ਜੰਮੂ: ਫੌਜ ਨੇ 2010 ਦੇ ਮਾਛਿਲ ਫ਼ਰਜ਼ੀ ਮੁੱਠਭੇੜ ਮਾਮਲੇ ਵਿਚ ਦੋ ਅਧਿਕਾਰੀਆਂ ਸਮੇਤ ਛੇ ਫੌਜੀ ਜਵਾਨਾਂ ਖ਼ਿਲਾਫ਼ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ।ਕੋਰਟ ਮਾਰਸ਼ਲ ਦਾ ਸਾਹਮਣਾ ਕਰਨ ਵਾਲੇ ਫੌਜੀ ਅਧਿਕਾਰੀਆਂ ਵਿਚ ਕਰਨਲ ਡੀæਕੇ ਪਠਾਨੀਆ, ਚਾਰ ਰਾਜਪੂਤਾਨਾ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਮੇਜਰ ਉਪਿੰਦਰ ਤੇ ਰੈਜੀਮੈਂਟ ਦੇ ਚਾਰ ਜਵਾਨ ਸ਼ਾਮਲ ਹਨ। ਮਾਛਿਲ ਵਿਚ ਹੋਈ ਮੁੱਠਭੇੜ ਤੋਂ ਬਾਅਦ ਕਸ਼ਮੀਰ ਵਾਦੀ ਵਿਚ ਦੋ ਮਹੀਨੇ ਅੰਦੋਲਨ ਚੱਲਿਆ ਸੀ।
ਜ਼ਿਕਰਯੋਗ ਹੈ ਕਿ 30 ਅਪਰੈਲ, 2011 ਨੂੰ ਫੌਜ ਨੇ ਕੰਟਰੋਲ ਰੇਖਾ ਕੋਲ ਮਾਛਿਲ ਸੈਕਟਰ ਵਿਚ ਤਿੰਨ ਘੁਸਪੈਠੀਆਂ ਨੂੰ ਮਾਰ ਦੇਣ ਦਾ ਦਾਅਵਾ ਕੀਤਾ ਸੀ। ਫ਼ੌਜ ਨੇ ਕਿਹਾ ਸੀ ਕਿ ਉਹ ਪਾਕਿਸਤਾਨੀ ਅਤਿਵਾਦੀ ਸਨ ਪਰ ਬਾਅਦ ਵਿਚ ਉਨ੍ਹਾਂ ਦੀ ਪਛਾਣ ਜ਼ਿਲ੍ਹਾ ਬਾਰਾਮੂਲਾ ਦੇ ਨਦੀਹਾਲ ਇਲਾਕੇ ਦੇ ਵਾਸੀ ਮਹੁੰਮਦ ਸ਼ਾਫੀ, ਸ਼ਹਿਜ਼ਾਦ ਅਹਿਮਦ ਤੇ ਰਿਆਜ਼ ਅਹਿਮਦ ਵਜੋਂ ਹੋਈ ਸੀ। ਉਨ੍ਹਾਂ ਨੂੰ ਸਰਹੱਦੀ ਇਲਾਕੇ ਵਿਚ ਲਿਜਾ ਕੇ ਮਾਰ ਦਿੱਤਾ ਗਿਆ ਸੀ। ਪੀੜਤਾਂ ਦੇ ਰਿਸ਼ਤੇਦਾਰਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਨੇ ਇਕ ਫੌਜੀ ਜਵਾਨ ਤੇ ਦੋ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਘਟਨਾ ਕਾਰਨ ਕਸ਼ਮੀਰ ਵਾਦੀ ਵਿਚ ਅਸ਼ਾਂਤੀ ਫੈਲ ਗਈ ਤੇ ਵੱਡੇ ਪੈਮਾਨੇ ‘ਤੇ ਪ੍ਰਦਰਸ਼ਨ ਹੋਣ ਲੱਗੇ, ਜਿਨ੍ਹਾਂ ਵਿਚ 123 ਲੋਕ ਮਾਰੇ ਗਏ ਸਨ। ਉਤਰੀ ਕਮਾਨ ਦੇ ਫੌਜੀ ਬੁਲਾਰੇ ਮੁਤਾਬਕ ਫੌਜ ਨੇ 2010 ਵਿਚ ਹੋਈ ਮਾਛਿਲ ਫਰਜ਼ੀ ਮੁੱਠਭੇੜ ਮਾਮਲੇ ਵਿਚ ਸ਼ਾਮਲ ਫੌਜੀ ਇਕਾਈਆਂ ਦੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨਿਕ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਵਾਹਾਂ ਨੂੰ ਸੰਮਨ ਦੇਣ, ਪ੍ਰਮਾਣ ਦਰਜ ਕਰਨ ਤੇ ਦੋਸ਼ੀ ਸੈਨਿਕਾਂ ਖ਼ਿਲਾਫ਼ ਦੋਸ਼ ਦਰਜ ਲਈ ਰਾਜ ਪੁਲਿਸ ਤੇ ਕਾਨੂੰਨ ਵਿਭਾਗ ਦੀ ਮੱਦਦ ਨਾਲ ਜਾਂਚ ਕੀਤੀ ਗਈ ਹੈ। ਪੂਰੇ ਮਾਮਲੇ ਅਤੇ ਸਬੰਧਤ ਸੈਨਿਕਾਂ ਵੱਲੋਂ ਕੀਤੇ ਗਏ ਗੁਨਾਹ ਦੀ ਜਾਂਚ ਤੋਂ ਬਾਅਦ ਫੌਜ ਨੇ ਕੋਰਟ ਮਾਰਸ਼ਲ ਦਾ ਹੁਕਮ ਦਿੱਤਾ ਹੈ।
ਸੂਬੇ ਦੀ ਪੁਲਿਸ ਨੇ ਜੁਲਾਈ 2010 ਵਿਚ ਇਸ ਮਾਮਲੇ ਬਾਰੇ ਫੌਜ ਦੇ ਇਕ ਕਰਨਲ, ਮੇਜਰ ਤੇ ਸੱਤ ਹੋਰਾਂ ਖ਼ਿਲਾਫ਼ ਦੋਸ਼ ਪੱਤਰ ਆਇਦ ਕੀਤਾ ਸੀ। ਦੋਸ਼ ਪੱਤਰ ਵਿਚ ਰਾਜਪੂਤਾਨਾ ਰੈਜ਼ੀਮੈਂਟ ਦੇ ਕਰਨਲ ਪਠਾਨੀਆ, ਮੇਜਰ ਉਪਿੰਦਰ ਤੇ ਚਾਰ ਹੋਰ ਅਤੇ ਪ੍ਰਦੇਸ਼ਿਕ ਫੌਜ ਦੇ ਇਕ ਜਵਾਨ ਤੇ ਦੋ ਹੋਰ ਖ਼ਿਲਾਫ਼ ਸੋਪੋਰ ਦੇ ਤਿੰਨ ਜਵਾਨਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਅਗਵਾ ਕਰਨ ਤੇ ਬਾਅਦ ਵਿਚ ਅਤਿਵਾਦੀ ਦੱਸ ਕੇ ਕੁਪਵਾੜਾ ਵਿਚ ਮਾਰ ਮੁਕਾਉਣ ਦਾ ਦੋਸ਼ ਲਾਇਆ ਗਿਆ। ਇਹ ਦੋਸ਼ ਪੱਤਰ ਸੋਪੋਰ ਦੇ ਮੁੱਖ ਮੈਜਿਸਟਰੇਟ ਦੀ ਅਦਾਲਤ ਵਿਚ ਆਇਦ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਜਵਾਨ ਅੱਬਾਸ ਸ਼ਾਹ, ਬਸ਼ਾਰਤ ਲੋਨ, ਅਬਦੁਲ ਹਾਮਿਦ ਭੱਟ ਨੂੰ ਗ੍ਰਿਫ਼ਤਾਰ ਕੀਤਾ ਸੀ।
ਸੱਤਾਧਾਰੀ ਪਾਰਟੀ ਨੈਸ਼ਨਲ ਕਾਨਫਰੰਸ ਨੇ ਫੌਜ ਵੱਲੋਂ ਕੋਰਟ ਮਾਰਸ਼ਲ ਦੇ ਹੁਕਮ ਦੇਣ ਦਾ ਸਵਾਗਤ ਕੀਤਾ ਹੈ। ਛੇ ਫੌਜੀ ਸੈਨਿਕ ਮਛੀਲ ਫਰਜ਼ੀ ਮੁਕਾਬਲੇ ਵਿਚ ਸ਼ਾਮਲ ਸਨ ਅਤੇ ਇਨ੍ਹਾਂ ਖਿਲਾਫ ਕੋਰਟ ਮਾਰਸ਼ਲ ਦੇ ਹੁਕਮ ਜਾਰੀ ਹੋ ਗਏ ਹਨ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਤੇ ਪਾਰਟੀ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਇਹ ਫੈਸਲਾ ਸਵਾਗਤਯੋਗ ਹੈ।
Leave a Reply