ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਲਈ ਕਰਨੀ ਪਏਗੀ ਲੰਮੀ ਉਡੀਕ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਤੇ ਦੁੱਖ ਭੰਜਨੀ ਬੇਰੀ ਆਦਿ ਥਾਵਾਂ ‘ਤੇ ਸ੍ਰੀ ਅਖੰਡ ਕਰਾਉਣ ਲਈ ਸੰਗਤਾਂ ਲਈ ਪੰਜ ਤੋਂ 10 ਸਾਲ ਲੰਮੀ ਉਡੀਕ ਸੂਚੀ ਹੈ। ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਅਹਿਮ ਥਾਵਾਂ ‘ਤੇ ਅਖੰਡ ਪਾਠ ਕਰਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ। ਕਈ ਸ਼ਰਧਾਲੂਆਂ ਵੱਲੋਂ ਤਾਂ ਅਖੰਡ ਪਾਠ ਕਰਾਉਣ ਲਈ ਪੱਕੇ ਤੌਰ ‘ਤੇ ਲੋੜੀਂਦੀ ਰਕਮ ਦੀਆਂ ਐਫ਼ਡੀਜ਼ ਬਣਵਾ ਕੇ ਸ਼੍ਰੋਮਣੀ ਕਮੇਟੀ ਨੂੰ ਸੌਂਪੀਆਂ ਹੋਈਆਂ ਹਨ ਜਿਸ ਤੋਂ ਆਉਣ ਵਾਲੇ ਵਿਆਜ ਦੀ ਰਕਮ ਨਾਲ ਉਨ੍ਹਾਂ ਸ਼ਰਧਾਲੂਆਂ ਦੇ ਹਰ ਸਾਲ ਅਖੰਡ ਪਾਠ ਦੀ ਲੜੀ ਚਲਦੀ ਰਹਿੰਦੀ ਹੈ।

ਅਖੰਡ ਪਾਠ ਕਰਾਉਣ ਦੇ ਇਛੁੱਕ ਸ਼ਰਧਾਲੂਆਂ ਦੀ ਗਿਣਤੀ ਵਿਚ ਹੋਏ ਵਾਧੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਅਖੰਡ ਪਾਠ ਰੱਖਣ ਲਈ ਕਮਰਿਆਂ ਦੀ ਗਿਣਤੀ ਵੀ ਵਧਾਈ ਗਈ ਹੈ ਪਰ ਇਹ ਗਿਣਤੀ ਵੀ ਥੋੜ੍ਹੀ ਪੈ ਰਹੀ ਹੈ। ਇਸ ਵੇਲੇ ਇਥੇ ਸਮੂਹ ਵਿਚ 65 ਥਾਵਾਂ ਉਤੇ ਅਖੰਡ ਪਾਠ ਪ੍ਰਕਾਸ਼ ਹੈ ਪਰ ਵਧੇਰੇ ਸੰਗਤਾਂ ਦੀ ਇੱਛਾ ਹਰਿ ਕੀ ਪਉੜੀ, ਦੁੱਖ ਭੰਜਨੀ ਬੇਰੀ, ਸ੍ਰੀ ਹਰਿਮੰਦਰ ਸਾਹਿਬ ਦੇ ਗੁੰਬਦ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਕਰਾਉਣ ਦੀ ਹੁੰਦੀ ਹੈ ਜਿਸ ਕਰਕੇ ਇਨ੍ਹਾਂ ਥਾਵਾਂ ‘ਤੇ ਉਡੀਕ ਸੂਚੀ ਪੰਜ ਸਾਲ ਤੋਂ ਵੱਧ ਹੈ।ਹਰਿ ਕੀ ਪਉੜੀ ਵਿਖੇ ਤਾਂ ਪਿਛਲੇ ਅੱਠ ਸਾਲਾਂ ਤੋਂ ਨਵੇਂ ਅਖੰਡ ਪਾਠ ਬੁੱਕ ਕਰਨ ਦਾ ਸਿਲਸਿਲਾ ਬੰਦ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ 2017 ਤੋਂ ਬਾਅਦ ਹੀ ਕਿਸੇ ਦੀ ਵਾਰੀ ਆਵੇਗੀ। ਇਸੇ ਤਰ੍ਹਾਂ ਹਰਿ ਕੀ ਪਉੜੀ ਵਿਖੇ ਵੀ 2022 ਤਕ ਅਖੰਡ ਪਾਠਾਂ ਦੀ ਬੁਕਿੰਗ ਹੋ ਚੁੱਕੀ ਹੈ। ਇਸੇ ਤਰ੍ਹਾਂ ਗੁੰਬਦ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਚਾਰ ਤੋਂ ਪੰਜ ਸਾਲ ਦੀ ਉਡੀਕ ਸੂਚੀ ਹੈ। ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਕਈ ਸ਼ਰਧਾਲੂਆਂ ਵੱਲੋਂ ਪੱਕੇ ਤੌਰ ‘ਤੇ ਹੀ ਅਖੰਡ ਪਾਠ ਬੁੱਕ ਕਰਾਏ ਹੋਏ ਹਨ ਜਿਸ ਤਹਿਤ ਉਨ੍ਹਾਂ ਦੇ ਹਰ ਸਾਲ ਅਖੰਡ ਪਾਠ ਦੀ ਲੜੀ ਚਲਦੀ ਰਹਿੰਦੀ ਹੈ। ਅਜਿਹੇ ਸ਼ਰਧਾਲੂਆਂ ਵੱਲੋਂ ਅਖੰਡ ਪਾਠ ਲਈ ਲੋੜੀਂਦੀ ਰਕਮ ਦੀ ਐਫ਼ਡੀæਇਥੇ ਪ੍ਰਬੰਧਕਾਂ ਨੂੰ ਸੌਂਪੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਅਖੰਡ ਪਾਠ ਦੀ ਭੇਟਾ 4500 ਰੁਪਏ ਹੋ ਗਈ ਹੈ ਜਿਸ ਕਾਰਨ ਕਈ ਸ਼ਰਧਾਲੂਆਂ ਦੀ ਐਫ਼ਡੀਜ਼ ਦੇ ਵਿਆਜ ਦੀ ਰਕਮ ਘਟ ਗਈ ਹੈ। ਅਜਿਹੇ ਸ਼ਰਧਾਲੂਆਂ ਦਾ ਪਹਿਲਾਂ ਬੁੱਕ ਕੀਤਾ ਅਖੰਡ ਪਾਠ ਹੁਣ ਦੋ ਸਾਲ ਬਾਅਦ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਜਦੋਂ ਅਖੰਡ ਪਾਠ ਦੀ ਤਰੀਕ ਖਾਲੀ ਹੁੰਦੀ ਹੈ ਤਾਂ ਇਨ੍ਹਾਂ ਅਹਿਮ ਥਾਵਾਂ ‘ਤੇ ਹੋਰ ਸ਼ਰਧਾਲੂਆਂ ਦੇ ਅਖੰਡ ਪਾਠ ਕਰਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਗੁਰੂ ਘਰ ਲਈ ਸਾਰੇ ਸ਼ਰਧਾਲੂ ਇਕ ਬਰਾਬਰ ਹਨ, ਇਸ ਲਈ ਕਿਸੇ ਵਿਅਕਤੀ ਵਿਸ਼ੇਸ਼ ਨੂੰ ਅਖੰਡ ਪਾਠ ਬੁੱਕ ਕਰਨ ਦੇ ਮਾਮਲੇ ਵਿਚ ਤਰਜੀਹ ਨਹੀਂ ਦਿੱਤੀ ਜਾਂਦੀ ਤੇ ਹਰੇਕ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਹਰਿ ਕੀ ਪਉੜੀ ਵਿਖੇ ਕਈ ਅਹਿਮ ਸ਼ਖਸੀਅਤਾਂ ਵੱਲੋਂ ਅਖੰਡ ਪਾਠ ਕਰਾਏ ਜਾਂਦੇ ਹਨ। ਇਨ੍ਹਾਂ ਵਿਚ ਉਘੇ ਕਲਾਕਾਰ ਅਮਿਤਾਬ ਬਚਨ ਦੀ ਬੇਟੀ ਸ਼ਵੇਤਾ ਨੰਦਾ ਤੇ ਰਿਸ਼ੀ ਕਪੂਰ, ਉਘੇ ਉਦਯੋਗਪਤੀ ਮੁਕੇਸ਼ ਅੰਬਾਨੀ, ਸੁਨੀਲ ਭਾਰਤੀ ਮਿੱਤਲ ਤੇ ਹੋਰ ਸ਼ਾਮਲ ਹਨ। ਮਿਲੇ ਵੇਰਵਿਆਂ ਅਨੁਸਾਰ ਉਡੀਕ ਸੂਚੀ ਵਿਚ ਵੀ ਕਈ ਅਹਿਮ ਸ਼ਖਸੀਅਤਾਂ ਦੇ ਨਾਂ ਸ਼ਾਮਲ ਹਨ।
____________________________________
ਪਿਛਲੇ ਅੱਠ ਸਾਲਾਂ ਤੋਂ ਬੁਕਿੰਗ ਬੰਦ
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਰਿ ਕੀ ਪਉੜੀ ਵਿਖੇ ਤਾਂ ਪਿਛਲੇ ਅੱਠ ਸਾਲਾਂ ਤੋਂ ਨਵੇਂ ਅਖੰਡ ਪਾਠ ਬੁੱਕ ਕਰਨੇ ਬੰਦ ਕੀਤੇ ਹੋਏ ਹਨ ਤੇ 2017 ਤੋਂ ਬਾਅਦ ਹੀ ਨਵੇਂ ਅਖੰਡ ਪਾਠ ਬੁੱਕ ਹੋਣਗੇ। ਹਰਿ ਕੀ ਪਉੜੀ ਵਿਖੇ ਅਖੰਡ ਪਾਠ ਦੀ ਬੁਕਿੰਗ ਨਾ ਹੋਣ ਕਾਰਨ ਹੁਣ ਵਧੇਰੇ ਸ਼ਰਧਾਲੂ ਦੁਖ ਭੰਜਨੀ ਬੇਰੀ ਵਿਖੇ ਅਖੰਡ ਪਾਠ ਕਰਾਉਣਾ ਚਾਹੁੰਦੇ ਹਨ। ਇਸੇ ਕਾਰਨ ਹੁਣ ਦੁੱਖ ਭੰਜਨੀ ਬੇਰੀ ਵਿਖੇ ਵੀ ਉਡੀਕ ਸੂਚੀ 2022 ਤਕ ਪੁੱਜ ਗਈ ਹੈ। ਇਸੇ ਤਰ੍ਹਾਂ ਹੋਰ ਥਾਵਾਂ ‘ਤੇ ਵੀ ਚਾਰ ਤੋਂ ਪੰਜ ਸਾਲ ਬਾਅਦ ਹੀ ਅਖੰਡ ਪਾਠ ਕਰਾਉਣ ਦੀ ਵਾਰੀ ਆਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਹਿਮ ਥਾਵਾਂ ‘ਤੇ ਨਵਾਂ ਅਖੰਡ ਪਾਠ ਉਸ ਸਥਿਤੀ ਵਿਚ ਹੀ ਬੁੱਕ ਕੀਤਾ ਜਾਂਦਾ ਹੈ ਜੇ ਕਿਸੇ ਕਾਰਨ ਪਹਿਲਾਂ ਬੁੱਕ ਕੀਤਾ ਹੋਇਆ ਅਖੰਡ ਪਾਠ ਨਾ ਹੋ ਸਕੇ।

Be the first to comment

Leave a Reply

Your email address will not be published.