ਬਰਾਕ ਓਬਾਮਾ ਦੀ ਬੜ੍ਹਕ ਬਰਕਰਾਰ

ਵਾਸ਼ਿੰਗਟਨ: ਸੱਤਾਧਾਰੀ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਬਰਾਕ ਓਬਾਮਾ ਨੇ ਦੂਜੀ ਵਾਰ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਅਖਬਾਰ ਪ੍ਰੈਸ ‘ਚ ਜਾਣ ਸਮੇਂ ਮਿਲੇ ਨਤੀਜਿਆਂ ਅਨੁਸਾਰ ਉਨ੍ਹਾਂ ਨੂੰ 303 ਅਤੇ ਉਨ੍ਹਾਂ ਦੇ ਵਿਰੋਧੀ ਰਿਪਬਲਿਕਨ ਉਮੀਦਵਾਰ ਮਿੱਟ ਰੋਮਨੀ ਨੂੰ 203 ਸੀਟਾਂ ਮਿਲੀਆਂ। ਦੋਹਾਂ ਉਮੀਦਵਾਰਾਂ ਦਰਮਿਆਨ ਮੁਕਾਬਲਾ ਬੇਹੱਦ ਫਸਵਾਂ ਰਿਹਾ। ਜਿੱਤ ਲਈ ਕੁੱਲ 270 ਸੀਟਾਂ ਦੀ ਲੋੜ ਸੀ ਅਤੇ ਰੋਮਨੀ ਨੇ ਆਖਰੀ ਸਮੇਂ ਤੱਕ ਓਬਾਮਾ ਪੱਖੀਆਂ ਦੇ ਸਾਹ ਸੁਕਾਈ ਰੱਖੇ ਪਰ ਅਮਰੀਕੀ ਚੋਣਾਂ ਵਿਚ ਹਰ ਵਾਰ ਅਹਿਮ ਭੂਮਿਕਾ ਨਿਭਾਉਂਦੇ ਸੂਬੇ ਓਹਾਇਓ ਵਿਚ ਜਿੱਤ ਪਿੱਛੋਂ ਓਬਾਮਾ ਦੀ ਜਿੱਤ ਦਾ ਰਾਹ ਖੁੱਲ੍ਹ ਗਿਆ। ਓਹਾਇਓ ਤੋਂ ਇਲਾਵਾ ਨਿਊ ਹੈਂਪਸ਼ਾਇਰ, ਮਿਨੇਸੋਟਾ, ਮਿਸ਼ੀਗਨ, ਨਿਊ ਮੈਕਸੀਕੋ, ਆਇਓਆ, ਵਿਸਕਾਨਸਿਨ ਤੇ ਪੈਨਸਿਲਵੇਨੀਆ ਸੂਬਿਆਂ ਦੀ ਜਿੱਤ ਨੇ ਓਬਾਮਾ ਦੀ ਜਿੱਤ ਪੱਕੀ ਕਰ ਦਿੱਤੀ। ਰੋਮਨੀ ਨੂੰ 49æ0 ਫੀਸਦੀ ਅਤੇ ਓਬਾਮਾ ਨੂੰ 49æ5 ਫੀਸਦੀ ਵੋਟਾਂ ਹਾਸਲ ਹੋਈਆਂ ਪਰ ਓਬਾਮਾ ਇਲੈਕਟਰੋਲ ਪੋਲ ਦੇ ਹਿਸਾਬ ਨਾਲ ਜੇਤੂ ਰਹੇ।
ਤਕਰੀਬਨ 12 ਕਰੋੜ ਲੋਕਾਂ ਨੇ ਆਪਣਾ ਆਗੂ ਚੁਣਨ ਲਈ 6 ਨਵੰਬਰ ਨੂੰ ਵੋਟਾਂ ਪਾਈਆਂ। ਚੋਣ ਦੌਰਾਨ ਖਰਚਿਆਂ, ਕਰਾਂ, ਸਿਹਤ ਸੰਭਾਲ ਤੇ ਵਿਦੇਸ਼ ਨੀਤੀ ਤਹਿਤ ਚੀਨ ਦੇ ਉਭਾਰ ਤੇ ਈਰਾਨ ਦੇ ਪਰਮਾਣੂ ਇਰਾਦਿਆਂ ਬਾਰੇ ਮੁੱਦੇ ਭਾਰੂ ਰਹੇ। ਪਹਿਲੇ ਸਿਆਹਫਾਮ ਰਾਸ਼ਟਰਪਤੀ ਬਰਾਕ ਓਬਾਮਾ, 1996 ਵਿਚ ਬਿੱਲ ਕਲਿੰਟਨ ਤੋਂ ਮਗਰੋਂ ਪਹਿਲੇ ਡੈਮੋਕਰੇਟ ਆਗੂ ਹਨ ਜੋ ਦੂਜੀ ਵਾਰ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ।
ਨਾਂਹ-ਪੱਖੀ ਇਸ਼ਤਿਹਾਰਬਾਜ਼ੀ ਅਤੇ ਬੇਹਿਸਾਬੇ ਖਰਚਿਆਂ ਨਾਲ ਮਘੀ ਇਸ ਜੰਗ ਵਿਚ ਭਾਵੇਂ ਦੋਵੇਂ ਧਿਰਾਂ ਨੇ ਢਹਿ-ਢੇਰੀ ਹੁੰਦੀ ਜਾਂਦੀ ਆਰਥਿਕਤਾ ਨੂੰ ਠੁੰਮਣਾ ਦੇਣ ਤੇ ਲਗਾਤਾਰ ਵੱਡੇ ਪੱਧਰ ‘ਤੇ ਫੈਲੀ ਬੇਰੁਜ਼ਗਾਰੀ ਨੂੰ ਠੱਲ੍ਹਣ ‘ਤੇ ਧਿਆਨ ਕੇਂਦਰਤ ਕਰੀ ਰੱਖਿਆ ਪਰ ਐਤਕੀਂ ਬਹੁਤ ਵਾਰ ਇਹ ਲੜਾਈ ਨਿੱਜੀ ਦੂਸ਼ਣਬਾਜ਼ੀ ਵੀ ਬਣਦੀ ਰਹੀ। ਅਮਰੀਕਾ ਦੇ 50 ਸੂਬਿਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਪ੍ਰਤੀਨਿਧ ਸਦਨ ਦੀਆਂ ਕੁਲ 435 ਸੀਟਾਂ ਹਨ। ਇਸ ਚੋਣ ਦੇ ਜੇਤੂ 113ਵੀਂ ਅਮਰੀਕੀ ਕਾਂਗਰਸ ਵਿਚ ਸੇਵਾ ਨਿਭਾਉਣਗੇ। ਪ੍ਰਤੀਨਿਧ ਸਦਨ ਕਾਂਗਰਸ ‘ਚ ਸੀਟ ਹਾਸਲ ਕਰਨ ਲਈ 6 ਭਾਰਤੀ-ਅਮਰੀਕੀ ਵੀ ਜ਼ੋਰ-ਅਜ਼ਮਾਈ ਕਰ ਰਹੇ ਸਨ।
ਇਸੇ ਦੌਰਾਨ ਸ੍ਰੀ ਮਿੱਟ ਰੋਮਨੀ ਨੇ ਆਪਣੀ ਹਾਰ ਨੂੰ ਕਬੂਲਦਿਆਂ ਰਾਸ਼ਟਰਪਤੀ ਓਬਾਮਾ ਨੂੰ ਜਿੱਤ ਲਈ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਲੋਕਾਂ ਦੇ ਫਤਵੇ ਅੱਗੇ ਸਿਰ ਝੁਕਾਉਂਦੇ ਹਨ। ਬੌਸਟਨ ਵਿਚ ਰਿਪਬਲਿਕਨ ਪਾਰਟੀ ਦੇ ਨਿਰਾਸ਼ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਸ ਪ੍ਰਗਟਾਈ ਕਿ ਰਾਸ਼ਟਰਪਤੀ ਓਬਾਮਾ ਦੇਸ਼ ਨੂੰ ਮੌਜੂਦਾ ਆਰਥਿਕ ਸੰਕਟ ਵਿਚੋਂ ਕੱਢਣ ਵਿਚ ਕਾਮਯਾਬ ਹੋਣਗੇ। ਰਾਸ਼ਟਰਪਤੀ ਓਬਾਮਾ ਨੇ ਸ਼ਿਕਾਗੋ ਡਾਊਨ ਟਾਊਨ ਵਿਚ ਮੈਕੌਰਮਿਕ ਪਲੇਸ ਵਿਚ ਜਲਸੇ ਨੂੰ ਸੰਬੋਧਨ ਕਰਨਾ ਸੀ ਅਤੇ ਅਖਬਾਰ ਪ੍ਰੈਸ ਜਾਣ ਸਮੇਂ ਤੱਕ ਉਨ੍ਹਾਂ ਦੇ ਹਮਾਇਤੀ ਵੱਡੀ ਗਿਣਤੀ ਵਿਚ ਪੂਰੇ ਜੋਸ਼ ਅਤੇ ਪੂਰੀ ਬੇਸਬਰੀ ਨਾਲ ਉਨ੍ਹਾਂ ਦੀ ਉਡੀਕ ਕਰ ਰਹੇ ਸਨ।

Be the first to comment

Leave a Reply

Your email address will not be published.