ਨਿਰਮਲ ਨਿੰਮਾ ਲੰਗਾਹ
ਫੋਨ: 91-98552-67822
ਕਰੀਬ ਤਿੰਨ ਦਹਾਕਿਆਂ ਤੋਂ ਪੰਜਾਬੀ ਸਾਹਿਤ ਨਾਲ ਮੇਰਾ ਗੂੜ੍ਹਾ ਸਬੰਧ ਹੈ। ਇਸ ਦੌਰਾਨ ਮੈਂ ਅਨੇਕਾਂ ਪ੍ਰੋਫੈਸਰਾਂ, ਡਾਕਟਰਾਂ, ਸਾਹਿਤਕਾਰਾਂ ਅਤੇ ਲੇਖਕਾਂ ਦੇ ਘਰੀਂ ਗਿਆ ਹਾਂ। ਸਿਆਸੀ ਲੀਡਰਾਂ, ਬੁੱਧੀਜੀਵੀਆਂ, ਪੱਤਰਕਾਰਾਂ, ਕਲਾਕਾਰਾਂ ਅਤੇ ਰੰਗਕਰਮੀਆਂ ਨਾਲ ਵੀ ਵਾਹਵਾ ਮੇਲਜੋਲ ਹੈ, ਵਾਹ-ਵਾਸਤਾ ਹੈ। ਇਹ ਲੋਕ ਬੜੀ ਗੰਭੀਰਤਾ ਨਾਲ ਮਾਂ ਬੋਲੀ ਦੀ ਸੇਵਾ ਵਿਚ ਜੁਟੇ ਸਮਝੇ ਜਾਂਦੇ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਾ ਕੇ, ਸਾਹਿਤ ਰਚਨਾ ਕਰ ਕੇ, ਗੀਤ ਗਾ ਕੇ ਅਤੇ ਫਿਲਮਾਂ ਬਣਾ ਕੇ, ਅਖ਼ਬਾਰਾਂ-ਰਸਾਲਿਆਂ ਵਿਚ ਲਿਖ ਕੇ, ਸਾਹਿਤਕ ਪਰਚੇ ਕੱਢ ਕੇ ਤੇ ਭਾਸ਼ਨ ਦੇ ਕੇ, ਇਹ ਸਭ ਲੋਕ ਮਾਂ ਬੋਲੀ ਪ੍ਰਤੀ ਵਫ਼ਾਦਾਰੀ ਦਾ ਦਮ ਭਰਦੇ ਹਨ। ਇਸ ਦੇ ਵਿਕਾਸ ਲਈ ਦਿਨ ਰਾਤ ਕਾਰਜਸ਼ੀਲ ਦਿਸਦੇ ਹਨ ਪਰ ਸੱਚਾਈ ਕੁਝ ਹੋਰ ਹੈ। ਢੋਲ ਵਿਚ ਪੋਲ ਹੈ।
ਹੈਰਾਨ ਹਾਂ, ਇਹ ਲੋਕ ਇੰਨਾ ਝੂਠ ਕਿਉਂ ਬੋਲਦੇ ਹਨ? ਕੁਫ਼ਰ ਕਿਉਂ ਤੋਲਦੇ ਹਨ? ਕਿਸੇ ਵਿਰਲੇ ਨੂੰ ਛੱਡ ਕੇ ਉਪਰੋਕਤ ਸਾਰਿਆਂ ਦੇ ਘਰਾਂ ਵਿਚ ਪੰਜਾਬੀ ਦਾ ਮੂੰਹ-ਮੱਥਾ ਕੱਟਿਆ-ਵੱਢਿਆ ਹੀ ਵੇਖਿਆ ਹੈ, ਬੁਰੀ ਤਰ੍ਹਾਂ ਲਹੂ-ਲੁਹਾਣ। ਦਰਅਸਲ, ਇਨ੍ਹਾਂ ਦੇ ਦਿਮਾਗਾਂ ਵਿਚ ਅੰਗਰੇਜ਼ੀ ਖੁੱਭੀ ਹੋਈ ਹੈ, ਗਲ ਗਲ ਤਾਈਂ। ਉਹ ਵੀ ਅਗਲੀ ਪੀੜ੍ਹੀ ਦਾ ਪੰਜਾਬੀ ਪ੍ਰਤੀ ਮੋਹ ਘਟਾਉਣ ਲਈ, ਇਸ ਨੂੰ ਢਾਹ ਲਾਉਣ ਲਈ, ਇਸ ਦੇ ਮਰ ਜਾਣ ਦੇ ਫੋਕੇ ਤੇ ਝੂਠੇ ਬਿਆਨ ਦਾਗਣ ਲਈ। ਇਹ ਲੋਕ ਤਾਂ ਖੁਦ ਜ਼ਿੰਮੇਵਾਰ ਨੇ, ਕਸੂਰਵਾਰ ਨੇ। ਕਿਉਂ? ਆਪਣੀ ਹੱਡਬੀਤੀ ਵਿਚੋਂ ਦੱਸਦਾ ਹਾਂ ਕੁਝ।
