ਟੰਗ ਔਫ ਦਿ ਬਟਰਫਲਾਈ

ਜਤਿੰਦਰ ਮੌਹਰ
ਫੋਨ: 91-97799-34747
‘ਟੰਗ ਔਫ ਦਿ ਬਟਰਫਲਾਈ’ ਸਪੇਨੀ ਫ਼ਿਲਮ ਹੈ ਜੋ 1999 ‘ਚ ਪਰਦਾਪੇਸ਼ ਹੋਈ ਸੀ। ਫ਼ਿਲਮ ਦੇ ਹਦਾਇਤਕਾਰ ਜੋਸ ਲੂਈਸ ਕੁਐਰਦਾ ਹਨ। ਫ਼ਿਲਮ ਦੀ ਕਹਾਣੀ ਦੇ ਦੋ ਮੁੱਖ ਪਾਤਰ ਹਨ। ਸੱਤ ਸਾਲਾਂ ਦਾ ਮੋਂਚੋ ਜਿਹਨੂੰ ਮਾਂ ਪਿਆਰ ਨਾਲ ‘ਚਿੜੀ’ ਕਹਿੰਦੀ ਹੈ। ਦੂਜਾ, ਡੌਨ ਗਰੇਗੋਰੀਉ ਜੋ ਮੁਕਾਮੀ ਸਕੂਲ ਵਿਚ ਅਧਿਆਪਕ ਹੈ।

  • ਸਕੂਲ ‘ਚ ਦਾਖ਼ਲ ਹੋਣ ਆਏ ਮੋਂਚੋ ਦੇ ਮਨ ‘ਚ ਸਕੂਲੀ ਅਧਿਆਪਕਾਂ ਦਾ ਡਰ ਬੈਠਿਆ ਹੋਇਆ ਹੈ ਪਰ ਗਰੇਗੋਰੀਉ ਦੇ ਰੂਪ ਵਿਚ ਉਹਨੂੰ ਚੰਗਾ ਅਧਿਆਪਕ ਮਿਲ ਜਾਂਦਾ ਹੈ। ਇਹ ਫ਼ਿਲਮ ਗਿਆਨ ਪਸਾਰੇ ਅਤੇ ਗੁਰੂ-ਚੇਲੇ ਦੀ ਰਵਾਇਤ ਨੂੰ ਜ਼ਿੰਮੇਵਾਰੀ ਅਤੇ ਸੰਵਾਦ ਦੇ ਹਵਾਲੇ ਨਾਲ ਬਿਆਨ ਕਰਦੀ ਹੈ। ਅਧਿਆਪਕ ਦਾ ਰਵੱਈਆ ਕਿੱਤੇ ਦੀਆਂ ਰਸਮੀ ਧਾਰਨਾਵਾਂ ਤੋਂ ਅੱਗੇ ਜਾ ਕੇ ਮਨੁੱਖੀ ਸੰਵੇਦਨਾ ਨਾਲ ਜੁੜਿਆ ਹੋਇਆ ਹੈ। ਗਿਆਨ ਵੰਡਣਾ ਉਹਦਾ ਕਿੱਤਾ ਤਾਂ ਹੈ ਪਰ ਮਨੁੱਖੀ ਸੰਵਾਦ ਦੀਆਂ ਬਾਰੀਕ ਤਹਿਆਂ ਨੂੰ ਉਹ ਬਰਾਬਰ ਤਵੱਜੋ ਦਿੰਦਾ ਹੈ। ਉਹ ਵਿਸ਼ਿਆਂ ਨੂੰ ਜ਼ਿੰਦਗੀ ਤੋਂ ਤੋੜ ਕੇ ਨਹੀਂ ਦੇਖਦਾ। ਉਹ ਹਰ ਵਿਸ਼ੇ ਦਾ ਦੂਜੇ ਨਾਲ ਰਿਸ਼ਤਾ ਸਮਝਦਾ ਹੈ। ਉਹ ਵਿਗਿਆਨ ਦਾ ਇਤਿਹਾਸ, ਸਮਾਜ ਵਿਗਿਆਨ ਅਤੇ ਫ਼ਲਸਫ਼ੇ ਨਾਲ ਰਿਸ਼ਤਾ ਬਿਠਾਉਂਦਾ ਹੈ। ਉਹਦੀ ਬੋਲੀ ਭਾਸ਼ਣੀ ਨਹੀਂ, ਸਗੋਂ ਸੰਵਾਦੀ ਹੈ। ਉਹ ਨਿੱਕੇ ਬਾਲ ਨੂੰ ਸੰਵਾਦ ਦਾ ਹਿੱਸਾ ਬਣਾਉਂਦਾ ਹੋਇਆ ਉਹਦੀ ਅਹਿਮੀਅਤ ਦਾ ਅਹਿਸਾਸ ਕਰਵਾਉਂਦਾ ਹੈ। ਜਮਾਤ ਵਿਚ ਰੌਲਾ ਪਾਉਂਦੇ ਬੱਚਿਆਂ ਨੂੰ ਉਹ ਝਿੜਕਦਾ ਨਹੀਂ ਸਗੋਂ ਆਪ ਚੁੱਪ ਹੋ ਕੇ ਖਿੜਕੀ ਤੋਂ ਬਾਹਰ ਦੇਖਣ ਲੱਗ ਪੈਂਦਾ ਹੈ। ਬੱਚੇ ਖੁਦ ਚੁੱਪ ਕਰ ਜਾਂਦੇ ਹਨ। ਚੁੱਪ ਡੌਨ ਗਰੇਗੋਰੀਉ ਦੇ ਸੁਭਾਅ ਦਾ ਹਿੱਸਾ ਹੈ। ਉਹ ਕਿਸੇ ਨਾਲ ਬੇਮਤਲਬ ਬਹਿਸ ਨਹੀਂ ਕਰਦਾ। ਸਿਆਸਤ, ਰੱਬ ਅਤੇ ਧਰਮ ਬਾਰੇ ਉਹ ਚਰਚਾ ਵਿਚ ਨਹੀਂ ਪੈਂਦਾ। ਬੱਚੇ ਨੂੰ ਇਨ੍ਹਾਂ ਧਾਰਨਾਵਾਂ ਬਾਰੇ ਸਮਝਾਉਣ ਵੇਲੇ ਵੀ ਉਹ ਅਪਣੀ ਸਮਝ ਥੋਪਦਾ ਨਹੀਂ ਹੈ, ਸਗੋਂ ਬੱਚੇ ਨੂੰ ਅਪਣੀ ਸਮਝ ਬਣਾਉਣ ਲਈ ਹੱਲਾਸ਼ੇਰੀ ਦਿੰਦਾ ਹੈ। ਬੱਚਾ ਬੰਦੇ ਦੇ ਮਰਨ ਤੋਂ ਬਾਅਦ ਸਵਰਗ-ਨਰਕ ਦੇ ਭੇਤਾਂ ਬਾਰੇ ਪੁੱਛਦਾ ਹੈ। ਅਧਿਆਪਕ ਆਪਣੇ ਵਿਚਾਰ ਦੇਣ ਤੋਂ ਪਹਿਲਾਂ ਬੱਚੇ ਤੋਂ ਉਹਦੇ ਮਾਂ-ਪਿਉ ਦੀ ਇਨ੍ਹਾਂ ਬਾਬਤ ਸਮਝ ਪੁੱਛਦਾ ਹੈ। ਬੱਚੇ ਦੀ ਮਾਂ ਦਾ ਮੰਨਣਾ ਹੈ ਕਿ ਚੰਗੇ ਲੋਕ ਸਵਰਗ ਜਾਂਦੇ ਹਨ ਅਤੇ ਬੁਰੇ ਨਰਕ ਵਿਚ। ਪਿਉ ਦਾ ਕਹਿਣਾ ਹੈ ਕਿ ਜੇ ਰੱਬੀ ਇਨਸਾਫ਼ ਦੀ ਕੋਈ ਕਚਹਿਰੀ ਹੁੰਦੀ ਤਾਂ ਅਮੀਰ ਲੋਕ ਆਪਣੇ ਵਕੀਲ ਉੱਥੇ ਪੱਕਾ ਲੈ ਜਾਂਦੇ। ਫਿਰ ਅਧਿਆਪਕ ਜੁਆਕ ਨੂੰ ਪੁੱਛਦਾ ਹੈ ਕਿ ਉਹ ਕੀ ਸੋਚਦਾ ਹੈ? ਬੱਚੇ ਦਾ ਕਹਿਣਾ ਹੈ ਕਿ ਉਹ ਸਾਰੀਆਂ ਗੱਲਾਂ ਸੁਣ ਕੇ ਡਰ ਜਾਂਦਾ ਹੈ। ਅਧਿਆਪਕ ਬੱਚੇ ਨੂੰ ਗੱਲ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਦਾ ਹੈ, “ਨਰਕ ਦੂਜੀ ਧਰਤੀ ‘ਤੇ ਨਹੀਂ ਹੈ æææ ਨਫ਼ਰਤ ਅਤੇ ਜ਼ੁਲਮ ਹੀ ਨਰਕ ਹੈ।” ਘਰੇਲੂ ਕਿਤਾਬਘਰ ਵਿਚੋਂ ਉਹ ਮੋਂਚੋ ਨੂੰ ਦੇਣ ਲਈ ਪਹਿਲਾਂ ਮਸ਼ਹੂਰ ਨਾਬਰ-ਚਿੰਤਕ ਪੀਟਰ ਕਰੂਪਟੋਕਿਨ ਦੀ ਕਿਤਾਬ ‘ਦਿ ਕਾਨਕੁਐਸਟ ਔਫ ਬਰੈਡ’ ਕੱਢਦਾ ਹੈ। ਫਿਰ ਉਹ ਬੱਚੇ ਦੀ ਉਮਰ ਦੇ ਲਿਹਾਜ਼ ਨਾਲ ‘ਟਰੈਜ਼ਰ ਆਈਲੈਂਡ’ ਪੜ੍ਹਨ ਲਈ ਦੇ ਦਿੰਦਾ ਹੈ। ਉਹ ਕਿਤਾਬਾਂ ਬਾਰੇ ਮੋਂਚੋ ਨੂੰ ਕਹਿੰਦਾ ਹੈ, “ਕਿਤਾਬਾਂ ਘਰ ਵਰਗੀਆਂ ਹੁੰਦੀਆਂ ਨੇ æææ ਇਨ੍ਹਾਂ ਵਿਚ ਸਾਡੇ ਸੁਪਨੇ ਪਨਾਹ ਲੈਂਦੇ ਹਨ ਤਾਂ ਕਿ ਉਹ ਮਰਨ ਲਈ ਨਾ ਜੰਮ ਜਾਣ।” ਜ਼ਾਬਤੇ ਬਾਰੇ ਅਤੇ ਪੜ੍ਹਾਉਣ ਦੇ ਰਸਮੀ ਤਰੀਕਿਆਂ ਬਾਬਤ ਵੱਖਰੀ ਸਮਝ ਕਰ ਕੇ ਅਧਿਆਪਕ ਪਿੰਡ ਦੇ ਕੁਝ ਲੋਕਾਂ ਦੇ ਸ਼ੱਕ ਦਾ ਕਾਰਨ ਬਣਿਆਂ ਰਹਿੰਦਾ ਹੈ।
    ਫ਼ਿਲਮ ਮਨੁੱਖ ‘ਤੇ ਪਾਏ ਜਾਂਦੇ ਦਾਬੇ ਦੀਆਂ ਬਾਰੀਕ ਤਹਿਆਂ ਨੂੰ ਉਜਾਗਰ ਕਰਦੀ ਹੈ। ਇਹ ਦਾਬਾ ਪਰਿਵਾਰ ਤੋਂ ਲੈ ਕੇ ਸਟੇਟ ਤੱਕ ਕਿਸੇ ਦਾ ਵੀ ਹੋ ਸਕਦਾ ਹੈ ਜੋ ਬੰਦੇ ਦੀ ਆਜ਼ਾਦ ਸੋਚ ਅਤੇ ਗਲ ਤੱਕ ਡੁੱਬ ਕੇ ਜ਼ਿੰਦਗੀ ਜਿਉਣ ਦੀ ਇੱਛਾ ਨੂੰ ਕਾਂਬਾ ਛੇੜਦਾ ਰਹਿੰਦਾ ਹੈ। ਡੌਨ ਗਰੇਗੋਰੀਉ ਸਿੱਧੇ-ਅਸਿੱਧੇ ਰੂਪ ‘ਚ ਮੋਂਚੋ ਨੂੰ ਸਿਖਾਉਂਦਾ ਹੋਇਆ ਦਾਬੇ ਦੇ ਰੂਪਾਂ ਨੂੰ ਹੀ ਉਘਾੜ ਰਿਹਾ ਹੈ। ਫ਼ਿਲਮ ਮਨੁੱਖੀ ਸੁਭਾਅ ਦੀਆਂ ਵੱਖਰੀਆਂ ਤੰਦਾਂ ਨੂੰ ਧੁਰ ਅੰਦਰ ਤੱਕ ਪੇਸ਼ ਕਰਦੀ ਹੈ। ਮੋਂਚੋ ਦੇ ਪਿਉ ਦੇ ਦੂਜਾ ਵਿਆਹ ਤੋਂ ਇੱਕ ਧੀ ਹੈ ਜਿਹਦੇ ਬਾਰੇ ਪਿਉ ਨੇ ਕਦੇ ਨਹੀਂ ਦੱਸਿਆ। ਕੁੜੀ ਇਕੱਲੀ ਮਾਂ ਨਾਲ ਰਹਿੰਦੀ ਹੈ। ਕੁੜੀ ਨੂੰ ਪਾਲਤੂ ਕੁੱਤੇ ਨਾਲ ਅੰਤਾਂ ਦਾ ਪਿਆਰ ਹੈ। ਕੁੜੀ ਦੇ ਆਸ਼ਕ ਨੂੰ ਕੁੱਤੇ ਨਾਲ ਨਫ਼ਰਤ ਹੈ। ਉਹ ਕੁੱਤੇ ਨੂੰ ਕਬਾਬ ਵਿਚ ਹੱਡੀ ਸਮਝਦਾ ਹੈ ਪਰ ਕੁੜੀ ਕੁੱਤੇ ਨਾਲ ਮਾੜਾ ਵਰਤਾਉ ਬਰਦਾਸ਼ਤ ਨਹੀਂ ਕਰਦੀ। ਆਸ਼ਕ ਕੁੱਤੇ ਨੂੰ ਮਾਰ ਦਿੰਦਾ ਹੈ। ਕੁੱਤੇ ਦੀ ਮੌਤ ਦੋਹਾਂ ਦੇ ਰਿਸ਼ਤੇ ਦਾ ਅੰਤ ਹੈ। ਮੋਂਚੋ ਦਾ ਭਰਾ ਸੈਕਸੋਫੋਨ ਵਜਾਉਂਦਾ ਹੈ ਅਤੇ ਚੀਨੀ ਕੁੜੀ ਨਾਲ ਵਿਆਹ ਕਰਵਾਉਣਾ ਲੋਚਦਾ ਹੈ। ਦੂਜੇ ਪਿੰਡ ਵਿਚ ਸਬੱਬੀ ਮਿਲੀ ਚੀਨੀ ਕੁੜੀ ਨੂੰ ਉਹ ਤੋਂ ਤਿੱਗਣੀ ਉਮਰ ਦੇ ਬੰਦੇ ਨੇ ਜਬਰੀ ਘਰਵਾਲੀ ਬਣਾਇਆ ਹੋਇਆ ਹੈ। ਕੁੜੀ ਮੋਂਚੋ ਦੇ ਭਰਾ ਨੂੰ ਚਾਹੁੰਦੀ ਹੈ ਪਰ ਉਹਦੇ ਨਾਲ ਜਾਣ ਦਾ ਹੌਸਲਾ ਨਹੀਂ ਕਰ ਪਾਉਂਦੀ। ਪਿੰਡ ਵਿਚ ਰਾਤ ਨੂੰ ਹੋ ਰਹੇ ਸਮਾਗਮ ਵਿਚ ਕੁੜੀ ਨੂੰ ਦੇਖ ਕੇ ਭਰਾ ਸੈਕਸੋਫੋਨ ਵਜਾਉਂਦਾ ਹੈ। ਪੇਸ਼ ਕੀਤਾ ਗਿਆ ਸੰਗੀਤ ਅਤੇ ਦ੍ਰਿਸ਼ ਮਾਰਮਿਕ ਹਨ ਜੋ ਬਿਨਾਂ ਕਿਸੇ ਸੰਵਾਦ ਦੇ ਤ੍ਰਾਸਦੀ ਨੂੰ ਸਿਖਰ ‘ਤੇ ਲੈ ਜਾਂਦੇ ਹਨ। ਕੁੜੀ ਦਾ ਘਰਵਾਲਾ ਉਹਨੂੰ ਘੜੀਸਦਾ ਹੋਇਆ ਸਮਾਗਮ ਤੋਂ ਬਾਹਰ ਲਿਜਾ ਰਿਹਾ ਹੈ।æææ
    ਆਮ ਤੌਰ ‘ਤੇ ਚੁੱਪ ਰਹਿਣ ਵਾਲਾ ਡੌਨ ਗਰੇਗੋਰੀਉ ਸਕੂਲ ਵਿਚ ਆਪਣੇ ਵਿਦਾਇਗੀ ਸਮਾਗਮ ‘ਚ ਜੋ ਬੋਲਦਾ ਹੈ, ਉਹ ਉਹਦੀ ਸੋਚ ਅਤੇ ਵਿਚਾਰਧਾਰਾ ਦਾ ਮੂਲ ਹਨ। ਉਹ ਸਕੂਲ ਵਿਚ ਅਪਣੇ ਆਖ਼ਰੀ ਦਿਨ ਕਹਿੰਦਾ ਹੈ, “ਬੇਸ਼ੱਕ ਡਾਢਿਆਂ ਨੇ ਕਦੇ ਨਿਮਾਣਿਆਂ ਅਤੇ ਨਿਤਾਣਿਆਂ ਦੇ ਸੰਗੀ ਨਹੀਂ ਬਣਨਾ ਪਰ ਇੱਕ ਗੱਲ ਦਾਅਵੇ ਨਾਲ ਕਹਿੰਦਾ ਹਾਂ ਕਿ ਸਪੇਨ ਦੀ ਇੱਕ ਪੀੜ੍ਹੀ ਨੂੰ ਖੁੱਲ੍ਹ ਕੇ ਬੜੇ ਹੋਣ ਦੀ ਆਗਿਆ ਦੇ ਕੇ ਦੇਖੋ æææ ਸਿਰਫ਼ ਇੱਕ ਪੀੜ੍ਹੀ ਨੂੰ æææ ਮੁੜ ਕੇ ਉਨ੍ਹਾਂ ਤੋਂ ਇਹ ਆਜ਼ਾਦੀ ਕੋਈ ਵਾਪਸ ਨਹੀਂ ਲੈ ਸਕੇਗਾ। ਉਨ੍ਹਾਂ ਤੋਂ ਇਹ ਖ਼ਜ਼ਾਨਾ ਕੋਈ ਨਹੀਂ ਖੋਹ ਸਕੇਗਾ।”
    ਫ਼ਿਲਮ ਦੀ ਕਹਾਣੀ ਉਨ੍ਹਾਂ ਸਮਿਆਂ ਦੀ ਹੈ ਜਦੋਂ ਸਪੇਨ ਖ਼ਾਨਾਜੰਗੀ ਦੇ ਕੰਢੇ ਸੀ। ਫ਼ਿਲਮ ਦਾ ਅੰਤ ਖ਼ਾਨਾਜੰਗੀ ਸ਼ੁਰੂ ਹੋਣ ਨਾਲ ਹੁੰਦਾ ਹੈ। ਸੱਜੇਪੱਖੀ ਤਾਨਾਸ਼ਾਹ ਜਨਰਲ ਫਰੈਂਕੋ ਦੇ ਫ਼ੌਜੀ ਮੋਂਚੋ ਦੇ ਪਿੰਡ ‘ਤੇ ਕਾਬਜ਼ ਹੋ ਚੁੱਕੇ ਹਨ। ਉਹ ਪਿੰਡ ਵਾਸੀਆਂ ‘ਚੋਂ ਫ਼ਾਸ਼ੀਵਾਦ ਦੇ ਵਿਰੋਧੀਆਂ ਨੂੰ ਪਛਾਣ ਕੇ ਗ੍ਰਿਫ਼ਤਾਰ ਕਰ ਰਹੇ ਹਨ। ਪਿੰਡ ਦੇ ਬਹੁਤੇ ਲੋਕ ਜਾਨ ਬਚਾਉਣ ਲਈ ਆਪਣੇ-ਆਪ ਨੂੰ ਫਰੈਂਕੋ ਪੱਖੀ ਸਾਬਤ ਕਰਨ ‘ਚ ਲੱਗੇ ਹੋਏ ਹਨ। ਮੋਂਚੋ ਦਾ ਪਿਉ ਫਰੈਂਕੋ-ਵਿਰੋਧੀ ਸੀ ਪਰ ਹਾਲਾਤ ਨੂੰ ਦੇਖਦੇ ਹੋਏ ਉਹ ਘਰਵਾਲੀ ਦੇ ਮਨਾਉਣ ‘ਤੇ ਫ਼ਾਸ਼ੀਵਾਦੀਆਂ ਦੇ ਹੱਕ ਵਿਚ ਹੋ ਜਾਂਦਾ ਹੈ। ਪਿੰਡ ਦੀ ਸੱਥ ਵਿਚ ਵੱਡੀ ਭੀੜ ਇਕੱਠੀ ਕੀਤੀ ਗਈ ਹੈ ਜੋ ਫੜੇ ਗਏ ਜੀਆਂ ਨੂੰ ਗਾਲ੍ਹਾਂ ਕੱਢ ਕੇ ਅਪਣੀ ਦੇਸ਼ ਭਗਤੀ ਸਾਬਤ ਕਰ ਰਹੀ ਹੈ। ਫ਼ੌਜੀ ਕੈਦੀਆਂ ਨੂੰ ਮਾਰਨ ਲਈ ਲਿਜਾ ਰਹੇ ਹਨ। ‘ਗ਼ੱਦਾਰ, ਸੁਰਖੇ, ਸੁਰਖ ਕੁੱਤੇ ਅਤੇ ਨਾਸਤਿਕ’ ਵਰਗੇ ਬੋਲਿਆਂ ਨਾਲ ਭੀੜ ਕੈਦੀਆਂ ਨੂੰ ਸੰਬੋਧਿਤ ਹੋ ਰਹੀ ਹੈ। ‘ਨਾਸਤਿਕ ਨਾਸਤਿਕ’ ਚੀਖ ਰਹੀ ਮੋਂਚੋ ਦੀ ਮਾਂ ਉਹਦੇ ਪਿਉ ਨੂੰ ਨਾਅਰੇ ਮਾਰਨ ਲਈ ਮਜਬੂਰ ਕਰਦੀ ਹੈ। ਮੋਂਚੋ ਦਾ ਪਿਉ ਵੀ ਨਾਸਤਿਕ ਹੈ। ਮਰਨ ਲਈ ਜਾ ਰਹੇ ਜੀਆਂ ਦੀ ਕਤਾਰ ਵਿਚ ਸਭ ਤੋਂ ਆਖਰ ‘ਚ ਡੌਨ ਗਰੇਗੋਰੀਉ ਹੈ। ਮੋਂਚੋ ਦਾ ਪਰਿਵਾਰ ਡੌਨ ਨੂੰ ਦੇਖ ਕੇ ਸੁੰਨ ਰਹਿ ਜਾਂਦਾ ਹੈ। ਪਰਿਵਾਰ ਦੀ ਨਜ਼ਰ ਵਿਚ ਉਹ ਨਫ਼ੀਸ ਅਤੇ ਖ਼ੂਬਸੂਰਤ ਮਨੁੱਖ ਹੈ ਪਰ ਟੱਬਰ ਦੀ ਸਲਾਮਤੀ ਲਈ ਮਾਂ ਡੌਨ ਦੇ ਨੇੜੇ ਆਉਂਦੇ ਸਾਰ ‘ਨਾਬਰ, ਸੁਰਖੇ’ ਵਰਗੇ ਸ਼ਬਦ ਚੀਕਣਾ ਸ਼ੁਰੂ ਕਰ ਦਿੰਦੇ ਹਨ। ਮਾਂ ਮੋਂਚੋ ਅਤੇ ਉਹਦੇ ਪਿਉ ਨੂੰ ਵੀ ਨਾਅਰੇ ਲਾਉਣ ਲਈ ਕਹਿੰਦੀ ਹੈ। ਪਿਉ ਅਣਮੰਨੇ ਦਿਲ ਨਾਲ ਅਤੇ ਰੋਂਦਾ ਹੋਇਆ ਡੌਨ ਨੂੰ ‘ਗ਼ੱਦਾਰ’ ਕਹਿ ਰਿਹਾ ਹੈ। ਮੋਂਚੋ ਵੀ ਇਸੇ ਤਰ੍ਹਾਂ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੰਦਾ ਹੈ। ਫ਼ੌਜੀਆਂ ਨੇ ਗੱਡੀ ਤੋਰ ਲਈ ਹੈ। ਮੋਂਚੋ ਗੱਡੀ ਦੇ ਪਿੱਛੇ ਭੱਜਿਆ ਜਾਂਦਾ ਆਪਣੇ ਅਧਿਆਪਕ ਦੇ ਵੱਟੇ ਮਾਰ ਰਿਹਾ ਹੈ। ਉਹ ਅਧਿਆਪਕ ਜੋ ਬੱਚੇ ਦਾ ਸਭ ਤੋਂ ਚੰਗਾ ਦੋਸਤ, ਮਹਾਨ ਉਸਤਾਦ ਅਤੇ ਖ਼ੂਬਸੂਰਤ ਮਨੁੱਖ ਹੈ, ਉਹਦਾ ਕਸੂਰ ਸਿਰਫ਼ ਨਾਬਰ ਹੋਣਾ ਹੈ ਜੋ ਮਨੁੱਖ ਨੂੰ ਹਰ ਦਾਬੇ ਤੋਂ ਮੁਕਤ ਕਰਨ ਦੀ ਗੱਲ ਕਰਦਾ ਹੈ।

  • Be the first to comment

    Leave a Reply

    Your email address will not be published.