ਬਾਜਵਾ ਪਏ ਕੈਪਟਨ ‘ਤੇ ਭਾਰੀ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਅਜੇ ਵੀ ਨਹੀਂ ਥੰਮ ਰਿਹਾ। ਲੋਕ ਸਭਾ ਚੋਣਾਂ ਸਿਰ ‘ਤੇ ਹਨ ਪਰ ਪੰਜਾਬ ਕਾਂਗਰਸ ਵਿਚਾਲੇ ਇਸ ਵੇਲੇ ਵੀ ਸਭ ਕੁਝ ਚੰਗਾ ਨਹੀਂ ਚੱਲ ਰਿਹਾ। ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਹਾਰਨ ਮਗਰੋਂ ਹਾਈ ਕਮਾਨ ਨੇ ਗੱਡੀ ਲੀਹ ‘ਤੇ ਲਿਆਉਣ ਲਈ ਪੰਜਾਬ ਦੇ ਕਾਂਗਰਸੀਆਂ ਨੂੰ ਥੋਕ ਵਿਚ ਅਹੁਦੇਦਾਰੀਆਂ ਵੰਡ ਕੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਦੂਜੇ ਪਾਸੇ ਪੰਜਾਬ ਕਾਂਗਰਸ ਵਿਚਲੀਆਂ ਤਰੇੜਾਂ ਇਸ ਕਦਰ ਵਧ ਚੁੱਕੀਆਂ ਹਨ ਕਿ ਹਾਈ ਕਮਾਨ ਅਹੁਦੇਦਾਰੀਆਂ ਦੇ ਖੁੱਲ੍ਹੇ ਗੱਫੇ ਵੰਡ ਕੇ ਵੀ ਸਥਾਨਕ ਆਗੂਆਂ ਦੀ ਤਸੱਲੀ ਨਹੀਂ ਕਰਵਾ ਸਕੀ ਤੇ ਕੁਝ ਜ਼ਿਲ੍ਹਿਆਂ ਵਿਚ ਰੋਸ ਦੇ ਬੱਦਲ ਚੜ੍ਹ ਆਏ ਹਨ। ਇਸ ਸਾਰੇ ਵਰਤਾਰੇ ਤੋਂ ਇਹ ਸੰਕੇਤ ਵੀ ਮਿਲੇ ਹਨ ਕਿ ਕੁਲ ਮਿਲਾ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਮਜ਼ਬੂਤ ਹੋਏ ਹਨ ਜਦੋਂਕਿ ਦੂਜੇ ਧੜੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ।
ਕਾਂਗਰਸ ਹਾਈ ਕਮਾਨ ਨੇ ਅਹੁਦੇ ਵੰਡਣ ਦੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਇਸ ਵਾਰ ਪੰਜਾਬ ਦੇ 292 ਕਾਂਗਰਸੀਆਂ ਨੂੰ ਤਾਜ ਪਹਿਨਾਇਆ ਹੈ। ਇਨ੍ਹਾਂ ਵਿਚ 14 ਮੀਤ ਪ੍ਰਧਾਨ, 35 ਜਨਰਲ ਸਕੱਤਰ, 61 ਸਕੱਤਰ, 148 ਕਾਰਜਕਾਰਨੀ ਮੈਂਬਰ ਤੇ 34 ਕਾਰਜਕਾਰਨੀ ਦੇ ਪੱਕੇ ਇਨਵਾਇਟੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 27 ਜ਼ਿਲ੍ਹਾ ਕਾਂਗਰਸ ਪ੍ਰਧਾਨ ਵੱਖਰੇ ਤੌਰ ‘ਤੇ ਬਣਾਏ ਗਏ ਹਨ। ਇਸ ਦੇ ਬਾਵਜੂਦ ਕਈ ਜ਼ਿਲ੍ਹਿਆਂ ਵਿਚ ਅਹੁਦੇ ਨਾ ਮਿਲਣ ਕਾਰਨ ਰੋਸ ਦੇ ਦੌਰ ਚੱਲ ਰਹੇ ਹਨ।