ਕਲਾਕਾਰ, ਲੇਖਕ, ਗਾਇਕ ਆਪਣੇ ਆਪ ਨੂੰ ਪੰਜਾਬੀ ਦੇ ਅਸਲੀ ਵਾਰਸ ਸਮਝਦੇ ਹਨ, ਮਾਂ ਬੋਲੀ ਦੀ ਸੱਚੇ ਦਿਲੋਂ ਸੇਵਾ ਕਰਨ ਵਾਲੇ! ਇਕ ਕਲਾਕਾਰ ਆਪ ਤਾਂ ਘਰ ਮਿਲਿਆ ਨਾ, ਉਸ ਦੇ ਦੋਵੇਂ ਮੁੰਡੇ ਮਿਲੇ। ਪਹਿਲਾਂ ਤੋਂ ਈ ਵਾਕਫ਼ ਸਾਂ। ਮੇਰੇ ਕੋਲ ਆਣ ਬੈਠੇ। ਨੌਵੀਂ ਤੇ ਦਸਵੀਂ ਵਿਚ ਪੜ੍ਹਦੇ ਸਨ। ਚਾਹ ਪੀਂਦਿਆਂ ਮੈਂ ਵੱਡੇ ਨੂੰ ਆਖਿਆ, “ਤੇਰਾ ਪਿਉ ਤੇ ਮੈਂ ਉਨੀ ਸੌ ਬਿਆਸੀ ਦੇ ਯਾਰ ਆਂ। ਕਿੰਨੇ ਸਾਲ ਹੋਗੇ ਭਲਾ?” ਮੁੰਡਾ ਚੁੱਪ! ਨੀਵੀਂ ਪਾਈ ਮੂੰਹ ਵਿਚ ਗੁਣ-ਗੁਣ ਕਰੀ ਜਾਵੇ। ਛੋਟਾ ਵੀ ਜ਼ੋਰ ਲਾਵੇ। ਗੱਲ ਕੋਈ ਬਣੇ ਨਾ। ਅਖੀਰ ਉਹ ਸ਼ਰਮਿੰਦਾ ਜਿਹਾ ਹੋ ਕੇ ਕਹਿੰਦਾ, “ਅੰਕਲ ਜੀ, ਅੰਗਰੇਜ਼ੀ ਵਿਚ ਦੱਸੋ, ਬਿਆਸੀ ਕਿੰਨੇ ਹੁੰਦੇ ਆ?” ਮੈਨੂੰ ਤਾਂ ਜਿਵੇਂ 440 ਵੋਲਟ ਦਾ ਝਟਕਾ ਲੱਗਾ ਹੋਵੇ। ਹੈਰਾਨ ਪ੍ਰੇਸ਼ਾਨ। ਯਕੀਨ ਜਿਹਾ ਨਾ ਆਵੇ। ਮੇਰੇ ਪੁੱਛਣ ‘ਤੇ ਉਨ੍ਹਾਂ ਸੱਚ ਬੋਲਿਆ। ਦੋਹਾਂ ਭਰਾਵਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ। ਨਾ ਲਿਖਣੀ, ਨਾ ਪੜ੍ਹਨੀ। ਨਾ ਸੌ ਗਿਣਨਾ, ਨਾ ਪੈਂਤੀ ਅੱਖਰੀ। ਅਖੇ, “ਪਾਪਾ ਜੀ ਆਖਦੇ ਆ, ਜੇ ਜ਼ਿੰਦਗੀ ਵਿਚ ਕੁਝ ਬਣਨੈæææਤਾਂ ਅੰਗਰੇਜ਼ੀ ਸਿੱਖੋ। ਪੰਜਾਬੀ ਤੋਂ ਕੀ ਲੈਣਾ ਤੁਸੀਂ?”
ਮੈਂ ਸਿਰ ਫੜ ਕੇ ਬਹਿ ਗਿਆ। ਸੁੰਨ ਹੋ ਗਿਆ। ਗੁੰਗਾ ਤੇ ਬੋਲਾ ਵੀ। ਯਾਰੋ, ਜਿਸ ਕਲਾਕਾਰ ਨੇ ਇੰਗਲੈਂਡ, ਅਮਰੀਕਾ ਤੇ ਕੈਨੇਡਾ ਤੱਕ ਪੰਜਾਬੀ ਦੇ ਗੀਤ ਗਾ ਕੇ ਕਰੋੜਾਂ ਰੁਪਏ ਕਮਾਏ; ਫਰਸ਼ ਤੋਂ ਅਰਸ਼ਾਂ ‘ਤੇ ਪੁੱਜਾ ਹੋਵੇ; ਕੀਮਤੀ ਕਾਰਾਂ, ਕੋਠੀਆਂ ਖਰੀਦੀਆਂ; ਬੈਂਕਾਂ ਦੇ ਲਾਕਰ ਭਰੇ; ਉਸ ਦਾ ਬੋਲੀ ਨਾਲ ਐਸਾ ਧ੍ਰੋਹ? ਇੰਨੀ ਨਫ਼ਰਤ? ਮਾਂ ਬੋਲੀ ‘ਤੇ ਕਾਤਲਾਨਾ ਹਮਲਾ! ਹਾਏ ਮੇਰਿਆ ਰੱਬਾ! ਸਾਰੀ ਰਾਤ ਨਹੀਂ ਸੌਂ ਸਕਿਆ।
ਇਹੀ ਕੁਝ ਵਾਪਰਿਆ ਦੂਜੇ ਕਲਾਕਾਰਾਂ ਤੇ ਬੁੱਧੀਜੀਵੀਆਂ ਦੇ ਘਰੀਂ ਜਾ ਕੇ। ਬੱਸ, ਉਨੀ-ਇੱਕੀ ਦੇ ਫਰਕ ਨਾਲ। ਸਾਰਿਆਂ ਦੇ ਮੁੰਡੇ-ਕੁੜੀਆਂ, ਪੋਤਰੇ-ਪੋਤਰੀਆਂ, ਭਤੀਜੇ-ਭਤੀਜੀਆਂ, ਦੋਹਤੇ-ਦੋਹਤੀਆਂ ਚੋਟੀ ਦੇ ਅੰਗਰੇਜ਼ੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਹਨ। ਉਹ ਮਾਂ ਬੋਲੀ ਦੀ ਸੇਵਾ ਤੋਂ ਮਿਲੀਆਂ ‘ਮੋਟੀਆਂ ਰਕਮਾਂ’ ਖੁੱਲ੍ਹੇ ਹੱਥ ਖਰਚ ਰਹੇ ਨੇ, ਅਗਲੀ ਪੀੜ੍ਹੀ ਨੂੰ ਅੰਗਰੇਜ਼ੀ ਸਿਖਾਉਣ ਵਾਸਤੇ! ਹੁਣ ਸੁਣੋ ਸਿਰੇ ਦੀ ਗੱਲ। ਅੱਖੀਂ ਵੇਖਿਐæææ ਪੰਜਾਬੀ ਪੜ੍ਹਨ ਪੜ੍ਹਾਉਣ ਵਾਲਿਆਂ ਦੇ ਬੱਚੇ ਅਜਿਹੇ ਸਕੂਲਾਂ ਕਾਲਜਾਂ ਵਿਚ ਪੜ੍ਹ ਰਹੇ ਨੇ ਜਿਥੇ ਪੰਜਾਬੀ ਬੋਲਣ ਦੀ ਵੀ ਸਖ਼ਤ ਮਨਾਹੀ ਹੈ। ਇਕ ਦਿਨ ਮੇਰੇ ਕੋਲ ਪੜ੍ਹ ਕੇ ਗਿਆ ਅੱਠਵੀਂ ਜਮਾਤ ਦਾ ਇਕ ਵਿਦਿਆਰਥੀ ਮਿਲਣ ਆਇਆ। ਪੰਜਾਬੀ ਦੀ ਗੱਲ ਤੁਰੀ। ਕਹਿਣ ਲੱਗਾ, “ਜੀ ਸਾਡੇ ਸਕੂਲ ਵਿਚ ਤਾਂ ਜੁਰਮਾਨਾ ਹੁੰਦੈ ਜੇ ਕੋਈ ਪੰਜਾਬੀ ਵਿਚ ਗੱਲ ਵੀ ਕਰੇ ਤਾਂ।” ਮੈਂ ਨਹੀਂ ਮੰਨਿਆ! ਅਗਲੇ ਦਿਨ ਉਹ ਤਿੰਨ ਚਾਰ ਮੁੰਡੇ ਹੋਰ ਲੈ ਆਇਆ। ਸੱਚ ਦੀ ਪ੍ਰੋੜਤਾ ਹੋ ਗਈ। ਸਾਰਿਆਂ ਨੇ ਮੰਨਿਆ ਕਿ ਉਨ੍ਹਾਂ ਨੂੰ ਨਾ ਪੰਜਾਬੀ ਪੜ੍ਹਾਈ ਜਾਂਦੀ ਏ, ਨਾ ਪੰਜਾਬੀ ਬੋਲਣ ਹੀ ਦਿੰਦੇ ਨੇ। ਅੰਗਰੇਜ਼ੀ ਜਾਂ ਹਿੰਦੀ ਦੀ ਹੀ ਇਜਾਜ਼ਤ ਹੈ।
