ਬਲਜੀਤ ਬਾਸੀ ਦਾ ਲੇਖ ਬਨਾਮ ਸ੍ਰੀ, ਸਿੱਖ ਤੇ ਸਰਦਾਰ

‘ਪੰਜਾਬ ਟਾਈਮਜ਼’ ਦੇ 28 ਦਸੰਬਰ ਵਾਲੇ ਅੰਕ ਵਿਚ ਛਪਿਆ ਨਿਰੁਕਤ ਸਾਸ਼ਤਰੀ ਬਲਜੀਤ ਬਾਸੀ ਦਾ ਲੇਖ ‘ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ’ ਅੱਖਾਂ ਖੋਲ੍ਹਣ ਵਾਲਾ ਹੈ। ਸ਼ਬਦਾਂ ਦੀ ਚੀਰ-ਫਾੜ ਕਰਨ ਵਾਲੇ ਉਸ ਦੇ ਲੇਖ ਮੈਂ ਬੜੇ ਚਾਅ ਨਾਲ ਪੜ੍ਹਦਾ ਹਾਂ ਅਤੇ ਆਪਣੇ ਜਾਣਕਾਰਾਂ ਨੂੰ ਵੀ ਪੜ੍ਹਨ ਲਈ ਕਹਿੰਦਾ ਰਹਿੰਦਾ ਹਾਂ। ਇਨ੍ਹਾਂ ਲੇਖਾਂ ਦੀ ਖੂਬਸੂਰਤੀ ਇਹ ਹੁੰਦੀ ਹੈ ਕਿ ਇਹ ਸਿਰਫ ਸ਼ਬਦਾਂ ਦੇ ਪਿਛੋਕੜ ਬਾਰੇ ਹੀ ਜਾਣਕਾਰੀ ਨਹੀਂ ਦਿੰਦੇ, ਇਨ੍ਹਾਂ ਵਿਚ ਅੱਜ ਦੇ ਸਿਆਸੀ, ਸਮਾਜਕ ਤੇ ਹੋਰ ਕਈ ਸਰੋਕਾਰ ਵੀ ਨਾਲੋ-ਨਾਲ ਗੁੰਦੇ ਹੁੰਦੇ ਹਨ। ਐਤਕੀਂ ਵਾਲਾ ਲੇਖ ਹੀ ਲੈ ਲਉ। ਇਸ ਵਿਚ ‘ਸ੍ਰੀ’ ਸ਼ਬਦ ਬਾਰੇ ਵਿਸਥਾਰ ਸਹਿਤ ਜਾਣਕਾਰੀ ਤਾਂ ਦਿੱਤੀ ਹੀ ਗਈ ਹੈ, ਨਾਲ ਹੀ ਉਨ੍ਹਾਂ ਤੰਗ-ਨਜ਼ਰ ਸਿੱਖ ਵਿਦਵਾਨਾਂ ਉਤੇ ਵੀ ਤਿੱਖੀ ਚੋਟ ਕੀਤੀ ਗਈ ਹੈ ਜਿਹੜੇ ਸਿੱਖੀ ਦਾ ਪ੍ਰਚਾਰ ਸਿਰਫ ਹਿੰਦੂਆਂ ਦੇ ਵਿਰੋਧ ਵਿਚੋਂ ਕਰਦੇ ਹਨ। ਸਿੱਖੀ ਸਿੱਖੀ ਹੈ, ਹਿੰਦੂਵਾਦ ਹਿੰਦੂਵਾਦ ਹੈ; ਇਸ ਦੇ ਬਹਾਨੇ ਨਫਰਤ ਦਾ ਪ੍ਰਚਾਰ ਕਿਉਂ?
ਸਰਦਾਰ ਸ਼ਬਦ ਬਾਰੇ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਇਸ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ। ਇਹ ਸ਼ਬਦ ਤਾਂ ਸ਼ਾਇਦ ਉਸ ਰਜਵਾੜਾਸ਼ਾਹੀ ਦੀ ਪੈਦਾਵਾਰ ਹੈ ਜਿਸ ਨੂੰ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ ਦਬੱਲ ਕੇ ਹੱਲਾਸ਼ੇਰੀ ਦਿੱਤੀ। ਮਹਾਰਾਜੇ ਦੇ ਦਰਬਾਰ ਦੇ ਕਾਰਿੰਦੇ ਸਰਦਾਰ ਹੋ ਗਏ ਅਤੇ ਫਿਰ ਇਨ੍ਹਾਂ ਅਖੌਤੀ ਸਿੱਖ ਵਿਦਵਾਨਾਂ ਨੇ ਸਰਦਾਰ ਨੂੰ ਸਿੱਖੀ ਨਾਲ ਜੋੜ ਲਿਆ। ਮੈਂ ਚਾਹੁੰਦਾ ਹਾਂ ਕਿ ਬਲਜੀਤ ਬਾਸੀ ‘ਸਰਦਾਰ’ ਸ਼ਬਦ ਦੇ ਪਿਛੋਕੜ ਬਾਰੇ ਅਤੇ ਇਸ ਦੇ ਸਿੱਖੀ ਨਾਲ ਸਬੰਧ (ਜੇ ਕੋਈ ਬਣਦਾ ਹੈ ਤਾਂ), ਬਾਰੇ ਵੀ ਲਿਖਣ ਤਾਂ ਕਿ ਪਾਠਕਾਂ ਨੂੰ ਪਤਾ ਲੱਗ ਸਕੇ ਕਿ ਇਹ ਅਖੌਤੀ ਸਿੱਖ ਵਿਦਵਾਨ ਸੰਗਤ ਨੂੰ ਕਿੰਨਾ ਗੁੰਮਰਾਹ ਕਰ ਰਹੇ ਹਨ?
-ਕਰਮਜੋਤ ਸਿੰਘ ਕਲਸੀ, ਸ਼ਿਕਾਗੋ

