ਸਰਵਜੀਤ ਸਿੰਘ ਸੈਕਰਾਮੈਂਟੋ
ਸਿੱਖ ਮਾਨਸਿਕਤਾ ‘ਚ ਘਰ ਕਰ ਚੁੱਕੀਆਂ ਇਹ ਦੋਵੇਂ ਤਾਰੀਖਾਂ ਭਾਵੇਂ ਅੱਜ ਤੋਂ 348 ਸਾਲ ਪਹਿਲਾਂ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜਿਹਾ ਨਹੀਂ ਹੁੰਦਾ। ਇਨ੍ਹਾਂ ਵਿਚੋਂ ਇਕ ਤਾਰੀਖ 23 ਪੋਹ, ਸੂਰਜੀ ਬਿਕਰਮੀ (ੰੋਲਅਰ) ਕੈਲੰਡਰ ਦੀ ਹੈ ਅਤੇ ਦੂਜੀ ਪੋਹ ਸੁਦੀ 7, ਚੰਦਰ ਸੂਰਜੀ (æੁਨਸੋਲਅਰ) ਬਿਕਰਮੀ ਕੈਲੰਡਰ ਦੀ ਹੈ। ਅੱਜ ਇਨ੍ਹਾਂ ਦੋ ਤਾਰੀਖਾਂ ‘ਚੋਂ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ। ਇਹ ਸਮੱਸਿਆ ਕਿਸੇ ਬਿਗਾਨੇ ਨੇ ਨਹੀਂ ਸਗੋਂ ਸਾਡੇ ਆਪਣੇ ਧਾਰਮਿਕ ਮੁਖੀਆਂ ਨੇ ਹੀ ਖੜ੍ਹੀ ਕੀਤੀ ਹੈ।
ਕੈਲੰਡਰ ਵਿਗਿਆਨ ਦਾ ਅਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾਂ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਪਤਾ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਉਂ-ਜਿਉਂ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮਾਂ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ, ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਆਧਾਰਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚਲਿਤ ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬਿਕਰਮੀ ਕੈਲੰਡਰ ਪ੍ਰਚਲਿਤ ਹੈ ਅਤੇ ਸਿਖ ਧਰਮ ਚੰਦਰ ਸੂਰਜੀ ਬਿਕਰਮੀ, ਸੂਰਜੀ ਬਿਕਰਮੀ ਅਤੇ ਸੀ: ਈ: ਕੈਲੰਡਰ ਪ੍ਰਚਲਿਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨਦੇਹੀ ਕਰਨਾ ਹੁੰਦਾ ਹੈ।
ਧਰਤੀ ਆਪਣੇ ਧੁਰੇ ਦੁਆਲੇ ਹੈ ਇਸ ਦਾ ਇਕ ਚੱਕਰ 24 ਘੰਟੇ ਵਿਚ ਪੂਰਾ ਹੁੰਦਾ ਹੈ। ਕੈਲੰਡਰ ‘ਚ ਇਸ ਨੂੰ ਇਕ ਦਿਨ ਗਿਣਿਆ ਜਾਂਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ/ਰੁੱਤੀਸਾਲ (ਠਰੋਪਚਿਅਲ ੈeਅਰ) ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ। ਇਹ ਚੱਕਰ 354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ ਵਿਚ ਪੂਰਾ ਹੁੰਦਾ ਹੈ। ਭਾਵ ਚੰਦ ਦਾ ਇਕ ਸਾਲ ਮੌਸਮੀ ਸਾਲ ਤੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੇ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾਂ ਆ ਜਾਵੇਗਾ ਅਤੇ 33 ਸਾਲ ਪਿਛੋਂ ਮੁੜ ਉਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾ। (ਸੂਰਜ ਦੇ 33 ਸਾਲ=ਚੰਦ ਦੇ 34 ਸਾਲ) ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, 2013 ਸੀ: ਈ: ਵਿਚ 6 ਮਾਘ/18ਜਨਵਰੀ ਨੂੰ ਸੀ ਅਤੇ ਇਸ ਸਾਲ ਇਹ ਦਿਹਾੜਾ, ਇਸ ਤੋਂ11 ਦਿਨ ਪਹਿਲਾਂ ਭਾਵ 24 ਪੋਹ/7 ਜਨਵਰੀ ਨੂੰ ਆਵੇਗਾ। ਇਸ ਤੋਂ ਅਗਲਾ ਗੁਰਪੁਰਬ 13 ਪੋਹ/28 ਦਸੰਬਰ 2014 ਨੂੰ ਆਵੇਗਾ। ਭਾਵ ਇਕ ਸਾਲ ‘ਚ ਦੋ ਵਾਰ ਗੁਰਪੁਰਬ ਮਨਾਇਆ ਜਾਵੇਗਾ। ਇਸ ਹਿਸਾਬ ਨਾਲ ਤਾਂ ਇਸ ਤੋਂ ਅਗਲਾ ਗੁਰਪੁਰਬ 3 ਪੋਹ/17 ਦਸੰਬਰ 2015 ਨੂੰ ਆਉਣਾ ਚਾਹੀਦਾ ਹੈ ਪਰ ਨਹੀਂ! ਹੁਣ, ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ 3 ਮਾਘ/16 ਜਨਵਰੀ 2016 ਨੂੰ ਮਨਾਇਆ ਜਾਵੇਗਾ। ਅਜਿਹਾ ਕਿਉਂ?