ਇਹ ਰੁਝਾਨ ਖਤਰਨਾਕ ਵੀ ਹੈ ਤੇ ਖੌਫਨਾਕ ਵੀ, ਪਰ ਅਜਿਹੇ ਸਕੂਲ ਧੜਾਧੜ ਖੁੱਲ੍ਹ ਰਹੇ ਨੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ ਚੰਗੇ-ਭਲੇ ਧੰਦਿਆਂ ਦੇ ਮਾਲਕ ਆਪਣੇ ਕਾਰੋਬਾਰ ਬੰਦ ਕਰ ਕੇ ਜਾਂ ਵੇਚ-ਵੱਟ ਕੇ ਵੱਡੇ ਤੋਂ ਵੱਡੇ ਅੰਗਰੇਜ਼ੀ ਸਕੂਲ ਖੋਲ੍ਹ ਰਹੇ ਹਨ। ਉਹ ਆਖਦੇ ਹਨ ਕਿ ਇਹ ਖੇਤਰ ਤਾਂ ਵੱਡੇ ਮੁਨਾਫੇ ਵਾਲੇ ਨੇ। ਟੈਕਸ ਦੀ ਕੋਈ ਜ਼ਿੰਮੇਵਾਰੀ ਨਹੀਂ। ਨਾ ਬੱਚਿਆਂ ਦੇ ਪਾਸ ਫੇਲ੍ਹ ਹੋਣ ਦਾ ਝਮੇਲਾ। ਨਾ ਘਾਟਾ ਪੈਣ ਦਾ ਡਰ। ਚੰਗੀ ਵੱਡੀ ਇਮਾਰਤ ਬਣਾਉ, ਮਾਮੂਲੀ ਤਨਖਾਹਾਂ ‘ਤੇ ਬੀæਐਡæ ਤੇ ਪੀਐਚæਡੀæ ਟੀਚਰ ਆਮ ਮਿਲ ਜਾਂਦੇ ਨੇ। ਚਾਰ-ਪੰਜ ਮਾੜੀਆਂ-ਮੋਟੀਆਂ ਬੱਸਾਂ ਜਾਂ ਵੈਨਾਂ ਦਾ ਪ੍ਰਬੰਧ ਕਰੋ। ਦੋ-ਚਾਰ ਸੌ ਇਸ਼ਤਿਹਾਰ ਵੰਡੋ। ਲੋਕ ਅੰਨ੍ਹੇਵਾਹ ਭੱਜੇ ਆਉਂਦੇ ਆ, ਬੱਚੇ ਦਾਖਲ ਕਰਵਾਉਣ। ਜਿੰਨੀਆਂ ਵਧੇਰੇ ਦਾਖਲਾ ਫੀਸਾਂ, ਮਹਿੰਗੀਆਂ ਵਰਦੀਆਂ ਤੇ ਕਿਤਾਬਾਂ ਹੋਣਗੀਆਂ, ਉਨੇ ਈ ਜ਼ਿਆਦਾ ਬੱਚੇ ਹੋਣਗੇ। ਫਿਰ ਬੂਟਾਂ, ਟਾਈਆਂ, ਪਟਕਿਆਂ ਤੋਂ ਲੈ ਕੇ ਕਿਤਾਬਾਂ ਕਾਪੀਆਂ ਤੋਂ ਮਨਮਰਜ਼ੀ ਦਾ ਕਮਿਸ਼ਨ ਖਾਉ। ਮੋਟੀਆਂ ਰਕਮਾਂ ਲੈ ਕੇ ਸੈਰਾਂ ਕਰਾਉ। ਅੰਗਰੇਜ਼ੀ ਸਿਖਾਉਣ ਦੀ ਓਟ ਵਿਚ ਜਿੰਨੀ ਮਰਜ਼ੀ ਲੁੱਟ ਮਚਾਓ। ਕੋਈ ਨਹੀਂ ਪੁੱਛਦਾ।
ਬੱਚਿਆਂ ਨੂੰ ਅੰਗਰੇਜ਼ ਬਣਾਉਣ ਦਾ ਝੱਲ ਹੈ ਇਹ। ਅੰਗਰੇਜ਼ੀ ਸਿੱਖਣ ਦਾ ਪਾਗਲਪਨ। ਮਾਪਿਆਂ ਨੂੰ ਵਹਿਸ਼ੀ ਤੇ ਬੇਕਿਰਕ ਬਣਾਇਆ ਜਾ ਰਿਹਾ ਹੈ। ਇਕ ਤਾਂ ਉਹ ਮਾਸੂਮਾਂ ਉਤੇ ਜ਼ੁਲਮ ਕਰਦੇ ਨੇ, ਦੂਜਾ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ। ਤੀਜਾ, ਪੰਜਾਬੀ ਵਿਰੋਧੀ ਸਕੂਲਾਂ ਨੂੰ ਸ਼ਹਿ ਦੇ ਰਹੇ ਨੇ। ਕਹਿਰਾਂ ਦੀ ਠੰਢ ਜਾਂ ਗਰਮੀ ਵਿਚ ਮਾਪੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਬੱਸਾਂ ਜਾਂ ਵੈਨਾਂ ਵਿਚ ਧੱਕ ਦਿੰਦੇ ਨੇæææਚਲੋ ਜੀ ਗਲੋਂ ਫਾਹ ਲੱਥਾ! ਪੰਜਾਬੀ ਵਿਰੋਧੀ ਸਕੂਲਾਂ ਦਾ ਮੁਕਾਬਲਾ ਵੀ ਬੜਾ ਸਖ਼ਤ ਹੈ। ਜੇ ਇਕ ਸਕੂਲ ਤਿੰਨ ਸਾਲ ਦਾ ਬੱਚਾ ਦਾਖਲ ਕਰਦਾ ਹੈ ਤਾਂ ਦੂਜਾ ਦੋ ਸਾਲ ਦੇ ਹੀ ਦਾਖਲ ਕਰਨੇ ਸ਼ੁਰੂ ਕਰ ਦਿੰਦਾ ਹੈ। ਜੇ ਇਵੇਂ ਹੀ ਜਾਰੀ ਰਿਹਾ ਤਾਂ ਨੇੜਲੇ ਭਵਿੱਖ ਵਿਚ ਬੱਚੇ ਜੰਮਣ ਤੋਂ ਪਹਿਲਾਂ ਹੀ ਦਾਖ਼ਲ ਹੋ ਜਾਇਆ ਕਰਨਗੇ। ਡਲਿਵਰੀ ਕੇਸ ਸਕੂਲਾਂ ਵਿਚ ਫਰੀ ਹੋਣਗੇ। ਸਕੂਲਾਂ ਵਾਲੇ ਇਹ ਖਰਚੇ ਫੀਸਾਂ ਰਾਹੀਂ ਕਈ ਗੁਣਾ ਵਧੇਰੇ ਚਾਰਜ ਕਰਿਆ ਕਰਨਗੇ। ਅੰਗਰੇਜ਼ੀ ਖਾਤਰ ਮਾਪੇ ਖੁਦ ਵਿਕਣ ਲਈ ਤਿਆਰ ਨੇ। ਅਜਿਹੇ ਮਾਹੌਲ ਵਿਚ ਪੰਜਾਬੀ ਬਾਰੇ ਕੌਣ ਸੋਚੂ? ਲੋਕ ਤਾਂ ਬੱਚੇ ਦਾ ਭਵਿੱਖ ਕੇਵਲ ਅੰਗਰੇਜ਼ੀ ਵਿਚ ਹੀ ਵੇਖ ਰਹੇ ਹਨ।
ਦੁਨੀਆਂ ਦੀ ਹਰ ਭਾਸ਼ਾ ਸਤਿਕਾਰਯੋਗ ਹੈ। ਮੈਂ ਅੰਗਰੇਜ਼ੀ, ਹਿੰਦੀ, ਉਰਦੂ ਜਾਂ ਕਿਸੇ ਵੀ ਹੋਰ ਭਾਸ਼ਾ ਦਾ ਵਿਰੋਧ ਨਹੀਂ ਕਰਦਾ। ਸਾਨੂੰ ਸਗੋਂ ਵੱਧ ਤੋਂ ਵੱਧ ਬੋਲੀਆਂ ਤੋਂ ਜਾਣੂ ਹੋਣਾ ਚਾਹੀਦਾ ਹੈ ਪਰ ਮੈਨੂੰ ਆਪਣੀ ਮਾਂ ਬੋਲੀ ਪੰਜਾਬੀ ‘ਤੇ ਫਖਰ ਹੈ। ਮੇਰੀ ਬੋਲੀ ਇੰਨੀ ਲਚਕਦਾਰ ਤੇ ਅਗਾਂਹਵਧੂ ਹੈ। ਇਹ ਹੋਰ ਭਾਸ਼ਾਵਾਂ ਦੇ ਸ਼ਬਦਾਂ ਨੂੰ ਨਿੱਘੇ ਮੋਹ ਤੇ ਪਿਆਰ ਨਾਲ ਸਵੀਕਾਰ ਕਰ ਲੈਂਦੀ ਹੈ, ਆਪਣੇ ਵਿਚ ਸਮੋਅ ਲੈਂਦੀ ਹੈ। ਜਜ਼ਬ ਕਰ ਲੈਂਦੀ ਹੈ। ਹਿੰਦੀ, ਸੰਸਕ੍ਰਿਤ ਤੇ ਹੋਰ ਕਈ ਭਾਸ਼ਾਵਾਂ ਦੇ ਹਜ਼ਾਰਾਂ ਸ਼ਬਦ ਮੇਰੀ ਮਾਂ ਬੋਲੀ ਦਾ ਸ਼ਿੰਗਾਰ ਹਨ।
