ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ਵ ਦ੍ਰਿਸ਼ਟੀ

-ਪ੍ਰੋæ ਪਿਆਰਾ ਸਿੰਘ ‘ਪਦਮ’
ਹਰ ਸਮੇਂ, ਹਰ ਦੇਸ਼ ਵਿਚ ਧਰਮ ਕਲਾ ਤੇ ਫਿਲਾਸਫੀ ਦਾ ਇਕੋ ਇਕ ਪਵਿੱਤਰ ਮਨੋਰਥ ਰਿਹਾ ਹੈ ਕਿ ਮਨੁੱਖ ਨੂੰ ਜ਼ਿੰਦਗੀ ਦੀ ਏਕਤਾ ਦਾ ਸਬਕ ਦ੍ਰਿੜਾਇਆ ਜਾਵੇ ਤੇ ਇਸ ਆਸਰੇ ਮਨੁੱਖੀ ਸਮਾਜ ਵਿਚ ਇਕਸੁਰਤਾ ਪੈਦਾ ਕਰਕੇ ਅਮਨ-ਸ਼ਾਂਤੀ ਵਿਚ ਰਹਿੰਦੀਆਂ ਸਭਿਆਚਾਰ ਦੀਆਂ ਉਚੇਰੀਆਂ ਸਿਖਰਾਂ ਨੂੰ ਛੂਹਿਆ ਜਾਵੇ ਤੇ ਅਗਲੇਰੀ ਪੀੜ੍ਹੀ ਲਈ ਉਚਾ-ਸੁੱਚਾ ਤੇ ਸਾਰਥਕ ਉਦੇਸ਼ ਪੇਸ਼ ਕੀਤਾ ਜਾਵੇ। ਸਿੱਖ ਲਹਿਰ ਦਾ ਆਦਰਸ਼ ਵੀ ਇਹੋ ਹੀ ਸੀ ਕਿ ਚੜ੍ਹਦੀ ਕਲਾ ਨਾਲ ‘ਸਰਬੱਤ ਦੇ ਭਲੇ’ ਨੂੰ ਮੋਹਰੀ ਥਾਂ ਦਿੱਤੀ ਜਾਵੇ। ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਅਧਿਆਤਮਿਕ ਗੁਰੂ, ਬੀਰ ਸੈਨਾਪਤੀ ਤੇ ਵਿਦਵਾਨ ਮਹਾਂਕਵੀ ਦਾ ਸੰਗਮ ਸੀ। ਦੂਜੇ ਸ਼ਬਦਾਂ ਵਿਚ ਗੁਰਤਾ, ਬੀਰਤਾ ਤੇ ਕਾਵਿਕਤਾ ਉਨ੍ਹਾਂ ਦੇ ਮੁੱਖ ਗੁਣ ਸਨ ਪਰ ਪ੍ਰਧਾਨਤਾ ਗੁਰਤਾ ਨੂੰ ਹੀ ਪ੍ਰਾਪਤ ਸੀ।
‘ਗੁਰਤਾ’ ਦਾ ਵੱਡਾ ਲੱਛਣ ਇਹ ਦੱਸਿਆ ਗਿਆ ਹੈ ਕਿ ਜਿਥੇ ਗੁਰੂ ਆਪ ਪਰਮ ਜੋਤਿ ਨਾਲ ਇਕਮਿਕ ਹੁੰਦਾ ਹੈ, ਉਥੇ ਉਹ ਬਾਕੀ ਸਭ ਨੂੰ ਵੀ ਉਸ ਦੇ ਨਾਲ ਮਿਲਾਉਂਦਾ ਹੈ। ਇਸ ਦਾ ਕਰਤਵ ਹੀ ਜ਼ਿੰਦਗੀ ਦਾ ਸੰਜੋਗ ਰਚਣਾ ਹੈ। ਜਿਵੇਂ ਕਿ ਮੌਲਾਨਾ ਰੂਮੀ ਨੇ ਲਿਖਿਆ ਹੈ ਕਿ ਤੂੰ ਭਾਈ! ਦੁਨੀਆਂ ਵਿਚ ਆਇਆ ਹੀ ਇਸ ਲਈ ਹੈਂ ਕਿ ਸਭ ਨੂੰ ਮਿਲਾਵੇਂ, ਨਾ ਕਿ ਤੋੜ-ਵਿਛੋੜਾ ਪਾਵੇਂ। ਉਸ ਦਾ ਸ਼ਿਅਰ ਹੈ,
ਤੂ ਬਰਾਇ ਵਸਲ ਕਰਦਨ ਆਮਦੀ।
ਨ ਬਰਾਇ ਫਸਲ ਕਰਦਨ ਆਮਦੀ।
ਗੁਰਬਾਣੀ ਵਿਚ ਗੁਰੂ ਦਾ ਲੱਛਣ ਵੀ ਇਸੇ ਪ੍ਰਕਾਰ ਕੀਤਾ ਗਿਆ ਹੈ ਕਿ ਜੋ ਮਨੁੱਖੀ ਆਤਮਾ ਨੂੰ ਮਾਲਕ ਪਰਮਾਤਮਾ ਨਾਲ ਮਿਲਾਵੇ ਤੇ ਮਨੁੱਖ ਨੂੰ ਮਨੁੱਖ ਦੇ ਗਲ ਲਾਵੇ,
ਨਾਨਕ ਸਤਿਗੁਰੂ ਐਸਾ ਜਾਣੀਐ
ਜੋ ਸਭਸੈ ਲਏ ਮਿਲਾਇ ਜੀਊ॥ (ਪੰਨਾ 72)
ਗੁਰੂ ਅਰਜਨ ਸਾਹਿਬ ਦਾ ਫਰਮਾਨ ਵੀ ਇਸੇ ਭਾਵ ਦਾ ਹੈ,
ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈ ਡੀਠੁ॥
ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ॥ (ਪੰਨਾ 957)
ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖ ਨੂੰ ਰੱਬ ਨਾਲ ਮੇਲਣ ਤੇ ਮਨੁੱਖਾਂ ਨੂੰ ਪਰਸਪਰ ਮੇਲਣ ਦੇ ਬੜੇ ਸਾਰਥਕ ਉਪਰਾਲੇ ਕੀਤੇ। ਇਹ ਠੀਕ ਹੈ ਕਿ ਉਹ ਖੜਗਧਾਰੀ ਜੋਧੇ ਸਨ, ਉਨ੍ਹਾਂ ਸਿੱਖਾਂ ਨੂੰ ਇਸ ਦਾ ਯੋਗ ਪ੍ਰਯੋਗ ਵੀ ਦੱਸਿਆ, ਪਰ ਨਾਲ ਹੀ ਉਨ੍ਹਾਂ ਇਸ ਨੂੰ ਆਖਰੀ ਹਥਿਆਰ ਹੀ ਕਿਹਾ। ਸਪੱਸ਼ਟ ਤਾਕੀਦ ਕੀਤੀ ਕਿ ਜਦੋਂ ਕੋਈ ਸਾਧਨ ਬਾਕੀ ਨਾ ਰਹੇ ਤਾਂ ਹੀ ਤਲਵਾਰ ਦੀ ਮੁੱਠ ਉਤੇ ਹੱਥ ਰੱਖਣਾ ਜਾਇਜ਼ ਹੈ,
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ॥22॥ (ਜਫਰਨਾਮਾ)
ਜਿਥੋਂ ਤੱਕ ਜੀਵਨ-ਜਾਚ ਦਾ ਤੁਅੱਲਕ ਹੈ, ਸਤਿਗੁਰਾਂ ਦੋ ਵਿਸੇਸ਼ ਗੱਲਾਂ ਕਹੀਆਂ-ਪਹਿਲੀ ਇਹ ਕਿ ਪਰਮੇਸ਼ਰ ਪ੍ਰੇਮ ਸਰੂਪ ਹੈ ਤੇ ਉਹ ਅਨੁਰਾਗ (ਇਸ਼ਕ) ਬਣ ਕੇ ਹੀ ਜਗਤ ਦੇ ਬਾਗ ਵਿਚ ਟਹਿਕ-ਮਹਿਕ ਪੈਦਾ ਕਰ ਰਿਹਾ ਹੈ। ਫਿਰ ਉਸ ਨੂੰ ਪਾਉਣ ਦਾ ਤਰੀਕਾ ਵੀ ਪ੍ਰੇਮ ਹੀ ਹੈ, ਬਾਕੀ ਸਾਧਨ ਐਵੇਂ ਦੇਖ-ਦਿਖਾਵੇ ਦੇ ਹਨ,
ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ॥
ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ॥80॥
(ਜਾਪੁ ਸਾਹਿਬ)
ਸਾਚੁ ਕਹੋਂ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥ (ਤ੍ਵਪ੍ਰਸਾਦਿ ਸਵੱਯੇ)
ਧਾਰਮਕ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਵਿਸ਼ਵਾਰਥੀ ਜਾਂ ਯੂਨੀਵਰਸਲ ਹੁੰਦੀ ਹੈ ਅਤੇ ਆਮ ਸੰਸਾਰੀ ਆਦਮੀ ਦੀ ਦ੍ਰਿਸ਼ਟੀ ਵਧੇਰੇ ਕਰਕੇ ਸੁਆਰਥੀ (ਸੈਲਫ ਸੈਂਟਰਡ) ਹੁੰਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ਾਲ ਦ੍ਰਿਸ਼ਟੀ ਇਹ ਅਨੁਭਵ ਕਰਦੀ ਸੀ ਕਿ ਸਿਵਾਇ ਪ੍ਰੇਮ-ਪਿਆਰ ਦੀ ਗੁੜ੍ਹਤੀ ਦੇ ਮਨੁੱਖਤਾ ਨੂੰ ਏਕਤਾ ਦੇ ਧਾਗੇ ਵਿਚ ਨਹੀਂ ਪਰੋਇਆ ਜਾ ਸਕਦਾ। ਇਸ ਕਰਕੇ ਜਿਥੇ ਉਨ੍ਹਾਂ ਇਨਸਾਨੀ ਏਕਤਾ ਉਤੇ ਜ਼ੋਰ ਦਿੱਤਾ, ਉਥੇ ਬਾਕੀ ਧਰਮ ਕਰਮ ਦੀ ਏਕਤਾ ਨੂੰ ਪਛਾਨਣ ਦੀ ਵੀ ਤਾਕੀਦ ਕੀਤੀ। ਇਹੋ ਹੀ ਇਕ ਸਾਰਥਕ ਵਿਧੀ ਸੀ ਜਿਸ ਨਾਲ ਸਰਬੱਤ ਦੇ ਭਲੇ ਦਾ ਮਿਸ਼ਨ ਪੂਰਾ ਹੋ ਸਕਦਾ ਸੀ। ਆਪ ਲਿਖਦੇ ਹਨ,
ਕੋਊ ਭਇਓ ਮੁਡੀਆ ਸੰਨਿਆਸੀ ਕੋਊ ਜੋਗੀ ਭਇਓ
ਕੋਈ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਿਜ਼ੀ ਇਮਾਮ ਸ਼ਾਫੀ
ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ॥85॥ (ਅਕਾਲ ਉਸਤਤਿ)
ਅੱਗੇ ਕਹਿੰਦੇ ਹਨ,
ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ,
ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥
ਏਕੈ ਨੈਨ ਏਕੈ ਕਾਨ, ਏਕੈ ਦੇਹ ਏਕੈ ਬਾਨ,
ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ॥
ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ,
ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ॥86॥
(ਅਕਾਲ ਉਸਤਤਿ)
ਇਹ ਸਿਖਿਆ ਦੇ ਕੇ ਸਤਿਗੁਰਾਂ ਹਰ ਸਿੱਖ ਨੂੰ ਵਿਸ਼ਵਾਰਥੀ ਦ੍ਰਿਸ਼ਟੀ ਬਣਾਉਣ ਦੀ ਪ੍ਰੇਰਨਾ ਕੀਤੀ ਤਾਂ ਜੋ ਉਹ ਸਾਰੇ ਭਰਮ-ਭੇਦ ਛੱਡ ਕੇ ਇਨਸਾਨੀਅਤ ਮਾਤਰ ਨੂੰ ਬਰਾਬਰ ਸਮਝੇ ਤੇ ਸਭ ਨਾਲ ਇਕੋ ਜਿਹਾ ਵਰਤਾਉ ਕਰੇ। ਫਰਮਾਨ ਹੈ,
ਜਾ ਤੇ ਛੂਟਿ ਗਯੋ ਭ੍ਰਮ ਉਰ ਕਾ॥
ਤਿਹ ਆਗੈ ਹਿੰਦੂ ਕਿਆ ਤੁਰਕਾ॥
(ਦਸਮ ਗ੍ਰੰਥ, ਬਚਿਤਰ ਨਾਟਕ, ਪੰਨਾ 157)
ਇਹ ਬ੍ਰਹਮ ਗਿਆਨੀ ਵਾਲੀ ਦ੍ਰਿਸ਼ਟੀ ਹੈ, ਜਿਸ ਨੂੰ ਬੇਗਾਨਾ ਕੋਈ ਦਿਸਦਾ ਹੀ ਨਹੀਂ। ਉਹ ਸਮਦਰਸੀ ਹੈ ਤੇ ਸਭ ਵੱਲ ਅੰਮ੍ਰਿਤ ਦ੍ਰਿਸ਼ਟੀ ਹੀ ਰੱਖਦਾ ਹੈ, ਜਿਵੇਂ ਕਿ ਭਾਈ ਘਨਈਆ ਜੀ ਨੇ ਕੀਤਾ,
ਬ੍ਰਹਮ ਗਿਆਨੀ ਸਦਾ ਸਮਦਰਸੀ॥
ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ॥
(ਗਉੜੀ ਸੁਖਮਨੀ ਮ: ਪ, ਪੰਨਾ 272)
ਗੁਰੂ ਗੋਬਿੰਦ ਸਿੰਘ ਜੀ ਦੀ ਵਿਆਪਕ ਦ੍ਰਿਸ਼ਟੀ ਬੜੀ ਦੂਰ ਦੂਰ ਤਕ ਰਸਾਈ ਰੱਖਦੀ ਸੀ। ਉਨ੍ਹਾਂ ਦੇਸ਼ ਅੰਦਰ ਪੂਜੇ ਸਤਿਕਾਰੇ ਜਾਂਦੇ ਦੇਵੀ-ਦੇਵਤਿਆਂ, ਬ੍ਰਹਮਾ ਵਿਸ਼ਨੂੰ, ਮਹੇਸ਼ ਦੇ ਅਵਤਾਰਾਂ-ਵਿਸ਼ਨੂੰ ਦੇ 24 ਅਵਤਾਰਾਂ, ਮਹੇਸ਼ ਦੇ ਦੋ ਅਵਤਾਰਾਂ ਤੇ ਬ੍ਰਹਮਾ ਦੇ ਸੱਤ ਉਪ ਅਵਤਾਰਾਂ, ਫਿਰ ਦੁਰਗਾ ਚੰਡੀ ਦੀ ਕਥਾ ਤੇ ਮੁਸਲਮਾਨਾਂ ਦੇ ਮੀਰ ਮਹੀਉੱਦੀਨ ਸਾਹਿਬ ਦੀ ਵਾਰਤਾ ਦੀ ਮਾਲਾ ਪਰੋ ਕੇ 35 ਮਹਾਂ ਨਾਇਕਾਂ ਦਾ ਬਚਿੱਤਰ ਨਾਟਕ ਗੰ੍ਰਥ ਲਿਖਿਆ ਤਾਂ ਕਿ ਸਾਰੇ ਲੋਕ ਆਪਣੇ ਆਪਣੇ ਪੂਜ ਇਸ਼ਟ ਤੋਂ ਯੋਗ ਪ੍ਰੇਰਨਾ ਲੈ ਕੇ ਧਰਮ ਯੁੱਧ ਲਈ ਤਿਆਰ-ਬਰ-ਤਿਆਰ ਹੋ ਸਕਣ। ਇਹ ਸਤਿਗੁਰਾਂ ਦੀ ਹੀ ਕਲਾਕਾਰ ਦ੍ਰਿਸ਼ਟੀ ਸੀ ਕਿ ਉਸ ਨੇ ਪੁਰਾਣਕ ਸਮਾਜ ਵਿਚ ਨਵੀਂ ਜਾਨ ਪਾ ਕੇ ਉਸ ਨੂੰ ਇਕ ਥਾਂ ਗੁਲਦਸਤਾ ਬਣਾ ਕੇ ਪੇਸ਼ ਕੀਤਾ। ਜਦੋਂ ਉਨ੍ਹਾਂ ਭਾਰਤ ਦੇ ਧਾਰਮਿਕ ਜੀਵਨ ਦਾ ਵਿਸ਼ਲੇਸ਼ਣ ਕੀਤਾ ਤਾਂ ਵੀ ਉਨ੍ਹਾਂ ਸਪੱਸ਼ਟ ਕਿਹਾ ਕਿ ਮੈਂ ਦੇਸ਼ ਦੇ ਸਾਰੇ ਜੈਨੀਆਂ, ਬੋਧੀਆਂ ਤੇ ਸੰਨਿਆਸੀ ਸਾਧੂਆਂ ਅਤੇ ਜੋਗੀਆਂ ਦੇ ਆਸ਼ਰਮ ਦੇਖੇ ਹਨ, ਕੋਈ ਵੀ ਸੱਚੇ ਅਰਥਾਂ ਵਿਚ ਧਰਮੀ ਬੰਦਾ ਨਹੀਂ ਮਿਲਿਆ। ਦਰਅਸਲ ਇਹ ਸਭ ਲੋਕ, ਪ੍ਰਭੂ ਦੀ ਪ੍ਰੀਤ ਤੋਂ ਬਿਨਾਂ ਇਕ ਰੱਤੀ ਮੁੱਲ ਦੇ ਵੀ ਨਹੀਂ ਹਨ,
ਸਾਰੇ ਹੀ ਦੇਸ ਕੋ ਦੇਖਿ ਰਹਿ ਮਤ
ਕੋਊ ਨ ਦੇਖੀਅਤ ਪ੍ਰਾਨਪਤੀ ਕੇ॥
ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ
ਏਕ ਰਤੀ ਬਿਨੁ ਏਕ ਰਤੀ ਕੇ॥
(ਤ੍ਹਪ੍ਰਸਾਦਿ ਸਵੱਯੇ)
ਜਦੋਂ ਉਹ ਆਪਣੀ ਦਿਭ-ਦ੍ਰਿਸ਼ਟੀ ਨਾਲ ਹਿੰਦ ਭਰ ਦੇ ਤੇ ਬਾਹਰਲੇ ਲੋਕਾਂ ਨੂੰ ਵੇਖਦੇ ਹਨ ਤਾਂ ਅੰਤਰ ਆਤਮੇ ਮਹਿਸੂਸ ਕਰਦੇ ਹਨ ਕਿ ਆਮ ਲੋਕੀਂ ਥਾਂ-ਥਾਂ ਉਸ ਦਾ ਜਾਪ ਕਰ ਰਹੇ ਹਨ। ਕੀ ਪੂਰਬ ਪੱਛਮ ਤੇ ਕੀ ਉਤਰ, ਦੱਖਣ ਸਭੇ। ਗੁਰੂ ਸਾਹਿਬ ਦੇਸ਼ ਦੇ ਕੋਨੇ-ਕੋਨੇ ਤੋਂ ਵਾਕਫ ਸਨ। ਆਪ ਉਹ ਗੰਗਾ ਕਿਨਾਰੇ ਪਟਨਾ ਸਾਹਿਬ ਜਨਮੇ, ਜਮਨਾ ਕਿਨਾਰੇ ਪਾਉਂਟਾ ਸਾਹਿਬ ਕਲਮ ਤੇ ਸ਼ਸਤਰਾਂ ਦੇ ਅਭਿਆਸ ਦੀ ਲੀਲ੍ਹਾ ਕਰਦੇ ਰਹੇ, ਸਤਲੁਜ ਕਿਨਾਰੇ ਅਨੰਦਪੁਰ ਆ ਕੇ ਪੰਥ ਦੀ ਸਿਰਜਣਾ ਕੀਤੀ ਅਤੇ ਗੋਦਾਵਰੀ ਕੰਢੇ ਦੱਖਣ ਜਾ ਕੇ ਜੀਵਨ ਨਾਟਕ ਨੂੰ ਸੰਪੂਰਨ ਕੀਤਾ। ਉਂਜ ਵੀ ਉਹ ਭਾਰਤ ਦੀ ਬਚਿੱਤਰ ਅਨੇਕਤਾ ਨੂੰ ਰੱਬੀ ਏਕਤਾ ਦੇ ਰੰਗ ਨਾਲ ਮਿਲਾ ਕੇ ਦੱਸਣ ਵਾਲੇ ਪਹਿਲੇ ਰਹੱਸਵਾਦੀ ਮਹਾਂਕਵੀ ਹਨ, ਜਿਨ੍ਹਾਂ ਦੇਸ਼ ਦੇ ਦਰਜਨਾਂ ਨਗਰਾਂ ਤੇ ਇਲਾਕਿਆਂ ਦਾ ਨਾਮ ਲੈ ਲੈ ਇਹ ਗੱਲ ਆਖੀ ਹੈ ਕਿ ਉਸ ਪਰਮੇਸ਼ਰ ਦੀ ਕੀਰਤੀ ਮਾਲਤੀ ਦੇ ਫੁੱਲਾਂ ਦੀ ਖੁਸ਼ਬੋ ਵਾਂਗ ਥਾਂ ਥਾਂ ਪਸਰ ਰਹੀ ਹੈ। ਜਿਵੇਂ ਕਿ ਸੱਖਰ, ਭੱਖਰ, ਤਿੱਬਤ, ਬੰਗਾਲ, ਬੁੰਦੇਲਖੰਡ, ਮਕਰਾਨ, ਕੰਧਾਰ, ਛਤ੍ਰਨੇਰ, ਹੁਸੈਨਾਬਾਦ, ਸੁਰੰਗਾਬਾਦ, ਰਾਮਪੁਰ, ਹਿੰਗਲਾਜ਼, ਪਲਾਊਗਢ, ਚਾਂਦਾਗੜ੍ਹ, ਕਮਾਊਗਢ, ਚੰਦੇਰੀਕੋਟ, ਚੰਪਾਵਦੀ, ਕੈਲਾਸ਼ਪੁਰੀ, ਕਾਸੀਪੁਰੀ, ਖੀਰ ਸਾਗਰ, ਅਰਬ, ਚੀਨ ਮਚੀਨ, ਹਿਮਾਲਾ, ਗੰਗਾ ਤੇ ਜਮੁਨਾ ਆਦਿ ਸਭ ਥਾਂ ਉਸ ਦਾ ਜਲਵਾ ਮੂਰਤੀਮਾਨ ਹੈ। ਇਹ ਕਬਿੱਤ ਧਿਆਨ ਯੋਗ ਹਨ,
