ਅਮਰ ਗੀਤਾਂ ਦੀ ਗਾਇਕਾ -ਸ਼ਾਰਦਾ

ਸੁਰਿੰਦਰ ਸਿੰਘ ਤੇਜ
ਫੋਨ: 91-98555-01488
ਉਹ 1975 ਵਿਚ ਫਿਲਮ ‘ਗੁੰਮਨਾਮ’ ਦੇ ਦੋਗਾਣੇ ‘ਜਾਨੇ ਚਮਨ ਸ਼ੋਲਾ ਬਦਨ’ ਰਾਹੀਂ ਹਿੰਦੀ ਫਿਲਮ ਗਾਇਨ ਦੇ ਖੇਤਰ ਵਿਚ ਆਈ ਅਤੇ 1986 ਵਿਚ ‘ਕਾਂਚ ਕੀ ਦੀਵਾਰ’ ਤੱਕ ਗੀਤ ਗਾਉਂਦੀ ਰਹੀ। ਇਸ ਅਰਸੇ ਦੌਰਾਨ ਉਸ ਨੇ 400 ਤੋਂ ਵੱਧ ਗੀਤ ਗਾਏ। ਊਸ਼ਾ ਤਿਮੋਥੀ, ਕਮਲ ਬਾਰੋਟ ਜਾਂ ਮੁਬਾਰਕ ਬੇਗ਼ਮ ਵਾਂਗ ਉਹ ਫਿਲਮ ਸੰਗੀਤ ਦੇ ਹਾਸ਼ੀਏ ‘ਤੇ ਨਹੀਂ ਰਹੀ, ਬਲਕਿ ਉਸ ਦਾ ਆਪਣਾ ਵੱਖਰਾ ਵਜੂਦ ਸੀ। ਉਸ ਦੀਆਂ ਰਿਕਾਰਡਿੰਗਜ਼ ਸਕਰੈਪ ਨਹੀਂ ਸੀ ਹੁੰਦੀਆਂ, ਇਹ ਫਿਲਮੀ ਰਿਕਾਰਡਾਂ ਦਾ ਹਿੱਸਾ ਬਣਦੀਆਂ ਸਨ। ਫਿਲਮਸਾਜ਼ ਉਸ ਨੂੰ ਇੱਜ਼ਤ-ਮਾਣ ਦਿੰਦੇ ਸਨ ਅਤੇ ਸੰਗੀਤਕਾਰ ਤੇ ਸਾਜ਼ਿੰਦੇ ਸਨੇਹ ਨਾਲ ਦੁਆ-ਸਲਾਮ ਕਰਦੇ ਸਨ। ਸ਼ਾਰਦਾ ਰਾਜਨ ਆਇੰਗਾਰ ਜੋ ਸਿਰਫ ਸ਼ਾਰਦਾ ਦੇ ਨਾਮ ਨਾਲ ਮਸ਼ਹੂਰ ਸੀ, ਉਹ ਗਾਇਕਾ ਸੀ ਜਿਸ ਨੂੰ ਸੰਗੀਤਕਾਰ ਸੁੰਦਰ ਸਿੰਘ ਰਘੂਵੰਸ਼ੀ ਨੇ ਆਪਣੀ ਸ਼ਾਗਿਰਦ ਵਜੋਂ ਉਭਾਰਿਆ ਸੀ। ਉਸ ਨੇ ਇਹ ਕਦਮ ਲਤਾ ਮੰਗੇਸ਼ਕਰ ਦੀ ਸਰਦਾਰੀ ਨੂੰ ਚੁਣੌਤੀ ਦੇਣ ਅਤੇ ਫਿਲਮ ਸੰਗੀਤ ਦਾ ਨਵਾਂ ਮੁਹਾਵਰਾ ਰਚਣ ਲਈ ਚੁੱਕਿਆ ਸੀ। ਇਹ ਸੰਗੀਤਕਾਰ, ਮਸ਼ਹੂਰ ਜੋੜੀ ਸ਼ੰਕਰ-ਜੈਕਿਸ਼ਨ ਦਾ ਪਹਿਲਾ ਅੰਗ ਸੀ। 