ਧੂਮ 3: ਪੈਸਿਆਂ ਦਾ ਮੀਂਹ ਵਰ੍ਹਿਆ

ਨਵੀਂ ਫਿਲਮ Ḕਧੂਮ 3Ḕ ਹਰ ਪਾਸੇ ਧੁੰਮਾਂ ਪਾ ਰਹੀ ਹੈ। ਬਾਕਸ ਆਫਿਸ ਉਤੇ ਤਾਂ ਇਸ ਨੇ ਪੈਸਿਆਂ ਦਾ ਮੀਂਹ ਹੀ ਵਰ੍ਹਾ ਦਿੱਤਾ ਹੈ। ਭਾਰਤ ਵਿਚ 100 ਕਰੋੜ ਕਮਾਉਣ ਦਾ ਰਿਕਾਰਡ ਸਿਰਫ 3 ਦਿਨਾਂ ਵਿਚ ਬਣਾ ਦਿੱਤਾ। ਪਹਿਲੇ 6 ਦਿਨਾਂ ਵਿਚ ਇਸ ਨੇ ਸੰਸਾਰ ਭਰ ਵਿਚ 313 ਕਰੋੜ ਰੁਪਏ ਕਮਾ ਲਏ। ਕਮਾਈ ਦੇ ਮਾਮਲੇ ਵਿਚ ਇਹ ਸ਼ਾਹਰੁਖ ਖਾਨ ਦੀ ਫਿਲਮ Ḕਚੇਨਈ ਐਕਸਪ੍ਰੈਸḔ ਅਤੇ ਰਿਤਿਕ ਰੌਸ਼ਨ ਦੀ ਫਿਲਮ Ḕਕ੍ਰਿਸ਼ 3Ḕ ਨੂੰ ਵੀ ਬਹੁਤ ਪਿੱਛੇ ਛੱਡ ਗਈ ਹੈ। ਹੁਣ ਤਾਂ ਫਿਲਮ ਆਲੋਚਕਾਂ ਦਾ ਇਹ ਕਹਿਣਾ ਹੈ ਕਿ ਇਹ ਫਿਲਮ 500 ਕਰੋੜ ਰੁਪਏ ਕਮਾਉਣ ਦਾ ਰਿਕਾਰਡ ਟੀਚਾ ਵੀ ਪਾਰ ਕਰ ਲਵੇਗੀ।
ਇਸ ਫਿਲਮ ਨੇ ਇੰਨਾ ਧਮੱਚੜ ਪਾਇਆ ਹੈ ਕਿ ਨੇਪਾਲੀ ਡਿਸਟਰੀਬਿਊਟਰਾਂ ਨੂੰ ਨੇਪਾਲ ਵਿਚ ਨੇਪਾਲੀ ਫਿਲਮਾਂ ਦੀਆਂ ਤਾਰੀਖਾਂ ਬਦਲਣੀਆਂ ਪੈ ਗਈ ਹਨ। ਇਹੀ ਹਾਲ ਪਾਕਿਸਤਾਨ ਵਿਚ ਹੋਇਆ ਹੈ। ਉਥੇ ਇਸ ਫਿਲਮ ਨੇ ਪਹਿਲੇ ਦਿਨ 20 ਲੱਖ ਰੁਪਏ ਕਮਾ ਕੇ ਪਾਕਿਸਤਾਨੀ ਫਿਲਮ ḔਵਾਰḔ ਦਾ 11 ਲੱਖ ਰੁਪਏ ਕਮਾਉਣ ਵਾਲਾ ਰਿਕਾਰਡ ਤੋੜ ਦਿੱਤਾ ਹੈ।
ਇਹ ਫਿਲਮ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਹੈ। ਇਹ ਬੈਨਰ ਫਿਲਮਸਾਜ਼ ਯਸ਼ ਚੋਪੜਾ ਨੇ ਫਿਲਮ ḔਦਾਗḔ (1973) ਨਾਲ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਉਹ Ḕਧੂਲ ਕਾ ਫੂਲḔ (1959), ḔਧਰਮਪੁੱਤਰḔ (1961), ḔਵਕਤḔ (1965), Ḕਆਦਮੀ ਔਰ ਇਨਸਾਨḔ (1969) ਅਤੇ ḔਇਤਫਾਕḔ (1969) ਵਰਗੀਆਂ ਫਿਲਮਾਂ ਬਣਾ ਚੁੱਕੇ ਸਨ। ਉਸ ਦੀਆਂ ਫਿਲਮਾਂ ਦੀ ਮੁੱਖ ਪਛਾਣ, ਪਿਆਰ ਸੀ। ḔਦਾਗḔ ਫਿਲਮ ਨਾਲ ਉਹ ਪਹਿਲੀ ਵਾਰ ਨਿਰਮਾਤਾ ਤੋਂ ਨਿਰਦੇਸ਼ਕ ਬਣਿਆ। ḔਦਾਗḔ ਫਿਲਮ ਸੰਸਾਰ ਪ੍ਰਸਿੱਧ ਲੇਖਕ ਦੇ ਨਾਵਲ Ḕਮੇਅਰ ਆਫ ਕਾਸਟਰਬ੍ਰਿਜḔ ਉਤੇ ਆਧਾਰਤ ਸੀ। ਇਹ ਉਹ ਸਮਾਂ ਸੀ ਜਦੋਂ ਅਦਾਕਾਰ ਰਾਜੇਸ਼ ਖੰਨਾ ਸਫਲਤਾ ਦੀ ਟੀਸੀ ਉਤੇ ਸੀ। ਫਿਰ ਯਸ਼ ਚੋਪੜਾ ਨੇ ḔਦੀਵਾਰḔ, Ḕਕਭੀ ਕਭੀḔ, Ḕਤ੍ਰਿਸ਼ੂਲḔ, Ḕਕਾਲਾ ਪੱਥਰḔ, ḔਸਿਲਸਿਲਾḔ ਵਰਗੀਆਂ ਫਿਲਮਾਂ ਬਣਾਈਆਂ। ਉਸ ਦੀ ਆਖਰੀ ਫਿਲਮ Ḕਜਬ ਤਕ ਹੈ ਜਾਨḔ ਸੀ ਜੋ ਉਸ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ। ਹੁਣ ਉਸ ਦਾ ਪੁੱਤਰ ਅਦਿੱਤਿਆ ਚੋਪੜਾ ਵੀ ਯਸ਼ ਰਾਜ ਫਿਲਮਜ਼ ਬੈਨਰ ਹੇਠ ਫਿਲਮਾਂ ਬਣਾ ਰਿਹਾ ਹੈ।
Ḕਧੂਮ 3Ḕ ਇਸੇ ਕੜੀ ਵਿਚ ਬਣਾਈ ਗਈ ਹੈ। ਇਸ ਤੋਂ ਪਹਿਲਾਂ ḔਧੂਮḔ ਤੇ Ḕਧੂਮ 2Ḕ ਵੀ ਧੂਮ ਮਚਾ ਚੁੱਕੀਆਂ ਹਨ, ਪਰ Ḕਧੂਮ 3Ḕ ਨੇ ਹਿੰਦੀ ਫਿਲਮ ਇਤਿਹਾਸ ਦੇ ਕਈ ਰਿਕਾਰਡ ਤੋੜ ਸੁੱਟੇ ਹਨ।
ਇਸ ਫਿਲਮ ਨਾਲ ਅਦਾਕਾਰ ਆਮਿਰ ਖਾਨ ਦੀ ਫਿਰ ਤੂਤੀ ਬੋਲਣ ਲੱਗ ਪਈ ਹੈ। ਆਮਿਰ ਦੀ ਖਾਸੀਅਤ ਅਸਲ ਵਿਚ ਇਹ ਹੈ ਕਿ ਉਹ ਚੋਣਵੀਆਂ ਫਿਲਮਾਂ ਕਰਦਾ ਹੈ ਅਤੇ ਫਿਰ ਫਿਲਮ ਲਈ ਪੂਰੀ ਜਾਨ ਲਾ ਦਿੰਦਾ ਹੈ। ਇਸ ਤੋਂ ਪਹਿਲਾਂ ‘ਲਗਾਨ’ ਅਤੇ ‘3 ਇਡੀਅਟਸ’ ਅਤੇ ‘ਤਾਰੇ ਜ਼ਮੀਂ ਪਰ’ ਵਰਗੀਆਂ ਫਿਲਮਾਂ ਦੀ ਮਿਸਾਲ ਸਭ ਦੇ ਸਾਹਮਣੇ ਹੈ।

Be the first to comment

Leave a Reply

Your email address will not be published.