ਪੰਜਾਬ ਟਾਈਮਜ਼ ਦਾ ਸਫਰ

ਇਸ ਅੰਕ ਨਾਲ ਪੰਜਾਬ ਟਾਈਮਜ਼ 15ਵੇਂ ਵਰ੍ਹੇ ਵਿਚ ਦਾਖਲ ਹੋ ਗਿਆ ਹੈ। ਕਰੀਬ ਡੇਢ ਦਹਾਕਾ ਪਹਿਲਾਂ ਜਦੋਂ ਇਸ ਪਰਚੇ ਦਾ ਸੁਪਨਾ ਲਿਆ ਸੀ ਤਾਂ ਚਿਤ-ਚੇਤਾ ਵੀ ਨਹੀਂ ਸੀ ਕਿ ਸੀਮਤ ਜਿਹੇ ਸਾਧਨਾਂ ਅਤੇ ਗਿਣਤੀ ਦੇ ਸਾਥੀਆਂ ਨਾਲ ਇੰਨਾ ਲੰਮਾ ਪੈਂਡਾ ਮਾਰ ਲਵਾਂਗੇ। ਹੁਣ ਸਨੇਹੀਆਂ ਦੀ ਵਧ ਰਹੀ ਗਿਣਤੀ ਅਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਨੇ ਤਸੱਲੀ ਕਰਵਾ ਦਿੱਤੀ ਹੈ ਕਿ ਇਹ ਸਫਰ ਸੱਚਮੁੱਚ ਇਕੱਲਿਆਂ ਦਾ ਨਹੀਂ ਸੀ, ਇਸ ਵਿਚ ਹਰ ਉਹ ਮਾਈ-ਭਾਈ ਸ਼ਾਮਲ ਹੈ ਜਿਸ ਨੇ ਆਪਣੀ ਜ਼ਿੰਦਗੀ ਵਿਚ ਹਰ ਕਦਮ ਅਗਾਂਹ ਭਰਨ ਦਾ ਜੇਰਾ ਕੀਤਾ ਹੈ। ਇਸ ਜੇਰੇ ਵਿਚ ਉਹ ਤਾਂਘ ਅਤੇ ਤੜਫ ਪੂਰੇ ਜਲੌਅ ਨਾਲ ਸ਼ਾਮਲ ਰਹੀ ਹੈ ਜੋ ਬੰਦੇ ਨੂੰ ਸਦਾ ਹੀ ਨਵੇਂ ਪੈਂਡਿਆਂ ਵੱਲ ਘੱਲਦੀ ਰਹੀ ਹੈ। ਇਸ ਜਲੌਅ ਵਿਚ ਉਹ ਮਿਸ਼ਨਰੀ ਭਾਵਨਾ ਵੀ ਮੁੱਖ ਰੂਪ ਵਿਚ ਸ਼ਾਮਲ ਰਹੀ ਹੈ ਜਿਸ ਦੀਆਂ ਤੰਦਾਂ ਲੋਕਾਈ ਦੇ ਮਸਲਿਆਂ ਨਾਲ ਬਹੁਤ ਪੀਡੀਆਂ ਜੁੜੀਆਂ ਹੋਈਆਂ ਹਨ। ਜਦੋਂ ਇਹ ਸਫਰ ਸ਼ੁਰੂ ਹੋਇਆ ਸੀ, ਉਦੋਂ ਤੇ ਉਸ ਤੋਂ ਕਿੰਨਾ ਸਮਾਂ ਬਾਅਦ ਤੱਕ ਵੀ, ਪਰਚਿਆਂ ਦੀ ਗਿਣਤੀ ਸੀਮਤ ਜਿਹੀ ਸੀ। ਹੁਣ ਇਹ ਗਿਣਤੀ ਲਗਾਤਾਰ ਵਧ ਰਹੀ ਹੈ, ਕਸਬ ਦੇ ਹਿਸਾਬ ਅਤੇ ਪੰਜਾਬੀ ਭਾਈਚਾਰੇ ਦੇ ਕੋਣ ਤੋਂ ਵੀ ਇਹ ਬਹੁਤ ਚੰਗੀ ਗੱਲ ਹੈ ਪਰ ਪੱਤਰਕਾਰੀ ਦਾ ਇਹ ਪੂਰ ਜਿਸ ਢੰਗ ਨਾਲ ਨਫੇ-ਨੁਕਸਾਨ ਨੂੰ ਸਭ ਤੋਂ ਅਗਾਂਹ ਰੱਖ ਕੇ ਚੱਲ ਰਿਹਾ ਹੈ, ਉਸ ਨੇ ਕੁਝ ਕੁ ਸ਼ੰਕੇ ਜ਼ਰੂਰ ਖੜ੍ਹੇ ਕੀਤੇ ਹਨ। ਇਹ ਸਰੋਕਾਰ ਕੋਈ ਨਿਜੀ ਨਹੀਂ, ਸਗੋਂ ਇਹ ਸਮੂਹ ਪੰਜਾਬੀ ਭਾਈਚਾਰੇ ਨਾਲ ਜੁੜੇ ਹੋਏ ਹਨ; ਜਿਸ ਨੇ ਕਰੀਬ ਇਕ ਸਦੀ ਪਹਿਲਾਂ ਅਮਰੀਕਾ ਦੀ ਧਰਤੀ ‘ਤੇ ਆ ਕੇ ਬਹੁਤ ਵਿਸ਼ਾਲ ਸੁਪਨਾ ਦੇਖਿਆ ਅਤੇ ਉਸ ਨੂੰ ਸੱਚ ਕਰਨ ਲਈ ਜਾਨਾਂ ਤਕ ਹੂਲ ਦਿੱਤੀਆਂ। ਸੱਚ! ਇਹ ਜ਼ਿਕਰ ਉਨ੍ਹਾਂ ਗਦਰੀਆਂ ਦਾ ਹੈ ਜਿਨ੍ਹਾਂ ਨੇ ਗੁਲਾਮੀ ਦੇ ਸੰਗਲ ਵੱਢਣ ਲਈ ਮਿਸਾਲੀ ਕੁਰਬਾਨੀਆਂ ਕੀਤੀਆਂ। ਗਦਰੀਆਂ ਦੇ ਘੋਲਾਂ ਦੀ ਇਹ ਗੂੰਜ ਅੱਜ ਇਕ ਸਦੀ ਬਾਅਦ ਵੀ ਇਸੇ ਕਰ ਕੇ ਪੈ ਰਹੀ ਹੈ ਕਿ ਉਨ੍ਹਾਂ ਨੇ ਨਿਜੀ ਹਿਤਾਂ ਤੋਂ ਉਪਰ ਉਠ ਕੇ ਸਰਬੱਤ ਦੇ ਭਲੇ ਦੀ ਗੱਲ ਤੋਰੀ ਸੀ। ਇਸ ਖਾਤਰ ਲੰਮੀ ਲੜਾਈ ਵਿਚ ਉਨ੍ਹਾਂ ਨੇ ਵਿਚਾਰਾਂ ਦੇ ਪ੍ਰਸਾਰ ਤੇ ਪ੍ਰਚਾਰ ਨੂੰ ਅਹਿਮ ਮੰਨਦਿਆਂ ਪੱਤਰਕਾਰੀ ਵੱਲ ਮਿਥ ਕੇ ਮੂੰਹ ਕੀਤਾ ਸੀ। ਆਪਣੇ ਪਰਚੇ ‘ਗਦਰ’ ਵਿਚ ਉਨ੍ਹਾਂ ਨੇ ਆਜ਼ਾਦੀ ਦਾ ਉਹ ਹੋਕਾ ਦਿੱਤਾ ਜਿਸ ਨੇ ਪੰਜਾਬੀਆਂ ਨੂੰ ਜਾਨਾਂ ਹੂਲਣ ਲਈ ਤਿਆਰ ਕੀਤਾ। ਇਹ ਗਦਰੀਆਂ ਅਤੇ ਪੱਤਰਕਾਰੀ ਵਿਚਕਾਰ ਸੁੱਚਮ ਦੀ ਲੈਅਬੱਧ ਜੁਗਲਬੰਦੀ ਦਾ ਸਿਖਰ ਸੀ।
ਪੱਤਰਕਾਰੀ ਦੇ ਖੇਤਰ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਬੜੀਆਂ ਬੁਨਿਆਦੀ ਤਬਦੀਲੀਆਂ ਵਾਪਰੀਆਂ ਹਨ। ਤਬਦੀਲੀ ਕੁਦਰਤ ਦਾ ਸਥਾਈ ਨੇਮ ਹੈ, ਇਸ ਨੂੰ ਕਿਸੇ ਵੀ ਸੂਰਤ ਡੱਕਿਆ ਨਹੀਂ ਜਾ ਸਕਦਾ ਪਰ ਇਹ ਗੱਲ ਪੱਕੀ ਹੈ ਕਿ ਹਾਂ-ਪੱਖੀ ਤਬਦੀਲੀ ਹੀ ਸਮਾਜ ਦੀ ਸੁਰ ਕਾਇਮ ਰੱਖ ਸਕਣ ਦੇ ਸਮਰੱਥ ਹੁੰਦੀ ਹੈ। ਅਜੋਕੀ ਪੱਤਰਕਾਰੀ ਵਿਚ ਪੇਸ਼ੇ ਦੀ ਥਾਂ ਪੈਸੇ ਨੇ ਮੱਲ ਲਈ ਹੈ। ਬਹੁਤ ਸਾਰੇ ਅਦਾਰੇ ਅਜਿਹੇ ਹਨ ਜਿਨ੍ਹਾਂ ਨੇ ਨਿਰੋਲ ਵਪਾਰ ਦੇ ਕੋਣ ਤੋਂ ਪੱਤਰਕਾਰੀ ਦੇ ਖੇਤਰ ਵਿਚ ਪੈਰ ਧਰਿਆ। ਇਨ੍ਹਾਂ ਦੇ ਦਾਅਵੇ ਭਾਵੇਂ ਜੋ ਵੀ ਹੋਣ, ਪਰ ਇਨ੍ਹਾਂ ਦੀ ਅੱਖ ਸਿਰਫ ਤੇ ਸਿਰਫ ਪਾਵਰ ਅਤੇ ਡਾਲਰਾਂ ਉਤੇ ਹੁੰਦੀ ਹੈ। ਦੂਜਾ ਵਰਗ ਵਿਅਕਤੀਗਤ ਨਫੇ ਦੀ ਉਡਾਣ ਭਰਨ ਵਾਲਿਆਂ ਦਾ ਹੈ। ਵਪਾਰੀ ਲੋਕ ਤਾਂ ਭਾਵੇਂ ਆਪਣੇ ਕਾਰੋਬਾਰ ਦੀ ਲੋੜ ਮੁਤਾਬਕ ਪੱਤਰਕਾਰੀ ਦਾ ਥੋੜ੍ਹਾ-ਬਹੁਤ ਲਿਹਾਜ਼ ਕਰ ਲੈਂਦੇ ਹਨ ਅਤੇ ਇਹ ਲੋਕਾਈ ਦੇ ਅੱਖੀਂ ਘੱਟਾ ਪਾਉਣ ਲਈ ਅਜਿਹਾ ਕਰਦੇ ਵੀ ਹਨ ਪਰ ਵਿਅਕਤੀਗਤ ਨਫਿਆਂ ਵਾਲੇ ਸੱਜਣਾਂ ਦਾ ਮਕਸਦ ਤਾਂ ਨਿਜੀ ਹਿਤ ਤੋਂ ਵੱਧ ਕੁਝ ਨਹੀਂ ਹੁੰਦਾ। ਇਸੇ ਕਰ ਕੇ ਪੱਤਰਕਾਰੀ ਲੀਹੋਂ ਲਹਿ ਗਈ ਹੈ। ਖਾਸ ਕਰ ਪਰਦੇਸਾਂ ਵਿਚ ਪੱਤਰਕਾਰੀ ਦੇ ਖੇਤਰ ਵਿਚ ਉਹ ਲੋਕ ਵੀ ਆ ਗਏ ਹਨ ਜਿਨ੍ਹਾਂ ਦਾ ਇਸ ਕਸਬ ਨਾਲ ਕੋਈ ਵਾਹ ਵਾਸਤਾ ਹੀ ਨਹੀਂ। ਸਭ ਮਿਆਰ ਤਾਕ ਵਿਚ ਰੱਖ ਕੇ, ਅਤੇ ਬਹੁਤ ਹੇਠਲੇ ਪੱਧਰ ਉਤੇ ਜਾ ਕੇ ਦੂਸ਼ਣਬਾਜ਼ੀ ਦੇ ਤੀਰ ਚਲਾਉਣੇ ਆਮ ਜਿਹੀ ਗੱਲ ਹੋ ਗਈ ਹੈ। ਪੰਜਾਬ ਟਾਈਮਜ਼ ਨੂੰ ਇਹ ਮਾਣ ਰਿਹਾ ਹੈ ਕਿ ਇਸ ਨੇ ਹਮੇਸ਼ਾ ਪੱਤਰਕਾਰੀ ਦੀ ਸੁੱਚਮ ਨੂੰ ਕਾਇਮ ਰੱਖਣ ਦਾ ਯਤਨ ਕੀਤਾ ਹੈ। ਇਸ ਸਫਰ ਦੌਰਾਨ ਆਰਥਿਕ ਤੌਰ ‘ਤੇ ਤਾਂ ਮੁਸ਼ਕਿਲਾਂ ਆਈਆਂ ਹੀ, ਨਾਲ ਹੀ ਵਿਚਾਰਧਾਰਕ ਵਿਰੋਧਾਂ ਦਾ ਵੀ ਬੁਰੇ ਦੀ ਹੱਦ ਤੱਕ ਸਾਹਮਣਾ ਕਰਨਾ ਪਿਆ। ਪਾਠਕਾਂ ਅਤੇ ਹਮਦਰਦਾਂ ਦੀ ਹੌਸਲਾ-ਅਫਜ਼ਾਈ ਦੇ ਸਿਰ ਉਤੇ ਹਰ ਆਫਤ ਨਾਲ ਆਢਾ ਲਾਉਣ ਦਾ ਜੇਰਾ ਕਰ ਸਕੇ ਹਾਂ। ਅਨੇਕਾਂ ਔਕੜਾਂ ਦੇ ਬਾਵਜੂਦ ਪੰਜਾਬ ਟਾਈਮਜ਼ ਨੇ ਆਪਣਾ ਸਫਰ ਕਾਇਮ-ਦਮ ਹੋ ਕੇ ਜਾਰੀ ਰੱਖਿਆ ਹੈ ਅਤੇ ਪਰਚੇ ਵਿਚ ਬੇਲਾਗ ਰਹਿ ਕੇ ਹਰ ਵਿਚਾਰ ਤੇ ਵਿਅਕਤੀ ਨੂੰ ਥਾਂ ਦੇਣ ਦਾ ਵਚਨ ਨਿਭਾਇਆ ਹੈ। ਵੱਖ-ਵੱਖ ਵਿਸ਼ਿਆਂ ਉਤੇ ਬਹਿਸ-ਮੁਬਾਹਿਸੇ ਇਸ ਦੇ ਗਵਾਹ ਹਨ, ਸਗੋਂ ਲੰਮੀਆਂ ਬਹਿਸਾਂ ਨੇ ਪਰਚੇ ਦੀ ਪਛਾਣ ਨੂੰ ਨਵੇਂ ਦਿਸਹੱਦੇ ਦਿਖਾਏ ਹਨ। ਇਨ੍ਹਾਂ ਬਹਿਸਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਸਿਰੇ ਲਾਉਣ ਦਾ ਹੀਲਾ ਵੀ ਕੀਤਾ ਗਿਆ। ਦਰਅਸਲ, ਇਹੀ ਉਹ ਨੁਕਤਾ ਹੈ ਜਿਸ ਨੂੰ ਪਾਠਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ। ਅੱਜ ਜਦੋਂ ਸਜਗ ਪਾਠਕ ਕਹਿੰਦੇ ਹਨ ਕਿ ਨਾ ਸਿਰਫ ਅਮਰੀਕਾ ਸਗੋਂ ਕੈਨੇਡਾ, ਇੰਗਲੈਂਡ ਅਤੇ ਹੋਰਨਾਂ ਦੇਸ਼ਾਂ ਵਿਚ ਪੰਜਾਬ ਟਾਈਮਜ਼ ਦਾ ਕੋਈ ਮੁਕਾਬਲਾ ਨਹੀਂ ਤਾਂ ਫਖਰ ਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਸਕੇ ਹਾਂ। ਇਸ ਵਰ੍ਹੇਗੰਢ ਉਤੇ ਵੀ ਆਪਣੇ ਸਨੇਹੀਆਂ ਅਤੇ ਪਾਠਕਾਂ ਨਾਲ ਵਾਅਦਾ ਹੈ ਕਿ ਉਨ੍ਹਾਂ ਨੇ ਜਿੰਨਾ ਮਾਣ ਪਰਚੇ ਨੂੰ ਦਿੱਤਾ ਹੈ, ਉਸ ਨਾਲ ਵਰ ਮੇਚਣ ਲਈ ਬੇਲਾਗ, ਬੇਬਾਕ ਅਤੇ ਜ਼ਿੰਮੇਵਾਰ ਪੱਤਰਕਾਰੀ ਉਤੇ ਪਹਿਰਾ ਦੇਣ ਲਈ ਆਪਣਾ ਟਿਲ ਲਾਵਾਂਗੇ। ਪੰਜਾਬ ਟਾਈਮਜ਼ ਦਾ ਤਾਂ ਮਕਸਦ ਹੀ ਪਾਠਕਾਂ ਦੇ ਦਰਾਂ ਅੱਗੇ ਨਵੀਂ ਅਤੇ ਨਰੋਈ ਸੋਚ ਦੀ ਦਸਤਕ ਦੇਣਾ ਹੈ।

Be the first to comment

Leave a Reply

Your email address will not be published.