ਲਿਓਨ ਤ੍ਰਾਤਸਕੀ ਦੀ ਪ੍ਰਸੰਗਿਕਤਾ

ਰੂਸੀ ਇਨਕਲਾਬ ਵਿਚ ਲਿਓਨ ਤ੍ਰਾਤਸਕੀ (1879-1940) ਦਾ ਚੰਗਾ-ਚੋਖਾ ਯੋਗਦਾਨ ਰਿਹਾ ਹੈ। ਇਨਕਲਾਬ ਤੋਂ ਬਾਅਦ ਉਸ ਨੇ ਲਾਲ ਫੌਜ ਦੀ ਜਿਸ ਢੰਗ ਨਾਲ ਅਗਵਾਈ ਕੀਤੀ ਅਤੇ ਉਲਟ-ਇਨਕਲਾਬ ਦੇ ਖਦਸ਼ੇ ਨਾਲ ਜਿਸ ਤਰ੍ਹਾਂ ਕਰੜੇ ਹੱਥੀਂ ਨਜਿੱਠਿਆ, ਉਸ ਦੀ ਸੰਸਾਰ ਭਰ ਵਿਚ ਕਿਤੇ ਕੋਈ ਮਿਸਾਲ ਨਹੀਂ ਲੱਭਦੀ। ਉਂਜ, ਉਸ ਦੇ ਕੁਝ ਵਿਚਾਰ ਪਹਿਲਾਂ ਰੂਸੀ ਇਨਕਲਾਬ ਦੇ ਪਿਤਾਮਾ ਲੈਨਿਨ ਅਤੇ ਮਗਰੋਂ ਸਤਾਲਿਨ ਨਾਲ ਇੰਨੇ ਜ਼ਿਆਦਾ ਖਹਿਸਰੇ ਕਿ ਅਖੀਰ ਉਹ ਇਕ-ਦੂਜੇ ਦੇ ਵਿਰੋਧੀ ਹੋ ਨਿਬੜੇ। ਇਸ ਵਿਚਾਰਧਾਰਕ ਭੇੜ ਵਿਚ ਤ੍ਰਾਤਸਕੀ ਨੂੰ ਪਰਿਵਾਰਕ ਤੌਰ ‘ਤੇ ਬਹੁਤ ਵੱਡੀ ਕੀਮਤ ਤਾਰਨੀ ਪਈ। ਇਸ ਕੋਣ ਤੋਂ ਸਤਾਲਿਨ ਦੀ ਅੱਜ ਤੱਕ ਨੁਕਤਾਚੀਨੀ ਹੋ ਰਹੀ ਹੈ ਜਿਸ ਨੇ ਆਪਣੇ ਵਿਰੋਧੀਆਂ ਖਿਲਾਫ ਸਫਾਏ ਦੀ ਮੁਹਿੰਮ ਵਿੱਢ ਦਿੱਤੀ ਸੀ। ਪੰਜਾਬ ਟਾਈਮਜ਼ ਦੇ ਪਿਛਲੇ ਅੰਕਾਂ ਵਿਚ ਪਾਠਕਾਂ ਨੇ ਦੋ ਕਿਸ਼ਤਾਂ ਵਿਚ ਡਾæ ਅੰਮ੍ਰਿਤਪਾਲ ਸਿੰਘ ਦਾ ਤ੍ਰਾਤਸਕੀ ਦੇ ਵਿਚਾਰਾਂ ਬਾਰੇ ਲੇਖ ਪੜ੍ਹਿਆ ਹੈ ਜਿਸ ਵਿਚ ਉਨ੍ਹਾਂ ਲੈਨਿਨ ਅਤੇ ਸਤਾਲਿਨ ਦੇ ਹਵਾਲੇ ਨਾਲ ਤ੍ਰਾਤਸਕੀ ਦੀ ਗੱਲ ਛੇੜੀ ਸੀ। ਐਤਕੀਂ ਗੁਰਦਿਆਲ ਸਿੰਘ ਬੱਲ ਵੱਲੋਂ ਭੇਜੇ ਲੰਮੇ ਲੇਖ ਦਾ ਪਹਿਲਾ ਹਿੱਸਾ ਛਾਪ ਰਹੇ ਹਾਂ ਜਿਸ ਵਿਚ ਰੂਸੀ ਇਨਕਲਾਬ ਦੇ ਪਿਛੋਕੜ ਬਾਰੇ ਖੁਲਾਸਾ ਕੀਤਾ ਗਿਆ ਹੈ। -ਸੰਪਾਦਕ
ਗੁਰਦਿਆਲ ਸਿੰਘ ਬੱਲ
ਲਿਓਨ ਤ੍ਰਾਤਸਕੀ ਅਤੇ ਜੋਸਿਫ ਸਤਾਲਿਨ ਵਿਚਾਲੇ ਤਕਰੀਬਨ ਇਕ ਸਦੀ ਪੁਰਾਣੇ ਝਗੜੇ ਦੇ ਬਹਾਨੇ ਇਹ ਲੇਖ ਪਾਠਕਾਂ ਨਾਲ ਸਾਂਝ ਕਰ ਰਿਹਾ ਹਾਂ। ‘ਪੰਜਾਬ ਟਾਈਮਜ਼’ ਦੇ ਦੋ ਅੰਕਾਂ (50 ਤੇ 51) ਵਿਚ ਡਾæ ਅੰਮ੍ਰਿਤਪਾਲ ਸਿੰਘ ਦਾ ਲੰਮਾ ਲੇਖ ਛਪਿਆ ਹੈ। ਇਹ ਲੇਖ ਉਸ ਨੇ 20ਵੀਂ ਸਦੀ ਦੇ ਮਹਾਂ-ਵਿਵਾਦ ਨੂੰ ਨਵੇਂ ਸਿਰਿਉਂ ਵਿਚਾਰਨ ਅਤੇ ਭਵਿੱਖ ਲਈ ਅਜੇ ਵੀ ਸਤਾਲਿਨੀ ਪੈਂਤੜਿਆਂ ਦੀ ਪ੍ਰਸੰਗਿਕਤਾ ਸਥਾਪਤ ਕਰਨ ਲਈ ਲਿਖਿਆ ਹੈ। ਸਾਡਾ ਵਿਸ਼ਵਾਸ ਹੈ ਕਿ ਇਨਸਾਨੀ ਜ਼ਿੰਦਗੀ ਅੰਤਾਂ ਦੀ ਹੁਸੀਨ ਹੈ ਪਰ ਸੰਸਾਰ ਵਿਚ ਦੁੱਖ ਅਤੇ ਭੁੱਖ ਇਤਨੀ ਜ਼ਿਆਦਾ ਰਹੀ ਹੈ ਕਿ ਇਸ ਨੇ ਜ਼ਿੰਦਗੀ ਦੀ ਸ਼ਾਨ ਨੂੰ ਬਦਰੰਗ ਕਰੀ ਰੱਖਿਆ ਹੈ। ਸਦੀਆਂ ਤੋਂ ਭਗਵਾਨ ਬੁੱਧ, ਭਗਵਾਨ ਈਸਾ, ਪੈਗੰਬਰ ਮੁਹੰਮਦ ਅਤੇ ਸੁਕਰਾਤ ਤੋਂ ਲੈ ਕੇ ਅਨੇਕਾਂ ਧਾਰਮਿਕ ਰਹਿਨੁਮਾਵਾਂ ਤੇ ਚਿੰਤਕਾਂ ਨੇ ਜ਼ਿੰਦਗੀ ਦੇ ਅਰਥ ਅਤੇ ਦੁਖ ਦੀ ਵਜ੍ਹਾ ਸਮਝਣ-ਸਮਝਾਉਣ ਲਈ ਆਪੋ-ਆਪਣੇ ਦਾਅਵੇ ਕੀਤੇ ਹਨ। ਇਨ੍ਹਾਂ ਬਜ਼ੁਰਗਾਂ ਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਧਰਤੀ ਉਤੇ ਸਵਰਗ ਉਤਾਰਨ ਲਈ ਜਿਥੇ-ਜਿਥੇ ਅਤੇ ਜੋ-ਜੋ ਵੀ ਕੋਸ਼ਿਸ਼ਾਂ ਕੀਤੀਆਂ; ਜਿਸ ਕਿਸਮ ਦੇ ਰੰਗ ਲੱਗੇ, ਸਭ ਨੂੰ ਪਤਾ ਹੈ। ਇਨ੍ਹਾਂ ਮਹਾਂਪੁਰਸ਼ਾਂ ਦੀਆਂ ਪ੍ਰਾਪਤੀਆਂ ਨੂੰ ਨਕਾਰਨ ਦਾ ਸਾਡਾ ਕਤੱਈ ਮਕਸਦ ਨਹੀਂ ਹੈ। ਸਾਡਾ ਸਵਾਲ ਤਾਂ ਮਹਿਜ਼ ਇਤਨਾ ਹੈ ਕਿ ਸਵਰਗ ਧਰਤੀ ਉਤੇ ਅੱਜ ਤਕ ਕਿਤੇ ਉਤਰੇ ਕਿਉਂ ਨਹੀਂ ਹਨ?