ਪੂਰਬੀ ਨ ਪਾਰ ਪਾਵੈਂ ਹਿੰਗੁਲਾ ਹਿਮਾਲੈ ਧਿਆਵੈ
ਗੋਰ ਗਰਦੇਜੀ ਗੁਨ ਗਾਵੈਂ ਤੇਰੇ ਨਾਮ ਹੈਂ॥
ਜੋਗੀ ਜੋਗ ਸਾਧੈ ਪਉਨ ਸਾਧਨਾ ਕਿਤੇਕ ਬਾਧੈ,
ਆਰਬ ਕੇ ਆਰਬੀ ਅਰਾਧੈਂ ਤੇਰੇ ਨਾਮ ਹੈਂ॥
ਫਰਾ ਕੇ ਫਿਰੰਗੀ ਮਾਨੈਂ ਕੰਧਾਰੀ ਕੁਰੈਸੀ ਜਾਨੈਂ,
ਪਛਮ ਕੇ ਪੱਛਮੀ ਪਛਾਨੈਂ ਨਿਜ ਕਾਮ ਹੈਂ॥
ਮਰਹਟਾ ਮਘੇਲੇ ਤੇਰੀ ਮਨ ਸੋਂ ਤਪਸਿਆ ਕਰੈ,
ਦ੍ਰਿੜਵੈ ਤਿਲੰਗੀ ਪਹਚਾਨੈ ਧਰਮ ਧਾਮ ਹੈਂ॥254॥
ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ,
ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ॥
ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ,
ਬੀਰ ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ॥
ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨਯਾਵੈæ
ਤਿਬਤੀ ਧਿਆਇ ਦੋਖ ਦੇਹ ਕੋ ਦਲਤ ਹੈਂ॥
ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ
ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ॥255॥
(ਅਕਾਲ ਉਸਤਤਿ)
ਅੱਗੇ 264, 265, 266 ਨੰਬਰ ਕਬਿੱਤਾਂ ਵਿਚ ਵੀ ਹੋਰ ਨਾਂਵਾਂ-ਥਾਂਵਾਂ ਦੇ ਵੇਰਵੇ ਦੇ ਕੇ ਇਹੋ ਗੱਲ ਦੁਹਰਾਈ ਹੈ ਕਿ ਥਾਂ ਥਾਂ ਤੇਰੀ ਕੀਰਤੀ ਦੀ ਕਥਾ ਚੱਲ ਰਹੀ ਹੈ। ਅਸਾਂ ਹੁਣ ਤੱਕ ਇਹ ਚਰਚਾ ਕੀਤੀ ਹੈ ਕਿ ਗੁਰੂ ਸਾਹਿਬ ਦੀ ਵਿਸ਼ਵ-ਦ੍ਰਿਸ਼ਟੀ ਕਿਤਨੀ ਵਿਸ਼ਾਲ ਸੀ, ਜਿਸ ਵਿਚ ਉਨ੍ਹਾਂ ਸੰਸਾਰ ਨੂੰ ਇਕ ਸਮਾਨ ਸਮਝਾਉਣ ਦਾ ਯਤਨ ਕੀਤਾ ਤੇ ਦੇਸ਼ ਭਰ ਵਿਚ ਉਸ ਧਰਮ ਜੋਤਿ ਦੀ ਵਿਆਪਕਤਾ ਦੱਸ ਕੇ ਉਸ ਦਾ ਜੱਸ ਗਾਇਆ ਤਾਂ ਕਿ ਲੋਕ ਉਸ ਵਿਸ਼ਾਲ ਮੰਡਪ ਦੀ ਛਤਰ-ਛਾਇਆ ਹੇਠ ਆ ਕੇ ਦਵੈਤ ਭਾਵ ਤਿਆਗ ਕੇ ਇਕਸੁਰਤਾ ਤੇ ਇਕ ਰਸਤੇ ਦਾ ਅਨੁਭਵ ਕਰਨ।
ਪਰ ਇਸ ਦਾ ਹਰਗਿਜ਼ ਇਹ ਮਤਲਬ ਨਹੀਂ ਕਿ ਗੁਰੂ ਸਾਹਿਬ ਦੀ ਵਿਸ਼ਵ-ਦ੍ਰਿਸ਼ਟੀ, ਊਣਤਾਈਆਂ ਤੇ ਕਮਜ਼ੋਰੀਆਂ ਨੂੰ ਅੱਖੋਂ ਓਹਲੇ ਕਰ ਰਹੀ ਸੀ। ਜੋ ਸਾਡੇ ਧਰਮਾਂ ਤੇ ਸਮਾਜ ਅੰਦਰ ਗਲਤ-ਫਹਿਮੀਆਂ ਪਈਆਂ ਹੋਈਆਂ ਸਨ ਜਾਂ ਕੋਈ ਗਲਤ ਰੀਤਾਂ ਪ੍ਰਚੱਲਤ ਸਨ, ਸਤਿਗੁਰਾਂ ਉਨ੍ਹਾਂ ਦਾ ਖੰਡਨ ਕਰਕੇ ਸੱਚਾਈ ਉਜਾਗਰ ਕੀਤੀ ਹੈ ਕਿਉਂਕਿ ਉਨ੍ਹਾਂ ਦਾ ਜੀਵਨ ਉਦੇਸ਼ ਹੀ ਇਹ ਸੀ ਕਿ ਸੱਚੇ ਧਰਮ ਦਾ ਪ੍ਰਚਾਰ ਤੇ ਭਲੇ ਪੁਰਸ਼ਾਂ ਦਾ ਸਤਿਕਾਰ ਅਤੇ ਬੁਰਾ ਕਰਨ ਵਾਲਿਆਂ ਦਾ ਪ੍ਰਹਾਰ ਕੀਤਾ ਜਾਵੇ,