ਚੰਦ ਦਾ ਸਾਲ, ਸੂਰਜੀ ਸਾਲ ਨਾਲੋਂ ਇਕ ਸਾਲ ‘ਚ 11 ਦਿਨ, ਦੋ ਸਾਲ ‘ਚ 22 ਦਿਨ ਪਿਛੇ ਰਹਿ ਗਿਆ ਹੈ। ਹੁਣ ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਵੇਗਾ, 2015 ਵਿਚ ਚੰਦ ਦੇ ਸਾਲ ਦੇ 13 ਮਹੀਨੇ ਅਤੇ 384 ਦਿਨ ਹੋਣਗੇ। 19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ। 2015 ਵਿਚ ਚੰਦ ਦੇ ਸਾਲ ‘ਚ 13 ਮਹੀਨੇ ਹੋਣ ਕਾਰਨ ਜਿਹੜਾ ਦਿਹਾੜਾ 3 ਪੋਹ/17 ਦਸੰਬਰ 2015 ਨੂੰ ਆਉਣਾ ਚਾਹੀਦਾ ਸੀ ਹੁਣ ਉਹ 2016 ਵਿਚ 3 ਮਾਘ/16 ਜਨਵਰੀ ਨੂੰ ਆਵੇਗਾ। 2015 ਸੀæ ਈæ ਵਿਚ ਇਹ ਦਿਹਾੜਾ ਨਹੀ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਗੁਰਪੁਰਬ 11 ਦਿਨ ਪਹਿਲਾਂ 22 ਪੋਹ/5 ਜਨਵਰੀ 2017 ਨੂੰ ਆਵੇਗਾ ਅਤੇ ਉਸ ਤੋਂ ਅਗਲਾ 11 ਪੋਹ/25 ਦਸੰਬਰ 2017 ਨੂੰ। ਇਹ ਹੈ ਚੰਦਰ ਸੂਰਜੀ ਬਿਕਰਮੀ ਕੈਲੰਡਰ ਦਾ ਕਮਾਲ।
ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦਰ ਸੂਰਜੀ ਬਿਕਰਮੀ ਕੈਲੰਡਰ ਦੀ ਪੋਹ ਸੁਦੀ 7 ਦੇ ਨਾਲ-ਨਾਲ ਸੂਰਜੀ ਬਿਕਰਮੀ ਕੈਲੰਡਰ ਦੀ 23 ਪੋਹ ਵੀ ਸੀ। ਸਾਲ ਦੇ ਦਿਨਾਂ ‘ਚ 11 ਦਿਨਾਂ ਦਾ ਅੰਤਰ ਹੋਣ ਕਾਰਨ, ਹਰ ਸਾਲ ਇਹ ਦੋਵੇਂ ਤਾਰੀਖਾਂ ਇਕੱਠੀਆਂ ਨਹੀਂ ਆ ਸਕਦੀਆਂ। 1666 ਤੋਂ ਪਿਛੋਂ 1685 ਵਿਚ ਇਹ ਦੋਵੇਂ ਤਾਰੀਖਾਂ ਇਕੱਠੀਆਂ ਆਈਆਂ ਸਨ। ਪਿਛਲੀ ਸਦੀ ਵਿਚ ਸਿਰਫ 4 ਵਾਰੀ (1903, 49, 68, 87) ਇਕੱਠੀਆਂ ਆਈਆਂ ਸਨ। ਅਸੀਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਇਨ੍ਹਾਂ ਦੋਵਾਂ ਤਾਰੀਖਾਂ ਦੇ ਇਕੱਠੀਆਂ ਆਉਣ ਦਾ ਇੰਤਜ਼ਾਰ ਨਹੀ ਕਰ ਸਕਦੇ। ਸੋ ਸਪੱਸ਼ਟ ਹੈ ਕਿ ਸਾਨੂੰ ਦੋਵਾਂ ‘ਚੋਂ ਇਕ ਤਾਰੀਖ ਦੀ ਚੋਣ ਹੀ ਕਰਨੀ ਪਵੇਗੀ।