1965 ਉਹ ਸਾਲ ਸੀ ਜਦੋਂ ਸ਼ੰਕਰ-ਜੈਕਿਸ਼ਨ ਦੇ ਸੰਗੀਤ ਦਾ ਜਾਦੂ ਹਰ ਪਾਸੇ ਸੀ। ਇਸ ਜੋੜੀ ਦਾ ਸੰਗੀਤ ਫਿਲਮ ਦੇ ਹਿੱਟ ਹੋਣ ਦੀ ਪੇਸ਼ਗੀ ਗਾਰੰਟੀ ਮੰਨਿਆ ਜਾਂਦਾ ਸੀ।
ਉਂਝ, 1965 ਉਹ ਸਾਲ ਵੀ ਸੀ ਜਦੋਂ ਪੰਜਾਬੀ ਮੂਲ ਦੇ ਆਂਧਰਾ ਵਾਸੀ ਸ਼ੰਕਰ ਅਤੇ ਗੁਜਰਾਤੀ ਜੈਕਿਸ਼ਨ ਪਾਂਚਾਲ ਦਰਮਿਆਨ ਮਤਭੇਦ ਵੀ ਸਿਖਰਾਂ ਉੱਤੇ ਸਨ। ਆਲਮ ਇਹ ਸੀ ਕਿ ਉਨ੍ਹਾਂ ਦਿਨਾਂ ਦੌਰਾਨ ਕੁਝ ਫਿਲਮਾਂ ਅਜਿਹੀਆਂ ਆਈਆਂ ਜਿਨ੍ਹਾਂ ਵਿਚ ਸ਼ੰਕਰ ਜਾਂ ਜੈਕਿਸ਼ਨ ਨੇ ਸੰਗੀਤ ਵੱਖ-ਵੱਖ ਤੌਰ ‘ਤੇ ਦਿੱਤਾ; ਕਰੈਡਿਟਸ ਵਿਚ ਭਾਵੇਂ ਨਾਮ ਸਮੁੱਚੀ ਜੋੜੀ ਦਾ ਹੀ ਸੀ। ਰਾਮਾਨੰਦ ਸਾਗਰ ਦੀ ‘ਆਰਜ਼ੂ’ ਇਨ੍ਹਾਂ ਵਿਚੋਂ ਇਕ ਸੀ।
ਗਾਇਕਾ ਦੇ ਰੂਪ ਵਿਚ ਸ਼ਾਰਦਾ ਇਸੇ ਯੁੱਗ ਦੀ ਪੈਦਾਇਸ਼ ਸੀ। ਉਹ ਸ਼ੰਕਰ ਦੀ ਸ਼ਾਗਿਰਦ ਵੀ ਰਹੀ, ਪ੍ਰੇਮਿਕਾ ਤੇ ਪਤਨੀ ਵੀ ਬਣੀ ਅਤੇ ਫਿਰ ਖੁਦ ਆਜ਼ਾਦ ਸੰਗੀਤਕਾਰ ਦੇ ਰੂਪ ਵਿਚ ਵੀ ਉੱਭਰ ਕੇ ਸਾਹਮਣੇ ਆਈ। ਗਾਇਕਾ ਦੇ ਰੂਪ ਵਿਚ ਉਹ ਲਗਾਤਾਰ ਚਾਰ ਸਾਲਾਂ ਤੱਕ ‘ਫਿਲਮਫੇਅਰ ਐਵਾਰਡ’ ਲਈ ਨਾਮਜ਼ਦ ਹੁੰਦੀ ਰਹੀ ਅਤੇ ਦੋ ਵਾਰ ਇਸ ਐਵਾਰਡ ਦੀ ਜੇਤੂ ਵੀ ਰਹੀ। ਇੰਝ ਹੀ ਸੰਗੀਤਕਾਰ ਵਜੋਂ ਵੀ ਉਸ ਦਾ ਇਕ ਗੀਤ ‘ਅੱਛਾ ਹੀ ਹੂਆ ਦਿਲ ਟੂਟ ਗਿਆ’ (ਮਾਂ, ਬਹਿਨ ਔਰ ਬੀਵੀ) ਫਿਲਮਫੇਅਰ ਐਵਾਰਡ ਲਈ ਨਾਮਜ਼ਦ ਹੋਇਆ।
