀ ਯੂਨਿਟ ਬਿੱਲ ਦੇ ਰਿਹਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਘਰੇਲੂ ਉਪਭੋਗਤਾਵਾਂ ਨੂੰ 200 ਯੂਨਿਟਾਂ ਤੱਕ 1æ95 ਰੁ: ਪ੍ਰਤੀ ਯੂਨਿਟ ਤੇ 201 ਤੋਂ 400 ਯੂਨਿਟਾਂ ਤੱਕ 2æ90 ਰੁ: ਪ੍ਰਤੀ ਯੂਨਿਟ ਬਿਜਲੀ ਦਰਾਂ ਦੇਣੀਆਂ ਪੈਣਗੀਆਂ।
ਜੇਕਰ ਇਨ੍ਹਾਂ ਦਰਾਂ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਪੰਜਾਬ ਵਿਚ 101 ਤੋਂ 200 ਯੂਨਿਟਾਂ ਤੱਕ ਬਿਜਲੀ ਵਰਤਣ ਵਾਲੇ ਉਪਭੋਗਤਾ 6æ02 ਪ੍ਰਤੀ ਯੂਨਿਟ ਬਿਜਲੀ ਦਰ ਦੇ ਰਹੇ ਹਨ ਪਰ ਦਿੱਲੀ ਵਿਚ ਇਸ ਸ਼੍ਰੇਣੀ ਵਾਲੇ ਉਪਭੋਗਤਾ ਸਿਰਫ਼ 1æ95 ਰੁ: ਪ੍ਰਤੀ ਯੂਨਿਟ ਦਰ ਦੇ ਹਿਸਾਬ ਨਾਲ ਬਿੱਲ ਦੇਣਗੇ। ਨਾਲ ਹੀ ਪੰਜਾਬ ਵਿਚ 301 ਤੋਂ 400 ਯੂਨਿਟ ਤੱਕ ਬਿਜਲੀ ਵਰਤਣ ਵਾਲੇ ਉਪਭੋਗਤਾ 6æ44 ਰੁ: ਪ੍ਰਤੀ ਯੂਨਿਟ ਦਰ ਦੇ ਹਿਸਾਬ ਨਾਲ ਬਿੱਲ ਦੇ ਰਹੇ ਹਨ ਜਦਕਿ ਦਿੱਲੀ ਵਿਚ ਇਸ ਸ਼੍ਰੇਣੀ ਵਾਲੇ ਉਪਭੋਗਤਾ ਸਿਰਫ਼ 2æ90 ਰੁ: ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਦੇਣਗੇ।
ਇਥੇ ਹੀ ਬੱਸ ਨਹੀਂ ਪੰਜਾਬ ਦੇ ਵਿਚ ਬਿਜਲੀ ਦੀ ਕੁੱਲ ਵਰਤੋਂ ‘ਤੇ 13 ਫੀਸਦੀ ਬਿਜਲੀ ਕਰ ਵੀ ਦੇ ਰਿਹਾ ਹੈ ਤੇ ਨਾਲ ਹੀ 16 ਰੁ: ਮੀਟਰ ਰੈਂਟ, ਤੇ 10 ਰੁ: ਸਰਵਿਸ ਚਾਰਜ ਵੀ ਦੇਣੇ ਪੈਂਦੇ ਹਨ। ਦੂਜੇ ਪਾਸੇ ਪੰਜਾਬ ਦੇ ਵਿਚ ਪ੍ਰਤੀ ਵਿਅਕਤੀ ਆਮਦਨ ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ ਦੇ ਅੱਧ ਤੋਂ ਵੀ ਘੱਟ ਹੈ ਕਿਉਂਕਿ ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ ਦੋ ਲੱਖ ਰੁਪਏ ਤੋਂ ਜ਼ਿਆਦਾ ਹੈ ਜਦਕਿ ਪੰਜਾਬ ਵਿਚ ਪ੍ਰਤੀ ਵਿਅਕਤੀ ਆਮਦਨ ਇਕ ਲੱਖ ਰੁਪਏ ਤੋਂ ਘੱਟ ਹੈ।
ਜੇਕਰ ਅੱਧੀ ਪ੍ਰਤੀ ਵਿਅਕਤੀ ਆਮਦਨ ਵਾਲੇ ਨਾਗਰਿਕ, ਦੁੱਗਣੀ ਪ੍ਰਤੀ ਵਿਅਕਤੀ ਆਮਦਨ ਵਾਲੇ ਨਾਗਰਿਕਾਂ ਨਾਲੋਂ ਤਿੰਨ ਗੁਣਾ ਬਿਜਲੀ ਦੀਆਂ ਦਰਾਂ ਦੇ ਰਹੇ ਹਨ, ਫਿਰ ਇਹ ਪੰਜਾਬੀਆਂ ਨਾਲ ਬਹੁਤ ਵੱਡਾ ਵਿਤਕਰਾ ਹੈ। ਇਸ ਬਾਰੇ ਆਰæਟੀæਆਈ ਕਾਰਕੁਨ ਐਡਵੋਕੇਟ ਦਿਨੇਸ਼ ਚੱਢਾ ਨੇ ਪੰਜਾਬ ਦੇ ਰਾਜਪਾਲ ਕੋਲੋਂ ਇਸ ਮਾਮਲੇ ਵਿਚ ਫ਼ੌਰੀ ਦਖ਼ਲ ਦਿੱਤਾ ਜਾਣ ਦੀ ਮੰਗ ਕਰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਾ ਸੋਸ਼ਲ ਆਡਿਟ ਕੀਤਾ ਜਾਣ ਤੇ ਨਾਲ ਹੀ ਘਰਾਂ ਤੋਂ ਬਾਹਰ ਕੱਢ ਕੇ ਗਰੁੱਪਾਂ ਵਿਚ ਲਾਏ ਨਵੇਂ ਮੀਟਰਾਂ ਦੀ ਕਿਸੇ ਲੈਬਾਰਟਰੀ ਤੋਂ ਪੜਤਾਲ ਕਰਵਾਏ ਜਾਣ ਦੀ ਮੰਗ ਕੀਤੀ ਹੈ।
Leave a Reply