ਹੁਣ ਸਵਾਲ ਹੈ ਕਿ ਜੇ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀਂ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀਂ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀਂ ਵਦੀ-ਸੁਦੀ ਦੇ ਮੱਕੜ ਜਾਲ ‘ਚ ਨਿਕਲ ਜਾਂਦੇ ਹਾਂ। ਨਾਨਕਸ਼ਾਹੀ ਕੈਲੰਡਰ ਮੁਤਾਬਕ, ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ/5 ਜਨਵਰੀ ਨੂੰ ਹੀ ਮਨਾਇਆ ਜਾਵੇਗਾ। ਸਾਡਾ ਇਹ ਲਾਭ ਸ਼ਾਇਦ ਕਿਸੇ ਹੋਰ (?) ਲਈ ਨੁਕਸਾਨਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ ਹੋਰ (?) ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜਿਆਦਾ ਫਿਕਰ ਹੈ।
ਹੁਣ ਜਦੋਂ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਇਹ ਦਿਨ ਹਰ ਸਾਲ ਤਕਰੀਬਨ ਇਕ ਹੀ ਤਾਰੀਖ ਨੂੰ ਆਉਂਦਾ ਹੈ। 1666 ਤੋਂ 1751 ਤਾਂਈ 23 ਪੋਹ ਜਿਆਦਾ ਸਾਲ 22 ਦਸੰਬਰ (ਯੂਲੀਅਨ) ਨੂੰ ਹੀ ਆਉਂਦਾ ਰਿਹਾ ਹੈ ਪਰ ਬਿਕਰਮੀ ਸਾਲ ਦੀ ਲੰਬਾਈ ਦੇ ਫਰਕ ਕਾਰਨ ਕਦੇ-ਕਦੇ 21 ਜਾਂ 23 ਦਸੰਬਰ ਨੂੰ ਵੀ ਆਇਆ ਸੀ। 1752 ਵਿਚ ਇੰਗਲੈਂਡ ਵੱਲੋਂ ਗਰੈਗੋਰੀਅਨ ਕੈਲੰਡਰ ਨੂੰ ਮਾਨਤਾ ਦੇਣ ਕਾਰਨ 23 ਪੋਹ 2 ਜਨਵਰੀ ਦਿਨ ਮੰਗਲਵਾਰ ਨੂੰ ਸੀ। ਹੁਣ ਇਥੇ ਇਕ ਹੋਰ ਸਮੱਸਿਆ ਆ ਜਾਂਦੀ ਹੈ। ਉਹ ਹੈ, ਸੂਰਜੀ ਬਿਕਰਮੀ ਕੈਲੰਡਰ ਅਤੇ ਮੌਸਮੀ ਕੈਲੰਡਰ ਦੀ ਲੰਬਾਈ ਵਿਚ ਅੰਤਰ। 1964 ਤੋਂ ਪਹਿਲਾਂ ਸਾਰੇ ਭਾਰਤ ਵਿਚ ਸੂਰਜੀ ਸਿਧਾਂਤ ‘ਤੇ ਆਧਾਰਤ ਬਿਕਰਮੀ ਕੈਲੰਡਰ ਲਾਗੂ ਸੀ ਜਿਸ ਦੀ ਲੰਬਾਈ 365æ2587 ਦਿਨ ਹੈ। ਮੌਸਮੀ ਸਾਲ ਤੋਂ ਇਸ ਦੀ ਲੰਬਾਈ ਲਗਭਗ 24 ਮਿੰਟ ਵੱਧ ਹੋਣ ਕਾਰਨ ਇਸ ‘ਚ ਮੌਸਮੀ ਸਾਲ ਨਾਲ 60 ਸਾਲ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਸੀ। 1964 ਵਿਚ ਵਿਦਵਾਨਾਂ ਵੱਲੋਂ ਇਸ ‘ਚ ਸੋਧ ਕਰਨ ਉਪਰੰਤ ਦ੍ਰਿਗਗਿਣਤ ਸਿਧਾਂਤ ਹੋਂਦ ਵਿਚ ਆਇਆ ਜਿਸ ਮੁਤਾਬਕ ਸਾਲ ਦੀ ਲੰਬਾਈ 365æ2563 ਦਿਨ ਹੈ। ਦ੍ਰਿਗਗਿਣਤ ਸਿਧਾਂਤ ਮੁਤਾਬਕ ਸਾਲ ਦੀ ਲੰਬਾਈ ਲਗਭਗ 20 ਮਿੰਟ ਵੱਧ ਹੋਣ ਕਾਰਨ, ਹੁਣ ਇਹ 72 ਸਾਲਾਂ ਪਿਛੋਂ ਇਕ ਦਿਨ ਦਾ ਫਰਕ ਪਵੇਗਾ।
ਇਥੋਂ ਸ਼ੁਰੂ ਹੁੰਦੀ ਹੈ ਨਾਨਕਸ਼ਾਹੀ ਕੈਲੰਡਰ ਦੀ ਕਹਾਣੀ। ਜਦੋਂ ਵਿਦਵਾਨਾਂ ਨੇ ਇਹ ਸੋਚਿਆ ਕਿ ਇਹ ਫਰਕ ਤਾਂ ਵੱਧਦਾ ਹੀ ਰਹੇਗਾ ਤੇ ਸਾਡੇ ਧਾਰਮਿਕ ਦਿਹਾੜਿਆਂ ਦਾ ਸਬੰਧ ਮੌਸਮਾਂ ਨਾਲੋਂ ਟੁੱਟ ਜਾਵੇਗਾ ਤਾਂ ਕਿਉਂ ਨਾ ਆਪਣੇ ਕੈਲੰਡਰ ਨੂੰ ਮੌਸਮੀ ਕੈਲੰਡਰ ਦੇ ਮੁਤਾਬਿਕ ਕੀਤਾ ਜਾਵੇ? ਕੈਨੇਡਾ ਵਾਸੀ ਸ਼ ਪਾਲ ਸਿੰਘ ਪੁਰੇਵਾਲ ਵੱਲੋਂ ਬਣਾਏ ਗਏ ਕੈਲੰਡਰ ‘ਤੇ ਵਿਦਵਾਨਾਂ ਵੱਲੋਂ ਇਕ ਦਹਾਕੇ ਤੋਂ ਵੀ ਵੱਧ ਸੋਚ ਵਿਚਾਰ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ 2003 ਵਿਚ ਅਕਾਲ ਤਖਤ ਸਾਹਿਬ ਤੋਂ ਜਾਰੀ ਕਰ ਦਿੱਤਾ ਗਿਆ ਸੀ। 2010 ਵਿਚ ਸ਼੍ਰੋਮਣੀ ਕਮੇਟੀ ਨੇ ਸੰਤ ਸਮਾਜ ਦੇ ਕਹਿਣ ਤੇ ਸੋਧਾਂ ਦੇ ਨਾਮ ਹੇਠ ਨਾਨਕਸ਼ਾਹੀ ਕੈਲੰਡਰ ਦਾ ਹੁਲੀਆ ਵਿਗਾੜ ਦਿੱਤਾ। 12 ਦਸੰਬਰ 2013 ਨੂੰ ਖ਼ਬਰ ਆਈ ਕਿ ਸੰਤ ਸਮਾਜ ਨੇ ਮੁੜ ਚੰਦਰ ਸੂਰਜੀ ਬਿਕਰਮੀ ਕੈਲੰਡਰ ਨੂੰ ਹੀ ਲਾਗੂ ਕਰਨ ਲਈ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਤਾਂਈਂ ਪਹੁੰਚ ਕੀਤੀ ਹੈ। ਖ਼ਬਰਾਂ ਮੁਤਾਬਕ ਗਿਆਨੀ ਗੁਰਬਚਨ ਸਿੰਘ ਨੇ ਸੰਤ ਸਮਾਜ ਦੀ ਮੰਗ ‘ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਵੀ ਦਿੱਤਾ ਹੈ।
ਅੱਜ ਜੋ ਸੀ ਈ ਕੈਲੰਡਰ ਦੁਨੀਆਂ ਵਿਚ ਲਾਗੂ ਹੈ ਇਸ ਨੂੰ ਗਰੈਗੋਰੀਅਨ ਕੈਲੰਡਰ ਵੀ ਕਿਹਾ ਜਾਂਦਾ ਹੈ, ਇਹ ਯੂਲੀਅਨ ਕੈਲੰਡਰ ਦਾ ਸੋਧਿਆ ਹੋਇਆ ਰੂਪ ਹੈ। ਯੂਲੀਅਨ ਕੈਲੰਡਰ ਵੀ ਸੂਰਜ ਅਧਾਰਤ ਸੀ ਪਰ ਉਸ ਦੀ ਲੰਬਾਈ 365æ25 ਦਿਨ ਸੀ ਜੋ ਮੌਸਮੀ ਸਾਲ ਤੋਂ ਸਵਾ ਗਿਆਰਾਂ ਮਿੰਟ ਵੱਧ ਸੀ ਜਿਸ ਕਾਰਨ ਇਸ ‘ਚ 128 ਸਾਲ ਵਿਚ 1 ਦਿਨ ਦਾ ਫਰਕ ਆ ਜਾਂਦਾ ਸੀ। ਵਿਦਵਾਨਾਂ ਨੇ ਇਸ ਵਿਚ ਸੋਧ ਕੀਤੀ ਅਤੇ 1582 ਵਿਚ ਗਰੈਗੋਰੀਅਨ ਕੈਲੰਡਰ ਹੋਂਦ ਵਿਚ ਆਇਆ। (ਇੰਗਲੈਂਡ ਨੇ ਗਰੈਗੋਰੀਅਨ ਕੈਲੰਡਰ ਨੂੰ 1752 ਵਿਚ ਮਾਨਤਾ ਦਿੱਤੀ ਸੀ) ਗਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365æ2425 ਦਿਨ ਹੈ। ਇਹ ਮੌਸਮੀ ਸਾਲ ਦੇ ਬਹੁਤ ਹੀ ਨੇੜੇ ਹੈ। ਹੁਣ ਇਹ ਲਗਭਗ 3300 ਸਾਲ ਪਿਛੋਂ 1 ਦਿਨ ਦਾ ਫਰਕ ਪਾਵੇਗਾ। ਨਾਨਕਸ਼ਾਹੀ ਕੈਲੰਡਰ ਦੀ ਲੰਬਾਈ ਵੀ 365æ2425 ਦਿਨ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ 23 ਪੋਹ ਹਰ ਸਾਲ 5 ਜਨਵਰੀ ਨੂੰ ਹੀ ਆਵੇਗੀ। ਹੁਣ ਇਹ ਫੈਸਲਾ ਪੂਰੇ ਵਿਸ਼ਵ ‘ਚ ਫੈਲ ਚੁਕੀ ਸਿੱਖ ਕੌਮ ਨੇ ਕਰਨਾ ਹੈ ਕਿ ਕੀ ਸਾਨੂੰ ਮੌਸਮੀ ਕੈਲੰਡਰ ‘ਤੇ ਆਧਾਰਤ ਨਾਨਕਸ਼ਾਹੀ ਕੈਲੰਡਰ, ਜਿਸ ਦੀਆਂ ਤਾਰੀਖਾਂ ਸਦਾ ਵਾਸਤੇ ਇਕੋ ਹੀ ਰਹਿਣਗੀਆਂ, ਦੀ ਲੋੜ ਹੈ ਜਾਂ ਚੰਦਰ ਸੂਰਜੀ ਬਿਕਰਮੀ ਕੈਲੰਡਰ ਦੀ, ਜਿਸ ਦੀਆਂ ਤਾਰੀਖਾਂ ਹਰ ਸਾਲ ਬਦਲ ਜਾਂਦੀਆਂ ਹਨ ਅਤੇ ਤਾਰੀਖਾਂ ਦਾ ਪਤਾ ਕਰਨ ਲਈ ਕਿਸੇ (?) ਨੂੰ ਪੁੱਛਣਾ ਹੀ ਪਵੇਗਾ।
Leave a Reply