ਭਾਰਤ ਦੀ ਆਜ਼ਾਦੀ ਵਾਸਤੇ ਗ਼ਦਰ ਮਚਾਉਣ ਲਈ ਸਾਡੇ ਪੁਰਖਿਆਂ ਨੇ ਅੱਜ ਤੋਂ 99 ਸਾਲ ਪਹਿਲਾਂ ਹੱਲਾ ਮਾਰਿਆ ਸੀ। ਉਹ ਵਕਤ ਹੁਣ ਇਤਿਹਾਸ ਦੇ ਸਫੇ ਉਤੇ ਫਰੀਜ਼ ਹੋਇਆ ਪਿਆ ਹੈ ਪਰ ਉਸ ਵਕਤ ਇਨ੍ਹਾਂ ਗ਼ਦਰੀਆਂ ਨੇ ਜਾਗਦੇ ਨੈਣਾਂ ਨਾਲ ਜਿਹੜੇ ਸੁਪਨੇ ਦੇਖੇ ਸਨ, ਉਹ ਅੱਜ ਵੀ ਸਾਡੇ ਚੇਤਿਆਂ ਵਿਚ ਕੱਲ੍ਹ ਵਾਂਗ ਤੈਰ ਰਹੇ ਹਨ। ਗ਼ਦਰੀਆਂ ਦੇ ਇਨ੍ਹਾਂ ਸੁਪਨਿਆਂ ਬਾਰੇ ਬੜਾ ਕੁਝ ਲਿਖਿਆ ਗਿਆ ਹੈ ਅਤੇ ਅਗਾਂਹ ਵੀ ਲਿਖਿਆ ਜਾਵੇਗਾ ਪਰ ਇਨ੍ਹਾਂ ਪੁਰਖਿਆਂ ਨੇ ਆਪਣੀਆਂ ਜ਼ਿੰਦਗਾਨੀਆਂ ਦਾਅ ਉਤੇ ਲਾ ਕੇ ਜੋ ਇਤਿਹਾਸ ਰਚਿਆ ਹੈ, ਉਹ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। 99 ਸਾਲ ਪਿਛਾਂਹ ਪਰਤੀਏ ਤਾਂ ਪਤਾ ਲਗਦਾ ਹੈ ਕਿ ਗ਼ਦਰੀਆਂ ਦਾ ਇਹ ਹੱਲਾ ਕੋਈ ਸਾਧਾਰਨ ਨਹੀਂ ਸੀ। ਬਹੁਤੇ ਇਤਿਹਾਸਕਾਰ ਉਸ ਸਮੇਂ ਅਤੇ ਗ਼ਦਰੀਆਂ ਦੀ ਸਰਗਰਮੀ ਦਾ ਮੁਲੰਕਣ ਕਰਦਿਆਂ ਗ਼ਦਰ ਨੂੰ ਹੋਸ਼ ਨਾਲੋਂ ਵੱਧ ਜੋਸ਼ ਨਾਲ ਜੋੜ ਦਿੰਦੇ ਹਨ ਅਤੇ ਫਿਰ ਆਪੋ-ਆਪਣੇ ਨਿਰਣੇ ਸੁਣਾਉਣੇ ਅਰੰਭ ਦਿੰਦੇ ਹਨ। ਇਹ ਲੋਕ ਇਤਿਹਾਸ ਦਾ ਉਹ ਸਫਾ ਉਕਾ ਹੀ ਭੁਲਾ ਦਿੰਦੇ ਹਨ ਜਿਸ ਉਤੇ ਗ਼ਦਰੀਆਂ ਦੀ ਮੁਕੰਮਲ ਵਿਉਂਤਬੰਦੀ ਬਹੁਤ ਗੂੜ੍ਹੀ ਉਕਰੀ ਹੋਈ ਹੈ। ਗ਼ਦਰੀਆਂ ਦੀ ਆਜ਼ਾਦੀ ਦੀ ਵਿਉਂਤਬੰਦੀ ਕਸ਼ਮੀਰ ਦੀ ਆਜ਼ਾਦੀ ਨਾਲ ਸ਼ੁਰੂ ਹੁੰਦੀ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਲੰਮੇ ਘੋਲ ਰਾਹੀਂ ਕਸ਼ਮੀਰ ਨੂੰ 1925 ਤੱਕ ਆਜ਼ਾਦ ਕਰਵਾਉਣ ਦਾ ਟੀਚਾ ਮਿਥਿਆ ਸੀ। ਇਹ ਸਾਰੀਆਂ ਵਿਉਂਤਬੰਦੀਆਂ 