ਪੰਜਾਬਣਾਂ ਦੇ ਹੱਥ ਅਤੇ ਰੋਟੀਮੈਟਿਕ
ਗੁਰਬਚਨ ਸਿੰਘ ਭੁੱਲਰ ਦੇ ਲੇਖ ‘ਹੁਣ ਨਹੀਂ ਹੱਥ ਫੂਕਣਗੀਆਂ ਪੰਜਾਬਣਾਂ!’ ਨੇ ਧਿਆਨ ਖਿੱਚਿਆ। ਲੇਖ ਦੀ ਸੁਰਖੀ ਹੀ ਕੁਝ ਅਜਿਹੀ ਸੀ। ਪੜ੍ਹਿਆ ਤਾਂ ਚੰਗਾ ਲੱਗਿਆ। ਘਰ, ਪਰਿਵਾਰ ਅਤੇ ਰੋਟੀ ਬਾਰੇ ਇਤਿਹਾਸ ਹੀ ਲਿਖਿਆ ਪਿਆ ਸੀ। ਸਾਇੰਸ ਦੀ ਤਰੱਕੀ ਨੇ ਗੱਲ ਕਿਥੇ ਦੀ ਕਿਥੇ ਪਹੁੰਚਾ ਦਿੱਤੀ ਹੈ। ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਕਿਸੇ ਵੇਲੇ ਰੋਟੀਆਂ ਇਸ ਤਰ੍ਹਾਂ ਮਸ਼ੀਨਾਂ ਨਾਲ ਵੀ ਲਹਿਆ ਕਰਨਗੀਆਂ।
ਲੇਖਕ ਦੀ ਰੋਟੀ-ਟੁੱਕ ਬਾਰੇ ਕੀਤੀ ਚਰਚਾ ਬੜੀ ਸੁਆਦਲੀ ਲੱਗੀ। ਸਭਿਆਚਾਰ ਵਿਚੋਂ ਬੜਾ ਕੁਝ ਛੁੱਟਦਾ ਜਾਂਦਾ ਹੈ ਅਤੇ ਬੜਾ ਕੁਝ ਨਵਾਂ ਜੁੜਦਾ ਜਾਂਦਾ ਹੈ। ਮੈਨੂੰ ਇਸ ਗੱਲ ਦਾ ਅਹਿਸਾਸ ਇਥੇ ਅਮਰੀਕਾ ਵਿਚ ਆ ਕੇ ਵਧੇਰੇ ਹੋਇਆ। ਕਿੰਨਾ ਕੁਝ ਪੁਰਾਣਾ ਖੁੱਸ ਗਿਆ ਅਤੇ ਕਿੰਨਾ ਕੁਝ ਨਵਾਂ ਭਾਵੇਂ ਔਖਾ ਤੇ ਭਾਵੇਂ ਸੌਖਾ, ਅਪਨਾਉਣਾ ਪੈ ਗਿਆ। ਆਪਣੇ ਸਭਿਆਚਾਰ, ਆਪਣੀ ਧਰਤੀ ਦਾ ਹੇਰਵਾ ਸਤਾਉਂਦਾ ਰਹਿੰਦਾ। ਭਾਰਤ ਰਹਿੰਦਿਆਂ ਇਸ ਦਾ ਬਹੁਤਾ ਅਹਿਸਾਸ ਨਹੀਂ ਸੀ। ਉਥੇ ਖਬਰੇ ਤਬਦੀਲੀ ਦੀ ਰਫਤਾਰ ਧੀਮੀ ਸੀ ਜਾਂ ਕੋਈ ਹੋਰ ਕਾਰਨ ਹੋਣਗੇ। ਇਹ ਸੱਚ ਹੈ ਕਿ ਸਮਾਂ ਰੁਕਦਾ ਨਹੀਂ ਤੇ ਇਸ ਦੇ ਨਾਲ ਜੀਵਨ ਦੇ ਹਰ ਖੇਤਰ ਵਿਚ ਤਬਦੀਲੀ ਆਉਂਦੀ ਹੀ ਰਹਿੰਦੀ ਹੈ। ਖੈਰ! ਭੁੱਲਰ ਸਾਹਿਬ ਦੇ ਇਸ ਲੇਖ ਨੇ ਮੈਨੂੰ ਉਨ੍ਹਾਂ ਦੀਆਂ ਲਿਖਤਾਂ ਦਾ ਹੋਰ ਵੀ ਸ਼ੈਦਾਈ ਬਣਾ ਦਿੱਤਾ ਹੈ।
-ਪਲਵਿੰਦਰ ਸਿੰਘ ਮਿਲਪੀਟਸ, ਕੈਲੀਫੋਰਨੀਆ

Be the first to comment

Leave a Reply

Your email address will not be published.