ਕਾਂਗਰਸ ਨੇ ਖੇਤਰੀ ਪਾਰਟੀਆਂ ਵੱਲ ਹੱਥ ਵਧਾਇਆ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ। ਕਾਂਗਰਸ ਨੇ ਆਪਣੀ ਡੁੱਬਦੀ ਬੇੜੀ ਨੂੰ ਪਾਰ ਲਾਉਣ ਲਈ ‘ਚੰਗੇ ਮਲਾਹ’ ਲੱਭਣੇ ਸ਼ੁਰੂ ਕਰ ਦਿੱਤੇ ਹਨ। ਤੀਜੀ ਵਾਰ ਸੱਤਾ ‘ਤੇ ਕਾਬਜ਼ ਹੋਣ ਲਈ ਕਾਂਗਰਸ ਨੇ ਖੇਤਰੀ ਪਾਰਟੀਆਂ ਨਾਲ ਹੱਥ ਮਿਲਾਉਣ ਦੀ ਤਿਆਰੀ ਕਰ ਲਈ ਹੈ। ਕਾਂਗਰਸ ਉਸ ਹਰ ਪਾਰਟੀ ਨੂੰ ਨੇੜੇ ਲਾਉਣ ਲਈ ਜ਼ੋਰ ਲਾ ਰਹੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੀਆਂ ਵੋਟਾਂ ਨੂੰ ਸੰਨ੍ਹ ਲਾਉਣ ਦੀ ਹੈਸੀਅਤ ਰੱਖਦੀ ਹੋਵੇ, ਜਾਂ ਖਾਸ ਖਿੱਤੇ ਵਿਚ ਉਸ ਦਾ ਆਪਣਾ ਚੰਗਾ ਰਸੂਖ ਹੋਵੇ।
ਕਾਂਗਰਸ ਨੇ ਹੁਣ ਹਾਰ ਦੇ ਮਾਤਮ ‘ਚੋਂ ਉਭਰਦਿਆਂ ਆਉਂਦੀਆਂ ਲੋਕ ਸਭਾ ਚੋਣਾਂ ਲਈ ਜ਼ੋਰ-ਸ਼ੋਰ ਨਾਲ ਤਿਆਰੀ ਵਿੱਢ ਦਿੱਤੀ ਹੈ। ਸੰਸਦ ਵਿਚ ਲੋਕਪਾਲ ਬਿੱਲ ਪਾਸ ਕਰਵਾ ਕੇ ਕਾਂਗਰਸ ਨੇ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰੀ ਤੰਤਰ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਵੀ ਸਰਕਾਰ ਸਰਗਰਮ ਹੋ ਗਈ ਹੈ। ਕਾਂਗਰਸ ਜਿੱਥੇ ਡਾæ ਮਨਮੋਹਨ ਸਿੰਘ ਦੀ ਥਾਂ ਰਾਹੁਲ ਗਾਂਧੀ ਜਾਂ ਕਿਸੇ ਹੋਰ ਆਗੂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਉਭਾਰਨ ਦੀ ਤਿਆਰੀ ਕਰ ਰਹੀ ਹੈ, ਉਥੇ ਹੋਰ ਖੇਤਰੀ ਪਾਰਟੀਆਂ ਨੂੰ ਭਾਈਵਾਲ ਬਣਾਉਣ ਲਈ ਜ਼ੋਰ ਲਾ ਰਹੀ ਹੈ। ਇਸ ਬਾਰੇ ਦਿੱਲੀ ਵਿਚ ਮੀਟਿੰਗਾਂ ਦੀ ਕਵਾਇਦ ਜਾਰੀ ਹੈ। ਪਿਛਲੇ ਦਿਨੀਂ ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਨੇ ਵੀ ਸੰਕੇਤ ਦਿੱਤਾ ਕਿ ਬਿਹਾਰ ਵਿਚ ਕਾਂਗਰਸ ਨਾਲ ਮਿਲ ਕੇ ਚੋਣਾਂ ਲੜੀਆਂ ਜਾ ਸਕਦੀਆਂ ਹਨ।
