ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਸੱਤਾਧਾਰੀ ਅਕਾਲੀਆਂ ਦੀ ਸਿਆਸਤ ਇਕ ਵਾਰੀ ਫਿਰ ਧਰਮ ਉਤੇ ਹਾਵੀ ਹੋਣ ਵਿਚ ਸਫ਼ਲ ਹੋ ਗਈ ਅਤੇ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ, ਇਕ ਵਾਰ ਫਿਰ ਅੱਖਾਂ ਵੀ ਅਤੇ ਹੱਥ ਵੀ ਮਲਦੇ ਰਹਿ ਗਏ। ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਹਿਤਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਕੋਈ ਪਹਿਲੀ ਵਾਰ ਨਹੀਂ ਕੀਤੀ ਹੈ। ਇਹ ਕੰਮ ਤਾਂ ਬੜੀ ਦੇਰ ਤੋਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਸਿੱਖ ਵੀ ਭਲੀ ਪ੍ਰਕਾਰ ਜਾਣਦੇ ਹਨ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਜਾਂ ਸਿੰਘ ਸਾਹਿਬ ਤਾਂ ਪੰਜਾਬ ਸਰਕਾਰ ਦੇ ਹੁਕਮ ਵਿਚ ਰਹਿਣ ਅਤੇ ਚਲਣ ਵਾਲੇ ਤਨਖ਼ਾਹਦਾਰ ਮੁਲਾਜ਼ਮ ਹਨ। ਉਨ੍ਹਾਂ ਦੀ ਨਾ ਹੀ ਕੋਈ ਆਪਣੀ ਹਸਤੀ ਹੈ, ਤੇ ਨਾ ਹੀ ਕੋਈ ਆਪਣੀ ਆਜ਼ਾਦ ਸੋਚ, ਬਲਕਿ ਇਨ੍ਹਾਂ ਧਾਰਮਿਕ ਅਹੁਦਿਆਂ ‘ਤੇ ਬਿਰਾਜਮਾਨ ਲੋਕ ਤਾਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸਰਕਾਰੀ ਆਦਮੀ ਹਨ। ਇਹ ਪੰਜਾਬ ਸਰਕਾਰ ਦੀਆਂ ਕਠਪੁਤਲੀਆਂ ਬਣ ਕੇ ਜਿਥੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੀ ਦੁਰਵਰਤੋਂ ਕਰ ਰਹੇ ਹਨ, ਉਥੇ ਇਹ ਲੋਕ ਸਿੱਖ ਧਰਮ ਅਤੇ ਸਿੱਖਾਂ ਨੂੰ ਵੀ ਕਲੰਕਤ ਕਰ ਰਹੇ ਹਨ।
ਹੁਣ ਹੈਰਾਨੀ ਵਾਲੀ ਗੱਲ, ਭਾਈ ਗੁਰਬਖ਼ਸ਼ ਸਿੰਘ ਖਾਲਸਾ ਹਰਿਆਣੇ ਤੋਂ ਸਿੱਧੇ ਸ੍ਰੀ ਅਕਾਲ ਤਖ਼ਤ ਸਾਹਿਬ ਗਏ, ਉਥੇ ਅਰਦਾਸਾ ਕੀਤਾ ਅਤੇ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਚ ਜਾ ਕੇ ਭੁੱਖ ਹੜਤਾਲ ‘ਤੇ ਬੈਠ ਗਏ। ਉਨ੍ਹਾਂ ਜੋ ਪ੍ਰਣ ਕੀਤਾ, ਉਹ ਇਹ ਸੀ ਕਿ ਸਿੱਖ ਸੰਘਰਸ਼ ਵੇਲੇ ਦੇ ਜੇਲ੍ਹਾਂ ਵਿਚ ਡੱਕੇ ਹੋਏ ਅਤੇ ਸਜ਼ਾਵਾਂ ਪੂਰੀਆਂ ਹੋਣ ਉਪਰੰਤ ਵੀ ਜੇਲ੍ਹਾਂ ਵਿਚ ਰੁਲ ਰਹੇ ਸਿੱਖ ਕੈਦੀਆਂ ਦੀ ਰਿਹਾਈ ਕਰਵਾਉਣੀ ਹੈ; ਜਾਂ ਤਾਂ ਸਿੰਘਾਂ ਦੀਆਂ ਰਿਹਾਈਆਂ ਹੋਣਗੀਆਂ ਜਾਂ ਫਿਰ ਉਹ ਆਪਣੀ ਕੀਤੀ ਅਰਦਾਸ ਨਿਭਾਉਂਦੇ ਹੋਏ ਸ਼ਹੀਦੀ ਪਾ ਜਾਣਗੇ। ਪੂਰੇ 41 ਦਿਨ ਉਹ ਭੁੱਖ ਦੇ ਦੁੱਖ ਨਾਲ ਤੰਗ ਹੋਏ, ਪੰਜਾਬ ਪੁਲਿਸ ਨੇ ਵੀ ਉਨ੍ਹਾਂ ਨਾਲ ਡਰਾਮੇ ਖੇਡੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਵੀ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਰਹੇ, ਪਰ ਅਕਾਲੀ-ਭਾਜਪਾ ਸਰਕਾਰ ਟੱਸ ਤੋਂ ਮੱਸ ਨਾ ਹੋਈ। ਨਾ ਹੀ ਇਸ ਨੇ ਭੁੱਖ ਹੜਤਾਲ ਦਾ ਹੀ ਕੋਈ ਫਿਕਰ ਕੀਤਾ। ਫਿਰ ਅਚਾਨਕ ਹੀ 41ਵੇਂ ਦਿਨ ਦੋ ਜਥੇਦਾਰ ਸਾਹਿਬਾਨ ਨੇ ਹੁਕਮ ਜਾਰੀ ਕਰ ਦਿੱਤਾ ਕਿ ਭੁੱਖ ਹੜਤਾਲ ਖ਼ਤਮ ਕਰ ਦਿਓ। ਹੈਰਾਨੀ ਤਾਂ ਉਦੋਂ ਹੋਈ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਿਨ ਚੜ੍ਹਦੇ ਹੀ ਗੁਰਦੁਆਰਾ ਅੰਬ ਸਾਹਿਬ ਜਾ ਹਾਜ਼ਰ ਹੋਏ ਅਤੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੂੰ ਨਾਲ ਲੈ ਕੇ ਬੰਦ ਕਮਰੇ ਵਿਚ ਪ੍ਰਵੇਸ਼ ਕਰ ਗਏ।
ਤਿੰਨ ਘੰਟੇ ਮਗਰੋਂ ਬੰਦ ਕਮਰੇ ਦਾ ਦਵਾਰ ਖੁੱਲ੍ਹਿਆ ਤਾਂ ਜਥੇਦਾਰ ਸਾਹਿਬਾਨ ਦੇ ਚਿਹਰਿਆਂ ਉਤੇ ਜੇਤੂ ਮੁਸਕਾਨ ਸੀ ਜੋ ਆਖ ਰਹੀ ਸੀ, ਆਹ ਈ ਏ ਨਾ ਭਾਈ ਗੁਰਬਖ਼ਸ਼ ਸਿੰਘ ਖਾਲਸਾ ਜੋ ਸਿੰਘਾਂ ਦੀਆਂ ਰਿਹਾਈਆਂ ਕਰਵਾਉਣ ਲਈ ਭੁੱਖ ਹੜਤਾਲ ‘ਤੇ ਸ਼ਹੀਦੀ ਪਾਉਣ ਲਈ ਬੈਠਾ ਸੀ ਅਤੇ ਸ਼ਹੀਦੀ ਉਪਰੰਤ ਪੀæਜੀæਆਈæ ਨੂੰ ਆਪਣਾ ਸਰੀਰ ਵੀ ਦਾਨ ਕਰੀ ਬੈਠਾ ਸੀæææ ਹੁਣ ਇਹ ਜੂਸ ਵੀ ਪੀਵੇਗਾ ਅਤੇ ਲੰਗਰ ਪਾਣੀ ਵੀ ਛਕੇਗਾ; ਨਾ ਹੀ ਸਿੰਘਾਂ ਦੀਆਂ ਰਿਹਾਈਆਂ ਹੋਣਗੀਆਂ ਅਤੇ ਨਾ ਹੀ ਅਸੀਂ ਕਿਸੇ ਨੂੰ ਅਰਦਾਸੇ ਸੋਧ ਕੇ ਮਰਨ ਦਿਆਂਗੇ। ਜੇ ਸਾਡੇ ਜਥੇਦਾਰ ਹੁੰਦਿਆਂ ਕੋਈ ਆਮ ਸਿੱਖ ਉਠ ਕੇ ਬਚਨਾਂ ਦਾ ਪੂਰਾ-ਸੂਰਾ ਹੋ ਨਿਬੜੇ ਤਾਂ ਸਾਡੀਆਂ ਜਥੇਦਾਰੀਆਂ ਕਿਸ ਕੰਮ? ਜੇ ਅਸੀਂ ਤਖ਼ਤਾਂ ਦੇ ਜਥੇਦਾਰ ਹੁੰਦੇ ਹੋਏ ਵੀ ਆਪਣੀ ਸਰਕਾਰ ਦੇ ਕੰਮ ਨਾ ਆ ਸਕੇ ਤਾਂ ਸਾਡੀ ਜ਼ਿੰਦਗੀ ਧ੍ਰਿਗ ਹੈ। ਬੱਸ, ਥੋੜ੍ਹੀ ਜਿਹੀ ਦੇਰ ਇਸ ਲਈ ਹੋ ਗਈ ਹੈ, ਕਿਉਂਕਿ ਸਾਡੀ ਫਖਰੇ-ਵਤਨ ਸਰਕਾਰ ਜ਼ਰੂਰੀ ਕੰਮਾਂ ਵਿਚ ਮਸਰੂਫ ਸੀ। ਪਹਿਲਾਂ ਦਿੱਲੀ ਦੀਆਂ ਚੋਣਾਂ ਅਤੇ ਫਿਰ ਪੰਜਾਬ ਦਾ ਵਿਸ਼ਵ ਕਬੱਡੀ ਕੱਪ ਜਿਥੇ ਪੰਜਾਬ ਦੇ ਖਾਲੀ ਪਏ ਖ਼ਜ਼ਾਨੇ ਵਿਚੋਂ ਵੀ ਕਰੋੜਾਂ ਰੁਪਏ ਖ਼ਰਚ ਕੇ ਐਸੇ-ਐਸੇ ਲੋਕ ਬੁਲਾਏ ਜੋ ਪੰਜਾਬ ਦੀਆਂ ਫਿਜ਼ਾਵਾਂ ਨੂੰ ਵੀ ਰੱਜ ਕੇ ਨਸ਼ੀਲੀਆਂ ਕਰ ਜਾਣ। ਜਿਥੇ ਅੱਧ-ਨੰਗੀਆਂ ਨਚਾਰਾਂ ਦੇ ਨਾਚ ਸ਼ਰ੍ਹੇਆਮ ਹੋਣ, ਜਿਥੇ ਨਸ਼ੇ ਦੀਆਂ ਤਸਕਰੀਆਂ ਸ਼ਰ੍ਹੇਆਮ ਹੋਣ। ਜਿਹੜੇ ਪੰਜਾਬ ਦੀਆਂ ਸਟੇਜਾਂ ‘ਤੇ ਕਦੀ ਯੋਧਿਆਂ ਅਤੇ ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸਨ, ਉਥੇ ਹੁਣ ਸੁਚੱਜੇ ਮੰਤਰੀ ਮੰਡਲ ਦੇ ਮਨੋਰੰਜਨ ਲਈ ‘ਲੁੰਗੀ ਡਾਂਸ’ ਅਤੇ ‘ਗੰਦੀ ਬਾਤ’ ਵਰਗੇ ਗਾਣੇ ਸੁਣਾਏ ਜਾਂਦੇ ਹੋਣ, ਫਿਰ ਤੁਸੀਂ ਹੀ ਦੱਸੋ! ਭਲਾ ਸਰਕਾਰ ਕੋਲ ਕਿਹੜਾ ਵਾਧੂ ਟਾਈਮ ਹੈ ਕਿ ਉਹ ਭੁੱਖ ਹੜਤਾਲ ‘ਤੇ ਬੈਠੇ ਕਿਸੇ ਬੰਦੇ ਦੀ ਫਿਕਰ ਕਰੇ। ਬਸ, ਹੁਣ ਉਧਰੋਂ ਸਰਕਾਰ ਫਾਰਗ ਹੋਈ, ਤੇ ਨਾਲ ਹੀ ਸਾਨੂੰ ਹੁਕਮ ਆ ਗਿਆ ਕਿ ਕਰੋ ਫਰਮਾਨ ਜਾਰੀ ਤੇ ਲਿਖੋ ਹੁਕਮਨਾਮਾ। ਅਸੀਂ ਅਜੇ ਹੁਕਮਨਾਮਾ ਜਾਰੀ ਕੀਤਾ ਹੀ ਸੀ ਕਿ ਫਿਰ ਘੰਟੀ ਖੜਕ ਪਈ ਕਿ ਸਵੇਰੇ ਆਪ ਜਾ ਕੇ ਭਾਈ ਗੁਰਬਖ਼ਸ਼ ਸਿੰਘ ਨਾਲ ਬੈਠ ਕੇ ਚਾਹ-ਨਾਸ਼ਤਾ ਛਕੋ। ਉਸ ਦੀ ਭੁਖ ਹੜਤਾਲ ਖ਼ਤਮ ਕਰਵਾ ਕੇ, ਦਿਓ ਸਰਕਾਰ ਦੇ ਵਫ਼ਾਦਾਰ ਹੋਣ ਦਾ ਸਬੂਤ। ਸੋ, ਅਸੀਂ ਤਾਂ ਉਹੀ ਕੁਝ ਕੀਤਾ ਹੈ ਜੋ ਸਾਡੇ ਆਕਾਵਾਂ ਦਾ ਹੁਕਮ ਸੀ।
ਸੋ, ਜੋ ਹਾਸੋਹੀਣੇ ਹਾਲਾਤ ਅੱਜ ਸਿੱਖਾਂ ਦੇ ਹਨ, ਉਨ੍ਹਾਂ ਵੱਲ ਵੇਖ-ਵੇਖ ਰੋਣਾ ਆਉਂਦਾ ਹੈ ਅਤੇ ਆਪਣੇ ਆਪ ਨੂੰ ਪੁੱਛੀਦਾ ਹੈ ਕਿ ਇਹ ਸਭ ਖੇਲ-ਤਮਾਸ਼ੇ ਕਿਵੇਂ ਅਤੇ ਕਿਉਂ ਹੋ ਰਹੇ ਹਨ? ਇਹ ਲੋਕ ਸਿੱਖਾਂ ਦਾ ਹੋਰ ਕਿੰਨਾ ਕੁ ਮਾੜਾ ਹਸ਼ਰ ਕਰਨਾ ਚਾਹੁੰਦੇ ਹਨ? ਕਿਥੇ ਅਰਦਾਸਾ ਕਰ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ ਸਮੁੱਚੇ ਸਿੱਖ ਕੈਦੀਆਂ ਦੀ ਰਿਹਾਈ ਲਈ; ਤੇ ਕਿਥੇ ਦੋ ਸਿੰਘਾਂ ਨੂੰ ਪੈਰੋਲ ‘ਤੇ ਛੁੱਟੀ ਦੇ ਕੇ ਸਰਕਾਰ ਵੀ ਖੁਸ਼, ਜਥੇਦਾਰ ਵੀ ਖੁਸ਼ ਅਤੇ ਭਾਈ ਗੁਰਬਖ਼ਸ਼ ਸਿੰਘ ਜੀ ਤਾਂ ਬਹੁਤੇ ਹੀ ਖੁਸ਼; ਪਰ ਸਿੱਖ ਕੌਮ ਦਾ ਕੀ ਬਣੇਗਾ ਜਾਂ ਕੀ ਬਣਨਾ ਹੈ? ਇਸ ਨਾਲ ਨਾ ਹੀ ਸਰਕਾਰ ਨੂੰ ਕੋਈ ਮਤਲਬ ਹੈ, ਨਾ ਹੀ ਜਥੇਦਾਰ ਸਾਹਿਬਾਨ ਨੂੰ ਅਤੇ ਨਾ ਹੀ ਭਾਈ ਗੁਰਬਖ਼ਸ਼ ਸਿੰਘ ਨੂੰ!