1913-14 ਦੀਆਂ ਹਨ, ਪਰ ਉਸੇ ਸਮੇਂ ਦੋ ਅਹਿਮ ਮਸਲੇ ਅਚਾਨਕ ਸਾਹਮਣੇ ਆਏ। ਇਕ ਤਾਂ ਯੂਰਪ ਵਿਚ ਜੰਗ ਛਿੜ ਗਈ ਅਤੇ ਦੂਜੇ ਗ਼ਦਰੀਆਂ ਵੱਲੋਂ ਭਾਰਤ ਦੇ ਹਾਲਾਤ ਬਾਰੇ ਤਿਆਰ ਕਰਵਾਈਆਂ ਗਈਆਂ ਰਿਪੋਰਟਾਂ ਆ ਗਈਆਂ। ਇਹ ਉਹ ਦੋ ਅਹਿਮ ਨੁਕਤੇ ਸਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਗ਼ਦਰੀਆਂ ਨੇ ਆਪਣੀ ਵਿਉਂਤਬੰਦੀ ਵਿਚ ਮੂਲੋਂ ਤਬਦੀਲੀ ਕਰ ਦਿੱਤੀ ਅਤੇ ਗ਼ਦਰ ਮਚਾਉਣ ਦਾ ਹੋਕਾ ਦੇ ਦਿੱਤਾ। ਗ਼ਦਰੀਆਂ ਨੇ ਮਿਲ-ਬੈਠ ਕੇ ਇਹ ਸਿੱਟਾ ਕੱਢਿਆ ਕਿ ਜੰਗ ਵਿਚ ਫਸੇ ਅੰਗਰੇਜ਼ ਹੁਣ ਹੋਰ ਕਮਜ਼ੋਰ ਹੋਣਗੇ। ਇਸ ਕਮਜ਼ੋਰੀ ਦਾ ਲਾਹਾ ਲਿਆ ਜਾਣਾ ਚਾਹੀਦਾ ਹੈ। ਦੂਜੇ, ਭਾਰਤ ਦੇ ਸਿਆਸੀ ਹਾਲਾਤ ਦਾ ਜਾਇਜ਼ਾ ਲੈਣ ਲਈ ਗ਼ਦਰੀਆਂ ਨੇ ਜਿਹੜੇ ਵਫਦ ਭਾਰਤ ਭੇਜੇ ਸਨ, ਉਨ੍ਹਾਂ ਦੀਆਂ ਰਿਪੋਰਟਾਂ ਸਨ ਕਿ ਭਾਰਤੀ ਆਵਾਮ ਅੰਗਰੇਜ਼ ਖਿਲਾਫ ਹੱਲਾ ਬੋਲਣ ਲਈ ਤਿਆਰ-ਬਰ-ਤਿਆਰ ਹੈ। ਬੱਸ, ਇਕ ਹੋਕਰਾ ਮਾਰਨ ਦੀ ਹੀ ਲੋੜ ਹੈ। ਨਤੀਜੇ ਵਜੋਂ ਗ਼ਦਰੀਆਂ ਨੇ ਵਤਨ ਵੱਲ ਵਹੀਰਾਂ ਘੱਤ ਲਈਆਂ ਅਤੇ ਗ਼ਦਰ ਦੀ ਤਿਆਰੀ ਅਰੰਭ ਦਿੱਤੀ। ਇਨ੍ਹਾਂ ਗ਼ਦਰੀਆਂ ਨੇ ਅੰਗਰੇਜ਼ਾਂ ਦਾ ਤਖਤ ਕਿੰਨੀ ਬੁਰੀ ਤਰ੍ਹਾਂ ਹਿਲਾ ਦਿੱਤਾ ਸੀ, ਇਸ ਦੀ ਗਵਾਹੀ ਅੰਗਰੇਜ਼ਾਂ ਦੀਆਂ ਖੁਫੀਆਂ ਫਾਈਲਾਂ ਵਿਚ ਵੀ ਸਾਂਭੀ ਮਿਲਦੀ ਹੈ। 1857 ਵਿਚ ਉਠੇ ਆਪ-ਮੁਹਾਰੇ ਗ਼ਦਰ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਇੰਨੀ ਵੱਡੀ ਪੱਧਰ ‘ਤੇ ਗ਼ਦਰ ਵਿਉਂਤਿਆ ਗਿਆ ਸੀ।