ਸ਼ਾਰਦਾ ਨੂੰ ਸੰਗੀਤਕਾਰ ਸ਼ੰਕਰ ਤੇ ਲਤਾ ਮੰਗੇਸ਼ਕਰ ਦਰਮਿਆਨ ਖੱਟ-ਪੱਟ ਦੀ ਵਜ੍ਹਾ ਮੰਨਿਆ ਜਾਂਦਾ ਰਿਹਾ ਹੈ। ਅਸਲੀਅਤ ਇਹ ਸੀ ਕਿ ਸ਼ੰਕਰ ਨੂੰ ਅੰਦਰੋਂ ਇਹ ਪਤਾ ਸੀ ਕਿ ਉਸ ਦਾ ਲਤਾ ਮੰਗੇਸ਼ਕਰ ਬਿਨਾਂ ਗੁਜ਼ਾਰਾ ਨਹੀਂ, ਫਿਰ ਵੀ ਉਸ ਦਾ ਵੀ ਆਪਣਾ ਅਭਿਮਾਨ ਸੀ। ਉਹ ਮਹਿਸੂਸ ਕਰਦਾ ਸੀ ਕਿ ਲਤਾ, ਉਸ ਨਾਲੋਂ ਜੈਕਿਸ਼ਨ ਨੂੰ ਤਰਜੀਹ ਦਿੰਦੀ ਹੈ। ਇਸੇ ਅਭਿਮਾਨ ਨੇ ਉਸ ਨੂੰ ਸ਼ਾਰਦਾ ਨੂੰ ਪਰੋਮੋਟ ਕਰਨ ਦੇ ਰਾਹ ਪਾਇਆ, ਸ਼ਾਰਦਾ ਲਈ ਵਧੀਆ ਧੁਨਾਂ ਰਚੀਆਂ ਗਈਆਂ। ਫਿਲਮ ‘ਸੂਰਜ’ (1966) ਦਾ ਗੀਤ ‘ਦੇਖੋ ਮੇਰਾ ਦਿਲ ਮਚਲ ਗਿਆ’ (ਸ਼ੈਲੇਂਦਰ) ਅਜਿਹੀਆਂ ਵਿਚੋਂ ਇਕ ਸੀ। ਇਸੇ ਫਿਲਮ ਦਾ ਇਕ ਹੋਰ ਗੀਤ ‘ਤਿਤਲੀ ਉੜੀ, ਉੜ ਜੋ ਚਲੀ’ (ਸ਼ੈਲੇਂਦਰ) ਸੁਪਰਹਿੱਟ ਹੋਇਆ ਅਤੇ ਫਿਲਮਫੇਅਰ ਐਵਾਰਡ ਲਈ ਵੀ ਨਾਮਜ਼ਦ ਹੋਇਆ। ਉਸ ਜ਼ਮਾਨੇ ਵਿਚ ਇਹ ਗੀਤ ਯੁਵਾ ਪੀੜ੍ਹੀ ਦੀ ਪਹਿਲੀ ਪਸੰਦ ਸੀ ਅਤੇ ਰੇਡੀਓ ਸੀਲੋਨ ਦੀ ਬਿਨਾਕਾ ਗੀਤਮਾਲਾ ਉੱਤੇ ਇਸ ਦੀ ਟੱਕਰ ਆਸ਼ਾ ਭੋਸਲੇ ਦੇ ਸੁਪਰਹਿੱਟ ਗੀਤ ‘ਸ਼ੀਸ਼ੇ ਸੇ ਪੀ, ਯਾ ਪੈਮਾਨੇ ਪੀ’ (ਫੂਲ ਔਰ ਪੱਥਰ) ਨਾਲ ਸੀ। ਅਜਿਹੀ ਮਕਬੂਲੀਅਤ ਦੇ ਬਾਵਜੂਦ ਸ਼ਾਰਦਾ, ਆਵਾਜ਼ ਦੀ ਪੁਖ਼ਤਗੀ ਪੱਖੋਂ ਮੰਗੇਸ਼ਕਰ ਭੈਣਾਂ ਦੇ ਕਿਸੇ ਵੀ ਤਰ੍ਹਾਂ ਨੇੜੇ ਨਹੀਂ ਸੀ ਢੁੱਕ ਸਕਦੀ। ਉਹ ਸੀਮਿਤ ਗਾਇਕਾ ਸੀ। ਉਸ ਦੀ ਆਵਾਜ਼ ਵੱਖਰੀ ਸੀ, ਇਸ ਵਿਚ ਭਾਰੀਪਣ ਸੀ,  ਰਵਾਨੀ ਸੀ ਪਰ ਲੋਚ ਨਹੀਂ ਸੀ। ਉਸ ਦੇ ਗੀਤ ਚੰਗੇ ਤੇ ਵੱਖਰੇ ਤਾਂ ਲਗਦੇ ਸਨ, ਨਿਹਾਲ ਨਹੀਂ ਸੀ ਕਰਦੇ।
ਸ਼ਾਰਦਾ ਨੇ ਹਿੰਦੁਸਤਾਨੀ ਵਿਚ ਡੇਢ ਸੌ ਦੇ ਕਰੀਬ ਸੋਲੋ ਗਾਏ। ਇਨ੍ਹਾਂ ਤੋਂ ਇਲਾਵਾ ਉਸ ਨੂੰ ਮੁਹੰਮਦ ਰਫ਼ੀ, ਆਸ਼ਾ ਭੋਸਲੇ, ਕਿਸ਼ੋਰ ਕੁਮਾਰ, ਮੁਕੇਸ਼, ਯੇਸੂਦਾਸ, ਮੰਨਾ ਡੇਅ ਅਤੇ ਸੁਮਨ ਕਲਿਆਣਪੁਰ ਨਾਲ ਡੂਏਟਸ ਗਾਉਣ ਦਾ ਮੌਕਾ ਮਿਲਿਆ। ਸ਼ੰਕਰ ਤੋਂ ਇਲਾਵਾ ਊਸ਼ਾ ਖੰਨਾ, ਰਵੀ, ਦੱਤਾ ਰਾਮ, ਇਕਬਾਲ ਕੁਰੈਸ਼ੀ, ਐਨ ਦੱਤਾ ਅਤੇ ਖੱਯਾਮ ਨੇ ਵੀ ਉਸ ਨੂੰ ਆਪੋ-ਆਪਣੇ ਬੈਟਨ ਹੇਠ ਗਾਉਣ ਦਾ ਮੌਕਾ ਦਿੱਤਾ। ਉਸ ਨੇ ਤੈਲਗੂ, ਮਰਾਠੀ, ਅੰਗਰੇਜ਼ੀ ਤੇ ਗੁਜਰਾਤੀ ਵਿਚ ਗੀਤ ਗਾਉਣ ਤੋਂ ਇਲਾਵਾ ਮਿਰਜ਼ਾ ਗਾਲਿਬ ਦੀਆਂ ਗ਼ਜ਼ਲਾਂ ਦੀ ਐਲਬਮ ‘ਅੰਦਾਜ਼-ਏ-ਬਿਆਂ’ ਵੀ ਰਿਕਾਰਡ ਕਰਵਾਈ। ਸ਼ੰਕਰ ਨੇ ਫਿਲਮ ‘ਅਰਾਊੂਂਡ ਦਿ ਵਲਡ’ ਵਿਚ ‘ਜਾਨੇ ਭੀ ਦੇ ਸਨਮ ਮੁਝੇ, ਅਭੀ ਜਾਨੇ ਭੀ ਦੇ’ ਗੀਤ ਰਾਹੀਂ ਉਸ ਵਾਸਤੇ ਦਿਲਕਸ਼ ਧੁਨ ਰਚੀ। ਇਹ ਧੁਨ ਰਾਗ ਭੈਰਵੀ ਵਿਚ ਸੀ ਜਿਸ ਨੂੰ ਫਿਲਮ ਸੰਗੀਤਕਾਰ ‘ਸਦਾ ਸੁਹਾਗਣ’ ਰਾਗ ਮੰਨਦੇ ਹਨ। ਸ਼ਾਰਦਾ ਇਸ ਧੁਨ ਨਾਲ ਨਿਆਂ ਨਹੀਂ ਕਰ ਸਕੀ।