ਕਾਰਲ ਮਾਰਕਸ ਬਾਰੇ ਸਾਡਾ ਇਤਕਾਦ ਹੈ ਕਿ ਉਹ ਆਧੁਨਿਕ ਯੁੱਗ ਦਾ ਸਭ ਤੋਂ ਵੱਡਾ ਚਿੰਤਕ ਸੀ। ਉਸ ਨੂੰ ਜ਼ਿੰਦਗੀ ਦੇ ਸੁਹੱਪਣ ਨਾਲ ਬੇਹੱਦ ਇਸ਼ਕ ਸੀ, ਸ਼ਾਇਦ ਕਿਸੇ ਰਾਂਝੇ ਜਾਂ ਫਰਹਾਦ ਤੋਂ ਵੀ ਵਧੇਰੇ। ਉਸ ਨੇ ਆਪਣੇ ਪ੍ਰੋਜੈਕਟ ਦੀ ਸ਼ੁਰੂਆਤ ਇਸ ਐਲਾਨਨਾਮੇ ਨਾਲ ਕੀਤੀ ਸੀ ਕਿ ਅੱਜ ਤੱਕ ਦੁਨੀਆਂ ਭਰ ‘ਚ ਹੋਏ ਚਿੰਤਕਾਂ ਨੇ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਠੀਕ ਹੈæææ ਪਰ ਲੋੜ ਤਾਂ ਇਹ ਹੈ ਕਿ ਇਸ ਨੂੰ ਬਦਲਿਆ ਕਿੰਜ ਜਾਵੇ? ਮਾਰਕਸ ਦੇ ਇਸ ਚਿੰਤਨ ਨੂੰ ਅਮਲ ਵਿਚ ਉਤਾਰਨ ਲਈ ਵਲਾਦੀਮੀਰ ਇਲੀਅਚ ਲੈਨਿਨ ਨੇ ਜਿਸ ਹੌਸਲੇ ਅਤੇ ਅਕੀਦਤ ਨਾਲ ਬੀੜਾ ਚੁੱਕਿਆ, ਉਸ ਦਾ ਪ੍ਰੋਜੈਕਟ ਅੰਤਿਮ ਨਤੀਜੇ ਦੇ ਤੌਰ ‘ਤੇ ਸਫਲ ਹੋਇਆ ਜਾਂ ਅਸਫਲ, ਇਹ ਵੱਖਰੀ ਬਹਿਸ ਹੈ ਪਰ ਉਸ ਦੇ ਸਾਹਸ ਅਤੇ ਜਜ਼ਬੇ ਦੀ ਕਹਾਣੀ ਰਹਿੰਦੀ ਦੁਨੀਆਂ ਤੱਕ ਆਪਣੇ ਆਪ ਵਿਚ ਮਿਸਾਲ ਮੰਨੀ ਜਾਵੇਗੀ। ਭਾਰਤੀ ਮਿਥਿਹਾਸ ਦੇ ਨਾਇਕ ਪਰਸਰਾਮ ਨੇ ਜ਼ਾਲਮਾਂ ਦਾ ਨਾਸ ਕਰਨ ਲਈ ਜਿਵੇਂ ਖੰਡਾ ਖਿੱਚਿਆ ਸੀ, ਕਾਮਰੇਡ ਲੈਨਿਨ ਦੀਆਂ ਲਿਖਤਾਂ ਜਾਂ ਉਸ ਬਾਰੇ ਤੁਰੀਆਂ ਦੰਤ ਕਥਾਵਾਂ ਪੜ੍ਹਦਿਆਂ-ਵਿਚਾਰਦਿਆਂ ਉਸੇ ਤਰ੍ਹਾਂ ਦੀ ਭਾਵਨਾ ਨਜ਼ਰ ਆਉਂਦੀ ਰਹੀ ਹੈ।
ਵਲਾਦੀਮੀਰ ਲੈਨਿਨ ਦਾ ਚਿੰਤਨ ਹਵਾ ਵਿਚੋਂ ਪੈਦਾ ਨਹੀਂ ਹੋਇਆ ਸੀ। ਉਸ ਦੇ ਪਿੱਛੇ ਰੂਸੀ ਆਵਾਮ ਦਾ ਪੂਰੇ ਹਜ਼ਾਰ ਸਾਲ ਦਾ ਗੁੱਸਾ ਸੀ, ਜਿਵੇਂ ਉਹ ਜ਼ਾਲਮਾਂ ਅਤੇ ਜਗੀਰਦਾਰਾਂ ਤੋਂ ਅਣਮਨੁੱਖੀ ਬੇਰਹਿਮੀ ਨਾਲ ਕੁਟੀਂਦਾ ਰਿਹਾ ਸੀ। ਲੈਨਿਨੀ ਚਿੰਤਨ ਦੇ ਪਿੱਛੇ ਅਲੈਗਜੈਂਡਰ ਹਰਜ਼ਨ, ਬੈਲਿੰਸਕੀ ਚੇਰਨੀਸ਼ਵੇਸਕੀ, ਨੇਹਵਾਦੀ ਚਿੰਤਨ ਦਾ ਪਿਤਾਮਾ ਪਿਸਾਰੇਵ ਪਲੈਖਾਨੋਵ ਵਰਗੇ ਦਿਓਕਦ ਚਿੰਤਕ ਅਤੇ ਉਨ੍ਹਾਂ ਦੇ ਨਾਲ ਹੀ ਪੁਸ਼ਕਿਨ, ਲਿਓ ਤਾਲਸਤਾਏ, ਤੁਰਗਨੇਵ, ਐਂਤੋਨ ਚੈਖੋਵ ਅਤੇ ਫਿਓਦਰੋ ਦਾਸਤੋਵਸਕੀ ਵਰਗੇ ਮਹਾਨ ਕਲਾਕਾਰ ਖੜ੍ਹੇ ਸਨ ਜੋ ਜ਼ਿੰਦਗੀ ਦੇ ਹੁਸਨ ਦੇ ਸ਼ੈਦਾਈ ਸਨ, ਮਹਾਨ ਢਾਡੀ ਸਨ ਜਿਨ੍ਹਾਂ ਨੂੰ ਜਦੋਂ ਵੀ ਪੜ੍ਹੀਏ, ਉਨ੍ਹਾਂ ਦੇ ਜਜ਼ਬੇ ਦੀ ਪਾਕੀਜ਼ਗੀ ਜਾਂ ਅਜ਼ਮਤ ਅੱਗੇ ਸਿਰ ਸਦਾ ਹੀ ਝੁਕ ਜਾਂਦਾ ਹੈ।
ਮੈਂ ਆਪਣੇ ਵਿਤ ਅਨੁਸਾਰ ਇਨ੍ਹਾਂ ਚਿੰਤਕਾਂ ਦੇ ਸਰੋਕਾਰਾਂ ਨੂੰ ਸਮਝਣ ਦਾ ਯਤਨ ਕੀਤਾ ਹੈ ਅਤੇ ਮੈਨੂੰ ਅੱਜ ਤੱਕ ਅਲੈਗਜੈਂਡਰ ਹਰਜ਼ਨ, ਬੈਲਿੰਸਕੀ ਚੇਰਨੀਸ਼ਵੇਸਕੀ ਤੋਂ ਵੱਡਾ ਕੋਈ ਸੰਤ ਨਜ਼ਰ ਨਹੀਂ ਆਇਆ। ਆਪਣੇ ਨਿਰਮਲ ਕਿਸਮ ਦੇ ਉਸਤਾਦ ਗੁਰਦੀਪ ਦੇਹਰਾਦੂਨ ਨੂੰ ਮੈਂ 1970 ‘ਚ ਉਨ੍ਹਾਂ ਦੇ ਘਰੇ ਰੇਸ਼ਮ ਮਾਜਰੀ ਜਦੋਂ ਪਹਿਲੀ ਵਾਰ ਮਿਲਿਆ ਸਾਂ ਤਾਂ ਉਨ੍ਹਾਂ ਮੈਨੂੰ ਇਹੋ ਸਵਾਲ ਪੁੱਛਿਆ ਸੀ, ਬੱਲ, ਤੂੰ ਰਸ਼ੀਆ ਦੇ ਇਨ੍ਹਾਂ ਤਿੰਨਾਂ ਬਾਬਿਆਂ ‘ਚੋਂ ਕਿਸੇ ਨੂੰ ਪੜ੍ਹਿਆ ਹੈ ਜਾਂ ਨਹੀਂ?
ਰਵਾਇਤ ਅਤੇ ਸਮਕਾਲ ਜਾਂ ਆਧੁਨਿਕਤਾ ਦੀ ਘੋਰ ਜੰਗ ਹਰ ਸਮਾਜ ਵਿਚ ਇਤਿਹਾਸ ਦੇ ਹਰ ਪੜਾਅ ਉਪਰ ਸਦਾ ਚਲਦੀ ਰਹੀ ਹੈ ਪਰ ਜਿਸ ਸ਼ਿੱਦਤ ਨਾਲ ਇਹ ਜੰਗ 19ਵੀਂ ਸਦੀ ਦੇ ਰੂਸ ਵਿਚ ਲੜੀ ਗਈ, ਉਸ ਦੀ ਹੋਰ ਕਿਧਰੇ ਕੋਈ ਮਿਸਾਲ ਨਹੀਂ ਹੈ। ਇਹ ਜੰਗ ਆਪਣੇ ਤਾਰਕਿਕ ਸਿਖਰ ‘ਤੇ ਨਿਕੋਲਾਈ ਚੇਰਨੀਸ਼ਵੇਸਕੀ ਅਤੇ ਫਿਓਦੋਰ ਦਾਸਤੋਵਸਕੀ ਦੀਆਂ ਵਿਚਾਰਧਾਰਾਵਾਂ ਵਿਚ ਪੁੱਜੀ ਸੀ। ਚੇਰਨੀਸ਼ਵੇਸਕੀ ਨੇ ‘ਵ੍ਹਟ ਇਜ਼ ਟੂ ਬੀ ਡਨ’ (ਕੀ ਕਰਨਾ ਲੋੜੀਏ) ਦੇ ਸਿਰਲੇਖ ਹੇਠਲੇ ਆਪਣੇ ਉਘੇ ਵਿਚਾਰਧਾਰਕ ਨਾਵਲ ਵਿਚ ਰੂਸ ਦੇ ਭਵਿੱਖੀ ਨੌਜਵਾਨ ਇਨਕਲਾਬੀਆਂ ਦੀ ਪੀੜ੍ਹੀ ਲਈ ਐਕਸ਼ਨ ਦਾ ਏਜੰਡਾ ਤੈਅ ਕਰ ਦਿੱਤਾ ਸੀ। ਹੈਰਾਨੀ ਦੀ ਗੱਲ ਨਹੀਂ ਹੈ ਕਿ ਕਾਮਰੇਡ ਲੈਨਿਨ ਦੀ ਇਹ ਸਭ ਤੋਂ ਵੱਧ ਮਨਭਾਉਂਦੀ ਪੁਸਤਕ ਸੀ ਅਤੇ ਇਸ ਬਾਰੇ ਵਿਰੋਧੀਆਂ ਤੇ ਹਮਾਇਤੀਆਂ ਵਿਚ ਅੱਜ ਤੱਕ ਦੰਤ-ਕਥਾਵਾਂ ਅਤੇ ਲਤੀਫੇ ਪ੍ਰਚਲਿਤ ਹਨ; ਕਿ ਪਤਾ ਹੀ ਨਹੀਂ, ਉਨ੍ਹਾਂ ਦੀ ਇਹ ਕਿਤਾਬ ਕਿਤਨੀ ਕੁ ਵਾਰ ਪੜ੍ਹੀ ਅਤੇ ਵਿਚਾਰੀ ਹੋਈ ਸੀ। ਦੂਜੇ ਪਾਸੇ ਮਹਾਨ ਦਾਸਤੋਵਸਕੀ, ਚੇਰਨੀਸ਼ਵੇਸਕੀ ਦਾ ਗੁਰਜਧਾਰੀ ਵਿਰੋਧੀ ਸੀ। ਉਸ ਦਾ ਵਿਸ਼ਵਾਸ ਸੀ ਕਿ ਇਹ ਅਤਿ-ਖਤਰਨਾਕ ਕਿਤਾਬ ਰਵਾਇਤੀ ਇਖਲਾਕੀ ਕਦਰਾਂ ਕੀਮਤਾਂ ਦੀਆਂ ਜੜ੍ਹਾਂ ਉਖੇੜ ਦੇਵੇਗੀ, ਰੂਸੀ ਨੌਜਵਾਨਾਂ ਨੂੰ ਪੁੱਠੇ ਰਾਹ ਪਾਵੇਗੀ ਅਤੇ ਉਨ੍ਹਾਂ ਦਾ ਬੇੜਾ ਗਰਕ ਕਰ ਦੇਵੇਗੀ। ਚੇਰਨੀਸ਼ਵੇਸਕੀ ਦਾ ਨਾਵਲ ਛਪਦਿਆਂ ਹੀ ਦਾਸਤੋਵਸਕੀ ਨੇ ਇਸ ਦੇ ਵਿਰੋਧ ਵਿਚ ਆਪਣਾ ‘ਹਾਊਸ ਆਫ ਦਿ ਡੈੱਡ’ ਨਾਂ ਦਾ ਅਹਿਮ ਵਿਚਾਰਧਾਰਕ ਨਾਵਲ ਲਿਖ ਦਿੱਤਾ ਸੀ। ਇਥੇ ਇਕ ਹੋਰ ਕਮਾਲ ਦੀ ਕਹਾਣੀ ਇਹ ਵੀ ਹੈ ਕਿ ਖੁਦ ਉਹ ਪੁਰਾਤਨੀ ਈਸਾਈ ਵਿਚਾਰਧਾਰਾ ਦਾ ਕੱਟੜ ਅਨੁਆਈ ਸੀ ਅਤੇ ‘ਜੁਰਮ ਅਤੇ ਸਜ਼ਾ’ ਨਾਂ ਦੇ ਉਸ ਦੇ ਪਹਿਲੇ ਜਗਤ ਪ੍ਰਸਿੱਧ ਨਾਵਲ ਦੇ ਸਭ ਪਾਠਕ ਜਾਣਦੇ ਹਨ ਕਿ ਉਹ ਮਨੁੱਖ ਦੇ ਹਰ ਸੰਤਾਪ ਦਾ ਦਾਰੂ ਇਸੇ ਵਿਚਾਰਧਾਰਾ ਵਿਚ ਨਿਹਿਤ ਮੰਨਦਾ ਸੀ।
ਹਾਲਾਤ ਦਾ ਵਿਅੰਗ ਇਹ ਹੈ ਕਿ 19ਵੀਂ ਸਦੀ ਦਾ ਦਾਸਤੋਵਸਕੀ ਜਿੰਨਾ ਚਰਚਿਤ ਹੀ ਇਕ ਹੋਰ ਜਗਤ ਪ੍ਰਸਿੱਧ ਮਹਾਨ ਚਿੰਤਕ ਫਰੈਡਰਿਕ ਨੀਤਸ਼ੇ ਹਰ ਤਰ੍ਹਾਂ ਦੀ ਈਸਾਈ ਵਿਚਾਰਧਾਰਾ ਨੂੰ ਤਾਂ ਇਨਸਾਨੀ ਹੁਸਨ ਦੀ ਵੈਰਨ ਮੰਨਦਾ ਸੀ ਪਰ ਇਸ ਨਾਵਲ ਨੂੰ ਪੜ੍ਹ ਕੇ ਉਹ ਇਨਸਾਨੀ ਜੀਵਨ ਬਾਰੇ ਦਾਸਤੋਵਸਕੀ ਦੀ ਡੂੰਘੀ ਨੀਝ ਦਾ ਸਿੱਕਾ ਮੰਨਦਿਆਂ ਲੰਮਾ ਸਮਾਂ ਨਤਮਸਤਕ ਹੋਇਆ ਰਿਹਾ ਸੀ। ਇਨਸਾਨੀ ਆਤਮਾ ਦੀ ਸੁੰਦਰਤਾ ਅਤੇ ਸੁਤੰਤਰਤਾ ਨਾਲ ਜੁੜੇ ਅਜਿਹੇ ਸੂਖਮ ਸਰੋਕਾਰਾਂ ਵਾਲਾ ਚਿੰਤਕ ਹੋਰ ਕੋਈ ਇਸ ਕਾਇਨਾਤ ਵਿਚ ਸ਼ਾਇਦ ਪੈਦਾ ਨਹੀਂ ਹੋਇਆ ਹੈ, ਪਰ ਜ਼ਿੰਦਗੀ ਦੇ ਅਜਿਹੇ ਸੁਹੱਪਣ ਦੀ ਰਾਖੀ ਦੀ ਜਾਮਨੀ ਕਿੰਜ ਹੋਵੇ, ਇਸ ਦਾ ਤੋੜ ਇਨ੍ਹਾਂ ਚੋਟੀ ਦੇ ਆਸਤਿਕ ਅਤੇ ਨਾਸਤਿਕ, ਦੋਹਾਂ ਮਹਾਂ-ਚਿੰਤਕਾਂ ਕੋਲ ਵੀ ਨਹੀਂ ਸੀ। ਸ਼ਕਤੀ ਦਾ ਜੋ ਮਾਰਗ ਸੰਤ ਦਾਸਤੋਵਸਕੀ ‘ਜੁਰਮ ਤੇ ਸਜ਼ਾ’ ਦੇ ਨਾਇਕ ਰਸਕੋਲਨੀਕੋਵ ਜਾਂ ਨਾਵਲ ਦੀ ਨਾਇਕਾ ਸੋਨੀਆ ਦੇ ਕਿਰਦਾਰਾਂ ਰਾਹੀਂ ਪੇਸ਼ ਕਰਦਾ ਹੈ, ਉਸ ਦੇ ਅਨੇਕਾਂ ਦਿਸਹੱਦੇ ਹਨ ਜਿਨ੍ਹਾਂ ‘ਤੇ ਆਦਮੀ ਧੰਨ ਹੋ ਜਾਂਦਾ ਹੈ; ਪਰ ਅੰਤਿਮ ਨਤੀਜੇ ਦੇ ਤੌਰ ‘ਤੇ 16ਵੀਂ, 17ਵੀਂ, 18ਵੀਂ ਜਾਂ 19ਵੀਂ ਸਦੀ ਦੇ ਅੰਤ ਤੱਕ ਜਿਸ ਕਿਸਮ ਦੇ ਬਦਕਾਰ ਜਗੀਰਵਾਦੀ ਜ਼ੁਲਮ ਦਾ ਉਥੋਂ ਦਾ ਆਵਾਮ ਸ਼ਿਕਾਰ ਸੀ, ਉਸ ਦੀ ਨਾਵਲ ਵਿਚ ਸੁਝਾਏ ਰਸਤੇ ਵਿਚ ਕੋਈ ਬਾਤ ਨਹੀਂ ਸੀ; ਉਸ ‘ਤੇ ਤਾਂ ਰੋਇਆ ਹੀ ਜਾ ਸਕਦਾ ਸੀ। ਇਵੇਂ ਹੀ ਨੀਤਸ਼ੇ ਵੀ ਕਤੱਈ ਤੌਰ ‘ਤੇ ਨਾਜ਼ੀਆਂ ਦਾ ਮਸੀਹਾ ਨਹੀਂ ਸੀ, ਬਲਕਿ ਉਸ ਦੀਆਂ ਸਭ ਕਿਤਾਬਾਂ ਦੀ ਇਕ-ਇਕ ਸਤਰ ਦੀਆਂ ਤਹਿਆਂ ਵਿਚ ਹਿਟਲਰਸ਼ਾਹ ਦਰਿੰਦਗੀ ਦਾ ਵਿਰੋਧ ਸਾਫ ਮਹਿਸੂਸ ਕੀਤਾ ਜਾ ਸਕਦਾ ਹੈ, ਪਰ ਇਹ ਬਹੁਤ ਵੱਡਾ ਦੁਖਾਂਤ ਸੀ ਕਿ ਨਾਜ਼ੀ ਰਜ਼ਾਕਾਰ ਅਤੇ ਉਨ੍ਹਾਂ ਦੇ ਸਮਰਥਕ ਚਿੰਤਕ, ਨੀਤਸ਼ੇ ਦੇ ਸੂਖਮ ਚਿੰਤਨ ਦੀ ਆਪਣੇ ਇਨਸਾਨ-ਦੁਸ਼ਮਣ ਮਨਸੂਬਿਆਂ ਦੀ ਪੂਰਤੀ ਖਾਤਰ ਬੜੇ ਅਰਾਮ ਨਾਲ ਹੀ ਦੁਰਵਰਤੋਂ ਕਰਨ ਵਿਚ ਸਫਲ ਰਹੇ। ਵਾਲਟਰ ਕੌਫਮੈਨ ਨੇ 60 ਸਾਲ ਪਹਿਲਾਂ ਨੀਤਸ਼ੇ ਬਾਰੇ ਲਿਖੀ ਆਪਣੀ ਅਹਿਮ ਕਿਤਾਬ ‘ਨੀਤਸ਼ੇ: ਫਿਲਾਸਫਰ, ਸਾਇਕੋਲੋਜਿਸਟ, ਐਂਟੀਕਰਾਈਸਟ’ ਵਿਚ ਇਹ ਕਹਾਣੀ ਬਹੁਤ ਹੀ ਜਚਣਹਾਰ ਤਰੀਕੇ ਨਾਲ ਸਮਝਾਈ ਹੋਈ ਹੈ। ਉਸ ਤੋਂ ਪਹਿਲਾਂ ਕਾਰਲ ਜੈਸਪਰਸ ਅਤੇ ਉਸ ਤੋਂ ਬਾਅਦ ਡੇਲੀਊਸ਼, ਮਿਸ਼ੇਲ ਫੂਕੋ, ਯੱਕ ਦੈਰਿਦਾ, ਤੇ ਕੋਈ ਲੇਖਾ ਹੀ ਨਹੀਂ ਹੈ ਕਿ ਹੋਰ ਕਿਤਨੇ ਮਹਾਂ-ਚਿੰਤਕ ਨਾਜ਼ੀਆਂ ਦੇ ਉਸ ਘਿਨਾਉਣੇ ਪਾਪ ਦੀ ਵਿਸਥਾਰ ਸਹਿਤ ਨਿਰਖ-ਪਰਖ ਕਰ ਚੁੱਕੇ ਹਨ।