ਸਾਬਕਾ ਮੰਤਰੀ ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ, ਰੋਪੜ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਤੇ ਸੁਨਾਮ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਇੰਚਾਰਜ ਅਮਨ ਅਰੋੜਾ ਨੇ ਤਾਂ ਹਾਈ ਕਮਾਨ ਵੱਲੋਂ ਜਾਰੀ ਕੀਤੀ ਸੂਚੀ ਵਿਚ ਉਨ੍ਹਾਂ ਨੂੰ ਬਣਦੀ ਥਾਂ ਨਾ ਦੇਣ ਕਾਰਨ ਖੁੱਲ੍ਹੇਆਮ ਰੋਸ ਦਾ ਮੁਜ਼ਾਹਰਾ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਕਈ ਸੀਨੀਅਰ ਆਗੂ ਆਪੋ-ਆਪਣੇ ਚਹੇਤਿਆਂ ਨੂੰ ਘੱਟ ਅਹੁਦੇਦਾਰੀਆਂ ਮਿਲਣ ਕਾਰਨ ਅੰਦਰੋ-ਅੰਦਰੀ ਭਰੇ-ਪੀਤੇ ਪਏ ਹਨ।
ਪੰਜਾਬ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਭਾਵੇਂ ਇਸ ਵੇਲੇ ਵਿਦੇਸ਼ ਵਿਚ ਹਨ ਪਰ ਉਨ੍ਹਾਂ ਨੇ ਇਸ ਸੂਚੀ ‘ਤੇ ਕੋਈ ਇਤਰਾਜ਼ ਦਰਜ ਨਹੀਂ ਕਰਵਾਇਆ। ਮੁੱਖ ਤੌਰ ‘ਤੇ ਪੰਜਾਬ ਕਾਂਗਰਸ ਵਿਚ ਸ਼ ਬਾਜਵਾ ਦਾ ਵਿਰੋਧੀ ਧੜਾ ਕੈਪਟਨ ਅਮਰਿੰਦਰ ਸਿੰਘ ਦਾ ਖੇਮਾ ਹੀ ਮੰਨਿਆ ਜਾਂਦਾ ਹੈ ਪਰ ਇਸ ਸੂਚੀ ਨੂੰ ਲੈ ਕੇ ਜ਼ਿਲ੍ਹਾ ਪੱਧਰ ‘ਤੇ ਗੁੱਟਬੰਦੀਆਂ ਕਾਰਨ ਵੀ ਕਈ ਥਾਂਈਂ ਰੋਸ ਹੈ। ਸੂਤਰਾਂ ਅਨੁਸਾਰ ਕੁਝ ਧਿਰਾਂ ਅੰਦਰਖਾਤੇ ਆਪੋ-ਆਪਣੇ ਧੜਿਆਂ ਦੇ ਆਗੂਆਂ ਨਾਲ ਘੁਸਰ-ਮੁਸਰ ਕਰ ਰਹੀਆਂ ਹਨ। ਪਿਛਲੇ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਦੇ ‘ਆਪ’ ਪਾਰਟੀ ਵਿਚ ਸ਼ਾਮਲ ਹੋਣ ਦੀ ਚੱਲ ਰਹੀ ਚਰਚਾ ਦੌਰਾਨ ਜਦੋਂ ਇਸ ਆਗੂ ਦਾ ਵੀ ਸੂਚੀ ਵਿਚੋਂ ਨਾਂ ਗਾਇਬ ਸੀ ਤਾਂ ਇਕ ਵਾਰ ਨਵੀਂ ਚਰਚਾ ਛਿੜ ਪਈ ਸੀ ਪਰ ਮਗਰੋਂ ਹਾਈ ਕਮਾਨ ਵੱਲੋਂ ਖਹਿਰਾ ਨੂੰ ਪਹਿਲਾਂ ਵਾਂਗ ਪਾਰਟੀ ਦਾ ਬੁਲਾਰਾ ਬਣੇ ਰਹਿਣ ਬਾਰੇ ਸਪਸ਼ਟੀਕਰਨ ਦੇਣ ਤੋਂ ਬਾਅਦ ਇਹ ਮਾਮਲਾ ਠੰਢਾ ਪਿਆ ਹੈ।
ਇਹ ਵੀ ਚਰਚਾ ਹੈ ਕਿ ਅਕਾਲੀ ਦਲ ਵਿਚੋਂ ਆਏ ਲੀਡਰਾਂ ਨੂੰ ਕਾਂਗਰਸ ਦੇ ਉੱਚ ਅਹੁਦੇ ਦੇ ਕੇ ਨਿਵਾਜਿਆ ਗਿਆ ਹੈ। ਇਵੇਂ ਹੀ ਉਨ੍ਹਾਂ ਨੇਤਾਵਾਂ ਨੂੰ ਉੱਚ ਅਹੁਦੇ ਦਿੱਤੇ ਗਏ ਹਨ ਜਿਨ੍ਹਾਂ ‘ਤੇ ਕੇਸ ਦਰਜ ਹਨ। ਭਾਈ ਭਤੀਜਾਵਾਦ ਵੀ ਕਾਂਗਰਸ ਦੀ ਸੂਚੀ ਵਿਚੋਂ ਸਾਫ ਝਲਕ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵਿਚੋਂ ਆਏ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੂੰ ਤਾਂ ਕਾਂਗਰਸ (ਦਿਹਾਤੀ) ਬਠਿੰਡਾ ਦਾ ਜ਼ਿਲ੍ਹਾ ਪ੍ਰਧਾਨ ਥਾਪ ਦਿੱਤਾ ਗਿਆ ਹੈ ਜਿਸ ਤੋਂ ਖੁਦ ਕਾਂਗਰਸੀ ਹੈਰਾਨ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੰਤਰੀ ਰਹਿ ਚੁੱਕੇ ਚਿਰੰਜੀ ਲਾਲ ਗਰਗ ਦੇ ਲੜਕੇ ਰਾਜਨ ਗਰਗ ਨੂੰ ਪੰਜਾਬ ਕਾਂਗਰਸ ਦਾ ਸਕੱਤਰ ਬਣਾਇਆ ਗਿਆ ਹੈ। ਪੁਰਾਣੇ ਅਕਾਲੀ ਤੇ ਫਿਰ ਪੀਪਲਜ਼ ਪਾਰਟੀ ਦੇ ਆਗੂ ਰਹੇ ਫਰੀਦਕੋਟ ਦੇ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਪੁਰਾਣੇ ਅਕਾਲੀ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਅਤੇ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ਕ੍ਰਮਵਾਰ ਉਪ ਪ੍ਰਧਾਨ ਤੇ ਜਨਰਲ ਸਕੱਤਰ ਦਾ ਅਹੁਦਾ ਮਿਲਿਆ ਹੈ। ਇਨ੍ਹਾਂ ਦੋਵਾਂ ਨੇਤਾਵਾਂ ਵਿਰੁਧ ਇਸ ਵੇਲੇ ਕੇਸ ਦਰਜ ਹਨ। ਇਸੇ ਤਰ੍ਹਾਂ ਸਰਦੂਲਗੜ੍ਹ ਤੋਂ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਆਪਣੇ ਲੜਕੇ ਬਿਕਰਮ ਮੋਫਰ ਨੂੰ ਜ਼ਿਲ੍ਹਾ ਮਾਨਸਾ ਦਾ ਪ੍ਰਧਾਨ ਬਣਵਾ ਲਿਆ ਹੈ ਜਿਸ ਵਿਰੁਧ ਕੁਝ ਸਮਾਂ ਪਹਿਲਾਂ ਹੀ ਕੇਸ ਦਰਜ ਹੋਇਆ ਸੀ।
ਸਾਬਕਾ ਮੰਤਰੀ ਰਜਿੰਦਰ ਕੌਰ ਭੱਠਲ ਨੇ ਵੀ ਆਪਣੇ ਜਵਾਈ ਬਿਕਰਮ ਸਿੰਘ ਬਾਜਵਾ ਨੂੰ ਜ਼ਿਲ੍ਹਾ ਲੁਧਿਆਣਾ ਤੋਂ ਜਨਰਲ ਸਕੱਤਰ ਬਣਵਾ ਲਿਆ ਹੈ ਜਦੋਂਕਿ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਭਰਾ ਫ਼ਤਿਹ ਜੰਗ ਸਿੰਘ ਬਾਜਵਾ ਨੂੰ ਅਹੁਦੇ ਨਾਲ ਨਿਵਾਜ ਲਿਆ ਹੈ। ਸਾਬਕਾ ਕਾਂਗਰਸੀ ਵਿਧਾਇਕ ਹਰਪ੍ਰਤਾਪ ਅਜਨਾਲਾ ਨੇ ਆਪਣੇ ਲੜਕੇ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਬਣਾ ਲਿਆ ਹੈ।
ਔਰਤਾਂ ਨਜ਼ਰਅੰਦਾਜ਼
ਚੰਡੀਗੜ੍ਹ: ਪੰਜਾਬ ਕਾਂਗਰਸ ਕਮੇਟੀ ਦੀ ਜਾਰੀ ਸੂਚੀ ਵਿਚ ਮਹਿਲਾਵਾਂ ਨੂੰ ਬਹੁਤ ਘੱਟ ਥਾਂ ਮਿਲੀ ਹੈ। ਸੂਚੀ ਮੁਤਾਬਕ 14 ਮੀਤ ਪ੍ਰਧਾਨਾਂ ਵਿਚ ਕੇਵਲ ਰਜ਼ੀਆ ਸੁਲਤਾਨਾ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ 35 ਜਨਰਲ ਸਕੱਤਰਾਂ ਦੀ ਸੂਚੀ ਵਿਚ ਕੇਵਲ ਅਰੁਣਾ ਚੌਧਰੀ, ਕਰਨ ਕੌਰ ਬਰਾੜ ਤੇ ਲਖਵਿੰਦਰ ਕੌਰ ਗਰਚਾ ਹੀ ਸ਼ਾਮਲ ਹਨ। ਸਕੱਤਰਾਂ ਦੀ 61 ਆਗੂਆਂ ‘ਤੇ ਆਧਾਰਤ ਲੰਮੀ ਸੂਚੀ ਵਿਚ ਮਹਿਲਾਵਾਂ ਵੱਲੋਂ ਕੇਵਲ ਹਰਚੰਦ ਕੌਰ, ਮਨੀਸ਼ਾ ਗੁਲਾਟੀ, ਜਗਦਰਸ਼ਨ ਕੌਰ, ਸਰਬਰੇ ਬੇਗ਼ਮ, ਮਨਪ੍ਰੀਤ ਡੌਲੀ ਤੇ ਮਮਤਾ ਗੁਪਤਾ ਹੀ ਸ਼ਾਮਲ ਹਨ।
ਇਸੇ ਤਰ੍ਹਾਂ 148 ਮੈਂਬਰੀ ਕਾਰਜਕਾਰਨੀ ਕਮੇਟੀ ਵਿਚ ਕੇਵਲ ਗੁਰਇਕਬਾਲ ਕੌਰ, ਚਰਨਜੀਤ ਕੌਰ ਬਾਜਵਾ, ਸੁਮਨ ਕੇæਪੀæ, ਸਤਿਕਾਰ ਕੌਰ, ਗੁਰਪ੍ਰੀਤ ਕੌਰ ਧਾਲੀਵਾਲ, ਹਰਬੰਸ ਕੌਰ ਦੂਲੋ, ਸੁਰਿੰਦਰ ਕੌਰ ਬਾਲੀਆਂ ਤੇ ਪਰਪ੍ਰੀਤ ਕੌਰ ਬਰਾੜ ਹੀ ਸ਼ਾਮਲ ਹਨ। ਕਾਰਜਕਾਰਨੀ ਦੇ ਪੱਕੇ 34 ਇਨਵਾਇਟੀਆਂ ਵਿਚ ਅੰਬਿਕਾ ਸੋਨੀ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਤੇ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਹੀ ਮਹਿਲਾਵਾਂ ਵੱਲੋਂ ਸ਼ਾਮਲ ਹਨ।
