ਤਰਨਤਾਰਨ: ਰੋਜ਼ੀ ਰੋਟੀ ਦੇ ਚੱਕਰ ਵਿਚ ਪੁੱਠੇ-ਸਿੱਧੇ ਢੰਗ ਨਾਲ ਮਲੇਸ਼ੀਆ ਗਏ ਵੱਡੀ ਗਿਣਤੀ ਵਿਚ ਭਾਰਤੀ ਨੌਜਵਾਨ ਇਸ ਸਮੇਂ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹਾਂ ਵਿਚ ਸੜ ਰਹੇ ਹਨ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਆਪਣੇ ਬੱਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਨ੍ਹਾਂ ਨੌਜਵਾਨਾਂ ਦੀ ਰਿਹਾਈ ਲਈ ਭਾਰਤ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਜੇਲ੍ਹਾਂ ਵਿਚ ਬੰਦ ਇਨ੍ਹਾਂ ਨੌਜਵਾਨਾਂ ਵਿਚ ਜ਼ਿਆਦਾਤਰ ਨੌਜਵਾਨ ਉਹ ਹਨ ਜੋ ਟ੍ਰੈਵਲ ਏਜੰਟਾਂ ਦੇ ਜਾਅਲੀ ਵਰਕ ਪਰਮਿਟ ਉਪਰ ਮਲੇਸ਼ੀਆ ਵਿਚ ਕੰਮ ਕਰਦੇ ਫੜੇ ਗਏ ਹਨ, ਜਾਂ ਇਨ੍ਹਾਂ ਨੌਜਵਾਨਾਂ ਦਾ ਵੀਜ਼ਾ ਸਮਾਂ ਪੂਰਾ ਹੋਣ ‘ਤੇ ਇਹ ਨੌਜਵਾਨ ‘ਓਵਰ ਸਟੇਅ’ ਕਰ ਚੁਕੇ ਹਨ। ਆਪਣੇ ਭਰਾ ਦੀ ਭਾਲ ਵਿਚ ਮਲੇਸ਼ੀਆ ਪਹੁੰਚੀ ਨਵਾਂ ਸ਼ਹਿਰ ਦੀ ਐਡਵੋਕੇਟ ਰਮਨਦੀਪ ਕੌਰ ਨੇ ਜੇਲ੍ਹ ਵਿਚੋਂ ਜਿਥੇ ਆਪਣੇ ਭਰਾ ਨੂੰ ਰਿਹਾਅ ਕਰਵਾਇਆ, ਉਥੇ ਤਰਨਤਾਰਨ ਤੇ ਨਡਾਲਾ (ਕਪੂਰਥਲਾ) ਦੇ ਨੌਜਵਾਨ ਵੀ ਆਪਣੇ ਪਰਿਵਾਰ ਵਿਚ ਪਹੁੰਚਣ ਵਿਚ ਕਾਮਯਾਬ ਹੋਏ ਹਨ।
ਮਲੇਸ਼ੀਆ ਤੋਂ ਪਰਤੇ ਤੇਜਿੰਦਰ ਸਿੰਘ ਨਾਂ ਦੇ ਨੌਜਵਾਨ ਮੁਤਾਬਕ ਉਸ ਦੇ ਗੁਆਂਢ ਰਹਿੰਦੇ ਪੰਕਜ ਕੁਮਾਰ ਉਰਫ ਕਾਕੂ ਨੇ ਉਸ ਨੂੰ ਵਿਜ਼ਟਰ ਵੀਜ਼ੇ ‘ਤੇ 65000 ਰੁਪਏ ਲੈ ਕੇ ਮਲੇਸ਼ੀਆ ਭੇਜ ਦਿੱਤਾ ਤੇ ਕਿਹਾ ਕਿ ਉਥੇ ਉਸ ਦੇ ਆਦਮੀ ਉਸ ਨੂੰ ਵਰਕ ਪਰਮਿਟ ਲੈ ਦੇਣਗੇ। ਜਦ ਤੇਜਿੰਦਰ ਸਿੰਘ ਮਲੇਸ਼ੀਆ ਹਵਾਈ ਅੱਡੇ ‘ਤੇ ਪਹੁੰਚਿਆ ਤਾਂ ਉਥੇ ਉਸ ਨੂੰ ਰਾਜਵੀਰ ਸਿੰਘ ਤੇ ਸਾਬਾ ਨਾਂਅ ਦੇ ਨੌਜਵਾਨਾਂ ਨੇ ਹਵਾਈ ਅੱਡੇ ਤੋਂ ਘਰ ਤੱਕ ਲਿਆਉਣ ਲਈ 25000 ਰੁਪਏ ਲੈਣ ਦੇ ਬਾਵਜੂਦ ਕੋਈ ਕੰਮ ਨਹੀਂ ਦਿਵਾਇਆ। ਉਹ ਇਕ ਮਹੀਨਾ ਮਜ਼ਦੂਰੀ ਕਰਦਾ ਰਿਹਾ।
ਉਕਤ ਨੌਜਵਾਨਾਂ ਨੇ ਉਸ ਕੋਲੋਂ ਵਰਕ ਪਰਮਿਟ ਲਈ 80 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਜਦ ਉਸ ਨੂੰ ਪਤਾ ਲੱਗਿਆ ਕਿ ਇਹ ਨੌਜਵਾਨਾਂ ਨੂੰ ਜਾਅਲੀ ਵਰਕ ਪਰਮਿਟ ਦੇ ਕੇ ਠੱਗੀ ਮਾਰ ਲੈਂਦੇ ਹਨ ਤਾਂ ਉਸ ਨੇ ਘਰ ਵਾਪਸ ਆਉਣ ਨੂੰ ਹੀ ਬਿਹਤਰ ਸਮਝਿਆ। ਉਸ ਸਮੇਂ ਤੱਕ ਉਹ ਵੀਜ਼ੇ ਤੋਂ ਇਕ ਮਹੀਨੇ ਓਵਰ ਸਟੇਅ ਹੋ ਚੁੱਕਾ ਸੀ। ਉਥੇ ਜਗਤਾਰ ਸਿੰਘ ਨਾਂ ਦੇ ਏਜੰਟ ਨੇ ਉਸ ਕੋਲੋਂ ਇਮੀਗ੍ਰੇਸ਼ਨ ਵਿਚੋਂ ਲੰਘਾਉਣ ਲਈ 40 ਹਜ਼ਾਰ ਰੁਪਏ ਲਏ, ਜਦ ਕਿ ਭਾਰਤ ਵਾਪਸ ਆਉਣ ਲਈ ਕੁਆਲਾਲੰਪੁਰ (ਮਲੇਸ਼ੀਆ) ਹਵਾਈ ਅੱਡੇ ‘ਤੇ ਆਇਆ ਤਾਂ ਉਸ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ। ਉਸ ਸਮੇਂ ਉਥੇ ਉਸ ਨਾਲ ਕਾਫੀ ਗਿਣਤੀ ਵਿਚ ਹੋਰ ਵੀ ਨੌਜਵਾਨ ਮੌਜੂਦ ਸਨ, ਜੋ ਓਵਰ ਸਟੇਅ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਏ ਗਏ ਸਨ। ਜਦ ਗ੍ਰਿਫਤਾਰੀ ਦਾ ਪਤਾ ਤੇਜਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਮਲੇਸ਼ੀਆ ਸਥਿਤ ਆਪਣੇ ਕੁਝ ਜਾਣੂ ਵਿਅਕਤੀਆਂ ਨਾਲ ਸੰਪਰਕ ਕਰਨ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਦੇ ਨਜ਼ਦੀਕ ਰਹਿੰਦੇ ਰਾਜੂ ਨਾਂਅ ਦੇ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੇ 2,70,000 ਦੀ ਮੰਗ ਕਰਦਿਆਂ ਕਿਹਾ ਕਿ ਇਸ ਰਕਮ ਨਾਲ ਉਹ ਤੇਜਿੰਦਰ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਪੈਸੇ ਦੇ ਕੇ ਤੇਜਿੰਦਰ ਨੂੰ ਭਾਰਤ ਭੇਜ ਦੇਵੇਗਾ।
ਉਨ੍ਹਾਂ ਵੱਲੋਂ ਇਹ ਪੈਸੇ ਰਾਜੂ ਨੂੰ ਮਲੇਸ਼ੀਆ ਉਸ ਦੇ ਖਾਤੇ ਵਿਚ ਪਾਉਣ ‘ਤੇ ਵੀ ਰਾਜੂ ਨੇ ਉਨ੍ਹਾਂ ਨਾਲ ਠੱਗੀ ਮਾਰ ਲਈ ਤੇ ਉਸਦੀ ਰਿਹਾਈ ਲਈ ਕੋਈ ਪੈਸਾ ਖਰਚ ਨਹੀਂ ਕੀਤਾ। ਤੇਜਿੰਦਰ ਮੁਤਾਬਕ ਜਦ ਉਸ ਨੂੰ ਕੁਆਲਾਲੰਪੁਰ ਦੀ ਅਦਾਲਤ ਵਿਚ ਪੇਸ਼ ਕੀਤਾ ਤਾਂ ਅਦਾਲਤ ਨੇ ਉਨ੍ਹਾਂ ਨੂੰ ਦੋ ਮਹੀਨੇ ਦੀ ਸਜ਼ਾ ਸੁਣਾਈ। ਜੇਲ੍ਹ ਵਿਚ ਉਥੇ ਉਨ੍ਹਾਂ ਦੇ ਬਲਾਕ ਵਿਚ ਤਕਰੀਬਨ 125 ਨੌਜਵਾਨ ਸਨ, ਜਦ ਕਿ ਜੇਲ੍ਹ ਦੇ ਹੋਰ ਬਲਾਕਾਂ ਵਿਚ ਪਾ ਕੇ ਇਹ ਗਿਣਤੀ ਹਜ਼ਾਰਾਂ ਵਿਚ ਬਣ ਜਾਂਦੀ ਸੀ, ਜਿਨ੍ਹਾਂ ਵਿਚ ਜ਼ਿਆਦਾਤਰ ਭਾਰਤੀ, ਬੰਗਲਾਦੇਸ਼ੀ ਅਤੇ ਪਾਕਿਸਤਾਨੀ ਸਨ। ਤੇਜਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਜੇਲ੍ਹ ਵਿਚ ਉਨ੍ਹਾਂ ਨੌਜਵਾਨਾਂ ਨਾਲ ਮੁਲਾਕਾਤ ਹੋਈ, ਜੋ ਸਜ਼ਾ ਪੂਰੀ ਕਰਨ ਦੇ ਬਾਵਜੂਦ ਪੰਜ ਤੋਂ 10 ਸਾਲ ਤੱਕ ਜੇਲ੍ਹ ਵਿਚ ਸੜ ਰਹੇ ਹਨ ਤੇ ਉਨ੍ਹਾਂ ਦੇ ਘਰ ਵਾਲਿਆਂ ਨੂੰ ਵੀ ਉਨ੍ਹਾਂ ਦੇ ਜੇਲ੍ਹ ਵਿਚ ਹੋਣ ਬਾਰੇ ਕੋਈ ਪਤਾ ਨਹੀਂ ਹੈ। ਐਡਵੋਕੇਟ ਰਮਨਦੀਪ ਕੌਰ ਕਾਰਨ ਹਰਮਨਦੀਪ ਸਿੰਘ ਅਤੇ ਨਡਾਲਾ ਦਾ ਰਹਿਣ ਵਾਲਾ ਗੁਰਮੀਤ ਸਿੰਘ ਆਪਣੇ ਪਰਿਵਾਰ ਵਿਚ ਪਹੁੰਚ ਗਏ ਹਨ, ਜਦ ਕਿ ਉਨ੍ਹਾਂ ਨਾਲ ਰਿਹਾਅ ਹੋ ਕੇ ਆਏ ਬਾਕੀ ਅਜੇ ਵੀ ਕੈਂਪਾਂ ਵਿਚ ਸੜ ਰਹੇ ਹਨ।