ਇਸ ਦਾ ਕਾਰਨ ਇਹ ਸੀ ਕਿ ਦਾਸਤੋਵਸਕੀ ਤੇ ਨੀਤਸ਼ੇ ਇਨਸਾਨੀ ਜੀਵਨ ਦੀਆਂ ਸ਼ਾਨਾਂ ਅਤੇ ਸੰਭਾਵਨਾਵਾਂ ਦੇ ਮਹਾਂਕਵੀ ਸਨ, ਪਰ ਇਹ ਸ਼ਾਨਾਂ ਸਲਾਮਤ ਕਿਵੇਂ ਰਹਿਣ; ਉਹ ਸਮਾਜ ਕਿੰਜ ਬਣੇ; ਉਸ ਮੂਲ ਮੁੱਦੇ ਦਾ ਨਾ ਉਨ੍ਹਾਂ ਨੂੰ ਕੋਈ ਇਲਮ ਸੀ ਅਤੇ ਨਾ ਹੀ ਉਨ੍ਹਾਂ ਦਾ ਅਜਿਹੇ ਕਿਸੇ ਪ੍ਰੋਜੈਕਟ ਨਾਲ ਕੋਈ ਵਾਹ-ਵਾਸਤਾ ਹੀ ਸੀ।
æææ ਤੇ ਸਾਡਾ ਵਿਸ਼ਵਾਸ ਹੈ ਕਿ ਕਾਰਲ ਮਾਰਕਸ ਦੇ ਚਿੰਤਨ ਦਾ ਕੇਂਦਰੀ ਸਰੋਕਾਰ ਹੀ ਇਹ ਮੁੱਦਾ ਸੀ। ਬਾਬੇ ਨੂੰ ਇਸ ਪਹਿਲੂ ਦੀ ਅਜਿਹੀ ਡੂੰਘੀ ਸੂਝ ਸੀ ਕਿ ਆਦਮੀ ਅੱਜ ਵੀ ਉਸ ਦੀਆਂ ਕਿਰਤਾਂ ਦੀ ਇਕ-ਇਕ ਸਤਰ ਪੜ੍ਹ ਕੇ ਧੰਨ ਹੋ ਜਾਂਦਾ ਹੈ। ਉਹਨੂੰ ਅਜਿਹੇ ਚਿੰਤਨ ਨੂੰ ਅਮਲ ਵਿਚ ਉਤਾਰਨ ਲਈ ਲੈਨਿਨ ਵਰਗਾ ਮੁਹਿੰਮਬਾਜ਼ ਵੀ ਮਿਲ ਗਿਆ, ਪਰ ਅਸੀਂ ਤਾਂ ਇਹ ਸਮਝਣਾ ਚਾਹੁੰਦੇ ਹਾਂ ਕਿ ਰੂਸ ਵਿਚ ਇਤਨੀ ਵੱਡੀ ਜੱਦੋ-ਜਹਿਦ ਦੇ ਬਾਵਜੂਦ ਗੱਲ ਕਿਉੁਂ ਨਾ ਬਣੀ? ਸਤਾਲਿਨ ਉਥੇ ਮਾਰਕਸ ਦੇ ਖੁਆਬ ਨਾਲ ਖਿਲਵਾੜ ਕਰਨ ਵਿਚ ਸਹਿਜੇ ਹੀ ਸਫਲ ਕਿੰਜ ਹੋ ਗਿਆ? ਪਰ 20ਵੀਂ ਸਦੀ ਵਿਚ ਇਨਸਾਨੀ ਜ਼ਿੰਦਗੀ, ਅਮਲ ਵਿਚ ਸੰਵਰ ਕਿੰਜ ਸਕੇ, ਉਸ ਦਾ ਦਾਸਤੋਵਸਕੀ ਜਾਂ ਨੀਤਸ਼ੇ, ਦੋਹਾਂ ਧੁਨੰਤਰ ਰਿਸ਼ੀਆਂ ਦੇ ਚਿੰਤਨ ਵਿਚ ਵੀ ਕੋਈ ਤੋੜ ਨਹੀਂ ਸੀ।
ਰੂਸ ਵਿਚ ਕਾਮਰੇਡ ਲੈਨਿਨ ਦੇ ਸਿਰ ਸਿਹਰਾ ਹੈ ਕਿ ਉਸ ਨੇ ਮਾਰਕਸੀ ਚਿੰਤਨ ਦੀ ਰਹਿਨੁਮਾਈ ਹੇਠ ਜੀਵਨ ਦੋਖੀ ਮੱਧਯੁਗੀ ਤਾਕਤ ਦੇ ਰਿਸ਼ਤਿਆਂ ਨੂੰ ਨੇਸਤੋ-ਨਾਬੂਦ ਕਰਨ ਵਿਚ ਤਾਂ ਹੈਰਾਨੀਜਨਕ ਅੰਤਰ-ਦ੍ਰਿਸ਼ਟੀ ਦਾ ਪ੍ਰਦਰਸ਼ਨ ਕੀਤਾ, ਪਰ ਹਾਲਾਤ ਦਾ ਇਹ ਮਹਾਂ-ਵਿਰੋਧਾਭਾਸ ਹੀ ਕਿਹਾ ਜਾਵੇਗਾ ਕਿ ਰੂਸੀ ਇਨਕਲਾਬ ਦੀਆਂ ਪ੍ਰਾਪਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ-ਕਰਦਿਆਂ ਆਪਣੀ ਅਚਾਨਕ, ਬੇਵਕਤ ਮੌਤ ਤੱਕ, ਸਿੱਧੇ-ਅਸਿੱਧੇ ਤੌਰ ‘ਤੇ ਸਤਾਲਿਨ ਦੇ ਰੂਪ ਵਿਚ ਆਪਣੇ ਅਜਿਹੇ ‘ਚੇਲੇ’ ਲਈ ਮੈਦਾਨ ਸਾਫ ਕਰ ਗਿਆ ਜਿਸ ਨੇ ਲੈਨਿਨ ਅਤੇ ਕਾਰਲ ਮਾਰਕਸ ਦੀਆਂ ਵਿਚਾਰਧਾਰਾਵਾਂ ਦੀਆਂ ਨਾ ਕੇਵਲ ਧੱਜੀਆਂ ਹੀ ਉਡਾ ਦੇਣੀਆਂ ਸਨ ਬਲਕਿ ਇਨਸਾਨੀ ਕਦਰਾਂ ਦਾ ਅਜਿਹੀ ਬੇਕਿਰਕੀ ਨਾਲ ਹਨਨ ਕਰਨਾ ਸੀ ਕਿ ਰਹਿੰਦੀ ਦੁਨੀਆਂ ਤੱਕ ਪੜ੍ਹਨ-ਸੁਣਨ ਵਾਲੇ ਕਿਸੇ ਵੀ ਬਾਜ਼ਮੀਰ ਆਦਮੀ ਦੀ ਆਤਮਾ ਨੂੰ ਕਾਂਬੇ ਚੜ੍ਹ ਜਾਵਣ। ਤੇ ਫਿਰ ਇਹ ਭਾਣਾ ਵੀ ਉਸ ਸਮੇਂ ਵਾਪਰਿਆ ਜਦੋਂ ਕਾਮਰੇਡ ਲੈਨਿਨ ਕੋਲ ਲਿਓਨ ਤ੍ਰਾਤਸਕੀ ਵਰਗਾ ਸੰਤ ਸਿਪਾਹੀ, ਯੋਧਾ ਚਿੰਤਕ ਅਤੇ ਨਿਰਮਲ ਸ਼ਖਸੀਅਤ ਵਾਲਾ ਸ਼ਖਸ ਬਦਲ ਦੇ ਰੂਪ ਵਿਚ ਮੌਜੂਦ ਸੀ।
ਆਪਣੀ ਗੱਲ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਪਾਠਕਾਂ ਨਾਲ ਆਪਣੀ ਨਿੱਜੀ ਜ਼ਿੰਦਗੀ ਦੇ ਕੁਝ ਪਹਿਲੂ ਸਾਂਝੇ ਕਰਨਾ ਚਾਹੁੰਦਾ ਹਾਂ। ਵੱਡੇ ਭਾਈ (ਕਹਾਣੀਕਾਰ) ਵਰਿਆਮ ਸਿੰਘ ਸੰਧੂ ਵਾਂਗ ਮੈਂ ਵੀ 12-13 ਵਰ੍ਹਿਆਂ ਦੀ ਉਮਰ ਤੱਕ ਸੋਹਣ ਸਿੰਘ ਸੀਤਲ ਦੀਆਂ ਰਚਨਾਵਾਂ ਦੇ ਨਾਲ-ਨਾਲ ਕਰਤਾਰ ਸਿੰਘ ਕਲਾਸਵਾਲੀਏ ਦੀ ਕਿਤਾਬ ‘ਬੰਦਾ ਬਹਾਦਰ’ ਅਤੇ ਬਾਬਾ ਪ੍ਰੇਮ ਸਿੰਘ ਹੋਤੀ ਦੀ ‘ਹਰੀ ਸਿੰਘ ਨਲੂਆ’ ਪੜ੍ਹ ਲਈਆਂ ਹੋਈਆਂ ਸਨ। ਮੇਰੇ ‘ਤੇ ਉਨ੍ਹਾਂ ਦਾ ਅਸਰ ਵੀ ਸੀ ਅਤੇ ਮੇਰਾ ਅੱਜ ਤੱਕ ਵਿਸ਼ਵਾਸ ਹੈ ਕਿ ਭਾਈਚਾਰਕ ਵਿਰਸੇ ਦੀਆਂ ਜੜ੍ਹਾਂ ਨਾਲ ਜੁੜਨ ਲਈ ਹਰ ਬੱਚੇ ਨੂੰ ਇਹ ਕਿਤਾਬਾਂ ਲਾਜ਼ਮੀ ਤੌਰ ‘ਤੇ ਪੜ੍ਹਨੀਆਂ ਚਾਹੀਦੀਆਂ ਹਨ। ਉਂਜ, ਇਹ ਕਿਤਾਬਾਂ ਮੂਲ ਪ੍ਰੇਰਨਾ ਲਈ ਤਾਂ ਠੀਕ ਸਨ, ਪਰ ਮੌਜੂਦਾ ਦੌਰ ਦੀਆਂ ਸਮੱਸਿਆਵਾਂ ਨਾਲ ਜੂਝਣ ਲਈ ਅਜਿਹੇ ਸਾਹਿਤ ਵਿਚ ਕੋਈ ਦਿਸ਼ਾ-ਨਿਰਦੇਸ਼ ਨਹੀਂ। 1966-67 ‘ਚ ਸਠਿਆਲੇ ਕਾਲਜ ਜਾਂਦਿਆਂ ਹੀ ਮੇਰਾ ਸੰਪਰਕ ਬਾਬਾ ਬਘੇਲ ਸਿੰਘ ਬੱਲ ਦੀ ਸਿੱਧੀ-ਅਸਿੱਧੀ ਪ੍ਰੇਰਨਾ ਨਾਲ ਇਕੱਠੇ ਹੋਏ ਮਾਰਕਸੀ ਮੁੰਡਿਆਂ ਦੇ ਸਰਕਲ ਨਾਲ ਹੋ ਗਿਆ। ਸਾਲ ਕੁ ਮਨ ਬਾਗੋ-ਬਾਗ ਹੋਇਆ ਰਿਹਾ ਪਰ ਜਲਦੀ ਹੀ ਪਹਿਲਾਂ ਇਸ ਸਰਕਲ ਦੇ ਮੈਂਬਰਾਂ ਦੀ ਕਹਿਣੀ ਤੇ ਕਥਨੀ, ਤੇ ਫਿਰ ਇਤਿਹਾਸ ਵਿਚ ਮਾਰਕਸੀ ਵਿਚਾਰਧਾਰਾ ਦੇ ਦਾਅਵਿਆਂ ਅਤੇ ਅਮਲ ਵਿਚ ਨਜ਼ਰ ਆਉਣ ਲੱਗੀ ਡੂੰਘੀ ਦਰਾੜ ਨੂੰ ਵਾਚਦਿਆਂ ਮਨ ਅਜਿਹਾ ਭੈਅ-ਭੀਤ ਹੋਇਆ, ਅਜਿਹੇ ਸ਼ੰਕੇ ਉਪਜੇ, ਕਿ ਇਨ੍ਹਾਂ ਦਾ ਤੋੜ ਭਾਲਦਿਆਂ ਜ਼ਿੰਦਗੀ ਹੀ ਲੰਘ ਚੱਲੀ ਹੈ। ਉਂਜ, ਮੋਹ-ਭੰਗ ਹੋ ਜਾਣ ਦੇ ਬਾਵਜੂਦ, ਉਦੋਂ ਵੀ ਅਤੇ ਅੱਜ ਤੱਕ ਵੀ, ਕਾਰਲ ਮਾਰਕਸ ਤੋਂ ਵੱਧ ਸਪਸ਼ਟ ਤੇ ਮਹਾਨ ਕੋਈ ਹੋਰ ਰਹਿਨੁਮਾ ਨਹੀਂ ਲੱਗਾ। ਜੇ ਲੋਕਾਈ ਨੇ ਆਪਣੀ ਹਾਲਤ ਸੰਵਰ ਜਾਣ ਦੀ ਕੋਈ ਉਮੀਦ ਰੱਖਣੀ ਹੈ ਤਾਂ ਅੱਜ ਵੀ ਸਾਨੂੰ ਮਾਰਕਸੀ ਚਿੰਤਨ ਦਾ ਕੋਈ ਬਦਲ ਦੀਂਹਦਾ ਨਹੀਂ। ਸਵਾਲ ਇਹ ਹੈ ਕਿ ਮਾਰਕਸ ਦੀ ਮੂਲ ਪ੍ਰੇਰਨਾ ਦੇ ਖੁਆਬ ਨੂੰ ਅਮਲ ਵਿਚ ਉਤਾਰਨ ਦੀ ਮੁਹਿੰਮ ਸਮੇਂ ਸਤਾਲਿਨੀ ਇੰਤਹਾਪਸੰਦੀ ਦੀ ਕਿਸੇ ਵੀ ਸੰਭਾਵਨਾ ਨੂੰ ਮਨਫੀ ਕਿੰਜ ਕੀਤਾ ਜਾਵੇ? ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਤਾਲਿਨ ਦੇ ਮਨਹੂਸ ਵਰਤਾਰੇ ਨੂੰ ਸਮਝਣ ਲਈ ਘੱਟੋ-ਘੱਟ ਉਸ ਦੀਆਂ 10-12 ਅਹਿਮ ਜੀਵਨੀਆਂ ਅਤੇ ਕਿਤਨਾ ਹੀ ਹੋਰ ਸਬੰਧਤ ਸਾਹਿਤ ਪੜ੍ਹਿਆ, ਪਰ ਉਸ ਦੀ ਅਣਮਨੁੱਖੀ ਕਾਰਕਰਦਗੀ ਦਾ ਤਰਕ ਗੇੜ ਵਿਚ ਨਹੀਂ ਆਇਆ।
ਕਮਾਲ ਦੀ ਗੱਲ ਹੈ ਕਿ ਸਤਾਲਿਨ ਤੋਂ ਬਾਅਦ ਨਿਕੀਤਾ ਖਰੁਸ਼ਚੇਵ ਨੇ ਸੋਵੀਅਤ ਸਮਾਜਵਾਦ ਦੇ ਤਜਰਬੇ ਨੂੰ ਸੰਭਾਲਣ ਲਈ ਬਥੇਰੇ ਸਾਰਥਿਕ ਯਤਨ ਕੀਤੇ। ਖਰੁਸ਼ਚੇਵ ਤੋਂ ਬਾਅਦ ਲਿਓਨਿਦ ਬਰੈਜ਼ਨੇਵ ਦੇ ਦੌਰ ਵਿਚ ਮਿਖਾਈਲ ਸੁਸਲੋਵ ਅਤੇ ਅਲੈਕਸੀ ਕੋਸੀਲਿਨ, ਦੋਵੇਂ ਹੀ ਬਹੁਤ ਪ੍ਰਤੀਬੱਧ ਅਤੇ ਯੋਗ ਆਗੂ ਸਨ। ਸਮੇਤ ਲਿਓਨਿਦ ਬਰੈਜ਼ਨੇਵ ਦੇ ਇਹ ਤਿੰਨੇ ਆਗੂ ਆਪੋ-ਆਪਣੀ ਤਰ੍ਹਾਂ ਦੇ ਤਕੜੇ ਸੰਤ ਸਿਪਾਹੀ ਸਨ। ਜਿਹੜੇ ਲੋਕ ਉਸ ਦੀਆਂ ਮਜਬੂਰੀਆਂ ਦਾ ਤਰਕ ਸਮਝਣ ਦੀ ਕੋਸ਼ਿਸ਼ ਕਰਨ ਦੀ ਬਜਾਏ ਉਹੋ ਪੁਰਾਣੀ ‘ਸੋਧਵਾਦ ਨੇ ਭੱਠਾ ਬਿਠਾ ਦਿੱਤਾ’ ਵਾਲੀ ਮੁਹਾਰਨੀ ਪੜ੍ਹੀ ਜਾਂਦੇ ਹਨ, ਉਨ੍ਹਾਂ ਨੂੰ ਡੱਕਿਆ ਨਹੀਂ ਜਾ ਸਕਦਾ। ਉਨ੍ਹਾਂ ਦੇ ਅਜਿਹੇ ਸਿਧਰੇ ਤਰਕ ‘ਤੇ ਬੱਸ ਬੇਵਸ ਹੀ ਹੋਇਆ ਜਾ ਸਕਦਾ ਹੈ।
ਲਿਓਨਿਦ ਬਰੈਜ਼ਨੇਵ ਤੋਂ ਬਾਅਦ ਸੋਵੀਅਤ ਯੂਨੀਅਨ ਨੂੰ ਯੂਰੀ ਆਂਦਰੋਪੋਵ ਦੇ ਰੂਪ ਵਿਚ ਕਾਮਰੇਡ ਲੈਨਿਨ ਵਰਗਾ ਹੀ ਆਗੂ ਨਸੀਬ ਹੋ ਗਿਆ ਸੀ। ਨਿਸ਼ਚੇ ਹੀ ਯੂਰੀ ਆਂਦਰੋਪੋਵ ਵਿਚ ਮੇਰੀ ਗਹਿਰੀ ਦਿਲਚਸਪੀ ਸੀ। ਅੱਜ ਤੋਂ 10 ਕੁ ਵਰ੍ਹੇ ਪਹਿਲਾਂ ਮੈਂ ਵਲਾਦੀਮੀਰ ਸੋਲੋਵਲੀਯੋਵ ਅਤੇ ਇਲੇਨਾ ਕਲੈਪੀਕੋਵਾ ਨਾਂ ਦੇ ਰੂਸੀ ਪੱਤਰਕਾਰ/ਇਤਿਹਾਸਕਾਰ ਜੋੜੇ ਵੱਲੋਂ ਲਿਖੀ ਉਸ ਦੀ ਹੈਰਾਨੀਜਨਕ ਪਰ ਸਿਰੇ ਦੀ ਨਫਰਤ ਨਾਲ ਭਰੀ ਹੋਈ ਜੀਵਨੀ ਉਚੇਚ ਨਾਲ ਤੇ ਵਾਰ-ਵਾਰ ਪੜ੍ਹੀ ਸੀ ਅਤੇ ਆਪਣੇ ਮਿੱਤਰ ਨਰਿੰਦਰ ਭੁੱਲਰ ਸਮੇਤ ਹੋਰਾਂ ਮਿੱਤਰਾਂ ਨੂੰ ਫੋਟੋ ਕਾਪੀ ਕਰਵਾ ਕੇ ਵੀ ਦਿੱਤੀ ਸੀ। ਇਸ ਕਿਤਾਬ ਵਿਚ ਹੰਗਰੀ ਦੀਆਂ ਘਟਨਾਵਾਂ, ਚੈਕੋਸਲੋਵਾਕੀਆ ‘ਤੇ ਹਮਲੇ, ਪੋਪ ਦੀ ਹੱਤਿਆ ਦੀ ਕੋਸ਼ਿਸ਼ ਦੀ ਸਾਜ਼ਿਸ਼ ਅਤੇ ਅਫਗਾਨਿਸਤਾਨ ਵਿਚ ਦਖਲ; ਸਭਨਾਂ ਲਈ ਯੂਰੀ ਆਂਦਰੋਪੋਵ ਨੂੰ ਹੀ ਜ਼ਿੰਮੇਵਾਰ ਮੰਨਿਆ ਗਿਆ ਸੀ। ਇਹ ਸਹੀ ਨਹੀਂ ਹੈ।
ਇਤਿਹਾਸ ਦੇ ਹਜ਼ਾਰਾਂ ਵਿਰੋਧਾਭਾਸਾਂ ਕਾਰਨ ਸੋਵੀਅਤ ਸਮਾਜਵਾਦ ਦੇ ਤਜਰਬੇ ਦੀ ਗੱਡ ਮਿਖਾਈਲ ਸੁਸਲੋਵ ਅਤੇ ਅਲੈਕਸੀ ਕੋਸੀਲਿਨ ਦੀਆਂ ਸਭ ਸੁਹਿਰਦ ਕੋਸ਼ਿਸ਼ਾਂ ਦੇ ਬਾਵਜੂਦ ਜਿਸ ਚਿੱਕੜ ਵਿਚ ਜਾ ਕੇ ਫਸ ਗਈ ਸੀ, ਯੂਰੀ ਆਂਦਰੋਪੋਵ ਨੂੰ ਉਸ ਦੀਆਂ ਸਾਰੀਆਂ ਬਰੀਕੀਆਂ ਦੀ ਬਾਖੂਬੀ ਸਮਝ ਸੀ। ਉਹ ਬਿਮਾਰ ਸੀ, ਪਰ ਉਸ ਨੇ ਮਿਖਾਈਲ ਗੋਰਬਾਚੇਵ, ਯੇਗੋਰ ਲਿਗਾਚੇਵ, ਬੋਰਿਸ ਯੇਲਤਸਿਨ ਅਤੇ ਸ਼ੇਵਰਦਨਾਦਜ਼ੇ ਵਰਗੇ ਬੇਹੱਦ ਸੁਹਿਰਦ ਅਤੇ ਗਤੀਸ਼ੀਲ ਨੌਜਵਾਨ ਨੇਤਾਵਾਂ ਨੂੰ ਇਸ ਉਮੀਦ ਅਤੇ ਵਿਸ਼ਵਾਸ ਨਾਲ ਬੜੀ ਤੇਜ਼ੀ ਨਾਲ ਰਿਕਰੂਟ ਕੀਤਾ ਸੀ ਕਿ ਉਹ ਸਮਾਜਵਾਦੀ ਨਿਜ਼ਾਮ ਨੂੰ ਸਿਹਤਮੰਦ ਨਰੋਈਆਂ ਲੀਹਾਂ ‘ਤੇ ਲੈ ਆਉਣਗੇ ਪਰ ਬਦਕਿਸਮਤੀ ਵਸ ਆਂਦਰੋਪੋਵ ਦੀਆਂ ਉਮੀਦਾਂ ਵਰ ਨਾ ਆ ਸਕੀਆਂ।
ਸੋਵੀਅਤ ਤਜਰਬੇ ਨਾਲ ਇਤਿਹਾਸ ਨੇ ਪਹਿਲਾਂ ਉਦੋਂ ਧੱਕਾ ਕੀਤਾ ਜਦੋਂ ਕਾਮਰੇਡ ਲੈਨਿਨ ਦੀ ਬਹੁਤ ਅਗੇਤੇ ਸਮੇਂ ਹੀ ਬੇਵਕਤ ਮੌਤ ਹੋ ਗਈ। ਦੂਜੇ, ਵਿਅੰਗ ਇਹ ਸੀ ਕਿ ਲਿਓਨ ਤ੍ਰਾਤਸਕੀ ਵਰਗੇ ਜ਼ਹੀਨ ਆਗੂ ਨੂੰ ਪਾਸੇ ਧੱਕ ਕੇ ਸਤਾਲਿਨ, ਕਮਿਊਨਿਸਟ ਨਿਜ਼ਾਮ ਉਪਰ ਅਤਿ ਕਰੂਰ ਤਾਨਾਸ਼ਾਹੀ ਕਾਇਮ ਕਰਨ ਵਿਚ ਸਫਲ ਹੋ ਗਿਆ। ਫਿਰ ਇਨਸਾਨੀ ਇਤਿਹਾਸ ਦੇ ਇਸ ਮਹਾਨ ਤਜਰਬੇ ਨਾਲ ਆਖਰੀ ਦੁਖਾਂਤ ਤਾਂ ਵਾਪਰਨਾ ਸੀ, ਤੇ ਉਹ ਦੁਖਾਂਤ ਇਹ ਵੀ ਸੀ ਕਿ ਯੂਰੀ ਆਂਦਰੋਪੋਵ ਗੱਡੀ ਨੂੰ ਲੀਹ ‘ਤੇ ਲਿਆਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਹੀ ਰਹੇ ਸਨ ਕਿ ਸਾਲ ਖੰਡ ਦੇ ਅੰਦਰ-ਅੰਦਰ ਹੀ ਗੁਰਦੇ ਦੇ ਕਿਸੇ ਅਵੱਲੇ ਰੋਗ ਕਾਰਨ ਉਸ ਦੀ ਮੌਤ ਹੋ ਗਈ। ਯੂਰੀ ਆਂਦਰੋਪੋਵ ਦੀ ਸੂਝ ਅਤੇ ਚੋਣ ‘ਤੇ ਰਸ਼ਕ ਆਉਂਦਾ ਹੈ। ਮਿਖਾਈਲ ਗੋਰਬਾਚੇਵ ਅਤੇ ਯੇਗੋਰ ਲਿਗਾਚੇਵ, ਦੋਵੇਂ ਹੀ ਕਮਾਲ ਦੇ ਆਗੂ ਸਨ ਅਤੇ ਹਾਲਾਤ ਰਤਾ ਕੁ ਸਾਜ਼ਗਾਰ ਹੋਣ ਦੀ ਸੂਰਤ ਵਿਚ ਕੋਈ ਕ੍ਰਿਸ਼ਮਾ ਕਰ ਸਕਣ ਦੇ ਸਹਿਜੇ ਹੀ ਸਮਰੱਥ ਹੋ ਸਕਦੇ ਸਨ। ਗੋਰਬਾਚੇਵ ਕਿਹੜੀਆਂ ਮਜਬੂਰੀਆਂ ਵਿਚ ਕੀ ਕਰ ਰਿਹਾ ਸੀ ਅਤੇ ਆਪਣੇ ਪ੍ਰਸ਼ਾਸਨ ਦੇ ਪਹਿਲੇ ਮਹਿਜ਼ ਇਕ ਦੋ ਵਰ੍ਹਿਆਂ ਵਿਚ ਹੀ ਉਹ ਕੀ-ਕੀ ਕਰ ਗਿਆ ਸੀ, ਉਸ ਦੇ ਮਹਾਤਮ ਜਾਂ ‘ਕਾਵਿ ਸ਼ਾਸਤਰਾਂ’ ਨੂੰ ਸਮਝਣ ਲਈ ਅਜੇ ਲੋਕਾਈ ਨੂੰ ਕਾਫੀ ਦੇਰ ਲੱਗੇਗੀ। ਮਿਖਾਈਲ ਗੋਰਬਾਚੇਵ ਦੇ ਖੱਬੇ ਦਾਅ ‘ਤੇ ਯੇਗੋਰ ਲਿਗਾਚੇਵ ਅਤੇ ਕਈ ਹੋਰ ਬਹੁਤ ਹੀ ਸਿਆਣੇ ਸਾਥੀ ਖੜ੍ਹੇ ਸਨ, ਜਦੋਂ ਕਿ ਸੱਜੇ ਦਾਅ ‘ਤੇ ਯਾਕੋਵਲੇਵ ਵਰਗੇ ਦਾਨਸ਼ਮੰਦ ਚਿੰਤਕ ਦੇ ਨਾਲ ਹੀ ਬੋਰਿਸ ਯੇਲਤਸਿਨ ਵਰਗਾ ਦਿਓਕੱਦ ਆਗੂ ਰਾਜਨੀਤਕ ਸੀਨ ‘ਤੇ ਉਭਰ ਆਇਆ ਹੋਇਆ ਸੀ।
ਯੂਰੀ ਆਂਦਰੋਪੋਵ ਦਾ ਖੁਆਬ ਪੂਰਾ ਕਿਉਂ ਨਾ ਹੋਇਆ? ਮਿਖਾਈਲ ਗੋਰਬਾਚੇਵ, ਯੇਲਤਸਿਨ ਦੇ ਮੂਹਰੇ ਮਾਰ ਕਿੰਜ ਖਾ ਗਿਆ ਅਤੇ ਅੱਗਿਉਂ ਰੂਸ ਵਿਚ ਉਦਾਰ ਜਮਹੂਰੀਅਤ ਕਾਇਮ ਕਰਨ ਦਾ ਯੇਲਤਸਿਨ ਦਾ ਆਪਣਾ ਮਨਸ਼ਾ ਵੀ ਸਫਲ ਕਿਉਂ ਨਾ ਹੋਇਆ? ਰੂਸੀ ਇਤਿਹਾਸ ਦੇ ਪੂਰੀਆਂ ਦੋ ਸਦੀਆਂ ਵਿਚ ਫੈਲੇ ਲੰਮੇ ਇਸ ਦੁਖਾਂਤ ਨੂੰ ਸਮਝਣ ਵਿਚ ਮੈਂ ਪਿਛਲੇ ਦੋ ਚਾਰ ਵਰ੍ਹਿਆਂ ਵਿਚ ਆਪਣੇ ਅਜ਼ੀਜ਼ ਧਰਮਜੀਤ ਸਿੰਘ ਦੇ ਸਹਿਯੋਗ ਨਾਲ ਇੰਟਰਨੈਟ ਦਾ ਫਾਇਦਾ ਉਠਾਉਂਦਿਆਂ ਕਈ ਅਹਿਮ ਕਿਤਾਬਾਂ ਪੜ੍ਹੀਆਂ ਹਨ ਪਰ ਇਸ ਦੌਰ ਦੇ ਦੁਖਾਂਤ ਨੂੰ ਸਮਝਣ ਲਈ ਸਭ ਤੋਂ ਅਹਿਮ ਪੁਸਤਕ ‘ਇਨਸਾਈਡ ਗੋਰਬਾਚੇਵ’ਜ਼ ਕਰੈਮਲਿਨ’ ਸਿਰਲੇਖ ਹੇਠਲੀ ਯੇਗੋਰ ਲਿਗਾਚੇਵ ਦੀਆਂ ਯਾਦਾਂ ਦੀ ਕਿਤਾਬ ਹੀ ਹੈ ਜੋ ਮੈਨੂੰ ਮੇਰੇ ਅਜ਼ੀਜ਼ ਨਰਿੰਦਰ ਭੁੱਲਰ ਨੇ ਆਪਣੀ ਮੌਤ ਤੋਂ ਵਰ੍ਹਾ ਕੁ ਪਹਿਲਾਂ ਵਿਸ਼ੇਸ਼ ਤੌਰ ‘ਤੇ ਜਿਲਦਬੰਦੀ ਕਰਵਾ ਕੇ ਦਿੱਤੀ ਸੀ ਅਤੇ ਅੱਗਿਉਂ ਮੈਂ ਇਸ ਦੀਆਂ ਕਾਪੀਆਂ ਕਰਵਾ ਕੇ ਆਪਣੇ ਲਗਪਗ ਸਾਰੇ ਹੀ ਨੇੜਲੇ ਦੋਸਤਾਂ ਨੂੰ ਪੜ੍ਹਨ ਲਈ ਵੰਡੀਆਂ ਹੋਈਆਂ ਹਨ।
ਕੋਈ ਕਿਤਾਬ ਪੜ੍ਹਦਿਆਂ, ਜਾਂ ਕਹੋ ਕਿ ਕਿਸੇ ਵੇਲੇ ਵੀ ਮੇਰੀਆਂ ਅੱਖਾਂ ‘ਚੋਂ ਅੱਥਰੂ ਕਦੇ ਘੱਟ ਵੱਧ ਹੀ ਆਏ ਹਨ ਪਰ ਮੁੱਦਤ ਪਹਿਲਾਂ ਆਈਜੈਕ ਡਿਊਸ਼ਰ ਦੀ ‘ਪਰੌਫਿਟ ਆਰਮਡ’, ‘ਪਰੌਫਿਟ ਅਨਆਰਮਡ’ ਤੇ ‘ਪਰੌਫਿਟ ਆਊਟਕਾਸਟ’ ਸਿਰਲੇਖ ਹੇਠ ਲਿਓਨ ਤ੍ਰਾਤਸਕੀ ਦੀ ਤਿੰਨ ਜਿਲਦਾਂ ‘ਚ ਲਿਖੀ ਜੀਵਨੀ ਪੜ੍ਹਦਿਆਂ ਕਈ ਵਾਰ ਚੀਕਾਂ ਨਿਕਲ ਜਾਂਦੀਆਂ ਰਹੀਆਂ। ਉਂਜ ਯੇਗੋਰ ਲਿਗਾਚੇਵ ਆਪਣੀਆਂ ਯਾਦਾਂ ਦੀ ਪੁਸਤਕ ‘ਇਨਸਾਈਡ ਗੋਰਬਾਚੇਵ’ਜ਼ ਕਰੈਮਲਿਨ’ ਵਿਚ ਜਿਸ ਅੰਦਾਜ਼ ਵਿਚ ਬਿਮਾਰ ਅਵਸਥਾ ਵਿਚ ਆਪਣੀਆਂ ਅੰਤਿਮ ਘੜੀਆਂ ਗਿਣ ਰਹੇ ਆਪਣੇ ਰਹਿਨੁਮਾ ਯੂਰੀ ਆਂਦਰੋਪੋਵ ਦਾ ਜ਼ਿਕਰ ਕਰਦਾ ਹੈ, ਚਾਰ ਕੁ ਵਰ੍ਹੇ ਪਹਿਲਾਂ ਉਹ ਸਤਰਾਂ ਪੜ੍ਹਦਿਆਂ ਮੇਰੀਆਂ ਇਕ ਵਾਰ ਮੁੜ ਧਾਹਾਂ ਨਿਕਲ ਗਈਆਂ ਸਨ।