ਕੈਪਟਨ ਧੜਾ ਲਾਇਆ ਨੁੱਕਰੇ
ਚੰਡੀਗੜ੍ਹ: ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਵੱਲੋਂ ਐਲਾਨੀ ਗਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰਾਂ ਦੀ ਸੂਚੀ ਵਿਚ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੇ ਧੜੇ ਨੂੰ ਨੁਮਾਇੰਦਗੀ ਦਿਵਾਉਣ ਵਿਚ ਸਫ਼ਲ ਰਹੇ ਹਨ, ਉਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੂੰ ਹਾਈਕਮਾਨ ਵੱਲੋਂ ਪੂਰੀ ਤਰ੍ਹਾਂ ਨਾਲ ਨਜ਼ਰ-ਅੰਦਾਜ਼ ਕਰਦਿਆਂ ਇਕ ਤਰ੍ਹਾਂ ਨਾਲ ਨੁੱਕਰੇ ਲਾ ਦਿੱਤਾ ਗਿਆ ਹੈ।
ਸੂਚੀ ਵਿਚ ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਦੇ ਹਮਾਇਤੀਆਂ ਨੂੰ ਵੀ ਅਹੁਦੇਦਾਰੀਆਂ ਤੋਂ ਦੂਰ ਹੀ ਰੱਖਿਆ ਗਿਆ ਹੈ। ਸਾਲਾਂ ਤੋਂ ਅਹੁਦੇਦਾਰੀਆਂ ਮਾਣਦੇ ਆ ਰਹੇ ਸੀਨੀਅਰ ਆਗੂਆਂ ਨੂੰ ਵੀ ਇਸ ਵਾਰ ਅਹੁਦੇਦਾਰੀਆਂ ਤੋਂ ਸੱਖਣੇ ਰੱਖਿਆ ਗਿਆ ਹੈ ਤੇ ਅਜਿਹੀ ਨਵੀਂ ਟੀਮ ਬਣਾਈ ਗਈ ਹੈ ਜਿਸ ਵਿਚ ਜ਼ਿਆਦਾਤਰ ਪ੍ਰਤਾਪ ਸਿੰਘ ਬਾਜਵਾ ਦੇ ਭਰੋਸੇ ਵਾਲੇ ਆਗੂਆਂ ਨੂੰ ਹੀ ਥਾਂ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ, ਸ੍ਰੀਮਤੀ ਪਰਨੀਤ ਕੌਰ, ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਅਵਤਾਰ ਹੈਨਰੀ, ਚੌਧਰੀ ਜਗਜੀਤ ਸਿੰਘ, ਚੌਧਰੀ ਸੰਤੋਖ ਸਿੰਘ ਤੇ ਹੋਰਾਂ ਸੀਨੀਅਰ ਆਗੂਆਂ ਨੂੰ ਵੱਖਰੀ ਪੱਕੇ ਇਨਵਾਇਟੀ ਟੀਮ ਵਿਚ ਸ਼ਾਮਲ ਕਰ ਕੇ ਇਕ ਤਰ੍ਹਾਂ ਨਾਲ ਜਥੇਬੰਦੀ ਤੋਂ ਪਾਸੇ ਕਰ ਦਿੱਤਾ ਗਿਆ ਹੈ।
Leave a Reply