ਉਂਝ, ਸੀਮਾਵਾਂ ਦੇ ਬਾਵਜੂਦ ਸ਼ਾਰਦਾ ਨੇ ਕੁਝ ਗੀਤਾਂ ਤੇ ਧੁਨਾਂ ਨਾਲ ਅਜਿਹਾ ਨਿਆਂ ਕੀਤਾ ਕਿ ਗੀਤ ਅਮਰ ਹੋ ਗਏ। ਅਜਿਹੇ ਗੀਤਾਂ ਵਿਚ ‘ਬਾਤ ਜ਼ਰਾ ਆਪਸ ਕੀ’ ਸ਼ਾਮਲ ਹੈ। ‘ਜਹਾਂ ਪਿਆਰ ਮਿਲੇ’ (1970) ਵਿਚ ਸ਼ੰਕਰ ਵੱਲੋਂ ਸਿਰਜੇ ਗਏ ਇਸ ਕੈਬਰੇ ਗੀਤ ਨੂੰ ਫਿਲਮਫੇਅਰ ਐਵਾਰਡ ਮਿਲਿਆ। ‘ਜਹਾਂ ਪਿਆਰ ਮਿਲੇ’ ਟਿਕਟ ਖਿੜਕੀ ‘ਤੇ ਬੁਰੀ ਤਰ੍ਹਾਂ ਫਲਾਪ ਹੋਈ। ਇਸ ਦੀ ਅਜਿਹੀ ਹੋਣੀ ਦੇ ਬਾਵਜੂਦ ਇਸ ਦੇ ਗੀਤ ਦਾ ਸੁਪਰਹਿੱਟ ਹੋਣਾ ਦਰਸਾਉਂਦਾ ਹੈ ਕਿ ਧੁਨ ਵਿਚ ਵੀ ਜਾਨ ਸੀ ਅਤੇ ਗਾਇਨ ਵਿਚ ਵੀ। ਇੰਝ ਹੀ ‘ਅਰਾਊਂਡ ਦਿ ਵਲਡ’ ਵਿਚ ਮੁਕੇਸ਼ ਨਾਲ ਉਸ ਦਾ ਡੂਏਟ ‘ਚਲੇ ਜਾਨਾ ਜ਼ਰਾ ਠਹਿਰੋ’ (ਹਸਰਤ ਜੈਪੁਰੀ) ਅੱਜ ਵੀ ਯਾਦਗਾਰੀ ਮੰਨਿਆ ਜਾਂਦਾ ਹੈ। ‘ਪਿਆਰ ਮੋਹਬੱਤ’ (1968) ਵਿਚ ਉਸ ਦਾ ਸੋਲੋ ‘ਤੇਰੇ ਸਿਵਾ ਕੌਨ ਹੈ ਮੇਰਾ’ (ਹਸਰਤ ਜੈਪੁਰੀ) ਵੀ ਯਾਦਗਾਰੀ ਗੀਤ ਹੈ। ਸੰਗੀਤਕਾਰ ਊਸ਼ਾ ਖੰਨਾ ਨੇ ‘ਸ਼ਿਮਲਾ ਰੋਡ’ (1968) ਵਿਚ ਉਸ ਪਾਸੋਂ ‘ਯਿਹ ਮਹਿਫਿਲ, ਯਿਹ ਮੀਨਾ, ਯਿਹ ਪੈਮਾਨਾ’ (ਅਸਦ ਭੋਪਾਲੀ) ਗੀਤ ਗੁਆ ਕੇ ਇਕ ਵਾਰ ਫਿਰ ਸਾਬਤ ਕੀਤਾ ਕਿ ਪੱਛਮੀ ਬੀਟ ਵਾਲੇ ਗੀਤਾਂ ਲਈ ਸ਼ਾਰਦਾ ਦੀ ਆਵਾਜ਼ ਦੇ ਭਾਰੀਪਣ ਨੂੰ ਕਿਵੇਂ ਸੁਚੱਜੇ ਢੰਗ ਨਾਲ ਵਰਤਿਆ ਜਾ ਸਕਦਾ ਸੀ।
