ਡਾæ ਗੁਰਨਾਮ ਕੌਰ ਕੈਨੇਡਾ
ਪਿਛਲਾ ਲੇਖ ਅਸੀਂ ਇਸ ਵਿਚਾਰ ‘ਤੇ ਸਮਾਪਤ ਕੀਤਾ ਸੀ ਕਿ ਪਰਮਾਤਮਾ ਦੇ ਭਗਤਾਂ ਨੂੰ ਕੋਈ ਵੀ ਹੋਰ ਧਾਰਮਿਕ ਕਰਮ ਕਰਨ ਨਾਲੋਂ ਉਸ ਪਰਮਾਤਮਾ ਦੇ ਨਾਮ ਸਿਮਰਨ ਦੀ ਭੁੱਖ ਹੁੰਦੀ ਹੈ। ਉਨ੍ਹਾਂ ਲਈ ਸਭ ਤੋਂ ਵੱਡਾ ਕਰਮ ਪਰਮਾਤਮਾ ਨੂੰ ਯਾਦ ਕਰਨਾ ਹੈ, ਉਸ ਦਾ ਨਾਮ ਸਿਮਰਨ ਕਰਨਾ ਹੈ। ਇਸ ਸਲੋਕ ਵਿਚ ਵੀ ਗੁਰੂ ਨਾਨਕ ਦੇਵ ਧਰਮ ਨਾਲ ਜੁੜੀਆਂ ਰਸਮਾਂ ਦੀ ਹੀ ਗੱਲ ਕਰਦੇ ਹਨ। ਇਸ ਸਲੋਕ ਵਿਚ ਦੱਸਿਆ ਹੈ ਕਿ ਮੁਸਲਮਾਨਾਂ ਅਨੁਸਾਰ ਮੁਰਦੇ ਨੂੰ ਅੱਗ ਵਿਚ ਸਾੜਨਾ ਚੰਗਾ ਨਹੀਂ ਸਮਝਿਆ ਜਾਂਦਾ। ਉਨ੍ਹਾਂ ਅਨੁਸਾਰ ਮੌਤ ਉਪਰੰਤ ਜਿਨ੍ਹਾਂ ਦਾ ਸਰੀਰ ਅੱਗ ਵਿਚ ਸਾੜਿਆ ਜਾਂਦਾ ਹੈ, ਉਨ੍ਹਾਂ ਨੂੰ ਦੋਜ਼ਕ ਦੀ ਅੱਗ ਵਿਚ ਸੜਨਾ ਪੈਂਦਾ ਹੈ। ਇਸ ਲਈ ਮੁਰਦੇ ਨੂੰ ਦੱਬਣ ਦਾ ਰਿਵਾਜ ਹੈ। ਗੁਰੂ ਨਾਨਕ ਇਸ ਸਲੋਕ ਵਿਚ ਦੱਸਦੇ ਹਨ ਕਿ ਕਈ ਵਾਰ ਉਸ ਥਾਂ ਦੀ ਮਿੱਟੀ ਘੁਮਿਆਰ ਦੇ ਵੱਸ ਪੈ ਜਾਂਦੀ ਹੈ ਜਿਥੇ ਕਬਰਾਂ ਵਿਚ ਮੁਰਦੇ ਦੱਬੇ ਹੁੰਦੇ ਹਨ। ਕਹਿਣ ਤੋਂ ਭਾਵ ਹੈ ਕਿ ਘੁਮਿਆਰ ਉਸ ਮਿੱਟੀ ਨੂੰ ਲੈ ਆਉਂਦੇ ਹਨ ਤੇ ਫਿਰ ਉਸ ਦੀਆਂ ਇੱਟਾਂ ਤੇ ਭਾਂਡੇ ਘੜਦੇ ਹਨ। ਉਨ੍ਹਾਂ ਭਾਂਡਿਆਂ ਤੇ ਇੱਟਾਂ ਨੂੰ ਆਵੇ ਵਿਚ ਅੱਗ ਬਾਲ ਕੇ ਪਕਾਇਆ ਜਾਂਦਾ ਹੈ। ਆਵੇ ਵਿਚ ਪੈ ਕੇ ਉਹ ਮਿੱਟੀ ਸਮਝੋ ਪੁਕਾਰ ਕਰਦੀ ਹੈ, ਸੜ ਕੇ ਵਿਚਾਰੀ ਰੋਂਦੀ ਹੈ ਅਤੇ ਉਸ ਵਿਚੋਂ ਅੰਗਿਆਰ ਝੜ ਝੜ ਕੇ ਡਿਗਦੇ ਹਨ। ਇੱਥੇ ਕਹਿਣ ਤੋਂ ਭਾਵ ਹੈ ਕਿ ਕਿਸੇ ਨੂੰ ਨਿਜਾਤ ਮਿਲਣੀ ਹੈ ਜਾਂ ਦੋਜਕ ਇਸ ਦਾ ਮੁਰਦਾ ਸਾੜਨ ਜਾਂ ਦੱਬਣ ਨਾਲ ਕੋਈ ਸਬੰਧ ਨਹੀਂ ਹੈ। (ਸਰੀਰ ਵਿਚੋਂ ਪਰਾਣ ਨਿਕਲ ਜਾਣ ਨਾਲ ਸਰੀਰ ਮੁਰਦਾ ਹੋ ਜਾਂਦਾ ਹੈ। ਜੀਵ ਨੂੰ ਨਰਕ ਮਿਲਣਾ ਹੈ ਜਾਂ ਸਵਰਗ ਇਸ ਦਾ ਸਬੰਧ ਜੀਵ-ਆਤਮਾ ਨਾਲ ਹੈ, ਸਰੀਰ ਨਾਲ ਨਹੀਂ। ਮਨੁੱਖ ਜਿਸ ਕਿਸਮ ਦੇ ਕਰਮ ਕਰਦਾ ਹੈ, ਉਸ ਕਿਸਮ ਦਾ ਹੀ ਫਲ ਪ੍ਰਾਪਤ ਹੁੰਦਾ ਹੈ)। ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ ਕਿ ਜਿਸ ਅਕਾਲ ਪੁਰਖ ਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ, ਇਸ ਭੇਦ ਨੂੰ ਉਹ ਹੀ ਜਾਣਦਾ ਹੈ,
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥2॥ (ਪੰਨਾ 466)
ਅਗਲੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਕਿਸੇ ਵੀ ਮਨੁੱਖ ਨੂੰ ਸੰਸਾਰ ਨੂੰ ਜੀਵਨ ਦਾਨ ਦੇਣ ਵਾਲਾ ਦਾਤਾ ਅਰਥਾਤ ਕਰਤਾ ਪੁਰਖ ਸਤਿਗੁਰੂ ਦੀ ਰਹਿਨੁਮਾਈ ਤੋਂ ਬਿਨਾ ਪ੍ਰਾਪਤ ਨਹੀਂ ਹੋਇਆ। (ਉਸ ਅਕਾਲ ਪੁਰਖ ਨੂੰ ਪਾਉਣ ਲਈ ਸਤਿਗੁਰੂ ਦੀ ਅਗਵਾਈ ਦੀ ਲੋੜ ਪੈਂਦੀ ਹੈ ਅਤੇ ਗੁਰਮਤਿ ਅਨੁਸਾਰ ਸਤਿਗੁਰੂ ਸ਼ਬਦ ਹੈ, ਬਾਣੀ ਹੈ। ਸਾਧ ਸੰਤ ਸਤਿਗੁਰੂ ਨਹੀਂ ਹਨ ਜਿਨ੍ਹਾਂ ਨੂੰ ਅੱਜ ਕਲ੍ਹ ਅਸੀਂ ਗੁਰੂਆਂ ਦਾ ਦਰਜ਼ਾ ਦੇਣ ‘ਤੇ ਤੁਲੇ ਹੋਏ ਹਾਂ ਅਤੇ ਥਾਂ ਥਾਂ ‘ਨਾਮ’ ਦੇਣ ਦੀਆਂ ਦੁਕਾਨਾਂ ਜਾਂ ਡੇਰੇ ਖੁਲ੍ਹੇ ਹੋਏ ਹਨ)। ਅਕਾਲ ਪੁਰਖ ਨੇ ਆਪਣੇ ਆਪ ਨੂੰ ਸਤਿਗੁਰੂ ਦੇ ਅੰਦਰ ਰੱਖਿਆ ਹੋਇਆ ਹੈ। (ਸਤਿਗੁਰੂ ਪਹਿਲਾਂ ਆਪ ਆਪਣੇ ਅੰਦਰ ਵਿਆਪਕ ਰੱਬੀ ਜੋਤਿ ਦਾ ਅਨੁਭਵ ਕਰਦਾ ਹੈ ਇਸੇ ਲਈ ਉਹ ‘ਗੁਰੂ’ ਹੈ, ਫਿਰ ਮਨੁੱਖ ਨੂੰ ਉਹ ਇਸ ਜੋਤਿ ਨੂੰ ਅਨੁਭਵ ਕਰਨ ਦਾ ਰਸਤਾ ਦਿਖਾਉਂਦਾ ਹੈ)। ਜੇ ਇਹੋ ਜਿਹਾ ਗੁਰੂ ਜਿਸ ਨੇ ਆਪਣੇ ਅੰਦਰੋਂ ਮਾਇਆ-ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ ਪਵੇ ਤਾਂ ਉਹ ਮਨੁੱਖ ਮੁਕਤ ਹੋ ਜਾਂਦਾ ਹੈ ਅਰਥਾਤ ਉਹ ਮਨੁੱਖ ਵੀ ਆਪਣੇ ਮਨ ਅੰਦਰੋਂ ਮਾਇਆਵੀ ਬੰਧਨਾਂ ਨੂੰ ਦੂਰ ਕਰਕੇ ਇਨ੍ਹਾਂ ਤੋਂ ਆਜ਼ਾਦ ਹੋ ਜਾਂਦਾ ਹੈ। ਸਾਰੀਆਂ ਸਿਆਣਪਾਂ ਜਾਂ ਵਿਚਾਰਾਂ ਨਾਲੋਂ ਇਹ ਵਿਚਾਰ ਉਤਮ ਹੈ ਕਿ ਜਿਸ ਮਨੁੱਖ ਨੇ ਆਪਣੇ ਆਪ ਨੂੰ ਗੁਰੂ ਦੇ ਲੜ ਲਾ ਲਿਆ ਹੈ, ਆਪਣਾ ਮਨ ਗੁਰੂ ਦੀ ਸਿੱਖਿਆ ਵਿਚ ਜੋੜ ਲਿਆ ਹੈ, ਉਸ ਨੂੰ ਉਹ ਸੰਸਾਰ ਨੂੰ ਜੀਵਨ ਦਾਨ ਦੇਣ ਵਾਲਾ ਕਰਤਾ ਪੁਰਖ ਮਿਲ ਗਿਆ ਹੈ,
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ॥
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ॥ (ਪੰਨਾ 466)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਹੀ, ਜਪੁਜੀ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ‘ਸਚਿਆਰ’ ਪਦ ਦੀ ਪ੍ਰਾਪਤੀ ਦੇ ਰਸਤੇ ਵਿਚ ਅੜਿੱਕਾ ‘ਹਉਮੈ’ ਹੈ ਜਿਸ ਨੂੰ ਉਨ੍ਹਾਂ ਨੇ ‘ਕੂੜੈ ਪਾਲਿ’ ਕਿਹਾ ਹੈ। ਉਪਰ ਵਰਣਤ ਪਉੜੀ ਵਿਚ ਗੱਲ ਕੀਤੀ ਸੀ ਕਿ ਪਰਮਾਤਮਾ ਦੀ ਪ੍ਰਾਪਤੀ ਸਤਿਗੁਰੂ ਦੀ ਅਗਵਾਈ ਵਿਚ ਸੰਭਵ ਹੁੰਦੀ ਹੈ। ਇਸ ਪਉੜੀ ਤੋਂ ਅਗਲੇ ਸਲੋਕ ਵਿਚ ਗੁਰੂ ਨਾਨਕ ਦੇਵ ‘ਹਉਮੈ’ ਦਾ ਜ਼ਿਕਰ ਕਰਦੇ ਹਨ ਜੋ ਮਨੁੱਖ ਦੇ ਇਸ ਅਨੁਭਵ ਦੇ ਰਸਤੇ ਵਿਚ ਰੋੜਾ ਅਟਕਾਉਂਦੀ ਹੈ ਅਤੇ ਮਨੁੱਖ ਦੇ ਵਾਰ ਵਾਰ ਇਸ ਸੰਸਾਰ ‘ਤੇ ਜਨਮ ਲੈਣ ਦਾ ਕਾਰਨ ਬਣਦੀ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਜਦੋਂ ਮਨੁੱਖ ਹਉਮੈ ਦੀ ਭਾਵਨਾ ਦੇ ਅਧੀਨ ਆਪਣੀ ਹਸਤੀ ਨੂੰ ਅਕਾਲ ਪੁਰਖ ਦੀ ਹਸਤੀ ਤੋਂ ਅਲੱਗ ਮੰਨ ਲੈਂਦਾ ਹੈ ਤਾਂ ਉਹ ਸੰਸਾਰ ਵਿਚ ਵਾਰ ਵਾਰ ਜਨਮ ਲੈਂਦਾ ਅਤੇ ਮਰਦਾ ਹੈ। ਆਪਣੀ ਇਸ ਅੱਡਰੀ ਹਸਤੀ ਦੇ ਅਹਿਸਾਸ ਕਾਰਨ ਹੀ ਕਦੇ ਉਹ ਦੂਸਰਿਆਂ ਨੂੰ ਦਾਨ ਦਿੰਦਾ ਹੈ ਅਤੇ ਕਦੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਦੂਸਰਿਆਂ ਤੋਂ ਕੁਝ ਮੰਗਦਾ ਹੈ। ਇਸੇ ਮੈਂ ਦੇ ਅਹਿਸਾਸ ਕਾਰਨ ਹੀ ਕਿ ਮੇਰੀ ਵਾਹਿਗੁਰੂ ਤੋਂ ਅਲੱਗ ਆਪਣੀ ਹਸਤੀ ਹੈ, ਉਹ ਕਦੀ ਕੁਝ ਖੱਟਦਾ ਹੈ ਅਤੇ ਕਦੀ ਕੁਝ ਗੁਆਉਂਦਾ ਹੈ। ਜਦੋਂ ਤੱਕ ਮਨੁੱਖ ਇਸ ਤੇਰ-ਮੇਰ ਦੀ ਹੱਦਬੰਦੀ ਵਿਚ ਵਿਚਰਦਾ ਹੋਇਆ ਕਾਰਜ ਕਰਦਾ ਹੈ ਤਾਂ ਲੋਕਾਂ ਦੀਆਂ ਨਜ਼ਰਾਂ ਵਿਚ ਕਦੀ ਉਹ ਝੂਠਾ ਹੈ ਅਤੇ ਕਦੀ ਸੱਚਾ ਹੈ। ਜਦੋਂ ਤੱਕ ਮਨੁੱਖ ਕਰਤਾ ਪੁਰਖ ਨਾਲੋਂ ਆਪਣੀ ਵੱਖਰੀ ਹੋਂਦ ਦੇ ਅਹਿਸਾਸ ਵਿਚ ਹੈ, ਉਦੋਂ ਤੱਕ ਉਹ ਆਪਣੇ ਕੀਤੇ ਕਰਮਾਂ ਕਾਰਨ ਪਾਪ ਅਤੇ ਪੁੰਨ ਦੀ ਗਿਣਤੀ ਵਿਚ ਪਿਆ ਰਹਿੰਦਾ ਹੈ ਕਿ ਕਿੰਨੇ ਕੰਮ ਮਾੜੇ ਕੀਤੇ ਹਨ ਜਿਨ੍ਹਾਂ ਦਾ ਫਲ ਪਾਪ ਵਿਚ ਪ੍ਰਾਪਤ ਹੋਣਾ ਹੈ ਅਤੇ ਕਿੰਨੇ ਕੰਮ ਚੰਗੇ ਕੀਤੇ ਹਨ ਜਿਨ੍ਹਾਂ ਦਾ ਫਲ ਪੁੰਨ ਦੇ ਰੂਪ ਵਿਚ ਪ੍ਰਾਪਤ ਹੋਣਾ ਹੈ (ਜਦੋਂ ਹਉਂ ਦੀ ਭਾਵਨਾ ਮਿਟ ਜਾਣ ਨਾਲ ਪਰਮਾਤਮਾ ਨਾਲ ਆਤਮਾ ਇੱਕਸੁਰ ਹੋ ਜਾਂਦੀ ਹੈ ਫਿਰ ਤਾਂ ਮਨੁੱਖ ਜੀਵਨ-ਮੁਕਤ ਹੋ ਜਾਂਦਾ ਹੈ ਅਰਥਾਤ ਪਾਪ-ਪੁੰਨ ਤੋਂ ਉਤੇ ਉਠ ਜਾਂਦਾ ਹੈ। ਮੈਂ ਦੀ ਭਾਵਨਾ ਹੀ ਮਨੁੱਖ ਕੋਲੋਂ ਗਲਤ ਕੰਮ ਕਰਾਉਂਦੀ ਹੈ) ਅਤੇ ਇਸ ਵਖਰੇਵੇਂ ਕਰਕੇ ਮਨੁੱਖ ਕਦੀ ਨਰਕ ਵਿਚ ਪੈਂਦਾ ਹੈ, ਕਦੀ ਸਵਰਗ ਵਿਚ। (ਗੁਰਮਤਿ ਅਨੁਸਾਰ ਨਰਕ-ਸਵਰਗ ਕੋਈ ਵੱਖਰਾ ਲੋਕ ਜਾਂ ਸਥਾਨ ਨਹੀਂ ਹੈ। ਸਭ ਕੁਝ ਇਥੇ ਹੀ ਹੈ, ਇਸ ਸੰਸਾਰ ਵਿਚ ਜਿੱਥੇ ਮਨੁੱਖ ਆਪਣੇ ਕੀਤੇ ਦਾ ਫਲ ਭੋਗਦਾ ਹੈ)।
ਜਦੋਂ ਤੱਕ ਮਨੁੱਖ ਆਪਣੀ ਵੱਖਰੀ ਹੋਂਦ ਦੇ ਅਹਿਸਾਸ ਦੇ ਬੰਧਨ ਵਿਚ ਹੈ, ਉਦੋਂ ਤੱਕ ਸੁੱਖ ਦੇ ਅਹਿਸਾਸ ਨਾਲ ਕਦੀ ਹੱਸਦਾ ਹੈ ਅਤੇ ਦੁੱਖ ਦੇ ਅਹਿਸਾਸ ਨਾਲ ਕਦੀ ਰੋਂਦਾ ਹੈ। ਇਸੇ ਅਹਿਸਾਸ ਕਾਰਨ ਕਦੀ ਉਹ ਆਪਣੇ ਕੀਤੇ ਕੰਮਾਂ ਕਾਰਨ ਪਾਪਾਂ ਦੀ ਮੈਲ ਵਿਚ ਆਪਣੇ ਆਪ ਨੂੰ ਲਿਬੜਿਆ ਮਹਿਸੂਸ ਕਰਦਾ ਹੈ ਅਤੇ ਕਦੀ ਆਪਣੀ ਹਿੰਮਤ ਕਾਰਨ ਇਸ ਗੰਦ ਵਿਚੋਂ ਨਿਕਲਣ ਅਰਥਾਤ ਇਸ ਨੂੰ ਧੋਣ ਦੀ ਕੋਸ਼ਿਸ਼ ਕਰਦਾ ਹੈ। ਇਸ ਵੱਖਰੀ ਹੋਂਦ ਦੇ ਅਹਿਸਾਸ ਕਾਰਨ ਹੀ ਮਨੁੱਖ ਜਾਤ-ਪਾਤ ਦੇ ਅਹੰਕਾਰ ਵਿਚ ਪੈਂਦਾ ਹੈ ਅਤੇ ਆਪਾ ਗਵਾ ਲੈਂਦਾ ਹੈ। (ਗੁਰਮਤਿ ਅਨੁਸਾਰ ਸਾਰੇ ਮਨੁੱਖ ਉਸ ਪਰਮਾਤਮ ਜੋਤਿ ਤੋਂ ਹੋਂਦ ਵਿਚ ਆਏ ਹਨ, ਇਸ ਲਈ ਜਨਮ ਕਰਕੇ ਮਨੁੱਖ ਦੀ ਜਾਤ ਇੱਕੋ ਹੈ)। ਜਦੋਂ ਤੱਕ ਮਨੁੱਖ ਇਸ ਅਹਿਸਾਸ ਦੀ ਜਕੜ ਵਿਚ ਹੈ, ਕਦੀ ਉਹ ਮੂਰਖ ਗਿਣਿਆ ਜਾਂਦਾ ਹੈ, ਕਦੀ ਸਿਆਣਾ ਪਰ ਇਸ ਅਹਿਸਾਸ ਦੇ ਹੁੰਦਿਆਂ ਮਨੁੱਖ ਨੂੰ ਮੁਕਤੀ ਦੇ ਦਰਵਾਜ਼ੇ ਦੀ ਸਮਝ ਨਹੀਂ ਪੈਂਦੀ। ਹਉਮੈ ਮਨੁੱਖ ਦੇ ਰੱਬ ਨਾਲੋਂ ਵਿਛੋੜੇ ਦਾ ਕਾਰਨ ਬਣਦੀ ਹੈ ਅਤੇ ਜਦੋਂ ਤੱਕ ਇਹ ਕਾਰਨ ਕਾਇਮ ਹੈ ਮਨੁੱਖ ਮਾਇਆ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ਅਰਥਾਤ ਉਹ ਰੱਬ ਨਾਲੋਂ ਵਿਛੜਿਆ ਰਹਿੰਦਾ ਹੈ ਜਿਸ ਕਰਕੇ ਵਾਰ ਵਾਰ ਸੰਸਾਰ ਤੇ ਜਨਮ ਲੈਂਦਾ ਹੈ। ਜਦੋਂ ਇਸ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਕਿ ਇਹ ਰੱਬ ਨਾਲੋਂ ਵਿਛੜਿਆ ਹੋਇਆ ਹੈ, ਉਸ ਦੇ ਅੰਦਰ ਵਿਛੋੜੇ ਦਾ ਇਹ ਅਹਿਸਾਸ ਜਾਗਦਾ ਹੈ ਤਾਂ ਉਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹੈ। ਇਸ ਅਹਿਸਾਸ ਤੋਂ ਬਿਨਾਂ ਉਸ ਦੀਆਂ ਗਿਆਨ ਦੀਆਂ ਗੱਲਾਂ ਥੋਥੀਆਂ ਹਨ ਅਤੇ ਗਿਆਨ ਤੋਂ ਸੱਖਣਾ ਉਸ ਦਾ ਅੰਦਰ ਸੜਦਾ ਰਹਿੰਦਾ ਹੈ (ਹਉਮੈ ਮਨੁੱਖ ਨੂੰ ਅੰਦਰੋ ਅੰਦਰ ਸਾੜਦੀ ਹੈ)। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਸ ਜਿਸ ਤਰ੍ਹਾਂ ਮਨੁੱਖ ਇਸ ਸੰਸਾਰ ਨੂੰ ਵੇਖਦੇ ਹਨ ਅਰਥਾਤ ਹਉਮੈ ਦੇ ਅਹਿਸਾਸ ਕਾਰਨ ਜਿਸ ਤਰ੍ਹਾਂ ਸੰਸਾਰ ਅੰਦਰ ਵਰਤਦੇ ਹਨ, ਉਹੋ ਜਿਹਾ ਉਨ੍ਹਾਂ ਦਾ ਆਪਣਾ ਆਪਣਾ ਵੱਖਰਾ ਮਾਨਸਿਕ ਸਰੂਪ ਬਣ ਜਾਂਦਾ ਹੈ। ਕਿਸ ਦੀ ਕਿਹੋ ਜਿਹੀ ਮਾਨਸਿਕ ਅਵਸਥਾ ਬਣਨੀ ਹੈ ਇਹ ਲੇਖ ਵੀ ਪਰਮਾਤਮਾ ਦੇ ਹੁਕਮ ਵਿਚ ਹੀ ਲਿਖਿਆ ਜਾਂਦਾ ਹੈ,
ਹਉ ਵਿਚਿ ਆਇਆ ਹਉ ਵਿਚਿ ਗਇਆ॥
ਹਉ ਵਿਚਿ ਜੰਮਿਆ ਹਉ ਵਿਚਿ ਮੁਆ॥
ਹਉ ਵਿਚਿ ਦਿਤਾ ਹਉ ਵਿਚਿ ਲਇਆ॥
ਹਉ ਵਿਚਿ ਖਟਿਆ ਹਉ ਵਿਚਿ ਗਇਆ॥ (ਪੰਨਾ 466)
ਇਸ ਦੇ ਨਾਲ ਹੀ ਅਗਲਾ ਸਲੋਕ ਦੂਸਰੀ ਨਾਨਕ ਜੋਤਿ ਗੁਰੂ ਅੰਗਦ ਦੇਵ ਜੀ ਦਾ ਇਸੇ ਵਿਸ਼ੇ ‘ਹਉਮੈ’ ਨਾਲ ਸਬੰਧਤ ਹੈ। ਗੁਰੂ ਅੰਗਦ ਦੇਵ ਦੱਸਦੇ ਹਨ ਕਿ ਇਸ ਹਉਮੈ ਕਾਰਨ ਹੀ ਅਰਥਾਤ ਇਸ ‘ਮੈਂ’ ਦੇ ਅਹਿਸਾਸ ਦੇ ਕਾਰਨ ਹੀ ਮਨੁੱਖ ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੀ ਵੱਖਰੀ ਹੋਂਦ ਦਾ ਅਹਿਸਾਸ ਟਿਕਿਆ ਰਹੇ। (ਇਹ ਕੁਦਰਤੀ ਸਿੱਟਾ ਹੈ ਕਿ ‘ਅਹੰ’ ਦੀ ਭਾਵਨਾ ਵਿਚ ਕੀਤੇ ਹੋਏ ਕਰਮ ‘ਅਹੰ’ ਨੂੰ ਹੋਰ ਮਜ਼ਬੂਤ ਕਰਦੇ ਹਨ)। ਇਸ ਹਉਮੈ ਦੇ ਸੰਸਕਾਰ-ਰੂਪ ਬੰਧਨ ਹੀ ਇਹੀ ਹਨ ਕਿ ਮਨੁੱਖ ਨੂੰ ਵਾਰ ਵਾਰ ਜਨਮ ਲੈਣਾ ਪੈਂਦਾ ਹੈ। ਗੁਰੂ ਸਾਹਿਬ ਪ੍ਰਸ਼ਨ ਉਠਾਉਂਦੇ ਹਨ ਕਿ ਹਉਮੈ ਦਾ ਇਹ ਭਰਮ ਮਨੁੱਖ ਦੇ ਅੰਦਰ ਕਿੱਥੋਂ ਆਉਂਦਾ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ? ਫਿਰ ਇਸ ਪ੍ਰਸ਼ਨ ਦਾ ਉਤਰ ਦਿੰਦੇ ਹੋਏ ਦੱਸਦੇ ਹਨ ਕਿ ਇਹ ਮਨੁੱਖ ਦੀ ਵੱਖਰੀ ਹੋਂਦ ਦਾ ਅਹਿਸਾਸ ਵੀ ਮਨੁੱਖ ਅੰਦਰ ਰੱਬੀ ਹੁਕਮ ਅਨੁਸਾਰ ਹੀ ਜੀਵ ਦੇ ਪਿਛਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ ਪੈਦਾ ਹੁੰਦਾ ਹੈ ਜਿਸ ਕਾਰਨ ਉਹ ਫਿਰ ਅਜਿਹੇ ਹੀ ਕੰਮ ਕਰਨ ਵੱਲ ਦੌੜਦੇ ਹਨ। ਗੁਰੂ ਸਾਹਿਬ ਅਨੁਸਾਰ ਹਉਮੈ ਇੱਕ ਲੰਬਾ ਰੋਗ ਹੈ ਪਰ ਇਹ ਰੋਗ ਲਾ-ਇਲਾਜ ਨਹੀਂ ਹੈ। ਜੇ ਅਕਾਲ ਪੁਰਖ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਉਂਦੇ ਹਨ। ਗੁਰੂ ਦੇ ਸ਼ਬਦ ਦੀ ਕਮਾਈ ਰਾਹੀਂ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ,
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ॥ (ਪੰਨਾ 466)
ਅਗਲੀ ਪਉੜੀ ਵਿਚ ਦੱਸਿਆ ਹੈ ਕਿ ਜਿਨ੍ਹਾਂ ਮਨੁੱਖਾਂ ਦੇ ਅੰਦਰ ਸੰਤੋਖ ਹੁੰਦਾ ਹੈ, ਉਹ ਮਨੁੱਖ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਉਸ ਸੱਚੇ ਦਾ ਧਿਆਨ ਧਰਦੇ ਹਨ ਅਤੇ ਉਸ ਦੀ ਸੇਵਾ ਕਰਦੇ ਹਨ। ਅਜਿਹੇ ਮਨੁੱਖ ਮੰਦੇ ਕੰਮਾਂ ਦੇ ਨੇੜੇ ਵੀ ਨਹੀਂ ਜਾਂਦੇ, ਚੰਗੇ ਕੰਮ ਕਰਦੇ ਹਨ ਅਤੇ ਧਰਮ ਅਨੁਸਾਰ ਆਪਣਾ ਜੀਵਨ ਬਸਰ ਕਰਦੇ ਹਨ। ਅਜਿਹੇ ਸੰਤੋਖੀ ਮਨੁੱਖ ਸੰਸਾਰ ਦੇ ਮਾਇਆਵੀ ਬੰਧਨਾਂ ਨੂੰ ਤੋੜ ਦਿੰਦੇ ਹਨ, ਸੰਜਮ ਨਾਲ ਜੀਵਨ ਬਿਤਾਉਂਦੇ ਹਨ ਭਾਵ ਉਨ੍ਹਾਂ ਦੇ ਭੋਜਨ, ਜਲ-ਪਾਨ ਆਦਿ ਕਰਨ ਵਿਚ ਵੀ ਇੱਕ ਸੰਜਮ ਹੁੰਦਾ ਹੈ ਜੋ ਸਰੀਰਕ ਲੋੜ ਅਨੁਸਾਰ ਖਾਂਦੇ-ਪੀਂਦੇ ਹਨ, ਨਾ ਕਿ ਆਪਣੇ ਮੂੰਹ ਦੇ ਸੁਆਦਾਂ ਲਈ। ਉਹ ਉਸ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਦੇ ਹਨ ਜੋ ਸਭ ਨੂੰ ਬਖ਼ਸ਼ਸ਼ਾਂ ਦੇਣ ਵਾਲਾ ਹੈ ਅਤੇ ਸਦਾ ਜੀਵਾਂ ਨੂੰ ਬਖ਼ਸ਼ਸ਼ਾਂ ਕਰਦਾ ਹੈ। ਇਸ ਤਰ੍ਹਾਂ ਉਸ ਦੀ ਸਿਫ਼ਤਿ-ਸਾਲਾਹ ਕਰਕੇ ਉਹ ਸੰਤੋਖੀ ਮਨੁੱਖ ਉਸ ਪਰਮਾਤਮਾ ਨੂੰ ਪਾ ਲੈਂਦੇ ਹਨ,
ਸੇਵ ਕੀਤੀ ਸੰਤੋਖੀਈ ਜਿਨ੍ਹੀ ਸਚੋ ਸਚੁ ਧਿਆਇਆ॥
ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥ (ਪੰਨਾ 466-467)
ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਦੀ ਬੇਅੰਤ ਰਚਨਾ ਦਾ ਜ਼ਿਕਰ ਕਰਦੇ ਹਨ ਜਿਸ ਦੀ ਗਿਣਤੀ ਦਾ ਪਤਾ ਸਿਰਫ ਉਸ ਰਚਨਾਕਾਰ ਅਰਥਾਤ ਅਕਾਲ ਪੁਰਖ ਨੂੰ ਹੀ ਹੋ ਸਕਦਾ ਹੈ ਜਿਸ ਨੇ ਇਸ ਦੀ ਰਚਨਾ ਕੀਤੀ ਹੈ। ਜੀਵਾਂ ਦੀ ਉਤਪਤੀ ਦੀਆਂ ਚਾਰ ਖਾਣੀਆਂ ਮੰਨੀਆਂ ਗਈਆਂ ਹਨ-ਅੰਡਜ, ਜੇਰਜ, ਉਤਭੁਜ ਅਤੇ ਸੇਤਜ। ਗੁਰੂ ਨਾਨਕ ਅਕਾਲ ਪੁਰਖ ਦੀ ਰਚਨਾ ਦਾ ਜ਼ਿਕਰ ਕਰਦੇ ਹਨ ਕਿ ਮਨੁੱਖ, ਰੁੱਖ ਤੀਰਥ, ਤੱਟ (ਭਾਵ ਨਦੀਆਂ), ਬੱਦਲ, ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰ, ਮੇਰ ਆਦਿਕ ਪਰਬਤ, ਚਾਰੇ ਖਾਣੀਆਂ (ਅੰਡਜ, ਜੇਰਜ, ਉਤਭੁਜ, ਸੇਤਜ) ਦੇ ਜੀਵ ਜੰਤ-ਇਸ ਸਾਰੀ ਰਚਨਾ ਦੀ ਗਿਣਤੀ ਦਾ ਅੰਦਾਜ਼ਾ ਉਹ ਅਕਾਲ ਪੁਰਖ ਹੀ ਜਾਣਦਾ ਹੈ ਜਿਸ ਨੇ ਇਨ੍ਹਾਂ ਦੀ ਰਚਨਾ ਕੀਤੀ ਹੈ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਜਿਸ ਕਰਤਾ ਪੁਰਖ ਨੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਹਨ, ਉਹ ਕਰਤਾ ਪੁਰਖ ਹੀ ਇਨ੍ਹਾਂ ਦੀ ਪਾਲਣਾ ਕਰਦਾ ਹੈ (ਹਿੰਦੂ ਧਰਮ ਵਿਚ ਬ੍ਰਹਮਾ ਨੂੰ ਪੈਦਾ ਕਰਨ ਵਾਲਾ, ਵਿਸ਼ਨੁੰ ਨੂੰ ਪਾਲਣ ਵਾਲਾ ਅਤੇ ਸ਼ਿਵ ਨੂੰ ਸੰਘਾਰ ਕਰਤਾ ਮੰਨਿਆ ਗਿਆ ਹੈ ਪਰ ਸਿੱਖ ਧਰਮ ਵਿਚ ਅਜਿਹੀ ਕਿਸੇ ਸ਼ਕਤੀ ਵਿਚ ਵਿਸ਼ਵਾਸ ਨਹੀਂ ਕੀਤਾ ਗਿਆ। ਸਿੱਖ ਧਰਮ ਅਨੁਸਾਰ ਉਹ ਅਕਾਲ ਪੁਰਖ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ ਅਤੇ ਮਾਰਨ ਵਾਲਾ ਹੈ)। ਜਿਸ ਅਕਾਲ ਪੁਰਖ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸੇ ਨੂੰ ਇਨ੍ਹਾਂ ਦੀ ਪਾਲਣਾ ਕਰਨ ਦਾ ਫ਼ਿਕਰ ਹੈ। ਜਿਸ ਅਕਾਲ ਪੁਰਖ ਨੇ ਇਹ ਸੰਸਾਰ ਪੈਦਾ ਕੀਤਾ ਹੈ, ਉਹੀ ਇਸ ਦਾ ਖ਼ਿਆਲ ਵੀ ਰੱਖਦਾ ਹੈ। ਇਸ ਲਈ ਗੁਰੂ ਨਾਨਕ ਉਸੇ ਇੱਕ ਅਕਾਲ ਪੁਰਖ ਤੋਂ ਹੀ ਸਦਕੇ ਜਾਂਦੇ ਹਨ ਅਤੇ ਉਸੇ ਦੇ ਗੁਣ ਗਾਉਂਦੇ ਹਨ। ਕਹਿਣ ਤੋਂ ਭਾਵ ਹੈ ਕਿ ਉਸ ਅਕਾਲ ਪੁਰਖ ਦਾ ਹੀ ਸਿਮਰਨ ਕਰਨਾ ਚਾਹੀਦਾ ਹੈ। ਉਸ ਅਕਾਲ ਪੁਰਖ ਦਾ ਆਸਰਾ ਜੀਵਾਂ ਵਾਸਤੇ ਸਦੀਵੀ ਅਤੇ ਅਟੱਲ ਹੈ। ਉਸ ਅਕਾਲ ਪੁਰਖ ਦੇ ਸਿਮਰਨ ਤੋਂ ਬਿਨਾਂ ਬਾਹਰੀ ਧਾਰਮਿਕ ਭੇਖ ਕੋਈ ਅਰਥ ਨਹੀਂ ਰੱਖਦਾ ਅਰਥਾਤ ਜੇ ਮਨੁੱਖ ਦੇ ਮਨ ਵਿਚ ਉਸ ਪਰਮਾਤਮਾ ਦਾ ਧਿਆਨ ਨਹੀਂ, ਪਰਮਾਤਮਾ ਦੀਆਂ ਦਾਤਾਂ ਲਈ ਮਨੁੱਖ ਉਸ ਦਾ ਸ਼ੁਕਰਗੁਜ਼ਾਰ ਨਹੀਂ ਹੈ, ਉਸ ਦਾ ਸਿਮਰਨ ਨਹੀਂ ਕਰਦਾ ਜਾਂ ਧਿਆਨ ਨਹੀਂ ਕਰਦਾ ਤਾਂ ਬਾਹਰੀ ਧਾਰਮਿਕ ਚਿੰਨ੍ਹ ਜਿਵੇਂ ਮੱਥੇ ‘ਤੇ ਤਿਲਕ ਜਾਂ ਜਨੇਊ ਆਦਿ ਪਹਿਨਣ ਦਾ ਕੋਈ ਅਰਥ ਨਹੀਂ। (ਇਹ ਸਿਧਾਂਤ ਸਾਰੇ ਧਰਮਾਂ ਨੂੰ ਮੰਨਣ ਵਾਲਿਆਂ ‘ਤੇ ਲਾਗੂ ਹੁੰਦਾ ਹੈ ਕਿ ਪਰਮਾਤਮਾ ਦੀਆਂ ਬਖ਼ਸ਼ਿਸ਼ਾਂ ਨੂੰ ਯਾਦ ਰੱਖਣ ਤੋਂ ਬਿਨਾਂ, ਉਸ ਦੇ ਨਾਮ ਨਾਲ ਜੁੜਨ ਤੋਂ ਬਗੈਰ ਬਾਹਰੀ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨਾ ਬੇਅਰਥ ਹੈ),
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ॥
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ॥
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ॥ (ਪੰਨਾ 467)
Leave a Reply