ਛਾਤੀ ਅੰਦਰਲੇ ਥੇਹ (17)
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ
ਗੁਰਦਿਆਲ ਦਲਾਲ
ਫੋਨ: 91-98141-85363
ਤੀਹ-ਪੈਂਤੀ ਸਾਲ ਪਹਿਲਾਂ ਰੱਖੜੀ ਦੇ ਤਿਉਹਾਰ ਦਾ ਇਕ ਦਿਨ ਮੇਰੇ ਲਈ ਬਹੁਤ ਅਹਿਮੀਅਤ ਰੱਖਦਾ ਹੈ, ਕਿਉਂਕਿ ਜੇ ਉਸ ਦਿਨ ਵਾਲੀ ਘਟਨਾ ਨਾ ਵਾਪਰੀ ਹੁੰਦੀ ਤਾਂ ਸ਼ਾਇਦ ਮੈਂ ਲੇਖਕ ਕਦੀ ਨਹੀਂ ਸੀ ਬਣਨਾ। ਮੈਂ ਆਪਣੀ ਪਤਨੀ ਇਕਬਾਲ ਨਾਲ ਉਸ ਦੇ ਪੇਕੇ ਪਿੰਡ ਪਪੜੌਦੀ ਗਿਆ ਹੋਇਆ ਸਾਂ। ਉਸ ਨੇ ਆਪਣੇ ਭਰਾਵਾਂ ਕਰਮ ਅਤੇ ਰਾਜ ਦੇ ਰੱਖੜੀ ਬੰਨ੍ਹੀ ਤਾਂ ਬੀ ਜੀ (ਮੇਰੀ ਸੱਸ) ਕਹਿਣ ਲੱਗੀ ਕਿ ਉਸ ਨੇ ਵੀ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਲਈ ਸਮਰਾਲੇ ਜਾਣਾ ਹੈ। ਮੈਂ ਤੁਰੰਤ ਕਿਹਾ ਕਿ ਤੁਸੀਂ ਪੈਦਲ ਨਾ ਜਾਣਾ, ਮੈਂ ਆਪਣੇ ਲੈਬਰੇਟੇ ‘ਤੇ ਲੈ ਚੱਲਦਾ ਹਾਂ।
ਰਾਹ ਵਿਚ ਬੀ ਜੀ ਨੇ ਦੱਸਿਆ ਕਿ ਉਸ ਦਾ ਸਕਾ ਭਰਾ ਹੈਡਮਾਸਟਰ ਬੈਨੀ ਪ੍ਰਸ਼ਾਦ ਵਰਮਾ ਸੀ ਤੇ ਦੂਜਾ ਇਕ ਪ੍ਰੋਫ਼ੈਸਰ ਉਸ ਇਕ ਧਰਮ ਭਰਾ ਬਣਾਇਆ ਹੋਇਆ ਸੀ, ਉਸ ਨਾਲ ਵੀ ਉਸ ਦੀ ਸਕਿਆਂ ਵਰਗੀ ਵਰਤੋਂ ਸੀ। ਵਰਮਾ ਜੀ ਵਲੋਂ ਵਿਹਲੇ ਹੋ ਕੇ ਅਸੀਂ ਮਾਛੀਵਾੜਾ ਰੋਡ ‘ਤੇ ਸੂਏ ਕੰਢੇ ਇਕ ਮਕਾਨ (ਕਵਿਤਾ ਭਵਨ) ਦੇ ਵੱਡੇ ਗੇਟ ਮੂਹਰੇ ਜਾ ਖੜ੍ਹੇ। ਨੇਮ ਪਲੇਟ ‘ਤੇ ਲਿਖਿਆ ਸੀ: ਪ੍ਰੋæ ਹਮਦਰਦਵੀਰ ਨੌਸ਼ਹਿਰਵੀ (ਬੂਟਾ ਸਿੰਘ ਪੰਨੂੰ)। ਮੈਂ ਪਹਿਲਾਂ ਕਦੀ ਇਹ ਨਾਂ ਨਹੀਂ ਸੀ ਸੁਣਿਆ। ਬੀ ਜੀ ਨੇ ਦੱਸਿਆ ਕਿ ਉਸ ਦਾ ਧਰਮ ਭਰਾ ਬੌਂਦਲੀ ਕਾਲਜ ਵਿਚ ਪ੍ਰੋਫ਼ੈਸਰ ਹੈ। ਉਹ ਕਿਤਾਬਾਂ ਲਿਖਦਾ ਅਤੇ ਅਖ਼ਬਾਰਾਂ ਵਿਚ ਛਪਦਾ ਹੈ। ਮੇਰੀ ਉਸ ਨੂੰ ਮਿਲਣ ਦੀ ਉਤਸੁਕਤਾ ਹੋਰ ਵਧ ਗਈ।
ਗੇਟ ਖੁੱਲ੍ਹਿਆ ਤਾਂ ਪੈਂਤੀ ਕੁ ਸਾਲਾ, ਸੁਹਣਾ ਅਤੇ ਸੁਨੱਖਾ ਸਰਦਾਰ ਬੀਬੀ ਦੇ ਪੈਰੀਂ ਹੱਥ ਲਾਉਂਦਾ ਹੋਇਆ ਬੋਲਿਆ, “ਆਉ ਜੀ, ਜੀ-ਜੀ ਆਇਆ ਨੂੰæææ ਆਉ ਜੀ, ਜੀ-ਜੀ ਆਇਆ ਨੂੰ, ਧੰਨ ਭਾਗ ਜੀ ਸਾਡੇæææ ਭੈਣ ਜੀ ਆਏæææ ਜੁਆਈ ਜੀ ਆਏ।” ਉਹ ਬੜੇ ਚਾਅ ਨਾਲ ਸਾਨੂੰ ਅੰਦਰ ਲੈ ਗਿਆ। ਹਮਦਰਦਵੀਰ ਦੀ ਪਤਨੀ (ਪ੍ਰੀਤਮ ਕੌਰ) ਦੌੜੀ ਆਈ ਤੇ ਬੀਬੀ ਨੂੰ ਲਿਪਟ ਗਈ। ਗਲੇ ਮਿਲਦੀਆਂ ਨਣਦ ਭਰਜਾਈ ਦੀਆਂ ਅੱਖਾਂ ਭਰ ਆਈਆਂ। ਮੇਰੇ ਵਿਆਹ ‘ਤੇ ਉਨ੍ਹਾਂ ਮੈਨੂੰ ਦੇਖਿਆ ਹੋਇਆ ਸੀ। ਉਨ੍ਹਾਂ ਮੇਰਾ ਜੁਆਈਆਂ ਵਾਂਗ ਹੀ ਮਾਣ-ਤਾਣ ਅਤੇ ਹੋਰ ਵਿਹਾਰ ਕੀਤਾ। ਅਸੀਂ ਜਿਸ ਕਮਰੇ ਵਿਚ ਬੈਠੇ, ਦੀਵਾਰਾਂ ਨਾਲ ਸਟੀਆਂ ਅਲਮਾਰੀਆਂ ਸਾਹਿਤਕ ਕਿਤਾਬਾਂ ਨਾਲ ਭਰੀਆਂ ਪਈਆਂ ਸਨ। ਛੋਟੇ ਜਿਹੇ ਘਰ ਵਿਚ ਐਨੀਆਂ ਸਾਹਿਤਕ ਕਿਤਾਬਾਂ! ਇਹ ਮੇਰੇ ਲਈ ਅਚੰਭੇ ਵਾਲੀ ਗੱਲ ਸੀ।
ਕਿਤਾਬਾਂ ਪੜ੍ਹਨ ਦਾ ਸ਼ੌਕ ਮੈਨੂੰ ਵੀ ਅੱਠਵੀਂ-ਨੌਵੀਂ ਜਮਾਤ ਵਿਚ ਪੈ ਗਿਆ ਸੀ, ਜਦੋਂ ਮੈਂ ਆਪਣੇ ਮਾਮੇ ਦੇ ਸਾਲੇ ਖਮਾਣੋਂ ਵਾਲੇ ਸਾਧੂ ਰਾਮ ਦੇ ਗੁਆਂਢੀ ਦੇ ਘਰੋਂ ਧਨੀ ਰਾਮ ਚਾਤ੍ਰਿਕ ਦੀ ਕਵਿਤਾਵਾਂ ਦੀ ਪੁਸਤਕ ‘ਕੇਸਰ ਕਿਆਰੀ’ ਖਿਸਕਾ ਲਿਆਇਆ ਸਾਂ। ਇਸ ਪੁਸਤਕ ਨੂੰ ਸੈਂਕੜੇ ਵਾਰੀ ਪੜ੍ਹਨ ਕਰ ਕੇ ਇਸ ਦੀਆਂ ਲਗਭਗ ਸਾਰੀਆਂ ਕਵਿਤਾਵਾਂ ਮੈਨੂੰ ਜ਼ੁਬਾਨੀ ਯਾਦ ਹੋ ਗਈਆਂ ਸਨ। ਮਗਰੋਂ ਗੁਰਦਿਆਲ ਸਿੰਘ ਭੰਗੂ ਜੋ ਖ਼ਾਲਸਾ ਸਕੂਲ ਚਮਕੌਰ ਵਿਚ ਮੇਰੇ ਪੰਜਾਬੀ ਅਧਿਆਪਕ ਸਨ, ਤੇ ਮਾਸਟਰ ਅਮਰ ਸਿੰਘ ਦੀ ਪ੍ਰੇਰਨਾ ਸਦਕਾ ਗਿਆਰਵੀਂ ਜਮਾਤ ਤਕ ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਦੇ ਸਾਰੇ ਨਾਵਲ ਪੜ੍ਹ ਲਏ ਸਨ। ਕੰਵਲ ਦਾ ਨਾਵਲ ‘ਪਾਲੀ’ ਪੜ੍ਹ ਕੇ ਇਸ ਤਰ੍ਹਾਂ ਦੀ ਲੰਮੀ ਚਿੱਠੀ ਲਿਖੀ ਸੀ, ਜਿਵੇਂ ਕੋਈ ਕਿਸੇ ਰੱਬ ਨੂੰ ਲਿਖੇ। ਉਸ ਦੇ ਉਤਰ ਵਿਚ ਆਇਆ ਕੰਵਲ ਦਾ ਪੋਸਟ ਕਾਰਡ ਮੈਂ ਰੁਮਾਲ ਦੀਆਂ ਤਹਿਆਂ ਵਿਚ ਸੰਭਾਲ ਲਿਆ ਸੀ। ਰੋਪੜ ਕਾਲਜ ਵਿਚ ਪੜ੍ਹਦਿਆਂ ਕਾਲਜ ਮੈਗਜ਼ੀਨ ਵਿਚ ਮੇਰੀਆਂ ਦੋ ਕਵਿਤਾਵਾਂ ਛਪੀਆਂ ਤਾਂ ਮੈਂ ਸਭ ਨੂੰ ਦਿਖਾਉਂਦਾ ਫਿਰਿਆ। ਹਿਸਾਰ ਕਾਲਜ ਵਿਚ ਨੌਕਰੀ ਕਰਦਿਆਂ ਕਾਲਜ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦੀ ਸੰਪਾਦਕੀ ਵੀ ਕੀਤੀ। ਬੱਸ ਉਸ ਮਗਰੋਂ ਚੁੱਪ ਦਾ ਦੌਰ ਸ਼ੁਰੂ ਹੋ ਗਿਆ। ਕੋਈ ਕਵਿਤਾ ਵਗ਼ੈਰਾ ਜੇ ਲਿਖਣੀ ਵੀ ਤਾਂ ਫਾੜ ਕੇ ਸੁੱਟ ਦੇਣੀ।
ਹੁਣ ਜਦੋਂ ਹਮਦਰਦਵੀਰ ਮਿਲਿਆ ਤਾਂ ਮੈਨੂੰ ਵੱਖਰੇ ਸੰਸਾਰ ਦੇ ਦਰਸ਼ਨ ਹੋਏ। ਉਹ ਮੇਰਾ ਹੱਥ ਫੜ ਕੇ ਸੂਏ ‘ਤੇ ਘੁਮਾਉਣ ਲੈ ਗਿਆ। ਉਸ ਨੇ ਆਪਣੀਆਂ ਲਿਖਤਾਂ ਬਾਰੇ, ਲਿਖਣ ਬਾਰੇ ਵਿਸਥਾਰ ਨਾਲ ਦੱਸਿਆ। ਮੈਂ ਹੌਸਲਾ ਕਰ ਕੇ ਆਪਣੀਆਂ ਕੁਝ ਕਵਿਤਾਵਾਂ ਜੋ ਵੀ ਮੈਨੂੰ ਜ਼ੁਬਾਨੀ ਯਾਦ ਸੀ, ਉਸ ਨੂੰ ਸੁਣਾਈਆਂ ਤਾਂ ਉਸ ਨੇ ਮੈਨੂੰ ਵੱਖੀ ਨਾਲ ਘੁੱਟ ਲਿਆ। ਕਵਿਤਾਵਾਂ ਦੀ ਬਹੁਤ ਤਾਰੀਫ਼ ਕੀਤੀ। ਜਦੋਂ ਉਸ ਨੇ ਦੱਸਿਆ ਕਿ ਉਸ ਨੇ ਬੌਂਦਲੀ ਕਾਲਜ ਦੇ ਦਰਜਨਾਂ ਵਿਦਿਆਰਥੀਆਂ ਨੂੰ ਲੇਖਕ ਬਣਾਇਆ ਸੀ ਤਾਂ ਮੈਂ ਉਸ ਦੇ ਪੈਰ ਫੜ ਲਏ। ਜਾਣ ਲੱਗਿਆਂ ਉਸ ਨੇ ਮੈਨੂੰ ਆਪਣੀਆਂ ਅਤੇ ਰੂਸ ਦੇ ਲੇਖਕਾਂ ਦੀਆਂ ਕਈ ਕਿਤਾਬਾਂ ਦਿੱਤੀਆਂ ਤੇ ਕਿਹਾ, “ਇਨ੍ਹਾਂ ਨੂੰ ਪੜ੍ਹ ਕੇ ਵਾਪਸ ਕਰæææ ਵਾਪਸ ਜ਼ਰੂਰ ਦੇਣੀਆਂ ਹਨ। ਲੋਕ ਲੈ ਜਾਂਦੇ ਹਨ, ਵਾਪਸ ਨਹੀਂ ਕਰਦੇ।”
ਸਾਹਿਤ ਸਭਾ ਸਮਰਾਲਾ ਦੀ ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ ਵਿਚ ਉਸ ਨੇ ਮੈਨੂੰ ਸੱਦ ਲਿਆ। ਇਹ ਮੀਟਿੰਗ ਅਜੀਤ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਅੱਠ ਦਸ ਲੇਖਕ ਸਨ। ਇਕ ਗੋਲ ਦਾਇਰੇ ਵਿਚ ਬੈਠ ਗਏ। ਇਕ ਜਣਾ ਰਚਨਾ ਪੜ੍ਹਦਾ ਤਾਂ ਸਾਰੇ ਇਕ ਇਕ ਕਰ ਕੇ ਰਚਨਾ ਬਾਰੇ ਰਾਇ ਦਿੰਦੇ। ਮੈਨੂੰ ‘ਠੀਕ ਹੈ’, ‘ਬਹੁਤ ਵਧੀਆ ਹੈ’ ਕਹਿਣ ਤੋਂ ਬਿਨਾਂ ਕੁਝ ਨਾ ਸੁਣਦਾ। ਰਚਨਾਵਾਂ ‘ਤੇ ਉਸਾਰੂ ਪੜਚੋਲ ਸੁਣ ਕੇ ਮੈਂ ਗਦਗਦ ਹੋ ਗਿਆ। ਇਸ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਲੇਖਕਾਂ ਦੀ ਵੀ ਕੋਈ ਸਭਾ ਹੁੰਦੀ ਹੈ। ਮੈਂ ਤਾਂ ਚਮਕੌਰ ਦੀ ਸਭਾ (ਸ਼ਹੀਦੀ ਜੋੜ ਮੇਲਾ) ਬਾਰੇ ਹੀ ਜਾਣਦਾ ਸਾਂ।
ਦੋਰਾਹੇ ਤੋਂ ਬਿਲਕੁਲ ਨਜ਼ਦੀਕ ਰਾਮਪੁਰ ਲਿਖਾਰੀ ਸਭਾ ਵਿਚ ਵੀ ਮੈਨੂੰ ਹਮਦਰਦਵੀਰ ਹੀ ਲੈ ਕੇ ਗਿਆ। ਪੜ੍ਹੇ ਸੁਣੇ ਨਾਂਵਾਂ ਵਾਲੇ ਲੇਖਕ ਦੇਖ ਮੈਂ ਦੰਗ ਰਹਿ ਗਿਆ। ਸੰਤੋਖ ਸਿੰਘ ਧੀਰ, ਅਜਾਇਬ ਚਿੱਤਰਕਾਰ, ਸੁਰਜੀਤ ਰਾਮਪੁਰੀ, ਇੰਦਰਜੀਤ ਹਸਨਪੁਰੀ, ਸੁਰਜੀਤ ਖੁਰਸ਼ੀਦੀ, ਕੁਲਵੰਤ ਨੀਲੋਂ, ਸੁਰਜੀਤ ਮਰਜਾਰਾ ਨੂੰ ਪ੍ਰਤੱਖ ਦੇਖ ਕੇ ਮੈਂ ਉਨ੍ਹਾਂ ਦੇ ਪੈਰ ਛੂਹੇ। ਲਿਖਣ ਦਾ ਭੂਤ ਪੂਰੇ ਜੌਲ ਨਾ ਮੇਰੇ ‘ਤੇ ਹਾਵੀ ਹੋ ਗਿਆ। ਪਤਨੀ ਇਕਬਾਲ ਨੇ ਬਹੁਤ ਸਾਥ ਦਿਤਾ। ਮੈਂ ਕਹਾਣੀ ਲਿਖਦਾ। ਇਕਬਾਲ ਨੂੰ ਸੁਣਾਉਣ ਮਗਰੋ ਮਹਿੰਦਰ ਰਾਮਪੁਰੀ, ਸੋਹਣ ਢੰਡ ਅਤੇ ਹਰਬੰਸ ਰਾਮਪੁਰੀ ਨੂੰ ਸੁਣਾ ਕੇ ਆਉਂਦਾ। ਹਰਬੰਸ ਰਾਮਪੁਰੀ, ਅੰਮ੍ਰਿਤ ਰਾਮਪੁਰੀ, ਸੁਰਿੰਦਰ ਰਾਮਪੁਰੀ, ਕ੍ਰਿਸ਼ਨ ਭਨੋਟ (ਹੁਣ ਗਜ਼ਲਗੋ) ਅਤੇ ਮੈਂ ਹਰ ਮੀਟਿੰਗ ਲਈ ਕਹਾਣੀਆਂ ਲਿਖ ਕੇ ਲਿਆਉਂਦੇ। ਫਿਰ ਤਾਂ ਚੱਲ ਸੋ ਚੱਲ!
ਹਮਦਰਦਵੀਰ ਮੈਨੂੰ ਉਂਗਲ ਫੜਾ ਕੇ ਸਾਹਿਤਕ ਖੇਤਰ ਵਿਚ ਛੱਡ ਆਇਆ ਸੀ। ਮੇਰੇ ਉਤੇ ਲੋਕਾਂ ਦੇ ਦੁੱਖ ਦਰਦ ਸਮਝਣ ਤੇ ਉਨ੍ਹਾਂ ਬਾਰੇ ਲਿਖਣ ਦੀ ਧੁਨ ਸਵਾਰ ਹੋ ਗਈ। ਜੇ ਕਿਤੇ ਉਸ ਰੱਖੜੀ ਵਾਲੇ ਦਿਨ ਮੇਰੇ ਕੋਲ ਲੈਬਰੇਟਾ ਸਕੂਟਰ ਨਾ ਹੁੰਦਾ ਤਾਂ ਇਹ ਗੱਲ ਪੱਕੀ ਸੀ ਕਿ ਮੇਰੀ ਸੱਸ ਨੇ ਪੈਦਲ ਜਾ ਕੇ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹ ਆਉਣੀ ਸੀ ਤੇ ਮੈਨੂੰ ਦੁਨੀਆਂ ਦੇ ਸਮੁੰਦਰ ਵਿਚ ਬੇਮਕਸਦ ਭਟਕਦਿਆਂ ਆਹ ਦਿਨ ਆ ਜਾਣਾ ਸੀ।
(ਚਲਦਾ)
Leave a Reply