ਯੇਗੋਰ ਲਿਗਾਚੇਵ ‘ਗਲਾਸਨੋਸਤ’ ਅਤੇ ‘ਪਰੇਸਤਰੋਇਕਾ’ ਦੀ ਅਸਫਲਤਾ ਲਈ ਮਿਖਾਈਲ ਗੋਰਬਾਚੇਵ ਨੂੰ ਸਿੱਧੇ ਰੂਪ ਵਿਚ ਜ਼ਿੰਮੇਵਾਰ ਨਹੀਂ ਠਹਿਰਾਉਂਦਾ ਅਤੇ ਨਾ ਉਸ ਨੂੰ ਖਾਹ-ਮਖਾਹ ਕਟਹਿਰੇ ਵਿਚ ਹੀ ਖੜ੍ਹਾ ਕਰਦਾ ਹੈ। ਯੇਗੋਰ ਲਿਗਾਚੇਵ ਖੁਦ ਬੇਹੱਦ ਇਮਾਨਦਾਰ ਕਮਿਊਨਿਸਟ ਹੈ। ਸਮਾਜਵਾਦੀ ਨਿਜ਼ਾਮ ਦੀਆਂ ਸ਼ਾਮਾਂ ਦੇ ਦੌਰ ਵਿਚ ਅਜੇ ਵੀ ਉਸ ਦੀ ਮਾਰਕਸਵਾਦੀ ਚਿੰਤਨ ਅਤੇ ਸਮੁੱਚੇ ਲੈਨਿਨਵਾਦੀ ਪ੍ਰੋਜੈਕਟ ਵਿਚ ਅਨਿੰਨ ਆਸਥਾ ਹੈ। ਉਸ ਦੀਆਂ ਯਾਦਾਂ ਦੀ ਪੁਸਤਕ ਦੀਆਂ ਤਹਿਆਂ ਵਿਚ ਸਹਿਜੇ ਹੀ ਨਿਕੋਲਾਈ ਆਸਤੋਰਸਕੀ ਦੇ ਉਘੇ ਨਾਵਲ ‘ਸੂਰਮੇ ਦੀ ਸਿਰਜਣਾ’ ਦੇ ਨਾਇਕ ਦੀਆਂ ਤਾਂਘਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਉਸ ਦੀਆਂ ਚੀਕਾਂ ਸੁਣੀਆਂ ਜਾ ਸਕਦੀਆਂ ਹਨ। ਪੁਸਤਕ ਦੇ ਬਿਰਤਾਂਤ ਅਨੁਸਾਰ 1985 ਅਤੇ 1986 ਦਾ ਪੂਰਾ ਵਰ੍ਹਾ ਲਿਗਾਚੇਵ, ਮਿਖਾਈਲ ਗੋਰਬਾਚੇਵ ਦੇ ਪੂਰੀ ਤਰ੍ਹਾਂ ਨਾਲ ਰਹਿੰਦਾ ਹੈ। ਦੋਵਾਂ ਨੇਤਾਵਾਂ ਦੀ ਹਾਲਾਤ ਉਤੇ ਪੂਰੀ ਪਕੜ ਵੀ ਹੈ ਪਰ 1987 ਤੱਕ ਜਾਂਦਿਆਂ ਜਾਂਦਿਆਂ ਜਮਹੂਰੀਕਰਨ ਦਾ ਅਮਲ ਆਪ-ਮੁਹਾਰੇ ਹੀ ਅਰਾਜਕ ਮੋੜ ਕੱਟਣਾ ਸ਼ੁਰੂ ਕਰ ਦਿੰਦਾ ਹੈ, ਹਾਲਾਤ ਹੱਥ ਵਿਚੋਂ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਮੀਡੀਏ ਵਿਚ ਸਤਾਲਿਨ ਯੁੱਗ ਦੀਆਂ ਵਧੀਕੀਆਂ ਦੇ ਲੂ-ਕੰਡੇ ਖੜ੍ਹੇ ਕਰਨ ਵਾਲੇ ਨਿੱਤ ਨਵੇਂ ਕਿੱਸੇ ਨੰਗੇ ਹੋਣ ਲੱਗਦੇ ਹਨ। ਰਾਜਨੀਤਕ ਅਤੇ ਆਰਥਿਕ ਖੁੱਲ੍ਹਾਂ ਲਈ ਆਏ ਦਿਨ ਦਬਾਅ ਵਧਣ ਲੱਗਦਾ ਹੈ। ਗੋਰਬਾਚੇਵ ਜਮਹੂਰੀਕਰਨ ਦੇ ਅਮਲ ਲਈ ਪ੍ਰਤੀਬੱਧ ਹੈ ਪਰ ਹੁੰਦਾ ਇਹ ਹੈ ਕਿ ਸਿਸਟਮ ਵਿਚੋਂ ਆਦਰਸ਼ਵਾਦ ਦੀ ਭਾਵਨਾ ਕਿਉਂਕਿ ਖਤਮ ਹੋ ਚੁੱਕੀ ਹੈ, ਮਾਹੌਲ ਨਿਰੰਤਰ ਰਾਜਨੀਤਕ-ਆਰਥਿਕ ਆਪਾ-ਧਾਪੀ ਵਾਲਾ ਬਣਦਾ ਜਾਂਦਾ ਹੈ। ਲਿਗਾਚੇਵ ਬੇਵਸ ਹੈ। ਮੀਡੀਏ ਦਾ ਇੰਚਾਰਜ ਅਲੈਗਜੈਂਡਰ ਯਕੋਵਲੇਵ ਹੈ। ਉਹ ਪ੍ਰਤੀਬਧ ਉਦਾਰਵਾਦੀ ਹੈ ਅਤੇ ਸਤਾਲਿਨੀ ਰੁਝਾਨ ਦਾ ਕੱਟੜ ਵਿਰੋਧੀ ਹੈ। ਲਿਗਾਚੇਵ ਨੂੰ ਨਿਜ਼ਾਮ ਦੇ ਢਹਿ ਢੇਰੀ ਹੁੰਦੇ ਜਾਣ ਲਈ ਅਲੈਗਜੈਂਡਰ ਯਕੋਵਲੇਵ ਅਤੇ ਉਸ ਵੱਲੋਂ ਬੇਲਗਾਮ ਕੀਤਾ ਹੋਇਆ ਮੀਡੀਆ ਹੀ ਜ਼ਿੰਮੇਵਾਰ ਨਜ਼ਰ ਆ ਰਿਹਾ ਹੈ। ਯੇਗੋਰ ਲਿਗਾਚੇਵ ਦਾ ਬਿਰਤਾਂਤ, ਦੁਖਾਂਤ ਦੇ ਕਾਰਨਾਂ ਦੀਆਂ ਜੜ੍ਹਾਂ ਤੱਕ ਪਾਠਕ ਨੂੰ ਭਲੇ ਹੀ ਨਹੀਂ ਦਿਸਦਾ, ਪਰ ਉਸ ਦੀ ਇਮਾਨਦਾਰੀ ਪਾਠਕ ਦੀ ਧੰਨ-ਧੰਨ ਕਰਵਾ ਦਿੰਦੀ ਹੈ।
ਕਹਾਣੀ ਇਤਨੀ ਸਿੱਧੀ ਨਹੀਂ ਹੈ। ਕਈ ਕਥਿਤ ਬੁੱਧੀਜੀਵੀ ਅਜੇ ਤੱਕ ਅਜਿਹੀਆਂ ਛੁਰਲੀਆਂ ਵੀ ਛੱਡ ਰਹੇ ਹਨ ਕਿ ਸਮਾਜਵਾਦੀ ਨਿਜ਼ਾਮ ਦਾ ਬੇੜਾ ਇਸ ਕਰ ਕੇ ਡੁੱਬਾ ਕਿਉਂਕਿ ਗੋਰਬਾਚੇਵ ਵਿਚ ਚੀਨੀ ਨੇਤਾਵਾਂ ਵਾਲੀ ਦ੍ਰਿੜਤਾ ਨਹੀਂ ਸੀ। ਇਕ ਸਦੀ ਤੋਂ ਵੀ ਪਹਿਲਾਂ ਜਗਤ ਪ੍ਰਸਿੱਧ ਸਮਾਜ ਸ਼ਾਸਤਰੀ ਅਲੈਕਸ ਟਾਕਵਿਲ ਨੇ ਇਤਿਹਾਸ ਵਿਚ ਉਸ ਸਮੇਂ ਤੱਕ ਵਾਪਰੇ ਇਨਕਲਾਬ, ਖਾਸ ਕਰ ਕੇ ਸਫਲ ਇਨਕਲਾਬਾਂ ਦਾ ਕਮਾਲ ਦਾ ਅਧਿਐਨ ਪੇਸ਼ ਕੀਤਾ ਸੀ। ਅਜਿਹੀ ਪੁਸਤਕ ਪੜ੍ਹਨ ਨਾਲ ਘੱਟੋ-ਘੱਟ ਇਸ ਕਿਸਮ ਦੀ ਛੁਰਲੀ ਛੱਡਣ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ।