ਪੰਜਾਬ ਵਿਚ ਵੀ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਸਾਂਝੇ ਮੋਰਚੇ ਨਾਲ ਗੱਠਜੋੜ ਕਰਨ ਦਾ ਮਨ ਬਣਾ ਲਿਆ ਹੈ ਤੇ ਹਾਈ ਕਮਾਂਡ ਵੱਲੋਂ ਇਸ ‘ਤੇ ਹੁਣ ਅੰਤਿਮ ਮੋਹਰ ਲਾਉਣੀ ਹੀ ਬਾਕੀ ਹੈ। ਸਾਂਝੇ ਮੋਰਚ ਵਿਚ ਪੀæਪੀæਪੀæ, ਸੀæਪੀæਆਈæ, ਸੀæਪੀæਐਮæ ਅਤੇ ਅਕਾਲੀ ਦਲ (ਲੌਂਗੋਵਾਲ) ਸ਼ਾਮਲ ਹਨ। ਪੰਜਾਬ ਕਾਂਗਰਸ ਵੇਲਾ ਹੱਥੋਂ ਜਾਂਦਾ ਵੇਖ ਉਮੀਦਵਾਰਾਂ ਦੇ ਨਾਂਵਾਂ ਬਾਰੇ ਵੀ ਜਲਦ ਫੈਸਲਾ ਕਰਨ ਲਈ ਜੁਟ ਗਈ ਹੈ। ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ 26 ਦੇ ਕਰੀਬ ਉਮੀਦਵਾਰਾਂ ਦੇ ਨਾਂਵਾਂ ਦੀ ਤਜਵੀਜ਼ ਹਾਈ ਕਮਾਂਡ ਅੱਗੇ ਪੇਸ਼ ਕੀਤੀ ਗਈ ਹੈ। ਹਾਈ ਕਮਾਂਡ ਵੱਲੋਂ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਜਨਵਰੀ ਤੱਕ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਨੇ ਦਿੱਲੀ ਦੀ ਇਕ ਪ੍ਰਾਈਵੇਟ ਏਜੰਸੀ ਰਾਹੀਂ ਲੋਕ ਸਭਾ ਲਈ ਯੋਗ ਉਮੀਦਵਾਰਾਂ ਦੀ ਨਿਸ਼ਾਨਦੇਹੀ ਕਰਨ ਲਈ ਸਰਵੇਖਣ ਕਰਵਾਇਆ ਹੈ। ਉਮੀਦਵਾਰਾਂ ਦੇ ਨਾਂਵਾਂ ਦੀ ਸਿਫਾਰਸ਼ ਕਰਨ ਵੇਲੇ ਇਸ ਸਰਵੇਖਣ ਰਿਪੋਰਟ ਨੂੰ ਵੀ ਆਧਾਰ ਬਣਾਇਆ ਗਿਆ ਹੈ। ਪੰਜਾਬ ਦੀ ਮੁੱਖ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰ ਕੇ ਲੋਕ ਸਭਾ ਦੀ ਹਰ ਸੀਟ ਲਈ ਘੱਟੋ ਘੱਟ ਦੋ-ਦੋ ਉਮੀਦਵਾਰਾਂ ਦੇ ਨਾਮ ਪੇਸ਼ ਕੀਤੇ ਗਏ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਜੋ ਖ਼ੁਦ ਵੀ ਲੋਕ ਸਭਾ ਦੀ ਚੋਣ ਲੜਨ ਦੇ ਚਾਹਵਾਨ ਹਨ, ਦਾ ਕਹਿਣਾ ਹੈ ਕਿ ਹੋਰ ਪਾਰਟੀਆਂ ਨਾਲ ਗੱਠਜੋੜ ਲਈ ਤਾਲਮੇਲ ਕਰਨ ਵਾਲੇ ਸੈਲ ