ਪਤਿਤ ਦਾ ਪਤਨ

ਬਲਜੀਤ ਬਾਸੀ
ਅੱਜ ਕਲ੍ਹ ਸਿੱਖ ਧਰਮ ਵਿਚ ‘ਪਤਿਤ’ ਸ਼ਬਦ ਦੀ ਨਿਖੇਧੀਸੂਚਕ ਆਸ਼ੇ ਨਾਲ ਬਹੁਤ ਵਰਤੋ ਹੋ ਰਹੀ ਹੈ। ਇਸ ਤਰ੍ਹਾਂ ਕਿ ਜਿਵੇਂ ਪਤਿਤ ਸਿੱਖ ਤਾਂ ਮਨੁੱਖ ਹੋਣ ਤੋਂ ਵੀ ਹੇਠਾਂ ਗਿਰ ਚੁੱਕਾ ਹੈ। ਪਤਿਤ ਸਿੱਖ ਨੂੰ ਇਕ ਅਛੂਤ ਵਾਂਗ ਲਿਆ ਜਾਂਦਾ ਹੈ। ਸਾਡੇ ਸਮਾਜ ਵਿਚ ਜਾਤੀਵਾਦ ਦੀ ਜਕੜ ਬਹੁਤ ਕਰੂਰ ਰਹੀ ਹੈ। ਪਤਿਤ ਮਨੁਖ ਆਪਣੀ ਜਾਤੀ ਤੋਂ ਹੀਣੇ ਕਰਮ ਕਰਨ ਵਾਲਾ ਸਮਝਿਆ ਜਾਂਦਾ ਸੀ। ਅਜਿਹਾ ਹੀ ਮਨੁਖ ਧਰਮ ਕਰਮ ਤੋਂ ਵੀ ਡਿਗਿਆ ਸਮਝਿਆ ਜਾਂਦਾ ਸੀ ਭਾਵੇਂ ਧਾਰਮਿਕ ਕਸਵੱਟੀ ਅਨੁਸਾਰ ਪਤਿਤ ਸਮਾਜ ਤੋਂ ਖਾਰਜ ਅਤੇ ਹੋਰ ਆਚਰਣਕ ਕੁਕਰਮਾਂ ਦਾ ਵੀ ਭਾਗੀ ਹੈ। ਹੋਰ ਤਾਂ ਹੋਰ ਪਤਿਤ ਸ਼ਬਦ ਤਾਂ ਨੀਵੀਂ ਜਾਤੀ ਦਾ ਵੀ ਸੂਚਕ ਬਣ ਗਿਆ। ਗੁਰੂ ਰਾਮ ਦਾਸ ਦਾ ਕਥਨ ਹੈ, “ਪਤਿਤ ਜਾਤਿ ਉਤਮ ਭਇਆ।” ਅਰਥਾਤ (ਪਰਮਾਤਮਾ ਦੀ ਉਸਤਤ ਕਰਨ ਨਾਲ) ਨੀਵੀਂ ਜਾਤੀ ਵਿਚ ਪੈਦਾ ਹੋਇਆ ਰਵਿਦਾਸ ਵੀ ਉਤਮ ਬਣ ਗਿਆ, ਚੌਹਾਂ ਵਰਣਾਂ ਦੇ ਲੋਕ ਉਸ ਦੇ ਚਰਨਾਂ ਵਿਚ ਆ ਡਿੱਗੇ। ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਚੋਖੀ ਵਰਤੋਂ ਹੋਈ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਕਿਧਰੇ ਵੀ ਇਸ ਦੀ ਤਸੱਲੀਬਖਸ਼ ਵਿਆਖਿਆ ਉਪਲਬਧ ਨਹੀਂ।
ਖੈਰ! ਅੱਗੇ ਵਧਣ ਤੋਂ ਪਹਿਲਾਂ ਇਸ ਸ਼ਬਦ ਦੇ ਭਾਸ਼ਾਈ ਪਿਛੋਕੜ ਬਾਰੇ ਕੁਝ ਜਾਣ ਲਈਏ। ਇਹ ਸ਼ਬਦ ਸੰਸਕ੍ਰਿਤ ਦੇ ‘ਪਤ’ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਡਿਗਣਾ, ਗਿਰਨਾ, ਉਡਣਾ ਅਰਥਾਤ ਇਕ ਸਥਾਨ ਤੋਂ ਦੂਜੇ ਸਥਾਨ ਜਾਣਾ ਹੈ। ਪੱਤੇ ਦੇ ਬ੍ਰਿਛ ਤੋਂ ਉਡਣ ਜਾਂ ਉਡਣ ਜਿਹੀ ਕ੍ਰਿਆ, ਸਰਸਰਾਉਣ ਦੇ ਗੁਣ ਕਾਰਨ ਹੀ ਪੱਤਾ ਸ਼ਬਦ ਬਣਿਆ। ਪੱਤ ਸ਼ਬਦ ਵੀ ਪੱਤਿਆਂ ਲਈ ਸਮੂਹਕ ਸੰਗਿਆ ਵਜੋਂ ਵਰਤਿਆ ਜਾਂਦਾ ਹੈ ਜਿਵੇਂ ‘ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਆ।’ ਪਤਝੜ ਸ਼ਬਦ ਵਿਚ ਵੀ ਇਹ ਸਾਫ਼ ਝਲਕਦਾ ਹੈ। ਹੋਰ ਦੇਖੋ, “ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨ” -ਗੁਰੂ ਨਾਨਕ ਦੇਵ। ਇਸ ਦੇ ਉੜਨ ਦੇ ਭਾਵ ਤੋਂ ਪਤੰਗ ਤੇ ਪਤੰਗਾ ਸ਼ਬਦ ਵਿਕਸਿਤ ਹੋਏ ਹਨ। ਪੱਤਰ ਜਾਂ ਪੱਤਰਾ ਸ਼ਬਦਾਂ ਵਿਚ ਵੀ ਪੱਤੇ ਦਾ ਭਾਵ ਹੀ ਹੈ। ਪੱਤਰਾ ਵਿਚ ਕਾਗਜ਼ ਦਾ ਵਰਕਾ ਦੇ ਅਰਥ ਵੀ ਸਮਾ ਗਏ ਹਨ ਕਿਉਂਕਿ ਪਹਿਲਾਂ ਪੱਤਿਆਂ ਉਤੇ ਹੀ ਲਿਖਿਆ ਜਾਂਦਾ ਸੀ। ਇਸੇ ਤੋਂ ਅੱਗੇ ਪੰਨਾ ਸ਼ਬਦ ਬਣਿਆ ਜਿਸ ਦਾ ਅਰਥ ਸਫਾ ਹੈ। ਅੰਗਰੇਜ਼ੀ ਲeਆ ਦੇ ਵੀ ਇਹ ਦੋਨੋਂ ਅਰਥ ਹਨ। ਪੱਤਰ ਦਾ ਇਕ ਅਰਥ ਚਿੱਠੀ ਅਤੇ ਪਰਚਾ, ਅਖਬਾਰ ਆਦਿ ਵੀ ਬਣ ਗਏ, ਖਾਸ ਤੌਰ ‘ਤੇ ਪਤ੍ਰਿਕਾ ਦੇ ਰੂਪ ਵਿਚ। ਪੱਤੀ (ਚਾਹ ਪੱਤੀ ਅਤੇ ਧਾਤ ਦਾ ਪਤਲਾ ਚਪਟਾ ਟੁਕੜਾ) ਅਤੇ ਪੱਤਰੀ (ਜਨਮ ਪੱਤਰੀ) ਇਸ ਸ਼ਬਦ ਦੇ ਹੋਰ ਵਾਧੇ ਹਨ। ਪੱਤ ਸ਼ਬਦ ਵਿਚ ਗਰਮ ਹੋ ਰਹੀ ਰਹੁ ਤੋਂ ਗੁੜ ਵੱਲ ਪਲਟਣ ਦਾ ਹੀ ਭਾਵ ਹੈ।
ਇਸ ਧਾਤੂ ਤੋਂ ਬਣਿਆ ਸਭ ਤੋਂ ਅਹਿਮ ਸ਼ਬਦ ਹੈ ‘ਪਤਨ’ ਜਿਸ ਵਿਚ ਡਿਗਣ, ਗਿਰਾਵਟ, ਜਵਾਲ, ਉਡਣ ਦੇ ਭਾਵ ਸਪਸ਼ਟ ਦਿਖਾਈ ਦਿੰਦੇ ਹਨ। ਕਿਸੇ ਵੀ ਤਰ੍ਹਾਂ ਦੀ ਵਿਵਸਥਾ ਆਦਿ ਵਿਚ ਆਈ ਗਿਰਾਵਟ ਨੂੰ ਪਤਨ ਕਿਹਾ ਜਾਂਦਾ ਹੈ ਪਰ ਪੰਜਾਬੀ ਵਿਚ ਪਤਨ ਦੇ ਅਰਥ ਭੌਤਿਕ ਨਾਲੋਂ ਭਾਵਵਾਚਕ ਵਧੇਰੇ ਹਨ। ਉਂਜ ਗੁਰਬਾਣੀ ਵਿਚ ਭੌਤਿਕ ਅਰਥਾਂ ਦੀਆਂ ਵੀ ਮਿਸਾਲਾਂ ਮਿਲਦੀਆਂ ਹਨ, ‘ਜਿਉ ਦੀਪ ਪਤਨ ਪਤੰਗ’ ਅਰਥਾਤ ਜਿਵੇਂ ਪਤੰਗਾ ਦੀਵੇ ਤੇ ਡਿਗਦਾ ਹੈ ਅਤੇ ‘ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇਦੀਪਯਯ ਬੈਸ੍ਵਾਂਤਰਹ।’ ਇਥੇ ਪਹਾੜ ਤੋਂ ਪਤਾਲ ਵਿਚ ਗਿਰਨ ਵੱਲ ਸੰਕੇਤ ਹੈ। ਗੁਰਬਾਣੀ ਵਿਚ ਖਾਸ ਤੌਰ ‘ਤੇ ਨੈਤਿਕ ਪਤਨ ਦੀ ਗੱਲ ਕੀਤੀ ਗਈ ਹੈ, “ਜੋ ਨਿੰਦੈ ਤਿਸ ਕਾ ਪਤਨ ਹੋਇ” -ਗੁਰੂ ਅਰਜਨ ਦੇਵ। ਗੁਰੂ ਗ੍ਰੰਥ ਸਾਹਿਬ ਵਿਚ ਪਤਿਤ ਸ਼ਬਦ ਦੀ ਬਹੁਤ ਅਧਿਕ ਵਰਤੋਂ ਮਿਲਦੀ ਹੈ, “ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ” -ਗੁਰੂ ਨਾਨਕ ਦੇਵ। ਗੁਰਬਾਣੀ ਤੇ ਹੋਰ ਧਾਰਮਿਕ ਸਾਹਿਤ ਵਿਚ ਇਹ ਸ਼ਬਦ ਆਮ ਤੌਰ ‘ਤੇ ਪਤਿਤ ਦੇ ਨਾਲ ਪੁਨੀਤ, ਪਾਵਨ ਜਾਂ ਉਧਾਰਨ ਲੱਗ ਕੇ ਹੀ ਆਇਆ ਹੈ, “ਪਤਿਤ ਪਾਵਨ ਸੀਤਾ ਰਾਮ”; “ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ” -ਗੁਰੂ ਤੇਗ ਬਹਾਦਰ। ਸ਼ਬਦ ਜੁੱਟਾਂ ਵਜੋਂ ਆਏ ਅਜਿਹੇ ਲਕਬਾਂ ਵਿਚ ਆਮ ਤੌਰ ‘ਤੇ ਪਰਮਾਤਮਾ ਜਾਂ ਉਸ ਦੇ ਨਾਮ ਨਾਲ ਪਤਿਤ ਤੋਂ ਪਵਿਤਰ ਹੋ ਜਾਣ ਦਾ ਸੰਦੇਸ਼ ਹੈ। ਉਂਜ ਪਤਿਤ ਕੌਣ ਹੁੰਦਾ ਹੈ? ਇਸ ਬਾਰੇ ਗੁਰਬਾਣੀ ਵਿਚ ਵਿਸ਼ੇਸ਼ ਤੌਰ ‘ਤੇ ਕੁਝ ਨਹੀਂ ਦੱਸਿਆ ਗਿਆ। ਇਸ ਦੇ ਆਮ ਤੌਰ ‘ਤੇ ਅਰਥ ਪਾਪੀ ਜਿਹੇ ਹੀ ਕੀਤੇ ਜਾ ਸਕਦੇ ਹਨ ਜੋ ਧਰਮ ਦੀਆਂ ਸਿਖਿਆਵਾਂ ਤੇ ਇਖਲਾਕੀ ਤੌਰ ‘ਤੇ ਗਿਰ ਗਿਆ ਹੋਵੇ। ‘ਮਹਾਨ ਕੋਸ਼’ ਨੇ ਪਤਿਤ ਸ਼ਬਦ ਦੇ ਅਰਥ ‘ਪਾਤਕ’ ਦੇ ਇੰਦਰਾਜ ਅਧੀਨ ਕੁਝ ਸਪੱਸ਼ਟ ਕੀਤੇ ਹਨ। ਅਸੀਂ ਪਾਤਕ ਸ਼ਬਦ ਨੂੰ ਆਮ ਤੌਰ ‘ਤੇ ਸੂਤਕ-ਪਾਤਕ ਸ਼ਬਦ ਜੁੱਟ ਦੇ ਘਟਕ ਵਜੋਂ ਜਾਣਦੇ ਹਾਂ, ਸੂਤਕ ਬੱਚਾ ਜਣਨ ਤੋਂ ਪਿਛੋਂ ਨਿਸਚਿਤ ਸਮੇਂ ਦੀ ਭਿੱਟ ਹੁੰਦੀ ਹੈ ਤੇ ਪਾਤਕ ਮਰੇ ਦੀ। ਗੁਰੂ ਸਾਹਿਬਾਨ ਨੇ ਇਨ੍ਹਾਂ ਦੀ ਨਿੰਦਿਆ ਕੀਤੀ ਹੈ। ਸਿੰਮ੍ਰਤੀਆਂ ਅਨੁਸਾਰ ਦਸ਼ ਪਾਤਕ (ਪਾਪ ਕਰਮ) ਹਨ, ਜਿਨ੍ਹਾਂ ਦੇ ਕਰਨ ਤੋਂ ਪਤਿਤ ਹੋਈਦਾ ਹੈ। ਚੋਰੀ, ਵੇਦ ਵਿਧੀ ਬਿਨਾ ਕੀਤੀ ਹਿੰਸਾ ਅਤੇ ਪਰਇਸਤ੍ਰੀਗਮਨ, ਇਹ ਤਿੰਨ ਪਾਤਕ ਕਾਇਕ (ਸਰੀਰਕ) ਹਨ।
ਕੌੜਾ ਬੋਲਣਾ, ਝੂਠ, ਚੁਗਲੀ ਅਤੇ ਬੇਮੇਲ ਬਕਬਾਦ ਚਾਰੇ ਵਾਣੀ ਦੇ ਪਾਤਕ ਹਨ ਅਤੇ ਦੂਜੇ ਦੇ ਧਨ ਮਾਲ ਲੈਣ ਦਾ ਖਿਆਲ, ਕਿਸੇ ਦਾ ਬੁਰਾ ਚਿਤਵਣਾ ਅਤੇ ਝੂਠਾ ਕਲੰਕ ਲਾਉਣ ਦੀ ਗੋਂਦ ਤਿੰਨੇ ਮਾਨਸਿਕ ਪਾਤਕ ਹਨ। ਹਿੰਦੂ ਮਤ ਦੇ ਧਰਮ ਸ਼ਾਸਤਰਾਂ ਅਨੁਸਾਰ ਪ੍ਰਾਣੀ ਦੇ ਮਰਨ ਪੁਰ ਹੋਈ ਅਪਵਿਤਰਤਾ ਵੀ ਪਾਤਕ ਕਹਾਉਂਦੀ ਹੈ। ਇਹ ਪਾਤਕ ਬ੍ਰਾਹਮਣ ਦੇ 10 ਦਿਨ, ਕਸ਼ੱਤਰੀ ਦੇ 12 ਦਿਨ, ਵੈਸ਼ ਦੇ 15 ਦਿਨ ਅਤੇ ਸ਼ੂਦਰ ਦੇ 30 ਦਿਨ ਤੱਕ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਵਿਸ਼ੇਸ਼ ਵਿਆਖਿਆ ਦੀ ਅਣਹੋਂਦ ਕਾਰਨ ਅਸੀ ਪਤਿਤ ਸ਼ਬਦ ਦੇ ਇਹੋ ਪ੍ਰਚਲਤ ਅਰਥ ਹੀ ਲੈ ਸਕਦੇ ਹਾਂ। ਕੁਝ ਵੀ ਹੋਵੇ ਧਰਮ ਅਨੁਸਾਰ ਨਾਮ ਇਸ ਦਾ ਇਲਾਜ ਹੈ, “ਮਹਾ ਪਤਿਤ ਕੇ ਪਾਤਿਕ ਉਤਰਹਿ ਹਰਿ ਨਾਮਾ ਉਰਿ ਧਾਰੈ” -ਗੁਰੂ ਅਰਜਨ ਦੇਵ।
ਕਹਿਣ ਦਾ ਸਾਰ ਇਹ ਹੈ ਕਿ ਗੁਰਬਾਣੀ ਅਨੁਸਾਰ ਪਤਿਤ ਉਹ ਹੈ ਜੋ ਆਚਰਣ ਤੋਂ ਗਿਰ ਕੇ ਪਾਪ ਕਰਮ ਕਰੇ। ਪਤਿਤ ਦੀ ਇਹ ਵਿਆਖਿਆ ਸਹਿਜ ਧਰਮ ਅਨੁਸਾਰ ਹੈ। ਪਰ ਜਿਉਂ ਜਿਉਂ ਸਿੱਖ ਧਰਮ ਇਕ ਵੱਖਰਾ ਸਥਾਪਤ ਧਰਮ ਬਣਨ ਵੱਲ ਵਧਿਆ, ਇਸ ਨੂੰ ਆਪਣੇ ਵੱਖਰੇ ਪਛਾਣ ਚਿੰਨ੍ਹ ਸਿਰਜਣ ਜਾਂ ਉਨ੍ਹਾਂ ਤੇ ਜ਼ੋਰ ਦੇਣ ਦੀ ਜ਼ਰੂਰਤ ਮਹਿਸੂਸ ਹੋਈ। ਵੀਹਵੀਂ ਸਦੀ ਦੇ ਸ਼ੁਰੂ ਵਿਚ ਚੱਲੀ ਸਿੰਘ ਸਭਾ ਲਹਿਰ ਦੇ ਪ੍ਰਚਾਰ ਦੇ ਸਿੱਟੇ ਵਜੋਂ 1925 ਦੇ ਗੁਰਦੁਆਰਾ ਐਕਟ ਵਿਚ ਇਸ ਨੂੰ ਸ਼ਾਮਿਲ ਕੀਤਾ ਗਿਆ। ਫਿਰ 1954 ਵਿਚ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਹਿਤ ਮਰਿਆਦਾ ਨੂੰ ਰਸਮੀ ਸ਼ਕਲ ਦੇ ਦਿੱਤੀ। ਸੋ ਬਣਾਈ ਗਈ ਰਹਿਤ ਮਰਿਆਦਾ ਵਿਚ ਭਾਵੇਂ ਇਨ੍ਹਾਂ ਆਚਰਣਕ ਗਿਰਾਵਟਾਂ ਜਿਵੇਂ ਵਿਭਚਾਰ, ਤਮਾਕੂ ਨਸ਼ਿਆਂ ਅਤੇ ਕੁੱਠਾ ਆਦਿ ਦੇ ਸੇਵਨ ਅਤੇ ਕੁਝ ਹੋਰ ਆਚਰਣਕ ਗਿਰਾਵਟਾਂ ਦੀ ਮਨਾਹੀ ਕੀਤੀ ਗਈ ਪਰ ਸਭ ਤੋਂ ਉਘੜਵੀਂ ਕੁਰਹਿਤ ਮੁੰਡਨ ਅਰਥਾਤ ਕੇਸ ਕਟਾਉਣ ਨੂੰ ਰੱਖਿਆ ਗਿਆ। ਵਿਵਹਾਰ ਰੂਪ ਵਿਚ ਵੀ ਸਿਰ ਦੇ ਕੇਸਾਂ ਨੂੰ ਸਾਬਤ ਰੱਖਣ ‘ਤੇ ਹੀ ਜ਼ੋਰ ਦਿੱਤਾ ਜਾਂਦਾ ਹੈ ਕਿਉਂਕਿ ਸਿਰ ਦੇ ਕੇਸ ਹੀ ਸਾਡੇ ਸਰੀਰ ਦਾ ਸਭ ਤੋਂ ਦਰਸ਼ਨੀ ਅੰਗ ਹਨ। ਅੱਜ ਕੇਸਾਂ ਨੂੰ ਕਤਲ ਕਰਨ ਦਾ ਅਰਥਾਵਾਂ ਬਣ ਚੁੱਕਾ ਪਤਿਤ ਸ਼ਬਦ ਇਕ ਗਾਲ ਦਾ ਰੂਪ ਧਾਰ ਚੁੱਕਾ ਹੈ, ਅਜਿਹਾ ਸ਼ਖਸ ਆਚਰਣਕ ਤੌਰ ਤੇ ਭਾਵੇਂ ਕਿੰਨਾ ਵੀ ਸੱਚਾ-ਸੁੱਚਾ ਹੋਵੇ।
ਖੈਰ! ਅਸੀਂ ਪਤਿਤ ਨਾਲ ਸਬੰਧਤ ਹੋਰ ਸ਼ਬਦਾਂ ਵੱਲ ਆਈਏ। ਪਤ ਤੋਂ ਹੀ ਪਾਤ ਸ਼ਬਦ ਬਣਿਆ ਜਿਸ ਦਾ ਇਕ ਅਰਥ ਪੱਤਾ ਹੀ ਹੁੰਦਾ ਹੈ, “ਜੈਸੇ ਬਨ ਹਰ ਪਾਤ” -ਭਗਤ ਕਬੀਰ। ਇਸ ਦੇ ਅਰਥ ਪੰਖ ਵੀ ਹਨ, “ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ” -ਗੁਰੂ ਨਾਨਕ ਦੇਵ। ਉਂਜ ਪੰਖ ਤੇ ਪੰਖੜੀ ਸ਼ਬਦ ਵੀ ਇਸੇ ਤੋਂ ਬਣੇ। ਇਹ ਸ਼ਬਦ ਪਿਛੇਤਰ ਰੂਪ ਵਿਚ ਡਿਗਣ ਦਾ ਅਰਥ ਦਿੰਦਾ ਹੈ ਜਿਵੇਂ ਰਕਤਪਾਤ, ਹਿਮਪਾਤ, ਉਲਕਾਪਾਤ ਆਦਿ। ਪਰ ਪਤ ਧਾਤੂ ਤੋਂ ਬਣਿਆ ਸਭ ਤੋਂ ਵਧ ਵਰਤੋਂ ਵਾਲਾ ਸ਼ਬਦ ਹੈ ‘ਪੈ’ ਜਾਂ ‘ਪੈਣਾ।’ “ਪੈ ਪਾਇ ਮਨਾਈ ਸੋਈ” -ਗੁਰੂ ਅਰਜਨ ਦੇਵ। ਇਸ ਦੇ ਭਾਵ ਪਤ ਦੇ ਡਿਗਣ ਵਾਲੇ ਅਰਥਾਂ ਤੋਂ ਹੀ ਵਿਕਸਿਤ ਹੋਏ ਹਨ ਜਿਵੇਂ ਪੈਰੀਂ ਪੈਣਾ ਅਰਥਾਤ ਪੈਰੀਂ ਡਿਗਣਾ। ਪੈਣਾ ਦਾ ਅਰਥ ਲੰਮੇ ਰੁਖ ਹੋਣਾ ਜਾਂ ਸੌਣਾ ਵੀ ਹੈ ਜਿਵੇਂ ਮੰਜੇ ‘ਤੇ ਪੈਣਾ। ਇਸ ਤੋਂ ਬਣੇ ਮੁਹਾਵਰਿਆਂ ਦਾ ਕੋਈ ਅੰਤ ਨਹੀਂ ਜਿਵੇਂ ਕਿਸੇ ਨੂੰ ਪੈਣਾ ਜਾਂ ਟੁੱਟ ਕੇ ਪੈਣਾ, ਕੁਝ ਕਰਨਾ ਪੈਣਾ ਆਦਿ। ਇਸੇ ਤੋਂ ਪਟਕਣਾ ਸ਼ਬਦ ਬਣਿਆ ਜਿਸ ਦਾ ਅਰਥ ਕਾਸੇ ਵਿਚ ਮਾਰਨਾ ਹੁੰਦਾ ਹੈ। ਬਿਪਤਾ ਸ਼ਬਦ ਵਿਚ ਵੀ ਇਹ ਧਾਤੂ ਬੋਲਦਾ ਹੈ। ਬਿਪਤਾ=ਬਿ+ਪਾਤ ਅਰਥਾਤ ਜੋ ਮੁਸੀਬਤ ਆਣ ਡਿਗੀ ਹੈ। ਆਪਤ ਜਾਂ ਆਪਦ ਸ਼ਬਦ ਦਾ ਵੀ ਲਗਭਗ ਇਹੋ ਅਰਥ ਹੁੰਦਾ ਹੈ, “ਸੰਪਤ ਹਰਖ ਨਾ ਆਪਤ ਦੂਖਾ”, “ਜਹਾਂ ਬੀਸਰੈ ਠਾਕੁਰ ਪਿਆਰੇ ਤਹਾਂ ਦੂਖ ਸਭ ਆਪਦ।” ਅੱਜ ਕਲ੍ਹ ਅਸੀਂ ਹਿੰਦੀਨੁਮਾ ਆਪਾਤ ਕਾਲ ਸ਼ਬਦ ਵੀ ਵਰਤ ਲੈਂਦੇ ਹਾਂ। ਸੰਪਤੀ ਸ਼ਬਦ ਸਮ+ਪਤੀ ਤੋਂ ਬਣਦਾ ਹੈ। ਇਸ ਦਾ ਮੂਲ ਅਰਥ ‘ਚੰਗੀ ਤਰ੍ਹਾਂ ਨਿਸ਼ਾਨੇ ‘ਤੇ ਪੈਣਾ’ ਹੈ। ਇਸ ਤੋਂ ਵਿਕਸਿਤ ਹੋ ਕੇ ਪ੍ਰਾਪਤੀ ਜਾਂ ਲੱਭਤ ਦੇ ਅਰਥ ਬਣੇ ਤੇ ਅੰਤ ਵਿਚ ਸਫਲਤਾ, ਪ੍ਰਾਪਤੀ, ਜਾਇਦਾਦ ਦੇ। ਪਾਤਾਲ ਜਾਂ ਪਤਾਲ ਸ਼ਬਦ ਵਿਚ ਵੀ ‘ਥੱਲੇ ਨੂੰ ਡਿਗੀ ਹੋਈ’ ਧਰਤੀ ਦਾ ਭਾਵ ਹੈ। ਗੁਰਬਾਣੀ ਵਿਚ ਇਸ ਦਾ ਇਕ ਰੂਪ ਪਇਆਲ ਵੀ ਮਿਲਦਾ ਹੈ।
