ਅਜੋਕੀ ਪੱਤਰਕਾਰੀ

ਕੌਡੀ ਪੱਤਰਕਾਰੀ ਦੀ ਪੈਣ ਲੱਗੀ, ਵੱਟ ਕੱਢ ਛੱਡੇ ਸਭ ਦੇ ਆਣ ਮੀਆਂ।
ਮਾੜਾ-ਮੋਟਾ ਜੇ ਕੋਈ ਕੁਸਕਦਾ ਏ, ਉਹਦੇ ਸਿਰ ‘ਤੇ ਆਰੀਆਂ ਲਾਣ ਮੀਆਂ।
ਕਿਰਤ ਕੇਹੀ ਇਹ ਜੱਗ ‘ਤੇ ਹੋਣ ਲੱਗ ਪਈ, ਚੂੰਡੀ ਵੱਢ ਕੇ ਮੇਵੇ ਖਾਣ ਲੱਗ ਪਏ।
ਪੱਤਰਕਾਰ ਬਣ ਕੇ ਥਾਣੇਦਾਰ ਯਾਰੋ, ਲੋਕ-ਮਿਸ਼ਨ ਦੀ ਮਿੱਟੀ ਉਡਾਣ ਲੱਗ ਪਏ।
ਐਸਾ ਮਿਸ਼ਨ ਦਾ ਝੁੱਗਾ ਚੌੜ ਕੀਤਾ, ਸੰਗ ਲਾਹ ਦਿੱਤੀ ਸ਼ਰਮ ਟੰਗ ਛੱਡੀ,
ਖਾਤਰ ਡਾਲਰਾਂ ਵੇਚਿਆ ਕਸਬ ਸਾਥੀ, ਸ਼ਬਦ ਸੁੱਚੇ ਦੀ ਰੂਹ ਵੀ ਰੰਗ ਛੱਡੀ।
ਸੱਚ ਪਹਿਨ ਕੇ ਸ਼ਬਦਾਂ ਨਿਮਾਣਿਆਂ ਨੇ, ਛਪ-ਛਪ ਸੁਨੇਹੜਾ ਸੁਣਾਵਣਾ ਸੀ।
ਸੇਕ ਨਾਲ ਮਘਾ ਕੇ ਵਕਤ ਮਿੱਤਰੋ, ਸਾਹਵੇਂ ਜ਼ੁਲਮ ਦੇ ਕੇਰਾਂ ਖੜ੍ਹਾਵਣਾ ਸੀ।
ਡਾਰ ਸ਼ਬਦਾਂ ਦੀ ਚੜ੍ਹਨੀ ਸੀ ਇੰਜ ਅੰਬਰੀਂ, ਜਿੱਦਾਂ ਚੜ੍ਹਦੀ ਘਟਾ ਘਨਘੋਰ ਭਾਈ।
ਅੱਖਾਂ ਸਾਹਵੇਂ ਪਰ ਸਭ ਕੁਝ ਬਦਲ ਚੱਲਿਆ, ਸਮਾਂ ਹੋ ਗਿਆ ਹੋਰ ਦਾ ਹੋਰ ਭਾਈ।

Be the first to comment

Leave a Reply

Your email address will not be published.