ਸ਼ਾਰਦਾ ਨੇ ‘ਮਾਂ ਬਹਿਨ ਔਰ ਬੀਵੀ’, ‘ਤੂੰ ਮੇਰੀ ਮੈਂ ਤੇਰਾ’, ‘ਕਸ਼ਿਤਿਜ਼’, ‘ਮੰਦਿਰ ਮਸਜਿਦ’ ਅਤੇ ‘ਮੈਲਾ ਆਂਚਲ’ ਫਿਲਮਾਂ ਵਿਚ ਸੰਗੀਤ ਦਿੱਤਾ। ਸੰਗੀਤਕਾਰ ਸ਼ੰਕਰ ਦੀ ਮੌਤ ਤੋਂ ਬਾਅਦ 1986 ਤੋਂ ਉਸ ਨੇ ਫਿਲਮ ਸੰਗੀਤ ਤੋਂ ਕਿਨਾਰਾਕਸ਼ੀ ਕਰ ਲਈ ਅਤੇ ਹੁਣ ਮੁੰਬਈ ਵਿਚ ਆਪ ਬਣਾਏ ਸੰਗੀਤ ਵਿਦਿਆਲੇ ਵਿਚ ਉਹ ਛੋਟੇ ਬੱਚਿਆਂ ਨੂੰ ਸੰਗੀਤ ਦੀ ਤਾਲੀਮ ਦੇ ਕੇ ਸੰਗੀਤ ਦੀ ਸੇਵਾ ਕਰ ਰਹੀ ਹੈ। ਉਹ ਮੰਨਦੀ ਹੈ ਕਿ ਜੇ ਰਾਜ ਕਪੂਰ 1963 ਵਿਚ ਤਹਿਰਾਨ (ਇਰਾਨ) ਵਿਚ ਉਸ ਸਮੇਂ ਦੇ ਧਨਾਢ ਭਾਰਤੀ ਕਾਰੋਬਾਰੀ ਸ੍ਰੀਚੰਦ ਆਹੂਜਾ ਦੀ ਰਿਹਾਇਸ਼ ‘ਤੇ ਇਕ ਮਹਿਫਿਲ ਦੌਰਾਨ ਉਸ ਦਾ ਗੀਤ ਸੁਣ ਕੇ ਉਸ ਨੂੰ ਆਡੀਸ਼ਨ ਲਈ ਮੁੰਬਈ ਨਾ ਬੁਲਾਉਂਦੇ ਤਾਂ ਸ਼ਾਇਦ ਉਹ ਗੁੰਮਨਾਮ ਗਾਇਕਾ ਹੀ ਰਹਿੰਦੀ। ਰਾਜ ਕਪੂਰ ਨੂੰ ਤਾਂ ਉਸ ਦੀ ਆਡੀਸ਼ਨ ਪਸੰਦ ਨਹੀਂ ਆਈ, ਪਰ ਆਰæਕੇæ ਬੈਨਰ ਦੇ ‘ਸੰਗੀਤ ਸਮਰਾਟ’ ਸ਼ੰਕਰ ਦੇ ਮਨ ਨੂੰ ਉਹ ਅਜਿਹੀ ਭਾਈ ਕਿ ਉਹ ਵੈਜੰਤੀਮਾਲਾ, ਰਾਜਸ਼੍ਰੀ, ਸਾਧਨਾ, ਨੰਦਾ, ਸਾਇਰਾ ਬਾਨੋ ਵਰਗੀਆਂ ਨਾਇਕਾਵਾਂ ਦੀ ਆਵਾਜ਼ ਬਣ ਗਈ।

Be the first to comment

Leave a Reply

Your email address will not be published.