ਅਸਲ ਵਿਚ ਮਿਖਾਈਲ ਗੋਰਬਾਚੇਵ ਨੇ ‘ਗਲਾਸਨੋਸਤ’ ਅਤੇ ‘ਪਰੇਸਤਰੋਇਕਾ’ ਦੀਆਂ ਸੁਹਿਰਦ ਅਤੇ ਇਤਿਹਾਸਕ ਤੌਰ ‘ਤੇ ਅਤਿ ਜ਼ਰੂਰੀ ਨੀਤੀਆਂ ਨਾਲ ਜਿਸ ਕਿਸਮ ਦੀਆਂ ਸ਼ਕਤੀਆਂ ਨੂੰ ਖੁੱਲ੍ਹਾ (ੁਨਲeਅਸਹ) ਛੱਡ ਦਿੱਤਾ ਸੀ, ਉਨ੍ਹਾਂ ਨੂੰ ਗੋਰਬਾਚੇਵ ਤਾਂ ਕੀ, ਰੱਬ ਸੱਚਾ ਵੀ ਜੇ ਕਿਧਰੇ ਉਸ ਦੀ ਮਦਦ ‘ਤੇ ਹੁੰਦਾ ਤਾਂ ਉਹ ਵੀ ਉਨ੍ਹਾਂ ਨੂੰ ਜ਼ਾਬਤੇ ‘ਚ ਰੱਖਣ ਵਿਚ ਵੱਖਰਾ ਜ਼ਿਆਦਾ ਕਾਰਗਰ ਨਾ ਹੋ ਸਕਦਾ। æææਤੇ ਦੂਜੇ ਪਾਸੇ ਬੋਰਿਸ ਯੇਲਤਸਿਨ ਨਿਸ਼ਚੇ ਹੀ ਆਪਣੀ ਤਰ੍ਹਾਂ ਦਾ ਇਤਿਹਾਸਕ ਪੁਰਸ਼ ਸੀ ਅਤੇ ਉਸ ਨੇ ਉਨ੍ਹਾਂ ਅਮੋੜ ਆਪ-ਮੁਹਾਰੀਆਂ ਸ਼ਕਤੀਆਂ ਦੀ ਤਰਜਮਾਨੀ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਨ੍ਹਾਂ ਨੂੰ ਪੁਰਾਣਾ ਨਿਜ਼ਾਮ ਹੁਣ ਕਿਸੇ ਵੀ ਸੂਰਤ ਵਿਚ ਮਨਜ਼ੂਰ ਨਹੀਂ  ਸੀæææ ਇਸ ਉਮੀਦ ਨਾਲ ਕਿ ਉਹ ਨਿਜ਼ਾਮ ਨੂੰ ਜਮਹੂਰੀ ਲੀਹਾਂ ‘ਤੇ ਲਿਜਾਣ ਵਿਚ ਸਫਲ ਹੋ ਹੀ ਜਾਣਗੇ।
ਮੈਂ ਯੇਲਤਸਿਨ ਦੇ ਵਰਤਾਰੇ ਨੂੰ ਸਮਝਣ ਲਈ ਉਸ ਦੀ ਜੀਵਨੀ ਦੀਆਂ ਤਿੰਨ ਜਿਲਦਾਂ ਵਿਚੋਂ ਦੋ ਜਿਲਦਾਂ ਧਿਆਨ ਨਾਲ ਪੜ੍ਹੀਆਂ ਹਨ। ਉਸ ਦੀ ਪਹਿਲੀ ਦਿਲਚਸਪ ਜੀਵਨੀ ‘ਬੋਰਿਸ ਯੇਲਤਸਿਨ: ਏ ਪੋਲੀਟੀਕਲ ਬਾਇਓਗਰਾਫੀ’ ਸਿਰਲੇਖ ਹੇਠ ਵਲਾਦੀਮੀਰ ਸੋਲੋਵਯੋਵ ਅਤੇ ਇਲੇਨਾ ਕਲੈਪੀਕੋਵਾ ਨੇ ਹੀ ਸਾਲ 1994 ‘ਚ ਲਿਖੀ ਸੀ ਅਤੇ ਇਹ ਕਿਤਾਬ ਵੀ ਮੈਨੂੰ ਨਰਿੰਦਰ ਭੁੱਲਰ ਨੇ ਹੀ ਮੁਹੱਈਆ ਕਰਵਾਈ ਸੀ ਪਰ ਬੋਰਿਸ ਯੇਲਤਸਿਨ ਦੀ 600 ਪੰਨਿਆਂ ਵਿਚ ਫੈਲੀ ਹੋਈ ਅਸਲ ਜੀਵਨੀ ਟਿਮੋਥੀ ਜੇæ ਕੋਲਟਨ ਨਾਂ ਦੇ ਲਿਖਾਰੀ ਨੇ ‘ਯੇਲਤਸਿਨ- ਏ ਲਾਈਫ’ ਸਿਰਲੇਖ ਹੇਠ ਲਿਖੀ ਹੈ ਜੋ 2008 ਵਿਚ ਬੇਸਿਕ ਬੁਕਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਕਿਤਾਬ ਵਾਹਵਾ ਖੋਜ ਕਰ ਕੇ ਲਿਖੀ ਹੋਈ ਹੈ ਅਤੇ ਇਸ ਦਾ ਕੋਈ ਇਕ ਪੰਨਾ ਵੀ ਨੀਰਸ ਨਹੀਂ ਹੈ। ਯੇਲਤਸਿਨ ਕਿਸ ਕਿਸਮ ਦਾ ਕਮਾਲ ਦਾ ਇਨਸਾਨ ਸੀ ਅਤੇ ਰਾਜਨੀਤਕ ਆਫਤਾਂ ਦੇ ਨਾਲ-ਨਾਲ ਜ਼ਿੰਦਗੀ ਦੇ ਹਰ ਮੋੜ ‘ਤੇ ਸਰੀਰਕ ਬਿਮਾਰੀਆਂ ਦਾ ਜਿਸ ਸਾਹਸ ਨਾਲ ਉਸ ਨੇ ਟਾਕਰਾ ਕੀਤਾ, ਤੇ ਤਾਕਤ ਤੋਂ ਪਾਸੇ ਹੋ ਕੇ ਆਪਣੀ ਜ਼ਿੰਦਗੀ ਦੇ ਆਖਰੀ 7-8 ਵਰ੍ਹੇ ਇਸ ਮਹਾਨ ਇਨਸਾਨ ਨੇ ਕਿੰਜ ਗੁਜ਼ਾਰੇ, ਉਨ੍ਹਾਂ ਦਾ ਜ਼ਿਕਰ ਕੋਲਟਨ ਨੇ ਬੜੇ ਹੀ ਸ਼ਾਨਦਾਰ ਅੰਦਾਜ਼ ਵਿਚ ਕੀਤਾ ਹੈ। 23 ਅਪਰੈਲ 2007 ਨੂੰ ਯੇਲਤਸਿਨ ਦਾ ਦੇਹਾਂਤ ਹੁੰਦਾ ਹੈ। 25 ਅਪਰੈਲ ਨੂੰ ਉਸ ਨੂੰ ਅੰਤਿਮ ਵਿਦਾਇਗੀ ਦੇਣ ਲਈ ਜੁੜੇ ਸਮਾਗਮ ਵਿਚ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਜਰਮਨ ਆਗੂ ਕੋਹਲ, ਜਾਰਜ ਬੁਸ਼, ਅਤੇ ਲੇਕ ਵਾਲੇਸਾ ਸਮੇਤ ਦੁਨੀਆਂ ਭਰ ਦੇ ਅਨੇਕਾਂ ਆਗੂ ਤਾਂ ਖੜ੍ਹੇ ਹੀ ਖੜ੍ਹੇ ਸਨ, ਇਸ ਮਾਤਮੀ ਇਕੱਠ ਵਿਚ ‘ਸੰਤ’ ਮਿਖਾਈਲ ਗੋਰਬਾਚੇਵ ਵੀ ਖੜ੍ਹਾ ਸੀ ਜੋ ਬੋਰਿਸ ਨੂੰ ਖੁਦ ਉਪਰਲੀ ਲੀਡਰਸ਼ਿਪ ਵਿਚ ਲੈ ਕੇ ਆਇਆ ਸੀ। ਕੌਣ ਜਾਣ ਸਕਦਾ ਸੀ ਕਿ ਯੇਲਤਸਿਨ ਨੇ ਦਿਨਾਂ ਵਿਚ ਹੀ ਗੋਰਬਾਚੇਵ ਵਿਰੁਧ ਬਗਾਵਤ ਕਰ ਕੇ ਉਸ ਦੇ ਵਿਰੋਧ ਵਿਚ ਡਟ ਜਾਣਾ ਸੀ। æææਤੇ ਫਿਰ 16 ਵਰ੍ਹੇ ਪਹਿਲਾਂ, ਦਸੰਬਰ 1991 ‘ਚ ਕੇਰਾਂ ਰਾਹ ਕੱਟ ਜਾਣ ਤੋਂ ਬਾਅਦ ਜਿਸ ਨੇ ਉਸ ਨਾਲ ਕਦੀ ਕਲਾਮ ਤੱਕ ਵੀ ਨਹੀਂ ਸੀ ਕੀਤਾ।
ਯੇਲਤਸਿਨ ਨੇ ਰੂਸ ਨੂੰ ਸਤਾਲਿਨੀ ਵਿਰਸੇ ਦੇ ਭੂਤ ਦੇ ਜਕੜ-ਜੱਫੇ ਵਿਚੋਂ ਕੱਢ ਕੇ ਆਪਣੇ ਲੋਕਾਂ ਦਾ ਜੀਵਨ ਸੌਖਾ ਕਰਨ ਲਈ ਅਤੇ ਉਥੇ ਜਮਹੂਰੀ ਨਿਜ਼ਾਮ ਪਾਏਦਾਰ ਲੀਹ ‘ਤੇ ਲਿਆਉਣ ਲਈ ਉਪਲਬਧ ਇਤਿਹਾਸਕ ਹਾਲਾਤ ਵਿਚ ਪੂਰੀ ਵਾਹ ਲਗਾਈ ਸੀ ਪਰ ਉਸ ਦੀਆਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਰੂਸ ਦਾ ਭਿਆਨਕ ‘ਕੰਜਰੀਕਰਨ’ ਹੀ ਹੁੰਦਾ ਚਲਿਆ ਗਿਆ। ਲੋਕ ਆਰਥਿਕ ਤੌਰ ‘ਤੇ ਹਰ ਦਿਨ ਬੁਰੇ ਤੋਂ ਬਦਤਰ ਹਾਲ ਵਿਚ ਫਸਦੇ ਚਲੇ ਗਏ।
(ਚਲਦਾ)

Be the first to comment

Leave a Reply

Your email address will not be published.