ਅੰਮ੍ਰਿਤਸਰ: ਇਕ ਆਨਲਾਈਨ ਕੰਪਨੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਪਿੰਨੀ ਪ੍ਰਸ਼ਾਦ ਡਾਕ ਜਾਂ ਕੁਰੀਅਰ ਰਾਹੀਂ ਭੇਜਣ ਦੀ ਵਿਧੀ ਨੂੰ ਸਿੱਖ ਧਾਰਮਿਕ ਸ਼ਖ਼ਸੀਅਤਾਂ ਤੇ ਆਮ ਸ਼ਰਧਾਲੂਆਂ ਨੇ ਵੀ ਰੱਦ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ ਮਨਮਤ ਕਰਾਰ ਦਿੱਤਾ ਜਦੋਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਸ ਵਿਧੀ ਨੂੰ ਰੱਦ ਕਰ ਦਿੱਤਾ ਹੈ।
ਆਨਲਾਈਨ ਪ੍ਰਸਾਦ ਡਾਟ ਕਾਮ ਨਾਂ ਦੀ ਦੱਖਣੀ ਭਾਰਤ ਦੀ ਕੰਪਨੀ ਨੇ ਸ਼ਰਧਾਲੂਆਂ ਦੀ ਮੰਗ ‘ਤੇ ਪਿਛਲੇ ਤਿੰਨ ਮਹੀਨਿਆਂ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਪਿੰਨੀ ਪ੍ਰਸ਼ਾਦ ਭੇਜਣਾ ਸ਼ੁਰੂ ਕੀਤਾ ਸੀ। ਇਹ ਕੰਪਨੀ ਇਸ ਕੰਮ ਲਈ ਸ਼ਰਧਾਲੂ ਕੋਲੋਂ 501 ਤੇ 751 ਰੁਪਏ ਵਸੂਲੀ ਸੀ। 501 ਰੁਪਏ ਵਿਚ ਸ਼ਰਧਾਲੂ ਨੂੰ ਪਿੰਨੀ ਪ੍ਰਸ਼ਾਦ ਦੇ ਚਾਰ ਪੈਕੇਟ, ਕੰਘਾ, ਲੋਕਟ ਤੇ ਗੁਰੂ ਸਾਹਿਬ ਦੀਆਂ ਤਸਵੀਰਾਂ ਭੇਜੀਆਂ ਜਾਂਦੀਆਂ ਸਨ ਜਦੋਂਕਿ 751 ਰੁਪਏ ਵਿਚ ਇਸ ਸਮੱਗਰੀ ਤੋਂ ਇਲਾਵਾ ਅਸ਼ਟ ਧਾਤੂ ਦਾ ਇਕ ਕੜਾ ਸ਼ਾਮਲ ਹੈ।
ਇਹ ਸਾਰੀ ਸਮੱਗਰੀ ਕੰਪਨੀ ਵੱਲੋਂ ਵਿਸ਼ੇਸ਼ ਢੰਗ ਨਾਲ ਤਿਆਰ ਕੀਤੇ ਇਕ ਪੈਕੇਟ ਰਾਹੀਂ ਭਾਰਤ ਵਿਚ ਇਕ ਹਫ਼ਤੇ ਤੇ ਵਿਦੇਸ਼ਾਂ ਵਿਚ ਦੋ ਹਫ਼ਤਿਆਂ ਦੇ ਸਮੇਂ ਵਿਚ ਪੁੱਜਦਾ ਕੀਤੀ ਜਾਂਦੀ ਸੀ। ਇਸ ਕੰਪਨੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਹਿੰਦੂ ਧਰਮ ਦੇ ਤਕਰੀਬਨ 50 ਤੋਂ ਵਧ ਧਾਰਮਿਕ ਅਸਥਾਨਾਂ ਤੋਂ ਇਸੇ ਢੰਗ ਤਰੀਕੇ ਨਾਲ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਤੇ ਹੋਰ ਸਮੱਗਰੀ ਤੋਂ ਇਲਾਵਾ ਧਾਰਮਿਕ ਚਿੰਨ੍ਹ ਭੇਜੇ ਜਾ ਰਹੇ ਹਨ।
ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪ੍ਰਸ਼ਾਦ ਭੇਜਣ ਦੇ ਢੰਗ ਤਰੀਕੇ ਨੂੰ ਮਨਮਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਇਕ ਸੌਦਾ ਹੈ ਜਿਸ ਰਾਹੀਂ ਕੋਈ ਵਸਤੂ ਇਕ ਥਾਂ ਤੋਂ ਦੂਜੀ ਥਾਂ ਭੇਜੀ ਜਾ ਰਹੀ ਹੈ। ਇਸ ਢੰਗ ਨਾਲ ਭੇਜੇ ਗਏ ਪ੍ਰਸ਼ਾਦ ਦੀ ਕੋਈ ਅਹਿਮੀਅਤ ਨਹੀਂ ਰਹੇਗੀ ਤੇ ਸੰਗਤਾਂ ਨੂੰ ਇਸ ਢੰਗ ਤਰੀਕੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਦ ਉਹੀ ਹੈ ਜੋ ਕੋਈ ਵੀ ਸ਼ਰਧਾਲੂ ਖੁਦ ਗੁਰੂਘਰ ਨਤਮਸਤਕ ਹੋ ਕੇ ਪ੍ਰਾਪਤ ਕਰਦਾ ਹੈ ਤੇ ਜਿਸ ਨੂੰ ਉਹ ਪਰਿਵਾਰਕ ਮੈਂਬਰਾਂ ਤੇ ਹੋਰਾਂ ਲਈ ਲੈ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਡਾਕ ਜਾਂ ਕੁਰੀਅਰ ਰਾਹੀਂ ਭੇਜੇ ਗਏ ਪ੍ਰਸ਼ਾਦ ਦਾ ਮਾਣ-ਸਤਿਕਾਰ ਕਾਇਮ ਨਹੀਂ ਰਹਿ ਸਕਦਾ ਤੇ ਇਸ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੇਗੀ।
ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਤੇ ਸਿੱਖ ਵਿਦਵਾਨ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਪ੍ਰਸ਼ਾਦ ਦਾ ਸੰਕਲਪ ਖੁਦ ਹਾਜ਼ਰ ਹੋ ਕੇ ਤੇ ਨਿਉ ਕੇ ਗੁਰੂ ਦੀ ਕਿਰਪਾ ਪ੍ਰਾਪਤ ਕਰਨਾ ਹੈ। ਇਸ ਢੰਗ ਤਰੀਕੇ ਰਾਹੀਂ ਪ੍ਰਸ਼ਾਦ ਭੇਜਣ ਦਾ ਸਿੱਖ ਮਰਿਆਦਾ ਵਿਚ ਕੋਈ ਸੰਕਲਪ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਢੰਗ ਤਰੀਕਿਆਂ ਨੂੰ ਨਕਾਰਨਾ ਚਾਹੀਦਾ ਹੈ ਤੇ ਸਿੱਖ ਸੰਗਤ ਨੂੰ ਵੀ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਸਿਰਫ਼ ਕੜਾਹ ਪ੍ਰਸ਼ਾਦ ਦਾ ਹੀ ਸੰਕਲਪ ਹੈ। ਉਧਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਦਾ ਪਿੰਨੀ ਪ੍ਰਸ਼ਾਦ ਡਾਕ ਜਾਂ ਕੁਰੀਅਰ ਰਾਹੀਂ ਭੇਜਣ ਦੀ ਵਿਧੀ ਨੂੰ ਅਪ੍ਰਵਾਨ ਕਰਦਿਆਂ ਕਿਹਾ ਕਿ ਮਰਿਆਦਾ ਮੁਤਾਬਕ ਸ਼ਰਧਾਲੂ ਨੂੰ ਖੁਦ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਪ੍ਰਸ਼ਾਦ ਪ੍ਰਾਪਤ ਕਰਨਾ ਚਾਹੀਦਾ ਹੈ। ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਵੀ ਇਸ ਵਿਧੀ ਨੂੰ ਸਿੱਖ ਮਰਿਆਦਾ ਦੇ ਉਲਟ ਦੱਸਿਆ ਹੈ। ਉਨ੍ਹਾਂ ਤਾਂ ਦੂਰ ਬੈਠੇ ਸ਼ਰਧਾਲੂਆਂ ਵੱਲੋਂ ਖੁਦ ਹਾਜ਼ਰ ਹੋਏ ਬਿਨਾਂ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਅਖੰਡ ਪਾਠ ਕਰਾਉਣ ਦਾ ਵੀ ਵਿਰੋਧ ਕੀਤਾ ਹੈ।
Leave a Reply