________________________________________
ਮਲੇਸ਼ੀਆ ਦੇ ਜੰਗਲਾਂ ਵਿਚ ਦਿਨ ਕਟੀ ਕਰਨ ਲਈ ਮਜਬੂਰ
ਮਾਛੀਵਾੜਾ: ਏਜੰਟਾਂ ਦੇ ਧੱਕੇ ਚੜ੍ਹ ਕੇ ਮਲੇਸ਼ੀਆ ਗਏ ਪੰਜਾਬੀ ਨੌਜਵਾਨ ਉਥੇ ਅਜਿਹਾ ਬੁਰੇ ਫਸੇ ਹਨ ਕਿ ਉਹ ਲੁਕ ਛਿਪ ਕੇ ਜੰਗਲਾਂ ਵਿਚ ਦਿਨ ਕਟੀ ਕਰ ਰਹੇ ਹਨ। ਉਨ੍ਹਾਂ ਨੇ ਘਰ ਵਾਪਸੀ ਲਈ ਭਾਰਤੀ ਦੂਤਾਵਾਸ ਤੋਂ ਮੱਦਦ ਮੰਗੀ ਹੈ। ਅਜਿਹੇ ਹੀ ਹਾਲਾਤ ਵਿਚੋਂ ਲੰਘ ਰਿਹਾ ਮਾਛੀਵਾੜਾ ਵਾਸੀ ਅਮਨਦੀਪ ਸਿੰਘ 2011 ਵਿਚ ਲੱਖਾਂ ਰੁਪਏ ਖਰਚ ਕੇ ਵਰਕ ਪਰਮਿਟ ਵੀਜ਼ੇ ‘ਤੇ ਭਾਰਤ ਤੋਂ ਮਲੇਸ਼ੀਆ ਗਿਆ ਸੀ ਪਰ ਏਜੰਟ ਵੱਲੋਂ ਨੌਕਰੀ ਦਿਵਾਉਣ ਦੇ ਭਰੋਸੇ ਦੇ ਉਲਟ ਉਥੇ ਉਸ ਨੂੰ ਕੰਮ ਮਿਲਣ ਦੀ ਬਜਾਏ ਧੱਕੇ ਖਾਣੇ ਪਏ। ਉਸ ਨੇ ਤਕਰੀਬਨ ਇਕ ਸਾਲ ਤਾਂ ਮਲੇਸ਼ੀਆ ਵਿਚ ਵੱਖ ਵੱਖ ਥਾਵਾਂ ‘ਤੇ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਰਿਹਾ ਪਰ ਤਿੰਨ ਮਹੀਨੇ ਪਹਿਲਾਂ ਇਕ ਪਾਕਿਸਤਾਨੀ ਏਜੰਟ, ਜਿਸ ਨੂੰ ਉਸ ਸਮੇਤ ਤਕਰੀਬਨ 10 ਨੌਜਵਾਨਾਂ ਨੇ ਆਪਣਾ ਵਰਕ ਪਰਮਿਟ ਵੀਜ਼ਾ ਰੀਨਿਊ ਕਰਨ ਲਈ ਆਪਣੇ ਪਾਸਪੋਰਟ ਤੇ 80-80 ਹਜ਼ਾਰ ਰੁਪਏ ਨਕਦ ਦਿੱਤੇ ਸਨ, ਪਾਸਪੋਰਟ ਤੇ ਪੈਸੇ ਲੈ ਕੇ ਫਰਾਰ ਹੋ ਗਿਆ। ਇਸ ਕਾਰਨ ਉਨ੍ਹਾਂ ਨੂੰ ਹੁਣ ਨਾ ਤਾਂ ਮਲੇਸ਼ੀਆ ਵਿਚ ਕਿਤੇ ਕੰਮ ਮਿਲ ਰਿਹਾ ਹੈ ਤੇ ਨਾ ਉਹ ਖੁੱਲ੍ਹੇਆਮ ਇਸ ਦੇਸ਼ ਵਿਚ ਘੁੰਮ ਸਕਦੇ ਹਨ ਕਿਉਂਕਿ ਇਥੋਂ ਦੀ ਪੁਲਿਸ ਦਾ ਰਵੱਈਆ ਕਾਫੀ ਸਖ਼ਤ ਹੈ ਤੇ ਉਹ ਬਿਨਾਂ ਵਰਕ ਪਰਮਿਟ ਵੀਜ਼ੇ ਵਾਲੇ ਨੂੰ ਤੁਰੰਤ ਜੇਲ੍ਹ ਵਿਚ ਡਕ ਦਿੰਦੇ ਹਨ।
ਉਹ ਤੇ ਉਸ ਸਮੇਤ ਕਈ ਨੌਜਵਾਨ ਪਿਛਲੇ ਤਿੰਨ ਮਹੀਨਿਆਂ ਤੋਂ ਮਲੇਸ਼ੀਆਂ ਦੇ ਜੰਗਲਾਂ ਵਿਚ ਛੋਟੇ ਜਿਹੇ ਲੱਕੜ ਦੇ ਕਮਰੇ ਵਿਚ ਦਿਨ ਬਤੀਤ ਕਰ ਰਹੇ ਹਨ ਤੇ ਉਨ੍ਹਾਂ ਕੋਲ ਜੋ ਥੋੜ੍ਹਾ ਬਹੁਤ ਪੈਸਾ ਸੀ, ਉਹ ਵੀ ਖਰਚ ਹੋ ਗਿਆ। ਉਨ੍ਹਾਂ ਨੂੰ ਇਸ ਜੰਗਲ ਵਿਚ ਭੁੱਖੇ ਪਿਆਸੇ ਰਹਿ ਕੇ ਦਿਨ ਬਤੀਤ ਕਰਨੇ ਪੈ ਰਹੇ ਹਨ। ਇਥੋਂ ਤੱਕ ਕਿ ਭਾਰਤੀ ਦੂਤਾਵਾਸ ਵਿਚ ਤਾਇਨਾਤ ਅਧਿਕਾਰੀਆਂ ਕੋਲ ਫਰਿਆਦ ਕਰਨ ‘ਤੇ ਵੀ ਉਨ੍ਹਾਂ ਦੇ ਕਿਸੇ ਨੇ ਬਾਂਹ ਨਹੀਂ ਫੜੀ। ਇਨ੍ਹਾਂ ਨੌਜਵਾਨਾਂ ਨੇਆਪਣੇ ਘਰ ਵਾਲਿਆਂ ਨੂੰ ਵੀ ਨਹੀਂ ਦੱਸਿਆ ਕਿ ਉਹ ਮਲੇਸ਼ੀਆ ਦੇ ਜੰਗਲਾਂ ਵਿਚ ਲੁਕ ਕੇ ਜ਼ਿੰਦਗੀ ਬਤੀਤ ਕਰ ਰਹੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦੇ ਮਾਪੇ ਵੀ ਚਿੰਤਾ ਵਿਚ ਡੁੱਬ ਜਾਣਗੇ। ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਮਲੇਸ਼ੀਆ ਤੋਂ ਨੌਜਵਾਨਾਂ ਵੱਲੋਂ ਕੋਈ ਫੈਕਸ ਜਾਂ ਬੇਨਤੀ ਪੱਤਰ ਨਹੀਂ ਆਇਆ ਪਰ ਵਿਦੇਸ਼ ਮੰਤਰਾਲਾ ਅਜਿਹੇ ਮਾਮਲਿਆਂ ਪ੍ਰਤੀ ਕਾਫੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਮਲੇਸ਼ੀਆ ਵਿਚ ਫਸੇ ਨੌਜਵਾਨਾਂ ਨੂੰ ਭਾਰਤ ਲਿਆਉਣ ਲਈ ਉਹ ਤੁਰੰਤ ਉਥੋਂ ਦੇ ਭਾਰਤੀ ਦੂਤਾਵਾਸ ਨਾਲ ਗੱਲ ਕਰਨਗੇ ਤੇ ਨੌਜਵਾਨਾਂ ਦੀ ਘਰ ਵਾਪਸੀ ਲਈ ਕਦਮ ਚੁੱਕੇ ਜਾਣਗੇ।
Leave a Reply