ਅਸੀਂ ਸਮੂਹ ਸਿੱਖਾਂ ਅਤੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਦਾ ਵਾਸਤਾ ਜੇæææਜਿਥੇ ਵੀ ਹੋ, ਜਿਸ ਮੁਲਕ ਵਿਚ ਵੀ ਹੋ, ਆਓ ਸਾਰੇ ਜਾਗ੍ਰਿਤ ਹੋਈਏ। ਸਾਡੇ ਧਾਰਮਿਕ ਅਸਥਾਨਾਂ ‘ਤੇ ਕਾਬਜ਼ ਲੋਕ ਨਾ ਹੀ ਗੁਰੂ ਦੇ ਵਫ਼ਾਦਾਰ ਹਨ ਅਤੇ ਨਾ ਹੀ ਧਰਮ ਦੇ। ਇਹ ਤਾਂ ਮਸੰਦਾਂ ਅਤੇ ਨਰੈਣੂ ਵਰਗਿਆਂ ਤੋਂ ਵੀ ਹਜ਼ਾਰਾਂ ਕਦਮ ਅੱਗੇ ਲੰਘ ਗਏ ਹਨ। ਅੱਜ ਜੋ ਸਾਡੇ ਸਰਵ-ਉਚਤਮ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਹ ਸਰਕਾਰੀਏ ਬੇ-ਹੁਰਮਤੀ ਅਤੇ ਦੁਰਵਰਤੋਂ ਕਰ ਰਹੇ ਹਨ, ਤੇ ਆਪਣੀਆਂ ਚੌਧਰਾਂ ਜਾਂ ਜਥੇਦਾਰੀਆਂ ਬਚਾਉਣ ਲਈ ਸਰਕਾਰ ਦੇ ਪਿੱਠੂ ਬਣ ਕੇ ਸਿੱਖ ਸਿਧਾਂਤ ਰੋਲ ਰਹੇ ਹਨ, ਉਹ ਨਾ-ਕਾਬਲੇ-ਬਰਦਾਸ਼ਤ ਹੈ। ਖਾਲਸਾ ਜੀ! ਜਾਗੋ, ਉਠੋ ਤੇ ਆਓ ਆਪਣੇ ਧਾਰਮਿਕ ਅਸਥਾਨਾਂ ਨੂੰ ਆਜ਼ਾਦ ਕਰਾਈਏ। ਆਪਣੇ ਧਾਰਮਿਕ ਅਸਥਾਨਾਂ ਦੀ ਵਿਲੱਖਣਤਾ ਅਤੇ ਨਿਆਰੀ ਹਸਤੀ ਬਰਕਰਾਰ ਰੱਖਣ ਲਈ ਫਿਰ ਸਾਰੀ ਕੌਮ ਸਾਰਾ ਪੰਜਾਬ ਇਕ ਜੁਟ, ਇਕ ਵਿਚਾਰ ਹੋ ਕੇ ਤੁਰੇ ਅਤੇ ਆਪਣੇ ਹੱਕਾਂ ਦੀ ਰਾਖੀ ਕਰੇ। ਇਹ ਅੱਜ ਦੇ ਸਮੇਂ ਦੀ ਪਹਿਲੀ ਲੋੜ ਹੈ।
ਸੱਚੋ-ਸੱਚ
ਕੁਝ ਮੇਰੀ ਕੌਮ ਤਾਈਂ ਨਸ਼ਿਆਂ ਨੇ ਖਾ ਲਿਆ ਏ,
ਕੁਝ ਮੇਰੀ ਕੌਮ ਤਾਈਂ ਖਾਧਾ ਸਰਕਾਰਾਂ ਨੇ।
ਕੁਝ ਮੇਰੀ ਕੌਮ ਖਾਧੀ ਢਿੱਡੋਂ ਭੁੱਖੇ ਲੀਡਰਾਂ ਨੇ,
ਕੁਝ ਮੇਰੀ ਕੌਮ ਨੂੰ ਹੈ ਖਾ ਲਿਆ ਗੱਦਾਰਾਂ ਨੇ।
ਕੁਝ ਮੇਰੀ ਕੌਮ ਖਾ ਲਈ ਵਿਕੇ ਹੋਏ ਲੇਖਕਾਂ ਨੇ,
ਕੁਝ ਖਾਧਾ ਕੌਮ ਨੂੰ ਵਿਕਾਊ ਅਖ਼ਬਾਰਾਂ ਨੇ।
ਕੁਝ ‘ਸੁਰਜੀਤ’ ਕੌਮ ਖਾ ਲਈ ਪ੍ਰਬੰਧਕਾਂ ਨੇ,
ਬਾਕੀ ਬਚੀ ਕੌਮ ਸਾਰੀ ਖਾ ਲਈ ਜਥੇਦਾਰਾਂ ਨੇ।
Leave a Reply