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਿਨ॥
(ਬਚਿਤਰ ਨਾਟਕ, ਅਧਿਆਏ ਛੇਵਾਂ)
ਅਜਿਹੇ ਮਿਸ਼ਨ ਦੀ ਪੂਰਤੀ ਕਰਦਿਆਂ ਉਨ੍ਹਾਂ ਕਦੀ ਸੰਕੋਚ ਨਹੀਂ ਕੀਤਾ ਤੇ ਨਾ ਹੀ ਕਿਸੇ ਤੋਂ ਭੈਭੀਤ ਹੋਏ, ਸਗੋਂ ਉਨ੍ਹਾਂ ਨਿਧੜਕ ਹੋ ਕੇ ਇਹ ਗੱਲ ਆਖੀ,
ਕਹਿਓ ਪ੍ਰਭੂ ਸੁ ਭਾਖਿ ਹੋਂ॥
ਕਿਸੂ ਨ ਕਾਨ ਰਾਖਿ ਹੋਂ॥
ਕਿਸੂ ਨ ਭੇਖ ਭੀਜ ਹੋਂ॥
ਅਲੇਖ ਬੀਜ ਬੀਜ ਹੋਂ॥ (ਬਚਿਤਰ ਨਾਟਕ)
ਇਤਨੀ ਸਪੱਸ਼ਟਤਾ ਦੇ ਬਾਵਜੂਦ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਬਾਣੀ ਦੇ ਉਦੇਸ਼ ਨੂੰ ਸਮਝਣਾ ਇਕ ਅਣਜਾਣਪੁਣੇ ਦੀ ਦੁਰਘਟਨਾ ਹੀ ਹੈ। ਉਨ੍ਹਾਂ ਬ੍ਰਹਮ ਗਿਆਨੀ ਵਾਲੀ ਵਿਸ਼ਾਲ ਦ੍ਰਿਸ਼ਟੀ ਕਾਇਮ ਰੱਖਦਿਆਂ ਵੀ ਸਮਾਜਿਕ ਯਥਾਰਥ ਨੂੰ ਅੱਖੋਂ-ਪਰੋਖੇ ਨਹੀਂ ਕੀਤਾ, ਸਗੋਂ ਉਸ ਦੀ ਸੁਧਾਈ ਲਈ ਸਾਫ ਅਗਵਾਈ ਦਿੱਤੀ ਹੈ। ਕੁਝ ਕੁ ਨੁਕਤੇ ਵਿਚਾਰ-ਗੋਚਰੇ ਕਰਨੇ ਜ਼ਰੂਰੀ ਹਨ।
ਆਸਤਿਕਤਾ ਦਾ ਅਰਥ ਕਿਸੇ ਵਿਸ਼ੇਸ਼ ਵਿਅਕਤੀ, ਦੇਵੀ-ਦੇਵਤੇ ਜਾਂ ਮੂਰਤੀ ਦੀ ਪੂਜਾ ਮਾਨਤਾ ਨਹੀਂ, ਸਗੋਂ ਵਿਆਪਕ ਜਾਗਤ ਜੋਤਿ ਦੀ ਅਰਾਧਨਾ ਹੈ। ਉਸ ਜਾਗਤ ਜੋਤਿ ਦਾ ਸੰਕਲਪ ਦਸਮ ਗ੍ਰੰਥ ਵਿਚ ਥਾਂ ਪਰ ਥਾਂ ਚਿਹਨ ਚੱਕ੍ਰ ਤੇ ਰੂਪ ਰੇਖਾ ਤੋਂ ਉਤੇ ਬਿਆਨ ਕੀਤਾ ਗਿਆ ਹੈ ਤਾਂ ਕਿ ਜਗਿਆਸੂ ਕਿਸੇ ਛੋਟੀ, ਕਲਪਿਤ, ਸੀਮਤ ਸ਼ਕਤੀ ਨੂੰ ਰੱਬ ਮੰਨਣ ਦਾ ਭੁਲੇਖਾ ਖਾ ਕੇ ਮਨੁਖੀ ਹੈਸੀਅਤ ਦਾ ਅਪਮਾਨ ਨਾ ਕਰੇ,
ਜਾਗਤਿ ਜੋਤਿ ਜਪੈ ਨਿਸੁ ਬਾਸੁਰ
ਏਕ ਬਿਨਾ ਮਨੁ ਨੈਕੁ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ,
ਗੋਰ ਮੜ੍ਹੀ ਮਟ ਭੂਲਿ ਨ ਮਾਨੈ॥
(33 ਸਵੱਯੇ)
ਜਿਮੀ ਜਮਾਨ ਕੇ ਬਿਖੈ
ਸਮਸਤਿ ਏਕ ਜੋਤਿ ਹੈ॥
ਨ ਘਾਟਿ ਹੈ ਨ ਬਾਢਿ ਹੈ
ਨ ਘਾਟਿ ਬਾਢਿ ਹੋਤ ਹੈ॥166॥
(ਅਕਾਲ ਉਸਤਿਤ)
ਅਜਿਹੀ ਪਰਮ ਜੋਤਿ ਦੀ ਯਾਦ ਜ਼ਿੰਦਗੀ ਦਾ ਆਧਾਰ ਹੈ ਤੇ ਸਤਿਗੁਰਾਂ ਇਸ ‘ਤੇ ਵੀ ਬਹੁਤ ਜ਼ੋਰ ਦਿੱਤਾ ਹੈ,
ਤਵ ਚਰਨਨ ਮਨ ਰਹੈ ਹਮਾਰਾ॥
ਅਪਨਾ ਜਾਨ ਕਰੋ ਪ੍ਰਤਿਪਾਰਾ॥
(ਬੇਨਤੀ ਚੌਪਈ)
ਯਾਰੜੇ ਦਾ ਸਾਨੂੰ ਸੱਥਰੁ ਚੰਗਾ
ਭੱਠ ਖੇੜਿਆ ਦਾ ਰਹਣਾ॥
(ਸ਼ਬਦ ਹਜ਼ਾਰੇ, ਖਿਆਲ ਪਾਤ: 10)