ਇਹ ਸਨ, ਉਹ ਹਾਲਾਤ ਜਿਨ੍ਹਾਂ ਕਰ ਕੇ ਗ਼ਦਰੀਆਂ ਨੇ ਜੋਸ਼ ਨੂੰ ਪਹਿਲ ਦਿੱਤੀ। ਗ਼ਦਰੀਆਂ ਦੇ ਮੁਢਲੇ ਦਸਤਾਵੇਜ਼ ਇਨ੍ਹਾਂ ਗੱਲਾਂ ਦੇ ਗਵਾਹ ਹਨ ਕਿ ਉਨ੍ਹਾਂ ਅੰਗਰੇਜ਼ਾਂ ਦੀ ਹਰ ਕੋਝੀ ਚਾਲ ਪਛਾੜਨ ਲਈ ਪੂਰੀ ਘੇਰਾਬੰਦੀ ਕੀਤੀ। ਇਸ ਸਿਲਸਿਲੇ ਵਿਚ ਮਾਰਚ 1913 ਨੂੰ ਪਾਸ ਕੀਤੇ ਉਹ ਮਤੇ ਅਹਿਮ ਹਨ ਜਿਨ੍ਹਾਂ ਵਿਚ ਗ਼ਦਰ ਦਾ ਆਧਾਰ ਤਿਆਰ ਕੀਤਾ ਗਿਆ। ਇਸ ਵਿਚ ਇਕ ਮਤਾ ਧਰਮ ਨਾਲ ਸਬੰਧਤ ਵੀ ਸੀ। ਇਹ ਮਤਾ ਇਸੇ ਕਰ ਕੇ ਅਹਿਮ ਸੀ ਕਿ ਅੰਗਰੇਜ਼ ਸ਼ਾਸਕਾਂ ਨੇ ਆਪਣੀਆਂ ਫੁੱਟਪਾਊ ਨੀਤੀਆਂ ਤਹਿਤ ਧਰਮ ਨੂੰ ਆਪਣੇ ਹੀ ਹਿਸਾਬ ਨਾਲ ਖੂਬ ਵਰਤਿਆ ਸੀ। ਗ਼ਦਰੀਆਂ ਨੇ ਨੁਕਤਾ ਐਨ ਸਪਸ਼ਟ ਕਰ ਦਿੱਤਾ ਕਿ ਧਰਮ ਹਰ ਕਿਸੇ ਦਾ ਆਪਣਾ ਮਾਮਲਾ ਹੈ, ਇਹ ਗ਼ਦਰ ਦੇ ਰਾਹ ਵਿਚ ਰੋੜਾ ਕੱਤਈ ਨਹੀਂ ਬਣਨਾ ਚਾਹੀਦਾ। ਇਹ ਗ਼ਦਰੀ ਆਪਣੇ ਇਸ ਸਿਰੜੀ ਫੈਸਲੇ ਉਤੇ ਸਾਰੀ ਉਮਰ ਕਾਇਮ ਰਹੇ ਅਤੇ ਬਾਅਦ ਵਿਚ ਵੱਖ ਵੱਖ ਗ਼ਦਰੀਆਂ ਨੇ ਵੱਖ ਵੱਖ ਕਰਮ-ਖੇਤਰਾਂ ਵਿਚ ਆਪੋ-ਆਪਣਾ ਯੋਗਦਾਨ ਪਾਇਆ, ਪਰ ਧਰਮ ਦੇ ਮਾਮਲੇ ‘ਤੇ ਉਨ੍ਹਾਂ ਦਾ ਅਕੀਦਾ ਪਹਿਲੇ ਦਿਨ ਵਾਲਾ ਹੀ ਰਿਹਾ। ਅਸਲ ਵਿਚ ਗ਼ਦਰੀ ਜਿੰਨਾ ਸਮਾਂ ਵੀ ਜਿਉਂਦੇ ਰਹੇ, ਚੰਗੇਰੀ ਜ਼ਿੰਦਗੀ ਲਈ ਸਦਾ ਸੰਘਰਸ਼ ਵਿਚ ਰਹੇ। ਹਰ ਲਹਿਰ ਅਤੇ ਹਰ ਸਿਆਸੀ ਸਰਗਰਮੀ ਉਨ੍ਹਾਂ ਨਾਲ ਖਹਿ ਕੇ ਹੀ ਅਗਾਂਹ ਲੰਘ ਸਕੀ। ਉਨ੍ਹਾਂ ਦਾ ਧਰਮ ਸਿਰਫ ਸੰਘਰਸ਼ ਸੀ ਅਤੇ ਇਸ ਸੰਘਰਸ਼ ਤੋਂ ਉਹ ਰੱਤੀ ਭਰ ਵੀ ਲਾਂਭੇ ਨਾ ਹੋਏ; ਉਦੋਂ ਵੀ ਨਹੀਂ ਜਦੋਂ ਗ਼ਦਰ ਅਸਫਲ ਹੋ ਚੁੱਕਾ ਸੀ ਅਤੇ ਉਨ੍ਹਾਂ ਨੂੰ ਕਾਲੇ ਪਾਣੀਆਂ ਵਿਚ ਮੌਤ ਦੀ ਬੁੱਕਲ ਵਿਚ ਬਿਠਾ ਦਿੱਤਾ ਗਿਆ ਸੀ। ਇਹ ਗ਼ਦਰੀਆਂ ਦਾ ਸਿਰੜ ਹੀ ਸੀ ਕਿ ਉਹ ਉਥੇ ਅਤਿ ਦੇ ਔਖੇ ਹਾਲਾਤ ਵਿਚ ਵੀ ਕਾਇਮ ਰਹੇ ਅਤੇ ਵਾਪਸ ਵੀ ਆਏ। ਇਹੀ ਨਹੀਂ, ਜਦੋਂ ਅੰਗਰੇਜ਼ ਦੇਸ਼ ਛੱਡ ਕੇ ਗਏ ਅਤੇ ‘ਆਪਣਾ ਰਾਜ’ ਆਇਆ ਤਾਂ ਇਸ ਨੂੰ ‘ਨਕਲੀ ਆਜ਼ਾਦੀ’ ਆਖ ਕੇ ਨਵੇਂ ਸ਼ਾਸਕਾਂ ਖਿਲਾਫ ਵੀ ਡਟ ਗਏ। ਉਸ ਸਮੇਂ ਤੱਕ ਗ਼ਦਰੀ ਭਾਵੇਂ ਵੱਡੀ ਉਮਰ ਤੱਕ ਪਹੁੰਚ ਚੁੱਕੇ ਸਨ ਪਰ ਉਨ੍ਹਾਂ ਵਿਚ ਜੋਸ਼ ਉਹੀ ਨੌਜਵਾਨਾਂ ਵਾਲਾ ਸੀ। ਇਸ ਲਗਾਤਾਰ ਸੰਘਰਸ਼ ਕਰ ਕੇ ‘ਬਾਬਾ’ ਸ਼ਬਦ ਸਦਾ ਸਦਾ ਲਈ ਉਨ੍ਹਾਂ ਨਾਲ ਜੁੜ ਗਿਆ। ਉਹ ਗ਼ਦਰੀਆਂ ਤੋਂ ਸਿੱਧੇ ਗ਼ਦਰੀ ਬਾਬੇ ਹੋ ਗਏ। ਆਜ਼ਾਦੀ ਤੋਂ ਵੀਹ ਵਰ੍ਹਿਆਂ ਮਗਰੋਂ ਜਦੋਂ ਬੰਗਾਲ ਵਿਚ ਤੱਤੇ ਕਾਮਰੇਡਾਂ ਨੇ ਇਨਕਲਾਬ ਦਾ ਹੋਕਾ ਦਿੱਤਾ ਤਾਂ ਪੰਜਾਬ ਦੇ ਗ਼ਦਰੀ ਬਾਬੇ ਇਕ ਵਾਰ ਫਿਰ ਮੈਦਾਨ ਵਿਚ ਆਣ ਖਲੋਤੇ। ਇੱਦਾਂ ਦੀ ਮਿਸਾਲ ਇਤਿਹਾਸ ਵਿਚ ਬਹੁਤ ਘੱਟ ਮਿਲਦੀ ਹੈ। ਇਹ ਗ਼ਦਰੀ ਅਸਲ ਵਿਚ ਜਿਸ ਮਿੱਟੀ ਦੇ ਬਣੇ ਹੋਏ ਸਨ, ਇਹ ਉਸ ਮਿੱਟੀ ਦਾ ਹੀ ਕੋਈ ਜਲੌਅ ਹੈ। ਇਹੀ ਜਲੌਅ ਪੰਜਾਬ ਦੇ ਬਾਸ਼ਿੰਦਿਆਂ ਦੀ ਰਗ ਰਗ ਵਿਚ ਰਚਿਆ ਹੋਇਆ ਹੈ। ਇਸੇ ਕਰ ਕੇ ਜਦੋਂ ਵੀ ਕਦੀ ਭੀੜ ਪੈਂਦੀ ਹੈ ਅਤੇ ਸੰਘਰਸ਼ ਦਾ ਸੱਦਾ ਮਿਲਦਾ ਹੈ ਤਾਂ ਪੰਜਾਬੀ ਮਨੁੱਖ ਆਪਣੇ ਗ਼ਦਰੀ ਪੁਰਖਿਆਂ ਦੀ ਤਰਜ਼ ‘ਤੇ ਪਿੜ ਆਣ ਮੱਲਦਾ ਹੈ। ਗ਼ਦਰ ਦਾ ਇਹ ਸਿਲਸਿਲਾ ਅਜੇ ਤੱਕ ਮੁੱਕਿਆ ਨਹੀਂ ਹੈ। ਪੰਜਾਬੀ ਮਨੁੱਖ ਦੇ ਇਸ ਸਿਰੜ ਅਤੇ ਸਿਦਕ ਨੂੰ ਸਿਜ਼ਦਾ ਹੈ ਜਿਸ ਵਿਚ ਅਨੰਤ ਗ਼ਦਰ ਕਰਨ ਦੀ ਜਾਨ ਹੈ।
Leave a Reply