ਹੁਣ ਗੱਲ ਕਰਦੇ ਹਾਂ ਸਿਆਸਤਦਾਨਾਂ ਦੀ ਜੋ ਪੰਜਾਬੀ ਦੇ ਹੇਜ ਬਾਰੇ ਅਕਸਰ ਬਿਆਨ ਦਾਗਦੇ ਹਨ। ਮੈਂ ਆਪਣੇ ਤਜਰਬੇ ਵਿਚੋਂ ਕਹਿ ਰਿਹਾ ਹਾਂ ਕਿ ਨੇਤਾ ਭਾਵੇਂ ਕਿਸੇ ਪਾਰਟੀ ਦਾ ਵੀ ਹੋਵੇ, ਅੰਕੜੇ ਦੱਸਦੇ ਹਨ, ਇਨ੍ਹਾਂ ਸਾਰਿਆਂ ਦੇ ਬੱਚੇ ਵਿਦੇਸ਼ਾਂ ਵਿਚ ਪੜ੍ਹਦੇ ਹਨ ਜਾਂ ਉਥੇ ਵੱਡੀਆਂ ਨੌਕਰੀਆਂ ਕਰ ਰਹੇ ਨੇ। ਇਹੀ ਫਾਰਮੂਲਾ ਉਹ ਲੋਕ ਅਪਨਾ ਰਹੇ ਆ ਜਿਹੜੇ ਚੜ੍ਹਦੇ ਸੂਰਜ ਹੀ ਪੰਜਾਬੀ ਦੇ ਮਰ ਜਾਣ ਦਾ ਗਹਿਰਾ ਫਿਕਰ ਕਰਦੇ ਦਿਸਦੇ ਹਨ। ਇਥੇ ਇਹ ਜ਼ਿਕਰ ਕੁਥਾਂ ਨਹੀਂ ਹੋਵੇਗਾæææਅਕਾਲੀ ਲੀਡਰ ਆਪਣੇ ਆਪ ਨੂੰ ਪੰਜਾਬ ਤੇ ਪੰਜਾਬੀ ਦੇ ਸਭ ਤੋਂ ਵੱਡੇ ਵਾਰਸ ਤੇ ਰਖਵਾਲੇ ਸਮਝਦੇ ਹਨ। ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਕਈ ਵਾਰ ਬਣੀ ਹੈ। ਕਿੰਨੀ ਹਾਸੋਹੀਣੀ ਗੱਲ ਹੈ ਕਿ ਭਾਜਪਾ ਵਾਲੇ ਹਮੇਸ਼ਾ ਪੰਜਾਬੀ ਵਿਰੋਧੀ ਰਹੇ ਹਨ।
ਅੱਜ ਤੱਕ ਲੇਖਕਾਂ-ਕਲਾਕਾਰਾਂ ਦੇ ਵੱਡੇ ਸੰਘਰਸ਼ਾਂ ਦੇ ਬਾਵਜੂਦ ਪੰਜਾਬੀ ਨੂੰ ਸਰਕਾਰੇ-ਦਰਬਾਰੇ ਬਣਦੀ ਥਾਂ ਨਹੀਂ ਮਿਲੀ। ਅਸਲ ਵਿਚ ਪੰਜਾਬੀ ਦਾ ਲੱਕ ਤਾਂ 1947 ਵਿਚ ਉਦੋਂ ਹੀ ਟੁੱਟ ਗਿਆ ਸੀ, ਜਦੋਂ ਅੱਧਾ ਪੰਜਾਬ ਪਾਕਿਸਤਾਨ ਵਿਚ ਰਹਿ ਗਿਆ ਸੀ। ਫਿਰ ਵੱਡਾ ਖੋਰਾ ਉਦੋਂ ਲੱਗਾ ਜਦੋਂ ਸਾਡੇ ਸਵਾਰਥੀ ਸਿਆਸੀ ਲੀਡਰਾਂ ਨੇ ਪੰਜਾਬੀ ਸੂਬੇ ਦੀ ਆੜ ਹੇਠ ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਹਿਮਾਚਲ ਤੇ ਰਾਜਸਥਾਨ ਨੂੰ ਦੇ ਦਿੱਤੇ। ਇਉਂ ਪੰਜਾਬੀ ਰੂਪੀ ਸੁੰਦਰ ਰੁੱਖ ਨੂੰ ਛਾਂਗ ਕੇ ਰੱਖ ਦਿੱਤਾ ਗਿਆ। ਬੇਗਾਨਿਆਂ ਤੇ ਬੇਦਰਦਾਂ ਵਾਂਗ।