ਪਤ ਧਾਤੂ ਦੇ ਹੀ ਅਰਥਾਂ ਦਾ ਹਿੰਦ-ਆਰਿਆਈ ਮੂਲਕ ਹੈ ਪeਟ ਜਾਂ ਪeਟe। ਇਸ ਦੇ ਅਰਥ ਲਗਭਗ ‘ਪਤ’ ਵਾਲੇ ਹੀ ਹਨ। ਇਸ ਤੋਂ ਬਹੁਤ ਸਾਰੀਆਂ ਸਬੰਧਤ ਭਾਸ਼ਾਵਾਂ ਦੇ ਸ਼ਬਦ ਵਿਕਸਿਤ ਹੋਏ ਹਨ ਜਿਨ੍ਹਾਂ ਵਿਚੋਂ ਕੁਝ ਦਾ ਜ਼ਿਕਰ ਕਰਾਂਗੇ। ਅੰਗਰੇਜ਼ੀ ਪeਟਟਿਨ ਦਾ ਮੁਢਲਾ ਅਰਥ ਦੇਵਤੇ ਅੱਗੇ ਡੰਡੌਤ ਕਰਨਾ ਹੈ। ਇਹ ਫਰਾਂਸੀਸੀ ਰਾਹੀਂ ਹੁੰਦਾ ਹੋਇਆ ਲਾਤੀਨੀ ਦੇ ਜਿਸ ਸ਼ਬਦ ਵਿਚੋਂ ਆਇਆ ਹੈ ਉਸ ਦਾ ਅਰਥ ਧੱਕਣਾ, ਟੁੱਟ ਕੇ ਪੈਣਾ, ਨਿਸ਼ਾਨਾ ਲਾਉਣਾ ਆਦਿ ਹੈ। ਇਸ ਤੋਂ ਵਿਕਸਿਤ ਹੋ ਕੇ ਇਸ ਇਸ ਵਿਚ ਲਭਣਾ, ਖੋਜਣਾ ਆਦਿ ਦੇ ਅਰਥ ਆਏ। ਕਾਨੂੰਨ ਵਿਚ ਇਸ ਦੇ ਅਰਥ ਦਾਅਵਾ ਕਰਨਾ ਬਣੇ। ਇਸ ਤਰ੍ਹਾਂ ਅਸੀਂ ਪੈਟੀਸ਼ਨ ਦੇ ਅਜੋਕੇ ਅਰਥਾਂ ਦੀ ਸੋਅ ਸੁਣ ਸਕਦੇ ਹਾਂ। ਅੰਗਰੇਜ਼ੀ ਅਪਪeਟਟਿe ਵਿਚਲੇ ਪeਟਟਿe ਘਟਕ ਦਾ ਲਾਤੀਨੀ ਵਿਚ ਅਰਥ ਧਾਉਣਾ, ਲਭਣਾ, ਖੋਜਣਾ, ਭਾਲਣਾ ਆਦਿ ਹੈ। ਖੰਭ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਵੀ ਸੁਜਾਤੀ ਹੈ। ਇਥੇ ਪਤ ਧੁਨੀ ਫਦ ਵਿਚ ਬਦਲ ਗਈ। ਗਰੀਕ ਵਿਚ ਇਹ ਧੁਨੀ ਪਟeਰੋ ਵਿਚ ਬਦਲ ਜਾਂਦੀ ਹੈ ਜਿਸ ਤੋਂ ਖੰਭ ਦੇ ਅਰਥਾਂ ਵਾਲੇ ਸ਼ਬਦ ਬਣੇ। ਇਹ ਸ਼ਬਦ ਅੰਗਰੇਜ਼ੀ ਵਿਚ ਵੀ ਆ ਗਏ ਹਨ ਜਿਵੇਂ ਪਟeਰੋ-ਪੋਦ ਖੰਭ ਜਿਹੇ ਪੈਰਾਂ ਵਾਲਾ, ਪਟeਰੋਦਅਚਟੇ, ਉੜਨੀ-ਕਿਰਲੀ ਆਦਿ।

Be the first to comment

Leave a Reply

Your email address will not be published.