ਮਲਿਆਲਮ ਸਿਨੇਮੇ ਦੀ ਸ਼ਾਨਦਾਰ ਰਵਾਇਤ

ਜਤਿੰਦਰ ਮੌਹਰ
ਫੋਨ: 91-97799-34747
ਭਾਰਤੀ ਸਿਨੇਮੇ ਨੂੰ ਸਿਰਫ਼ ਹਿੰਦੀ ਬੋਲੀ ਦੀਆਂ ਫ਼ਿਲਮਾਂ ਦੇ ਹਵਾਲੇ ਨਾਲ ਨਹੀਂ ਪਛਾਣਿਆ ਜਾ ਸਕਦਾ। ਖੇਤਰੀ ਬੋਲੀਆਂ ਦੀਆਂ ਫ਼ਿਲਮਾਂ ਭਾਰਤੀ ਸਿਨੇਮਾ ਦਾ ਅਟੁੱਟ ਹਿੱਸਾ ਹਨ। ਹਿੰਦੀ ਸਿਨੇਮਾ ਭਾਵੇਂ ਖੇਤਰੀ ਫ਼ਿਲਮਾਂ ‘ਤੇ ਭਾਰੂ ਰਿਹਾ ਹੈ ਪਰ ਖੇਤਰੀ ਸਿਨੇਮਾ ਨੇ ਆਪਣੀ ਹੋਂਦ ਬਰਕਰਾਰ ਰੱਖਣ ਲਈ ਲਗਾਤਾਰ ਸੰਘਰਸ਼ ਕੀਤਾ ਹੈ। ਇਸ ਸੰਘਰਸ਼ ਵਿਚ ਕਈ ਬੋਲੀਆਂ ਹਾਸ਼ੀਏ ‘ਤੇ ਵੀ ਧੱਕੀਆਂ ਗਈਆਂ ਹਨ ਪਰ ਦੱਖਣੀ, ਬੰਗਲਾ ਅਤੇ ਮਰਾਠੀ ਫ਼ਿਲਮਾਂ ਨੇ ਆਪਣੀ ਪਛਾਣ ਕਾਇਮ ਰੱਖੀ ਹੈ। ਪੰਜਾਬੀ ਸਿਨੇਮਾ ਦੀ ਲੜਖੜਾਉਂਦੇ ਰੂਪ ਵਿਚ ਸਰਗਰਮੀ ਜਾਰੀ ਹੈ। ਦੱਖਣੀ, ਬੰਗਲਾ ਅਤੇ ਮਰਾਠੀ ਸਿਨੇਮੇ ਦੇ ਇੱਕ ਹਿੱਸੇ ਨੇ ਅਰਥ-ਭਰਪੂਰ ਫ਼ਿਲਮਾਂ ਦੀ ਸ਼ਾਨਦਾਰ ਰਵਾਇਤ ਜਾਰੀ ਰੱਖੀ ਹੈ। ਇਸੇ ਕੜੀ ਵਿਚ ਮਲਿਆਲਮ ਸਿਨੇਮੇ ਨੂੰ ਦੇਖਿਆ ਜਾ ਸਕਦਾ ਹੈ। ਮਲਿਆਲਮ ਕੇਰਲਾ ਸੂਬੇ ਦੀ ਬੋਲੀ ਹੈ। ਉਥੇ ਚਾਲੂ ਸਿਨੇਮੇ ਦੇ ਬਰਾਬਰ ਅਰਥ-ਭਰਪੂਰ ਫ਼ਿਲਮਾਂ ਬਣਦੀਆਂ ਰਹੀਆਂ ਹਨ। ਮਲਿਆਲਮ ਫ਼ਿਲਮਸਾਜ਼ਾਂ ਨੇ ਵਿਸ਼ੇ ਅਤੇ ਤਕਨੀਕ ਪੱਖੋਂ ਨਵੇਂ ਤਜਰਬੇ ਕਰਨ ਦਾ ਹੌਸਲਾ ਹਮੇਸ਼ਾ ਬਰਕਰਾਰ ਰੱਖਿਆ ਹੈ। ਭਾਰਤ ਦੀ ਪਹਿਲੀ 3-ਡੀ ਫ਼ਿਲਮ ਮਲਿਆਲਮ ਹੀ ਸੀ। ਇੱਕੋ ਅਦਾਕਾਰ ਵਾਲੀ ਪਹਿਲੀ ਆਲਮੀ ਫ਼ਿਲਮ ‘ਦਿ ਗਾਰਡ’ (2001) ਵੀ ਮਲਿਆਲਮ ਫ਼ਿਲਮ ਸੀ।
ਮਲਿਆਲਮ ਸਿਨੇਮੇ ਵਿਚ ਅਰਥ-ਭਰਪੂਰ ਸਿਨੇਮੇ ਦੀ ਲਹਿਰ 70ਵਿਆਂ ਵਿਚ ਸ਼ੁਰੂ ਹੋਈ। ‘ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ’ ਪੂਨਾ ਤੋਂ ਆਉਣ ਵਾਲੇ ਪਾੜ੍ਹਿਆਂ ਨੇ ਮਲਿਆਲਮ ਸਿਨੇਮੇ ਦਾ ਰੂਪ ਬਦਲ ਦਿੱਤਾ। ਅਡੂਰ ਗੋਪਾਲਾਕ੍ਰਿਸ਼ਨਨ ਦੀ 1972 ਵਿਚ ਬਣੀ ਫ਼ਿਲਮ ‘ਸਵਾਮਰਾਅਮ’ ਨੇ ਮਲਿਆਲਮ ਸਿਨੇਮੇ ਨੂੰ ਖੇਤਰੀ ਹੱਦਾਂ ਵਿਚੋਂ ਕੱਢ ਕੇ ਕੌਮਾਂਤਰੀ ਦ੍ਰਿਸ਼ ‘ਤੇ ਲਿਆਂਦਾ। ਇਸ ਮੁਹਿੰਮ ਨੂੰ ਜੀ ਅਰਵਿੰਦਨ, ਐਮæਟੀæ ਵਾਸੂਦੇਵਨ, ਜੌਹਨ ਅਬਰਾਹਮ, ਕੇæਆਰæ ਮੋਹਨਨ ਅਤੇ ਸ਼ਾਜੀ ਕਰੁਨ ਵਰਗਿਆਂ ਨੇ ਜਾਰੀ ਰੱਖਿਆ। ਕਈ ਮਲਿਆਲਮ ਫ਼ਿਲਮਾਂ ਕੌਮੀ ਅਤੇ ਕੌਮਾਂਤਰੀ ਇਨਾਮਾਂ ਨਾਲ ਨਿਵਾਜੀਆਂ ਗਈਆਂ। ਅਡੂਰ ਗੋਪਾਲਾਕ੍ਰਿਸ਼ਨਨ ਨੇ ਆਲਮੀ ਸਿਨੇਮਾ ਦੀ ਆਮ ਦਰਸ਼ਕਾਂ ਵਿਚ ਪੇਸ਼ਕਾਰੀ ਨੂੰ ਲੈ ਕੇ ਤਜਰਬੇ ਕੀਤੇ। ਉਨ੍ਹਾਂ ਨੇ ਇਹ ਮਿੱਥ ਤੋੜੀ ਕਿ ਅਰਥ-ਭਰਪੂਰ ਫ਼ਿਲਮਾਂ ਆਮ ਦਰਸ਼ਕਾਂ ਦੇ ਸਮਝ ਨਹੀਂ ਆਉਂਦੀਆਂ। ਅਡੂਰ ਨੇ ‘ਰਸ਼ੋਮੋਨ’ ਜਿਹੀ ਪੇਚੀਦਾ ਜਪਾਨੀ ਫ਼ਿਲਮ ਪੇਂਡੂਆਂ ਤੱਕ ਪੁੱਜਦੀ ਕੀਤੀ ਅਤੇ ਉਨ੍ਹਾਂ ਨਾਲ ਫ਼ਿਲਮ ਦੀਆਂ ਵੱਖਰੀਆਂ ਤੰਦਾਂ ਵਿਚਾਰੀਆਂ। ਪੇਂਡੂਆਂ ਨੇ ਫ਼ਿਲਮ ਦੀ ਪੜ੍ਹਤ ਬਾਬਤ ਹੈਰਾਨ ਕਰਨ ਵਾਲੇ ਵਿਚਾਰ ਪੇਸ਼ ਕੀਤੇ।
ਸ਼ਾਜੀ ਕਰੁਨ ਦੀ ਫ਼ਿਲਮ ‘ਪਿਰਾਵੀ’ (1988) ਨੇ ਫ਼ਰਾਂਸ ਦੇ ਕੌਮਾਂਤਰੀ ਕਾਨ ਫ਼ਿਲਮ ਮੇਲੇ ਵਿਚ ਵੱਕਾਰੀ ਖ਼ਿਤਾਬ ਜਿੱਤਿਆ। ਇਹ ਫ਼ਿਲਮ ਉਸ ਪਿਉ ਦੀ ਕਹਾਣੀ ਸੀ ਜਿਹਦੇ ਪੁੱਤ ਨੂੰ ਪੁਲਿਸ ਨੇ ਨਕਸਲਬਾੜੀ ਲਹਿਰ ਦਾ ਹਮਦਰਦ ਹੋਣ ਕਰ ਕੇ ਮਾਰ ਦਿੱਤਾ ਸੀ। ਮਲਿਆਲਮ ਸਿਨੇਮਾ ਕਿਰਤੀ-ਕਾਮਿਆਂ ਦੀ ਜ਼ਿੰਦਗੀ ਨੂੰ ਉਘੜਵੇਂ ਰੂਪ ਵਿਚ ਕਹਾਣੀ ਦਾ ਆਧਾਰ ਬਣਾਉਂਦਾ ਰਿਹਾ ਹੈ। ਸਿਆਸੀ-ਸਮਾਜਕ ਮੁੱਦਿਆਂ ‘ਤੇ ਆਧਾਰਤ ਫ਼ਿਲਮਾਂ ਲਗਾਤਾਰ ਬਣਦੀਆਂ ਰਹੀਆਂ ਹਨ।
ਮਲਿਆਲਮ ਸਿਨੇਮੇ ਵਿਚ ਅਰਥ-ਭਰਪੂਰ ਅਤੇ ਚਾਲੂ ਸਿਨੇਮੇ ਦੀਆਂ ਧਾਰਾਵਾਂ ਬਰਾਬਰ ਚਲਦੀਆਂ ਰਹੀਆਂ। ਅਰਥ-ਭਰਪੂਰ ਸਿਨੇਮੇ ਨੂੰ ਲੱਗੀਆਂ ਪਛਾੜਾਂ ਦੇ ਬਾਵਜੂਦ ਪਿਛਲੇ ਕੁਝ ਸਾਲਾਂ ਤੋਂ ਨਵੀਂ ਪੀੜ੍ਹੀ ਦੇ ਫ਼ਿਲਮਸਾਜ਼ਾਂ ਨੇ ਚੋਖੀ ਸਰਗਰਮੀ ਦਿਖਾਈ ਹੈ। ਉਹ ਦੁਬਾਰਾ ਮਲਿਆਲਮ ਸਿਨੇਮੇ ਦੀ ਹੋਂਦ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਦਰਜ ਕਰਵਾ ਰਹੇ ਹਨ। ਰਾਜੀਵ ਅੰਚਲ ਦੀ ‘ਗੁਰੂ’ (1997) ਅਤੇ ਸਲੀਮ ਅਹਿਮਦ ਦੀ ਫ਼ਿਲਮ ‘ਅਧਾਮਿਨਤੇ ਮਕਨ ਅਬੂ’ (2011) ਨੂੰ ਭਾਰਤ ਵਲੋਂ ਆਸਕਰ ਦੀ ਨਾਮਜ਼ਦਗੀ ਲਈ ਭੇਜਿਆ ਗਿਆ। ਮਲਿਆਲਮ ਸਿਨੇਮੇ ਦੇ ਵੱਡੇ ਸਿਤਾਰੇ ਹਮੇਸ਼ਾਂ ਅਰਥ ਭਰਪੂਰ ਫ਼ਿਲਮਾਂ ਨੂੰ ਹੁਲਾਰਾ ਦਿੰਦੇ ਰਹੇ ਹਨ ਜਿਨ੍ਹਾਂ ਵਿਚ ਮਮੂਟੀ, ਮੋਹਨ ਲਾਲ ਅਤੇ ਨਵਿਆਂ ‘ਚੋਂ ਪ੍ਰਿਥਵੀ ਰਾਜ  ਗਿਣੇ ਜਾ ਸਕਦੇ ਹਨ। ਇਹ ਸਿਤਾਰੇ ਅਰਥ ਭਰਪੂਰ ਫ਼ਿਲਮਾਂ ਲਈ ਨਾਮਨਿਹਾਦ ਪੈਸਿਆਂ ਵਿਚ ਕੰਮ ਕਰਦੇ ਹਨ ਅਤੇ ਉਹ ਆਪ ਅਜਿਹੀਆਂ ਫ਼ਿਲਮਾਂ ‘ਤੇ ਪੈਸਾ ਲਾਉਂਦੇ ਹਨ। ਮੋਹਨ ਲਾਲ ਫ਼ਿਲਮ ‘ਵਨਾਪ੍ਰਸਥਮ’ (ਆਖਰੀ ਨਾਚ) ਦੇ ਵਿੱਤੀ ਮਾਲਕ ਅਤੇ ਮੁੱਖ ਅਦਾਕਾਰ ਸਨ। ਇਹ ਫ਼ਿਲਮ ਨਾਚ ਦੀ ਕਥਾਕਲੀ ਵੰਨਗੀ ਦੇ ਦਲਿਤ-ਕਲਾਕਾਰ ਬਾਰੇ ਸੀ ਜੋ ਚੰਗਾ ਕਲਾਕਾਰ ਹੁੰਦਾ ਹੋਇਆ ਵੀ ਜਾਤਪਾਤੀ ਢਾਂਚੇ ਦੀ ਕਰੂਰਤਾ ਹੰਢਾਉਂਦਾ ਹੈ। ਮਲਿਆਲਮ ਫ਼ਿਲਮਸਾਜ਼ ਪ੍ਰਿਯਦਰਸ਼ਨ ਦਾ ਨਾਮ ਹਿੰਦੀ ਸਿਨੇਮੇ ਦੇ ਵੱਡੇ ਫ਼ਿਲਮਸਾਜ਼ਾਂ ਵਿਚ ਸ਼ੁਮਾਰ ਹੁੰਦਾ ਹੈ। ਉਹਨੇ ਮਲਿਆਲਮ ਅਤੇ ਤਮਿਲ ਵਿਚ ਯਾਦਗਾਰੀ ਫ਼ਿਲਮਾਂ ਬਣਾਈਆਂ ਹਨ। ਕੌਮੀ ਇਨਾਮ ਨਾਲ ਨਿਵਾਜੀ ਗਈ ਉਹਦੀ ਫ਼ਿਲਮ ‘ਕਾਂਜੀਵਰਮ’ ਸਾੜ੍ਹੀਆਂ ਬਣਾਉਣ ਵਾਲੇ ਕਿਰਤੀਆਂ ਦੀ ਜ਼ਿੰਦਗੀ ਬਾਬਤ ਸੀ। ਰੇਸ਼ਮ ਦੀਆਂ ਮਹਿੰਗੀਆਂ ਸਾੜ੍ਹੀਆਂ ਬਣਾਉਣ ਵਾਲੇ ਕਿਰਤੀਆਂ ਨੂੰ ਇਹ ਸਾੜ੍ਹੀ ਨਸੀਬ ਨਹੀਂ ਹੁੰਦੀ।
ਪ੍ਰਿਥਵੀ ਰਾਜ ਮਲਿਆਲਮ ਸਿਨੇਮੇ ਦੀ ਨਵੀਂ ਪੀੜ੍ਹੀ ਦਾ ਅਹਿਮ ਅਦਾਕਾਰ ਹੈ। 2008 ਵਿਚ ਪਰਦਾਪੇਸ਼ ਹੋਈ ਉਹਦੀ ਫ਼ਿਲਮ ‘ਥੱਲਾਪਾਵੂ’ ਵਾਹਵਾ ਸੁਰਖ਼ੀਆਂ ਵਿਚ ਰਹੀ ਹੈ। ਇਹ ਫ਼ਿਲਮ ਕੇਰਲਾ ਦੇ ਚੀ ਗੁਵੇਰਾ ਵਜੋਂ ਜਾਣੇ ਜਾਂਦੇ ਕਾਮਰੇਡ ਏ ਵਰਗੀਸ ਦੀ ਮੌਤ ਬਾਬਤ ਸੀ। 70ਵਿਆਂ ‘ਚ ਕੇਰਲਾ ਦੇ ਵਾਇਆਨਾਡ ਖਿੱਤੇ ਦੇ ਆਦਿਵਾਸੀ ਜਗੀਰਦਾਰਾਂ ਦੀ ਅੰਨ੍ਹੀ ਲੁੱਟ-ਖਸੁੱਟ ਦਾ ਸ਼ਿਕਾਰ ਸਨ। ਵਰਗੀਸ ਅਤੇ ਉਹਦੇ ਸਾਥੀਆਂ ਨੇ ਇਸ ਖਿੱਤੇ ‘ਚ ਜਾਬਰ ਜਾਗੀਰਦਾਰਾਂ ਨਾਲ ਲੋਹਾ ਲਿਆ। ਜਾਗੀਰਦਾਰਾਂ ਦੀ ਹਮਾਇਤੀ ਪੁਲਿਸ ਨੇ ਵਰਗੀਸ ਨੂੰ ਫੜ ਲਿਆ। ਅੰਨ੍ਹੇ ਤਸ਼ੱਦਦ ਤੋਂ ਬਾਅਦ ਵਰਗੀਸ ਨੂੰ 12 ਫਰਵਰੀ 1970 ਨੂੰ ਪੁਲਿਸ ਨੇ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਸੀ। ਕਾਮਰੇਡ ਨੂੰ ਗੋਲੀ ਮਾਰਨ ਵਾਲੇ ਪੁਲਿਸ ਕਰਮਚਾਰੀ ਨੇ ਪੈਂਤੀ ਸਾਲ ਬਾਅਦ ਜੁਰਮ ਦਾ ਇਕਬਾਲ ਕਰ ਲਿਆ। ਅਦਾਲਤ ਨੇ 28 ਅਕਤੂਬਰ 2010 ਨੂੰ ਇਸ ਕੇਸ ਵਿਚ ਉਸ ਵੇਲੇ ਦੇ ਆਈæਜੀæ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਹ ਫ਼ਿਲਮ ਕਈ ਪੱਖਾਂ ਤੋਂ ਵਾਚਣਯੋਗ ਹੈ ਜੋ 70ਵਿਆਂ ਤੋਂ ਲੈ ਕੇ 21ਵੀਂ ਸਦੀ ਦੇ ਪਹਿਲੇ ਦਹਾਕੇ ਤੱਕ ਫ਼ੈਲੇ ਕਾਲ-ਖੰਡ ਵਿਚਾਲੇ ਬਹੁਪਰਤੀ ਸੰਵਾਦ ਦਾ ਪੁਲ ਬਣਦੀ ਹੈ।
ਭਾਰਤ ਦਾ ਮਸ਼ਹੂਰ ਅਤੇ ਬਿਹਤਰੀਨ ਸਾਊਂਡ-ਡਿਜ਼ਾਇਨਰ ਰਸੂਲ ਪੁਕੁਟੀ ਕੇਰਲਾ ਦਾ ਜੰਮਿਆ-ਪਲਿਆ ਹੈ। ਉਹ ਮਲਿਆਲਮ ਸਿਨੇਮੇ ਨਾਲ ਨੇੜਿਉਂ ਜੁੜਿਆ ਰਿਹਾ ਹੈ। ‘ਸਲੱਮਡੌਗ-ਮਿਲੀਨੀਅਰ’ ਲਈ ਉਹਨੂੰ ਸਾਊਂਡ-ਮਿਕਸਿੰਗ ਦਾ ਆਸਕਰ ਮਿਲਿਆ ਸੀ। ਕੌਮਾਂਤਰੀ ਮਸ਼ਹੂਰੀ ਵਾਲਾ ਇਹ ਤਕਨੀਸ਼ੀਅਨ ਖੇਤਰੀ ਫ਼ਿਲਮਾਂ ਦਾ ਝੰਡਾ ਬੁਲੰਦ ਕਰਦਾ ਹੈ। ਗੋਆ ਵਿਖੇ ਹੋਏ 44ਵੇਂ ਕੌਮਾਂਤਰੀ ਫ਼ਿਲਮ ਮੇਲੇ ਵਿਚ ਰਸੂਲ ਨੇ ਕਿਹਾ ਸੀ, “ਭਾਰਤੀ ਸਿਨੇਮਾ ਦਾ ਮੂਲ ਹਿੰਦੀ ਸਿਨੇਮਾ ਨਹੀਂ, ਸਗੋਂ ਖ਼ੇਤਰੀ ਸਿਨੇਮਾ ਹੈ।” ਰਸੂਲ ਦੇ ਬਿਆਨ ਵਿਚੋਂ ਉਹਦੀ ਮਾਂ-ਬੋਲੀ ਦੇ ਸਿਨੇਮੇ ਦਾ ਮਾਣ, ਹਾਸਲ ਅਤੇ ਜਸ਼ਨ ਮੌਜੂਦ ਹੈ। ਮਲਿਆਲਮ ਸਿਨੇਮੇ ਦੀ ਵਿਰਾਸਤ ਖ਼ੇਤਰੀ ਸਿਨੇਮੇ ਦੀ ਅਹਿਮੀਅਤ ਨਾਲ ਜੁੜੀ ਹੋਈ ਹੈ। ਬੋਲੀਆਂ ਅਤੇ ਖਿੱਤਿਆਂ ਦੀ ਵੰਨ-ਸੁਵੰਨਤਾ ਆਲਮੀ ਸਿਨੇਮਾ ਦਾ ਮੂਲ ਹੈ।

Be the first to comment

Leave a Reply

Your email address will not be published.