ਇਸ ਜਾਗਤ ਜੋਤਿ ਜਾਂ ਪਰਮੇਸ਼ਰ ਦੀ ਪ੍ਰਾਪਤੀ ਦਾ ਇਕੋ ਇਕ ਮਾਰਗ ਪ੍ਰੇਮ ਹੈ, ਪ੍ਰੇਮ ਸਹਿਤ ਕੀਤਾ ਸਿਮਰਨ, ਹੋਰ ਕਰਮਕਾਂਡ ਨਹੀਂ, ਜਿਨ੍ਹਾਂ ਦਾ ਅਕਾਲ ਉਸਤਤਿ ਵਿਚ ਵਿਸਥਾਰ ਨਾਲ ਖੰਡਨ ਵੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਰੱਬੀ ਏਕਤਾ ਦੇ ਵਿਸ਼ਵਾਸ ਤੋਂ ਇਲਾਵਾ ਸਮਾਜਕ ਭਲਾਈ ਦੀ ਬੁਨਿਆਦ ਮਨੁੱਖੀ ਏਕਤਾ ਵਿਚ ਅਤੁੱਟ ਵਿਸ਼ਵਾਸ ਹੈ। ਜੋ ਨਿਸ਼ਚਾ ਜਾਂ ਕਾਰ-ਵਿਹਾਰ ਇਸ ਦੇ ਵਿਰੁਧ ਜਾਂਦਾ ਹੈ, ਉਹ ਧਰਮ ਨਹੀਂ ਤੇ ਨਾ ਹੀ ਜ਼ਿੰਦਗੀ ਲਈ ਹਿਤਕਾਰੀ ਹੋ ਸਕਦਾ ਹੈ।
ਪੁਰਾਣੇ ਭਾਰਤੀ ਵਿਚਾਰਾਂ ਅਨੁਸਾਰ ਕੋਈ ਧਰਮ-ਅਧਿਕਾਰ ਤੋਂ ਵੰਚਿਤ ਸੀ ਤੇ ਕੋਈ ਰਾਜ-ਅਧਿਕਾਰ ਤੋਂ। ਗੁਰੂ ਸਾਹਿਬ ਨੇ ਮਨੁੱਖੀ ਸਮਾਨਤਾ ਦਾ ਵਰਤਾਰਾ ਵਰਤਾ ਕੇ ਇਹ ਖੁੱਸੇ ਅਧਿਕਾਰ ਮੁੜ ਬਹਾਲ ਕੀਤੇ। ਸਪੱਸ਼ਟਤਾ ਲਈ ਦੋ ਮਿਸਾਲਾਂ ਕਾਫੀ ਹਨ। ਭਗਤ ਨਾਮਦੇਵ ਨੂੰ ਬ੍ਰਾਹਮਣ ਪੁਰੋਹਿਤਾਂ, ਧਰਮ-ਅਧਿਕਾਰੀ ਨਹੀਂ ਸਮਝਿਆ ਤੇ ਮੰਦਰ ਵਿਚੋਂ ਕੱਢਣੋਂ ਵੀ ਪ੍ਰਹੇਜ਼ ਨਹੀਂ ਕੀਤਾ। ਦੂਜਾ, ਜਦ ਸ਼ਿਵਾ ਜੀ ਮਰਹੱਟਾ 1674 ਈæ ਵਿਚ ਗੱਦੀ ‘ਤੇ ਬੈਠਣ ਲੱਗੇ ਤਾਂ ਪੁਰੋਹਿਤ ਜਮਾਤ ਨੇ ਇਤਰਾਜ਼ ਕੀਤਾ ਕਿ ਖੱਤਰੀ ਨਾ ਹੋਣ ਕਾਰਨ ਆਪ ਦਾ ਰਾਜ ਤਖਤ ‘ਤੇ ਬੈਠਣ ਦਾ ਹੱਕ ਨਹੀਂ ਬਣਦਾ। ਇਹ ਹੱਕ ਮੰਨਵਾਉਣ ਲਈ 50 ਲੱਖ ਰੁਪਏ ਖਰਚ ਕਰਕੇ 11 ਹਜ਼ਾਰ ਬ੍ਰਾਹਮਣਾਂ ਨੂੰ ਚਾਰ ਮਹੀਨੇ ਲਗਾਤਾਰ ਭੋਜਨ ਖਿਲਾਇਆ ਗਿਆ ਤਾਂ ਇਹ ਪ੍ਰਵਾਨਗੀ ਮਿਲੀ। ਗੁਰੂ ਸਾਹਿਬ ਨੇ ਇਕ ਬਾਟੇ ਵਿਚ ਅੰਮ੍ਰਿਤ ਛਕਾ ਕੇ ਬਾਣੀ ਦੇ ਪ੍ਰਭਾਵ ਨਾਲ ਧਰਮ-ਅਧਿਕਾਰ ਤੇ ਰਾਜ-ਅਧਿਕਾਰ ਸਭ ਨੂੰ ਸਮਾਨ ਬਖਸ਼ੇ ਤੇ ਸਰਦਾਰ ਬਣਾਇਆ। ਭਾਰਤੀ ਸਮਾਜਕ ਦਸ਼ਾ ਦੇ ਪਿਛਵਾੜੇ ਵਿਚ ਮਨੁੱਖੀ ਏਕਤਾ ਦਾ ਇਹ ਸਿੰਘ-ਕਰਮ ਸੱਚਮੁੱਚ ਹੀ ਮਹਾਨ ਕਾਰਨਾਮਾ ਸੀ।
ਮਨੁੱਖੀ ਏਕਤਾ ਦਾ ਭਾਵ ਇਹ ਵੀ ਨਹੀਂ ਕਿ ਭਲੇ-ਬੁਰੇ ਦੀ ਪਛਾਣ ਨਾ ਕੀਤੀ ਜਾਵੇ। ਸਾਧ-ਚੋਰ ਜਾਂ ਚੰਗੇ-ਮੰਦੇ ਨੂੰ ਇਕ ਸਮਾਨ ਸਮਝ ਲੈਣਾ ਹੈ। ਸਗੋਂ ਗੁਰੂ ਸਾਹਿਬ ਨੇ ਆਪਣਾ ਜੀਵਨ-ਉਦੇਸ਼ ਦੱਸਦਿਆਂ ਸਾਫ ਕਿਹਾ ਹੈ ਕਿ ਮੈਂ ਕੇਵਲ ਭਲੇ ਪੁਰਸ਼ਾਂ ਦੀ ਮਦਦ ਲਈ ਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਆਇਆ ਹਾਂ। ਮੇਰਾ ਕੰਮ ਹਰ ਤਰ੍ਹਾਂ ਧਰਮ ਨੂੰ ਮਜ਼ਬੂਤ ਕਰਨਾ ਹੈ,
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਿਨ॥
(ਬਚਿਤਰ ਨਾਟਕ, ਅਧਿਆਏ ਛੇਵਾਂ)
ਇਸ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਦੀ ਵਿਚਾਰਧਾਰਾ ਬਿਲਕੁਲ ਸਪੱਸ਼ਟ ਸੀ ਕਿ ਭਲੇ ਕਿਰਤੀ ਲੋਕਾਂ ਦੀ ਹਮਾਇਤ ਕਰਨਾ ਤੇ ਲੁੱਟ-ਖਸੁੱਟ ਕਰਨ ਵਾਲੀ ਸਾਮਰਾਜਵਾਦੀ ਸਵਾਰਥੀ ਸ਼੍ਰੇਣੀ ਨੂੰ ਸਮਰੱਥਾ ਹੀਣ ਕਰਨਾ ਹੈ। ਇਸੇ ਕਰਕੇ ਉਨ੍ਹਾਂ ਆਪਣੇ ਤਨ, ਮਨ, ਧਨ ਦੀ ਸ਼ਕਤੀ ਨੇਕ ਕਿਰਤੀ ਲੋਕਾਂ ਦੇ ਵਿਕਾਸ ਵਿਚ ਲਾਈ ਤੇ ਉਨ੍ਹਾਂ ਦਾ ਜੱਸ ਵੀ ਗਾਇਆ,
ਸੇਵ ਕਰੀ ਇਨਹੀ ਕੀ ਭਾਵ,
ਅਉਰ ਕੀ ਸੇਵ ਸੁਹਾਤ ਨ ਜੀ ਕੋ॥
ਦਾਨ ਦਯੋ ਇਨਹੀ ਕੋ ਭਲੋ,
ਅਰੁ ਆਨ ਕੋ ਦਾਨ ਨ ਲਾਗਤ ਨੀਕੋ॥
ਆਗੈ ਫਲੈ ਇਹਨੀ ਕੋ ਦਯੋ,
ਜਗ ਮੈ ਜਸੁ ਅਉਰ ਦਯੋ ਸਭ ਫੀਕੋ॥
ਮੋ ਗ੍ਰਹ ਮੈ ਮਨ ਤੇ ਤਨ ਤੇ,
ਸਿਰ ਲਉ ਧਨ ਹੈ ਸਬ ਹੀ ਇਨਹੀ ਕੋ॥
(ਦਸਮ ਗੰ੍ਰਥ, ਪੰਨਾ 716)
ਇਸ ਤੋਂ ਵੀ ਅੱਗੇ ਜਾ ਕੇ ਗੁਰੂ ਸਾਹਿਬ ਨੇ ਅਜਿਹੇ ਜਾਗਤ ਜੋਤਿ ਦੇ ਪੁਜਾਰੀ ਭਲੇ ਪੁਰਸ਼ਾਂ ਵਿਚ ਪੰਚ ਪ੍ਰਤੀਨਿਧਾਂ ਨੂੰ ਗੁਰਿਆਈ ਗੱਦੀ ਦੀ ਸੌਂਪਣਾ ਕੀਤੀ ਤਾਂ ਕਿ ਮਨੁੱਖਤਾ ਕਦੀ ਅਸਮਾਨੀ ਅਵਤਾਰਾਂ ਜਾਂ ਨਬੀਆਂ, ਪੀਰਾਂ ਦੀ ਇੰਤਜ਼ਾਰ ਵਿਚ ਨਾ ਰਹੇ ਤੇ ਨਾ ਹੀ ਅਕਿਰਤੀ ਪੂੰਜੀਦਾਰਾਂ ਦੇ ਚੱਕਰ ਵਿਚ ਫਸੇ। ਵੈਸਾਖੀ ਸਮੇਂ ਗੁਰੂ ਸਾਹਿਬ ਦਾ ਪੰਥ ਖਾਲਸੇ ਤੋਂ ਆਪ ਅੰਮ੍ਰਿਤ ਪਾਨ ਕਰਨਾ, ਇਸ ਦੀ ਅਮਲੀ ਕਾਰਵਾਈ ਸੀ। ਉਹ ਕਹਿ ਰਹੇ ਸਨ,
ਖਾਲਸਾ ਮੇਰੋ ਰੂਪ ਹੈ ਖਾਸ।
ਖਾਲਸੇ ਮੇਂ ਹਉਂ ਕਰਉਂ ਨਿਵਾਸ।æææ
ਖਾਲਸਾ ਮੇਰੋ ਸਤਿਗੁਰ ਪੂਰਾ।
ਖਾਲਸਾ ਮੇਰੋ ਸੱਜਨ ਸੂਰਾ।æææ
(ਸਰਬਲੋਹ ਗ੍ਰੰਥ, ਪੰਨਾ 667)
ਦੂਜੇ ਸ਼ਬਦਾਂ ਵਿਚ ਇਹ ਇਕ ਬਹੁਤ ਵੱਡੀ ਇਨਕਲਾਬੀ ਗੱਲ ਸੀ ਕਿ ਧਾਰਮਕ ਪੁਰੋਹਿਤੀ ਪੰਡਤਾਂ ਮੁੱਲਾਂ ਤੋਂ ਖੋਹ ਕੇ ਤੇ ਸੰਸਾਰੀ ਚੌਧਰ, ਰਾਜੇ ਰਾਣਿਆਂ ਤੋਂ ਖੋਹ ਕੇ ਪੰਚਾਇਤ ਦੇ ਹਵਾਲੇ ਕੀਤੀ ਜਾ ਰਹੀ ਸੀ। ਇਸ ਤਰ੍ਹਾਂ ਸਤਿਗੁਰਾਂ ਨਵੀਂ ਕਿਸਮ ਦੇ ਧਰਮ-ਪਰਾਇਣ ਲੋਕਤੰਤਰਵਾਦ ਦੀ ਨੀਂਹ ਰੱਖ ਕੇ ਮਨੁੱਖ ਨੂੰ ਸਦਾ ਲਈ ਸ਼ਖਸੀ ਗੁਲਾਮੀ ਤੋਂ ਬਚਾ ਲਿਆ।

Be the first to comment

Leave a Reply

Your email address will not be published.