ਗੁਲਜ਼ਾਰ ਸਿੰਘ ਸੰਧੂ
ਹੋਰ ਦੋ ਹਫਤੇ ਤੱਕ ਪੰਜਾਬੀ ਦੇ ਸਿਰਮੌਰ ਕਵੀ ਤੇ ਜਨਤਾ ਦੇ ਹਮਦਰਦ ਡਾæ ਦੀਵਾਨ ਸਿੰਘ ਕਾਲੇਪਾਣੀ ਨੂੰ ਇਸ ਦੁਨੀਆਂ ਤੋਂ ਕੂਚ ਕੀਤਿਆਂ 70 ਸਾਲ ਹੋ ਜਾਣੇ ਹਨ। ਉਨ੍ਹਾਂ ਦੀ ਸ਼ਹੀਦੀ ਕਾਲੇ ਪਾਣੀਆਂ ਦੀ ਧਰਤੀ ਉਤੇ 14 ਜਨਵਰੀ 1944 ਨੂੰ ਜਪਾਨੀਆਂ ਵੱਲੋਂ ਦਿੱਤੇ ਤਸੀਹਿਆਂ ਕਾਰਨ ਹੋਈ ਸੀ। ਉਨ੍ਹਾਂ ਦੇ ਜਿਸਮ ਉਤੇ ਜਪਾਨੀਆਂ ਨੇ ਕਿਹੋ ਜਿਹੇ ਅੰਗਿਆਰ ਰਖੇ ਅਤੇ ਉਨ੍ਹਾਂ ਤੋਂ ਆਪਣੀ ਗੱਲ ਮਨਵਾਉਣ ਲਈ ਪੰਜ ਮਹਿਲਾ ਕੈਦੀਆਂ ਨੂੰ ਉਨ੍ਹਾਂ ਕੋਲ ਭੇਜਿਆ, ਇਸ ਦਾ ਪਤਾ ਪਰਿਵਾਰ ਨੂੰ ਸੁਤੰਤਰਤਾ ਪ੍ਰਾਪਤੀ ਤੋਂ ਬਹੁਤ ਪਿੱਛੋਂ ਲਗਿਆ। ਤਸੀਹਿਆਂ ਦਾ ਵੇਰਵਾ ਦੇਣ ਵਾਲਾ ਕਾਲੇ ਪਾਣੀ ਦੀ ਸ਼ਜਾ ਭੁਗਤ ਰਿਹਾ ਮਰਦ ਕੈਦੀ ਸੀ ਅਤੇ ਭਰਮਾਉਣ ਲਈ ਭੇਜੀ ਗਈ ਪੰਜਾਂ ਵਿਚੋਂ ਇਕ ਮਹਿਲਾ ਕੈਦੀ। ਉਹ ਦੋਵੇਂ ਕਾਲੇ ਪਾਣੀ ਤੋਂ ਛੁੱਟਣ ਉਪਰੰਤ ਪਰਿਵਾਰ ਦਾ ਦੁੱਖ ਵੰਡਾਉਣ ਅਤੇ ਆਪਣੇ ਹਮਦਰਦ ਡਾਕਟਰ ਦਾ ਧੰਨਵਾਦ ਕਰਨ ਪਰਿਵਾਰ ਨੂੰ ਮਿਲਣ ਆਏ ਸਨ।
ਡਾæ ਦੀਵਾਨ ਸਿੰਘ ਦੀ ਸ਼ਖਸੀਅਤ ਤੇ ਸ਼ਹਾਦਤ ਦੇ ਇਹ ਵੇਰਵੇ ਉਨ੍ਹਾਂ ਦੇ ਸਪੁੱਤਰ ਹਰਵੰਤ ਸਿੰਘ ਢਿੱਲੋਂ ਨੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ਨੂੰ ਜੀਵਤ ਰੱਖਣ ਲਈ ਬਣਾਏ ਸ਼ਹੀਦ ਦੀਵਾਨ ਸਿੰਘ ਕਾਲੇਪਾਣੀ ਮਿਊਜ਼ੀਅਮ ਦੇ ਉਦਘਾਟਨ ਸਮੇਂ ਸਰੋਤਿਆਂ ਨਾਲ ਸਾਂਝੇ ਕੀਤੇ। ਢਿੱਲੋਂ ਦੀ ਛੋਟੀ ਭੈਣ ਇੰਦਰਾ ਬੱਲ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਬਚਪਨ ਵਿਚ ਆਪਣੇ ਸਾਰੇ ਬੱਚਿਆਂ ਨੂੰ ਸੱਚ ਉਤੇ ਪਹਿਰਾ ਦੇਣ ਦੀ ਨਸੀਹਤ ਸਦਾ ਹੀ ਦਿੰਦੇ ਰਹਿੰਦੇ ਸਨ। ਇਹ ਨਸੀਹਤ ਉਨ੍ਹਾਂ ਦੀ ਕਵਿਤਾ ਵਿਚ ਵੀ ਅੰਕਿਤ ਹੈ ਜਿਹੜੀ ਸਿੱਖ ਗੁਰੂ ਸਾਹਿਬਾਨ ਦੀ ਉਸਤਤ ਦੇ ਨਾਲ ਹੀ ਮਹਾਤਮਾ ਬੁੱਧ ਅਤੇ ਈਸਾ ਦਾ ਗੁਣ ਗਾਇਨ ਵੀ ਬਰਾਬਰ ਦੀ ਸ਼ਰਧਾ ਨਾਲ ਕਰਦੀ ਹੈ। ਉਹ ਕਿਹੋ ਜਿਹੇ ਸੁਭਾਅ ਦੇ ਮਾਲਕ ਸਨ ਉਨ੍ਹਾਂ ਦੀਆਂ ਪੁਸਤਕਾਂ ਦੇ ਨਾਂਵਾਂ ਤੋਂ ਪ੍ਰਤੱਖ ਹੈ-‘ਵਗਦੇ ਪਾਣੀ’, ‘ਮਲਿਆਂ ਦੇ ਬੇਰ’, ‘ਸਹਿਜ ਸੰਚਾਰ’ ਤੇ ‘ਅੰਤਿਮ ਲਹਿਰਾਂ’ ਤੋਂ।
ਪਰਿਵਾਰ ਵੱਲੋਂ ਚੰਡੀਗੜ੍ਹ ਨੇੜੇ ਸਿੱਸਵਾਂ-ਬੱਦੀ ਸੜਕ ਉਤੇ ਸੁਲਤਾਨਪੁਰ ਨਾਂ ਦੇ ਪਿੰਡ ਦੀ ਰਮਣੀਕ ਭੂਮੀ ਉਤੇ ਬਣਾਏ ਗਏ ਇਸ ਮਿਊਜ਼ੀਅਮ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 23 ਦਸੰਬਰ 2013 ਨੂੰ ਕੀਤਾ। ਇਸ ਮਿਊਜ਼ੀਅਮ ਦੀ ਉਸਾਰੀ ਦਾ ਕਾਰਜ ਪਰਿਵਾਰ ਵੱਲੋਂ ਬਣਾਏ ਢਿੱਲੋਂ ਫਾਰਮ ਦੇ ਚੋਣਵੇਂ ਕੋਨੇ ਵਿਚ ਸੰਨ 1947 ਨੂੰ ਦੀਵਾਨ ਸਿੰਘ ਕਾਲੇਪਾਣੀ ਦੇ ਵੱਡੇ ਸਪੁੱਤਰ ਮਹਿੰਦਰ ਸਿੰਘ ਢਿੱਲੋਂ ਨੇ ਸ਼ੁਰੂ ਕੀਤਾ ਸੀ ਜਿਸ ਨੂੰ ਢਿੱਲੋਂ ਦੀ ਬੇਟੀ ਸੋਨੀਆ ਅਤੇ ਭਤੀਜੇ ਗੁਰਪ੍ਰਤਾਪ ਸਿੰਘ ਢਿੱਲੋਂ ਨੇ ਭਵਨ ਕਲਾ ਦੇ ਮਾਹਰ ਅਮਰ ਬਹਿਲ ਦੀ ਦੇਖ ਰੇਖ ਥੱਲੇ ਸੰਪੂਰਨ ਕੀਤਾ। ਅਮਰ ਬਹਿਲ ਨੇ ਭਾਵਪੂਰਣ ਤਸਵੀਰਾਂ ਰਾਹੀਂ ਇਸ ਨੂੰ ਡਾæ ਦੀਵਾਨ ਸਿੰਘ ਦੇ ਮਨਭਾਉਂਦੇ ਵਿਸ਼ਿਆਂ, ਪੰਜਾਬੀਅਤ, ਧਰਮ, ਰਾਸ਼ਟਰਵਾਦ ਤੇ ਮਾਨਵਤਾ-ਚਾਰ ਭਾਗਾਂ ਵਿਚ ਉਭਾਰਿਆ ਹੈ। ਮੁੱਖ ਮੰਤਰੀ ਨੇ ਇਸ ਯਾਦਗਾਰ ਨੂੰ ਪੰਜਾਬ ਸਰਕਾਰ ਵਲੋਂ ਚਪੜਚਿੜੀ, ਫਤਿਹਗੜ੍ਹ ਸਾਹਿਬ ਤੇ ਅਨੰਦਪੁਰ ਸਾਹਿਬ ਵਿਖੇ ਕ੍ਰਮਵਾਰ ਬਾਬਾ ਬੰਦਾ ਬਹਾਦਰ, ਮੋਤੀ ਰਾਮ ਮਹਿਰਾ ਤੇ ਭਾਈ ਜੈਤੋ ਦੀ ਯਾਦ ਵਿਚ ਬਣਾਈਆਂ ਯਾਦਗਾਰਾਂ ਵਰਗਾ ਗਰਦਾਨਦਿਆਂ ਇਸ ਦੇ ਬਾਕੀ ਰਹਿੰਦੇ ਕੰਮ ਨੂੰ ਸੰਪੂਰਨ ਕਰਨ ਅਤੇ ਇਸ ਤੋਂ ਪਿੱਛੋਂ ਇਸ ਦੀ ਦੇਖ-ਰੇਖ ਸਰਕਾਰ ਵੱਲੋਂ ਜਾਰੀ ਰੱਖਣ ਲਈ ਪੰਜਾਬ ਦੇ ਸਭਿਆਚਾਰਕ ਮੰਤਰਾਲੇ ਦੇ ਸਥਾਈ ਬਜਟ ਦਾ ਹਿੱਸਾ ਬਣਾਏ ਜਾਣ ਦਾ ਵਚਨ ਦਿੱਤਾ। ਮੌਕੇ ਉਤੇ ਹਾਜ਼ਰ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸਰਵਣ ਸਿੰਘ ਫਿਲੌਰ ਨੇ ਇਹ ਸੁਝਾਓ ਉਤਸ਼ਾਹ ਨਾਲ ਪ੍ਰਵਾਨ ਕੀਤਾ।
ਇਸ ਮੌਕੇ ਪਰਿਵਾਰ ਦੇ ਅਮਰੀਕਾ ਤੱਕ ਤੋਂ ਆਏ ਪੁਨੀਤ ਸਿੰਘ ਆਦਿ ਮੈਂਬਰ ਹੀ ਨਹੀਂ ਪੰਜਾਬ ਸਰਕਾਰ ਦੇ ਉਚ ਅਧਿਕਾਰੀ ਵੀ ਹਾਜ਼ਰ ਸਨ। ਥੋੜ੍ਹੇ ਤੇ ਭਾਵਪੂਰਤ ਸ਼ਬਦਾਂ ਵਿਚ ਮੰਤਰੀ ਸਰਵਣ ਸਿੰਘ ਫਿਲੌਰ, ਪਦਮਸ਼੍ਰੀ ਸੁਰਜੀਤ ਪਾਤਰ, ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਂਟਾ ਬਾਰਬਰਾ ਦੇ ਸਿੱਖ ਇਤਿਹਾਸਕਾਰ ਪ੍ਰੋæ ਗੁਰਿੰਦਰ ਮਾਨ ਨੇ ਆਪੋ ਆਪਣੇ ਢੰਗ ਨਾਲ ਸਮਾਗਮ ਦੇ ਮਹਤਵ ਨੂੰ ਉਜਾਗਰ ਕਰਨ ਵਾਲੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਿਨਾਂ ਡਲਹੌਜ਼ੀ ਪਬਲਿਕ ਸਕੂਲ ਦੇ ਵਿਦਿਆਰਥੀ ਆਮਿਰ ਖਾਨ ਦਾ ਸੂਫੀਆਨਾ ਕਲਾਮ ਵੀ ਮੌਕੇ ਨਾਲ ਮੇਲ ਖਾਂਦਾ ਸੀ। ਅੰਤ ਵਿਚ ਮੁੱਖ ਮੰਤਰੀ ਅਤੇ ਅਮਰੀਕਾ ਤੱਕ ਤੋਂ ਆਏ ਸਾਕ ਸਬੰਧੀਆਂ, ਦੋਸਤਾਂ ਮਿੱਤਰਾਂ ਅਤੇ ਪੜੌਸੀ ਫਾਰਮ ਹਾਊਸਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਡਲਹੌਜ਼ੀ ਪਬਲਿਕ ਸਕੂਲ ਦੇ ਡਾਇਰੈਕਟਰ ਡਾæ (ਕੈਪਟਨ) ਜੀæਐਸ਼ ਢਿੱਲੋ ਨੇ ਫੈਜ਼ ਅਹਿਮਦ ਫੈਜ਼ ਦੇ ਹੇਠ ਲਿਖੇ ਸ਼ਿਅਰ ਦਾ ਹਵਾਲਾ ਦੇ ਕੇ ਅਜਿਹਾ ਮਾਹੌਲ ਪੈਦਾ ਕੀਤਾ ਕਿ ਮੁੱਖ ਮੰਤਰੀ ਬਾਦਲ ਦੇ ਮੁੱਖ ਤੋਂ ਸੁਭਾਵਕ ਹੀ ਇਹ ਸ਼ਬਦ ਨਿਕਲ ਗਏ ਕਿ ਉਨ੍ਹਾਂ ਦਾ ਇਸ ਮਹੱਤਵਪੂਰਨ ਸਥਾਨ ਤੋਂ ਜਾਣ ਨੂੰ ਜੀਅ ਹੀ ਨਹੀਂ ਕਰ ਰਿਹਾ।
ਜਿਸ ਧੱਜ ਸੇ ਕੋਈ ਮਕਤਲ ਮੇਂ ਗਿਆ
ਵੁਹ ਸ਼ਾਨ ਸਲਾਮਤ ਰਹਿਤੀ ਹੈ।
ਯੇਹ ਜਾਨ ਤੋਂ ਆਨੀ ਜਾਨੀ ਹੈ
ਇਸ ਜਾਨ ਕੀ ਕੋਈ ਬਾਤ ਨਹੀਂ।
ਬਾਦਲ ਸਾਹਿਬ ਦੇ ਸ਼ਬਦਾਂ ਨੇ ਮਿਊਜ਼ੀਅਮ ਦੇ ਮਹੱਤਵ ਤੇ ਪਰਿਵਾਰ ਦੀ ਕਾਰ ਗੁਜ਼ਾਰੀ ਨੂੰ ਏਨਾ ਖੁਸ਼ਗਵਾਰ ਬਣਾ ਦਿੱਤਾ ਕਿ ਚਾਹ ਪੀਂਦੇ ਸਮੇਂ ਡਾæ ਸਾਹਿਬ ਦੀ ਧਰਮ ਪਤਨੀ ਇੰਦਰ ਕੌਰ ਵੱਲੋਂ ਕਵੀ ਕੁਟੀਆ ਕਲਕੱਤਾ ਦੇ ਸੰਚਾਲਨ ਸਮੇਂ ਦੇ ਡਾæ ਸਾਹਿਬ ਦੇ ਸਾਥੀ ਨਿਰੰਜਣ ਸਿੰਘ ਤਾਲਿਬ ਦੀ ਹੱਲਾਸ਼ੇਰੀ ਤੇ ਸਹਾਇਤਾ ਨਾਲ ਸਾਰੀ ਔਲਾਦ ਨੂੰ ਉਚੀ ਤੇ ਗੌਰਵਮਈ ਵਿਦਿਆ ਦੇਣ ਨੂੰ ਖਾਸ ਤੌਰ ‘ਤੇ ਚੇਤੇ ਕੀਤਾ ਗਿਆ ਜਿਸ ਦਾ ਇਕ ਸਬੂਤ ਇਸ ਮਿਊਜ਼ੀਅਮ ਦਾ ਹੋਂਦ ਵਿਚ ਆਉਣਾ ਹੈ।
ਅੰਤਿਕਾ: (ਸੁਰਜੀਤ ਪਾਤਰ)
ਜਦੋਂ ਤੱਕ ਲਫਜ਼ ਜਿਊਂਦੇ ਨੇ
ਸੁਖਨਵਰ ਜਿਊਣ ਮਰ ਕੇ ਵੀ।
ਉਹ ਕੇਵਲ ਜਿਸਮ ਹੁੰਦੇ ਨੇ
ਜੋ ਸਿਵਿਆਂ ਦੀ ਸਵਾਹ ਬਣਦੇ।
ਜੋ ਲੋਅ ਮੱਥੇ ‘ਚੋਂ ਫੁੱਟਦੀ ਹੈ
ਉਹ ਅਸਲੀ ਤਾਜ ਹੁੰਦੀ ਹੈ।
ਤਵੀ ਦੇ ਤਖਤ ‘ਤੇ ਬਹਿ ਕੇ ਹੀ
ਸੱਚੇ ਪਾਤਸ਼ਾਹ ਬਣਦੇ।
Leave a Reply