ਚੰਡੀਗੜ੍ਹ: ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਘੱਟੋ-ਘੱਟ ਪੰਜ ਗੇੜ ਰੱਖੇ ਜਾਣਗੇ ਤੇ ਸੰਕੇਤ ਮਿਲੇ ਹਨ ਕਿ ਅੱਧ ਅਪਰੈਲ ਤੋਂ ਇਸ ਦੀ ਸ਼ੁਰੂਆਤ ਕਰਕੇ ਮਈ ਦੇ ਪਹਿਲੇ ਹਫਤੇ ਕੰਮ ਨਬੇੜ ਲਿਆ ਜਾਵੇਗਾ। ਕਮਿਸ਼ਨ ਦੇ ਆਹਲਾ-ਮਿਆਰੀ ਸੂਤਰਾਂ ਨੇ ਦੱਸਿਆ ਕਿ ਫਰਵਰੀ ਦੇ ਅਖ਼ੀਰ ਜਾਂ ਮਾਰਚ ਦੇ ਸ਼ੁਰੂ ਵਿਚ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ ਤੇ ਇਸ ਦਿਸ਼ਾ ਵਿਚ ਕੰਮ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ।
ਲੋਕ ਸਭਾ ਚੋਣਾਂ ਦੇ ਨਾਲ-ਨਾਲ ਆਂਧਰਾ ਪ੍ਰਦੇਸ਼, ਉੜੀਸਾ ਤੇ ਸਿੱਕਮ ਵਿਚ ਵਿਧਾਨ ਸਭਾਈ ਚੋਣਾਂ ਵੀ ਕਰਾਈਆਂ ਜਾਣਗੀਆਂ। ਸੂਤਰਾਂ ਅਨੁਸਾਰ ਚੋਣ ਪ੍ਰੋਗਰਾਮ ਦਾ ਐਲਾਨ ਫਰਵਰੀ ਦੇ ਅੰਤਲੇ ਜਾਂ ਮਾਰਚ ਦੇ ਪਹਿਲੇ ਦੋ-ਤਿੰਨ ਦਿਨਾਂ ਵਿਚ ਕਰ ਦਿੱਤਾ ਜਾਵੇਗਾ। ਚੋਣਾਂ ਦੇ ਐਲਾਨ ਤੋਂ ਪਹਿਲਾਂ ਲੋਕ ਸਭਾ ਦਾ ਘੱਟੋ-ਘੱਟ ਇਕ ਸੈਸ਼ਨ ਹੋ ਸਕਦਾ ਹੈ ਤਾਂ ਕਿ ਮਾਲੀ ਸਾਲ 2014-15 ਦੇ ਛੇ ਮਹੀਨਿਆਂ ਦੇ ਖਰਚ ਲਈ ਬਜਟ ਪਾਸ ਕੀਤਾ ਜਾ ਸਕੇ ਤੇ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਨੂੰ ਮੁਕੰਮਲ ਬਜਟ ਪੇਸ਼ ਕਰਨ ਦਾ ਮੌਕਾ ਮਿਲ ਸਕੇ।
ਚੋਣ ਕਮਿਸ਼ਨ ਵੱਲੋਂ ਚੋਣਾਂ ਲਈ ਮਤਦਾਨ ਕੇਂਦਰਾਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਦੇਸ਼ ਭਰ ਵਿਚ ਤਕਰਬੀਨ ਅੱਠ ਲੱਖ ਮਤਦਾਨ ਕੇਂਦਰ ਕਾਇਮ ਕੀਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ਤਕਰੀਬਨ 12 ਲੱਖ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਰਤੀਆਂ ਜਾਣਗੀਆਂ ਤੇ ਅੱਧ ਫਰਵਰੀ ਤੱਕ ਤਕਰੀਬਨ 2æ5 ਲੱਖ ਨਵੀਆਂ ਈæਵੀæਐਮਜ਼ ਆਉਣਗੀਆਂ ਜਿਨ੍ਹਾਂ ਲਈ ਵੱਖ-ਵੱਖ ਸਰਕਾਰੀ ਮਾਲਕੀ ਦੀਆਂ ਕੰਪਨੀਆਂ ਨੂੰ ਆਰਡਰ ਦਿੱਤੇ ਜਾ ਚੁੱਕੇ ਹਨ। ਪਿਛਲੀ ਵਾਰ ਲੋਕ ਸਭਾ ਚੋਣਾਂ 16 ਅਪਰੈਲ ਤੋਂ 13 ਮਈ ਤੱਕ ਪੰਜ ਗੇੜਾਂ ਵਿਚ ਕਰਵਾਈਆਂ ਗਈਆਂ ਸਨ ਤੇ ਵੋਟਾਂ ਦੀ ਗਿਣਤੀ 16 ਮਈ 2009 ਨੂੰ ਹੋਈ ਸੀ। ਪਿਛਲੀਆਂ ਲੋਕ ਸਭਾ ਚੋਣਾਂ ਦਾ ਐਲਾਨ 2 ਮਾਰਚ, 2009 ਨੂੰ ਕੀਤਾ ਗਿਆ ਸੀ।
ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਪੇਸ਼ਬੰਦੀਆਂ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਸੰਸਦ ਦਾ ਇਕ ਸੰਖੇਪ ਸੈਸ਼ਨ ਵੀ ਬੁਲਾਇਆ ਜਾ ਸਕਦਾ ਹੈ। ਚਲੰਤ ਲੋਕ ਸਭਾ ਦੀ ਮਿਆਦ 1 ਜੂਨ ਨੂੰ ਖ਼ਤਮ ਹੋ ਜਾਵੇਗੀ ਤੇ ਨਵੇਂ ਸਦਨ ਦਾ 31 ਮਈ ਤਕ ਗਠਨ ਕਰਨਾ ਪਵੇਗਾ। ਚੋਣ ਕਮਿਸ਼ਨ ਵੱਲੋਂ ਇਸ ਮੁੱਦੇ ‘ਤੇ ਗੌਰ ਕੀਤੀ ਜਾ ਰਹੀ ਹੈ ਕਿ ਕੀ ਚੋਣਾਂ ਪੰਜ ਗੇੜਾਂ ਵਿਚ ਹੀ ਕਰਾਈਆਂ ਜਾਣ ਜਾਂ ਫਿਰ ਇਕ ਗੇੜ ਦਾ ਵਾਧਾ ਕਰ ਲਿਆ ਜਾਵੇ।
ਨਵੀਆਂ ਵੋਟਾਂ ਦਾ ਅਮਲ ਪੂਰਾ ਹੋਣ ਤੋਂ ਬਾਅਦ ਚੋਣਾਂ ਲਈ ਤਕਰੀਬਨ 80 ਕਰੋੜ ਵੋਟਰ ਹੋਣ ਦਾ ਅਨੁਮਾਨ ਹੈ। ਸੂਤਰਾਂ ਮੁਤਾਬਕ ਇਸ ਮਹੀਨੇ ਦੇ ਅੰਤ ਤਕ ਵੋਟਰ ਸੂਚੀਆਂ ਜਾਰੀ ਕਰ ਦਿੱਤੀਆਂ ਜਾਣਗੀਆਂ ਤੇ ਇਨ੍ਹਾਂ ਦੀ ਅੰਤਮ ਪੁਣਛਾਣ ਦਾ ਕੰਮ ਚੱਲ ਰਿਹਾ ਹੈ। ਇਸ ਵਾਰ ਲੋਕ ਸਭਾ ਚੋਣਾਂ ਨੂੰ ਸਿਆਸੀ ਪਾਰਟੀਆਂ ਤੋਂ ਇਲਾਵਾ ਆਮ ਲੋਕ ਵੀ ਬੜੀ ਦਿਲਚਸਪੀ ਨਾਲ ਲੈ ਰਹੇ ਹਨ। ਸਿਆਸੀ ਵਿਸ਼ਲੇਸ਼ਕਾਂ ਦੀਆਂ ਕਿਆਸਅਰਾਈਆਂ ਹਨ ਕਿ ਐਤਕੀਂ ਕਿਸੇ ਵੀ ਧਿਰ ਨੂੰ ਬਹੁਮਤ ਨਹੀਂ ਮਿਲ ਸਕੇਗੀ ਤੇ ਸਰਕਾਰ ਬਣਾਉਣ ਵਿੱਚ ਸਾਰੀਆਂ ਧਿਰਾਂ ਨੂੰ ਮੁਸ਼ੱਕਤ ਕਰਨੀ ਪੈ ਸਕਦੀ ਹੈ।
ਇਸ ਤੋਂ ਇਲਾਵਾ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਵੀ ਕੌਮੀ ਸਿਆਸਤ ਵਿਚ ਹਲਚਲ ਮਚਾਈ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਜਿੱਤ ਵਾਲਾ ਵਰਤਾਰਾ ਕੌਮੀ ਪੱਧਰ ਉਤੇ ਵੀ ਕਾਮਯਾਬ ਰਿਹਾ ਤਾਂ ਦੇਸ਼ ਦੀ ਸਿਆਸਤ ਵਿਚ ਤਿੱਖਾ ਮੋੜ ਵੀ ਆ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਐਤਕੀਂ ਖੇਤਰੀ ਪਾਰਟੀਆਂ ਦਾ ਵੀ ਇਨ੍ਹਾਂ ਚੋਣਾਂ ਵਿਚ ਅਹਿਮ ਰੋਲ ਹੋਵੇਗਾ। ਇਸ ਵੇਲੇ ਦੇਸ਼ ਦੇ ਕਈ ਸੂਬਿਆਂ ਵਿਚ ਖੇਤਰੀ ਪਾਰਟੀਆਂ ਸਰਕਾਰਾਂ ਚਲਾ ਰਹੀਆਂ ਹਨ।
Leave a Reply