ਇਥੇ ਇਕ ਹੋਰ ਨੁਕਤਾ ਵੀ ਵਿਚਾਰਨ ਵਾਲਾ ਹੈ। ਅਸੀਂ ਪੰਜਾਬੀ ਭਾਸ਼ਾ ਦਾ ਕੱਦ ਹੋਰ ਵੀ ਛੋਟਾ ਕਰ ਰਹੇ ਹੁੰਨੇ ਆਂ, ਜਦੋਂ ਇਸ ਨੂੰ ਆਰ-ਪਾਰ ਜਾਂ ਪਰਵਾਸੀ, ਵਾਸੀ ਦੇ ਖਾਨਿਆਂ ਵਿਚ ਵੰਡਦੇ ਹਾਂ। ਪੰਜਾਬੀ ਲੇਖਕ ਭਾਵੇਂ ਦੁਨੀਆਂ ਦੇ ਕਿਸੇ ਵੀ ਖਿੱਤੇ ਵਿਚ ਬੈਠਾ ਲਿਖ ਰਿਹਾ ਹੋਵੇ, ਉਥੋਂ ਦੇ ਸਮਾਜਕ, ਆਰਥਿਕ ਜਾਂ ਸਭਿਆਚਾਰਕ ਹਾਲਾਤ ਦੀ ਗੱਲ ਕਰ ਰਿਹਾ ਹੋਵੇ, ਮਾਧਿਅਮ ਤਾਂ ਉਸ ਦਾ ਪੰਜਾਬੀ ਹੀ ਹੈ ਨਾ? ਇਸ ਤਰ੍ਹਾਂ ਦੀ ਵੰਡ ਕਰਨੀ ਬੇਲੋੜੀ ਹੀ ਨਹੀਂ, ਮਾਂ ਬੋਲੀ ਨਾਲ ਬੇਇਨਸਾਫੀ ਵੀ ਹੈ।
ਕੁਝ ਖਾਸ ਲੋਕਾਂ ਤੇ ਲੇਖਕਾਂ ਨੂੰ ਛੱਡ ਕੇ ਪੰਜਾਬੀ ਬਾਰੇ ਹੁਣ ਸੋਚ ਹੀ ਕੌਣ ਰਿਹਾ ਹੈ? ਅੰਕੜੇ ਦੱਸਦੇ ਹਨ ਕਿ ਭਾਸ਼ਾ ਵਿਭਾਗ ਦੀਆਂ ਕਰੀਬ 60 ਪ੍ਰਤੀਸ਼ਤ ਆਸਾਮੀਆਂ ਖਾਲੀ ਪਈਆਂ ਹਨ। ਲਾਇਬ੍ਰੇਰੀਆਂ ਕਿਸੇ ਭਾਸ਼ਾ ਦੇ ਵਿਕਾਸ ਤੇ ਸੰਚਾਰ ਦਾ ਮੁੱਖ ਸਾਧਨ ਹੁੰਦੀਆਂ ਹਨ। ਅਫਸੋਸ ਪੰਜਾਬ ਦੇ ਲਗਭਗ ਅੱਧੇ ਜ਼ਿਲ੍ਹਿਆਂ ਵਿਚ ਲਾਇਬ੍ਰੇਰੀਅਨ ਹੀ ਨਹੀਂ ਹਨ। ਸੀæਬੀæਐਸ਼ਈæ ਦੀਆਂ ਪਾਠ ਪੁਸਤਕਾਂ ਵਿਚ ਸ਼ਬਦ ਜੋੜਾਂ ਦੀਆਂ ਬੇਸ਼ੁਮਾਰ ਤੇ ਗੰਭੀਰ ਗਲਤੀਆਂ ਹਨ।
ਸੋ, ਪੰਜਾਬੀ ਵੀਰੋ! ਸਾਡੀ ਮਾਂ ਬੋਲੀ ਬਾਰੇ ਕਿਸੇ ਨੇ ਕੁਝ ਨਹੀਂ ਕਰਨਾ ਕਰਾਉਣਾ। ਲਾਰਿਆਂ ਤੋਂ ਬਗੈਰ ਕੁਝ ਹੱਥ ਨਹੀਂ ਆਉਣਾ। ਸਾਨੂੰ ਖੁਦ ਹੰਭਲਾ ਮਾਰਨਾ ਪੈਣਾ। ਬਗੈਰ ਕਿਸੇ ਲੋਭ ਲਾਲਚ ਦੇ ਯਤਨ ਕਰਨੇ ਪੈਣੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਜਾਬੀ ਹਿਤੈਸ਼ੀ ਬੜਾ ਕੁਝ ਕਰ ਸਕਦੇ ਹਨ। ਸਭ ਤੋਂ ਪਹਿਲਾਂ ਸਾਨੂੰ ਸਭ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਪ੍ਰਾਇਮਰੀ ਸਿੱਖਿਆ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹਨ, ਇਹ ਲਗਭਗ ਖਤਮ ਹੋਣ ਕੰਢੇ ਹੈ। ਇਹ ਭਿਆਨਕ ਵਰਤਾਰਾ ਅਤਿਵਾਦ ਵਾਲੇ ਦੌਰ ਤੋਂ ਸ਼ੁਰੂ ਹੋਇਆ ਮੰਨ ਸਕਦੇ ਹਾਂ। ਨਕਲ ਦੇ ਇਨ੍ਹਾਂ ਦੋ ਦਹਾਕਿਆਂ ਵਿਚ ਮਾਂ ਬੋਲੀ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਨੂੰ ਯਕਦਮ ਪੂਰਾ ਨਹੀਂ ਕੀਤਾ ਜਾ ਸਕਦਾ। ਵੱਡੇ ਹੌਸਲੇ ਤੇ ਜ਼ਬਰਦਸਤ ਸੰਘਰਸ਼ ਦੀ ਲੋੜ ਹੈ। ਪਹਿਲਾਂ ਪਿੰਡ ਜਾਂ ਬਲਾਕ ਪੱਧਰ ਦੀਆਂ ਕਮੇਟੀਆਂ ਬਣਾਈਆਂ ਜਾਣ। ਅਗਾਂਹਵਧੂ ਸਰਪੰਚਾਂ, ਪੰਚਾਂ, ਮੈਂਬਰਾਂ ਅਤੇ ਵਿਦਿਆਰਥੀਆਂ ਦਾ ਸਾਥ ਹੋਵੇ। ਪੰਜਵੀਂ ਵਿਚੋਂ ਉਹੀ ਵਿਦਿਅਰਥੀ ਪਾਸ ਕੀਤੇ ਜਾਣ ਜਿਨ੍ਹਾਂ ਨੂੰ ਪੰਜਾਬੀ ਪੂਰਨ ਰੂਪ ਵਿਚ ਪੜ੍ਹਨੀ-ਲਿਖਣੀ ਆਉਂਦੀ ਹੋਵੇ। ਇਹੀ ਪਰੰਪਰਾ ਅੰਗਰੇਜ਼ੀ ਸਕੂਲਾਂ ਵਿਚ ਵੀ ਹੋਵੇ। ਆਮ ਲੋਕਾਂ ਨੂੰ ਜਾਗਰੂਕ ਕਰ ਕੇ ਪੰਜਾਬੀ ਵਿਰੋਧੀ ਵਿਦਿਅਕ ਅਦਾਰਿਆਂ ਦਾ ਬਾਈਕਾਟ ਕੀਤਾ ਜਾਵੇ। ਬਾਬਾ ਫਰੀਦ, ਗੁਰੂ ਨਾਨਕ, ਵਾਰਸ ਤੇ ਸ਼ਿਵ ਦੀ ਬੋਲੀ ਦੇ ਵਾਰਸੋ! ਹੁਣ ਸਮਾਂ ਆ ਗਿਆ ਹੈ ਕਿ ਮਾਂ ਬੋਲੀ ਦੀ ਰੱਖਿਆ ਲਈ ਫੈਸਲਾਕੁਨ ਜੰਗ ਲੜੀ ਜਾਵੇ। ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਮੂਹਰੇ ਕਦੇ ਕੋਈ ਕੰਮ ਨਹੀਂ ਅੜਿਆ। ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਦਾ ਸੁਧਾਰ ਹੋਣ ਨਾਲ ਅਸੀਂ ਮੰਜ਼ਿਲ ਦੇ ਨੇੜੇ ਪਹੁੰਚ ਜਾਵਾਂਗੇ। ਹੁਣ ਪੰਜਾਬੀ ਦੇ ਸੱਚੇ ਆਸ਼ਕ ਬਣਨ ਦਾ ਵੇਲਾ ਹੈ, ਬੰਗਾਲੀਆਂ ਵਾਂਗ।
Leave a Reply