ਦਿੱਲੀ ਫਤਿਹ ਕਰਨ ਮਗਰੋਂ ਪੰਜਾਬ ਵੱਲ ਰੁਖ਼ ਕਰੇਗੀ ‘ਆਪ’

ਚੰਡੀਗੜ੍ਹ: ਰਾਜਧਾਨੀ ਦਿੱਲੀ ਦਾ ਰਾਜਨੀਤਕ ਕਿਲਾ ਫਤਿਹ ਕਰਨ ਮਗਰੋਂ ‘ਆਮ ਆਦਮੀ ਪਾਰਟੀ’ ਦੀ ਨਿਗਾਹ ਹੁਣ ਹੋਰ ਸੂਬਿਆਂ ਵੱਲ ਹੈ। ਦੇਸ਼ ਦੇ ਹੋਰ ਸੂਬਿਆਂ ਵਾਂਗ ‘ਆਪ’ ਵੱਲੋਂ ਪੰਜਾਬ ਦੀ ਰਾਜਨੀਤੀ ਵਿਚ ਵੀ ਜ਼ਮੀਨ ਤਲਾਸ਼ਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਤੇ ਚੰਡੀਗੜ੍ਹ ਵਿਚ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ‘ਆਪ’ ਵੱਲੋਂ 13 ਸੀਟਾਂ ਉਪਰ ਉਮੀਦਵਾਰ ਖੜ੍ਹੇ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਵੇਂ ਪਹਿਲੀ ਵਾਰ ਹੀ ਸਰਕਾਰ ਬਣਾ ਲਈ ਪਰ ਇਸ ਪਾਰਟੀ ਲਈ ਪੰਜਾਬ ਦਾ ਰਾਜਨੀਤਕ ਸਫ਼ਰ ਆਸਾਨ ਨਜ਼ਰ ਨਹੀਂ ਆ ਰਿਹਾ। ਪੰਜਾਬ ਵਿਚ ਪਾਰਟੀ ਦੀ ਨਾਮਾਤਰ ਸਰਗਰਮੀ ਤੇ 5-7 ਅਹੁਦੇਦਾਰਾਂ ਦੀ ਹੀ ਨਿਯੁਕਤੀ ਹੋਣਾ ਆਪ ਦਾ ਕਮਜ਼ੋਰ ਪੱਖ ਹੈ। ਆਪ ਵੱਲੋਂ ਦੇਸ਼ ਭਰ ਵਿਚ ਸੂਬਿਆਂ ਅੰਦਰ ਲੋਕਾਂ ਨੂੰ ਜੋੜ ਕੇ ਪਾਰਟੀ ਦਾ ਲੀਡਰ ਤਾਂ ਬਣਾ ਦਿੱਤਾ ਗਿਆ ਪਰ ਸੂਤਰਾਂ ਅਨੁਸਾਰ ਅਜੇ ਕਿਸੇ ਵੀ ਅਹੁਦੇਦਾਰ ਨੂੰ ਲਿਖਤੀ ਰੂਪ ਵਿਚ ਕੋਈ ਚਿੱਠੀ ਪੱਤਰ ਨਹੀਂ ਦਿੱਤਾ ਗਿਆ।
ਆਪ ਵੱਲੋਂ ਪੰਜਾਬ ਵਿਚ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ ਪਰ ਇਸ ਦੌਰਾਨ ਪਾਰਟੀ ਨਾਲ ਜੁੜਨ ਵਾਲੇ ਦੇ ਪਿਛੋਕੜ ਤੇ ਵਿਅਕਤੀਤਵ ਬਾਰੇ ਜਾਣਕਾਰੀ ਇਕੱਠੀ ਨਹੀਂ ਕੀਤੀ ਜਾ ਰਹੀ। 10 ਰੁਪਏ ਦੀ ਪਰਚੀ ਕਟਵਾ ਕੇ ਕੋਈ ਅਪਰਾਧਿਕ ਪਿਛੋਕੜ ਵਾਲਾ ਵਿਅਕਤੀ ਵੀ ‘ਆਪ’ ਨਾਲ ਜੁੜ ਸਕਦਾ ਹੈ। ਉਧਰ, ਚੰਡੀਗੜ੍ਹ ਦੇ ਜ਼ੁਬਾਨੀ ਕਲਾਮੀ ਇੰਚਾਰਜ ਲਾਏ ਰਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਪਾਰਟੀ ਨਾਲ ਜੋੜਨ ਤੋਂ ਪਹਿਲਾਂ ਉਨ੍ਹਾਂ ਦੇ ਅਪਰਾਧਕ ਪਿਛੋਕੜ ਬਾਰੇ ਪੁੱਛਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਮ ਆਦਮੀ ਦੀ ਹੀ ਪਾਰਟੀ ਹੈ ਤੇ ਹੁਣ ਆਪ ਵੱਲੋਂ ਦਿੱਲੀ ਮਗਰੋਂ ਹੋਰ ਸੂਬਿਆਂ ਵੱਲ ਨੂੰ ਰੁਖ਼ ਕਰਨ ਦਾ ਮਨ ਬਣਾ ਲਿਆ ਗਿਆ ਹੈ ਪਰ ਇਸ ਬਾਰੇ ਤਸਵੀਰ 15 ਦਿਨਾਂ ਅੰਦਰ ਹੋਣ ਜਾ ਰਹੀ ਮੀਟਿੰਗ ਵਿਚ ਹੀ ਸਾਫ ਹੋ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਭ੍ਰਿਸ਼ਟਾਚਾਰ ਹੱਦਾਂ ਬੰਨ੍ਹੇ ਟੱਪ ਚੁੱਕਾ ਹੈ ਤੇ ਆਪ ਵੱਲੋਂ ਸੂਬੇ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਲੋਕਾਂ ਦੇ ਸਾਥ ਨਾਲ ਮੁਹਿੰਮ ਛੇੜ ਦਿੱਤੀ ਜਾਵੇਗੀ ਤੇ ਇਸ ਬਾਰੇ ਲੋਕਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀ ਵੱਖਰੀ ਪਾਰਟੀ ਬਣਾ ਕੇ ਪੰਜਾਬ ਵਿਚ ਰਾਜਨੀਤਕ ਬਦਲ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੀ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਤੇ ਖ਼ੁਦ ਪੀæਪੀæਪੀæ ਦੇ ਹਿੱਸੇ ਇਕ ਵੀ ਸੀਟ ਨਾ ਆ ਸਕੀ। ਅਜਿਹੇ ਵਿਚ ‘ਆਪ’ ਦਾ ਭਵਿੱਖ ਪੰਜਾਬ ਵਿਚ ਕੀ ਹੋਵੇਗਾ ਇਹ ਆਉਣ ਵਾਲਾ ਸਮੇਂ ਹੀ ਦੱਸ ਸਕਦਾ ਹੈ।
______________________________
ਦਿੱਲੀ ਤੇ ਪੰਜਾਬ ਦੇ ਹਾਲਾਤ ਵੱਖਰੇ
ਇਸੇ ਸਾਲ ਬਣੀ ਨਵੀਂ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦਾ ਤਖ਼ਤ ਪਲਟ ਦੇਣ ਬਾਰੇ ਪੀæਪੀæਪੀæ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੇਜਰੀਵਾਲ ਦੀ ਸਾਰੀ ਦੀ ਸਾਰੀ ਟੀਮ ਵਧੀਆ ਤੇ ਬੇਦਾਗ ਹੈ ਪਰ ਉਨ੍ਹਾਂ ਦੀ ਪਾਰਟੀ ਵਿਚ ਕਾਫ਼ੀ ਦਾਗੀ ਲੋਕ ਵੀ ਘੁਸ ਆਏ ਸਨ ਜੋ ਉਨ੍ਹਾਂ ਦੀ ਹਾਰ ਦਾ ਕਾਰਨ ਬਣਿਆ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ 45 ਫੀਸਦੀ ਲੋਕ ਪੜ੍ਹੇ ਲਿਖੇ ਹਨ, ਦਿੱਲੀ ਵਿਚ 85 ਫੀਸਦੀ, ਦਿੱਲੀ ਵਿਚ ਥਾਣੇਦਾਰਾਂ ਤੇ ਪਟਵਾਰੀਆਂ ਦੀ ਦਹਿਸ਼ਤ ਪੰਜਾਬ ਦੇ ਮੁਕਾਬਲੇ ਘੱਟ ਹੈ। ਦਿੱਲੀ ਵਿਚ ਐਫ਼ਐਮæ ਦੀ ਘਰ-ਘਰ ਪਹੁੰਚ ਹੈ ਜਿਸ ਦੇ ਜ਼ਰੀਏ ਆਪ ਦਿੱਲੀ ਦੇ ਹਰ ਘਰ ਵਿਚ ਜਾ ਪੁੱਜੀ। ਉਨ੍ਹਾਂ ਕਿਹਾ ਕਿ ਇਹ ਇਕੱਲੀ ਆਪ ਦੀ ਨਹੀਂ ਸਗੋਂ ਭ੍ਰਿਸ਼ਟਾਚਾਰ ਖਿਲਾਫ਼ ਅਵਾਜ਼ ਬੁਲੰਦ ਕਰਨ ਲਈ ਪੈਦਾ ਹੋਈ ਦੇਸ਼ ਦੀ ਹਰ ਛੋਟੀ ਪਾਰਟੀ ਤੇ ਸੰਸਥਾ ਦੀ ਜਿੱਤ ਹੈ।

Be the first to comment

Leave a Reply

Your email address will not be published.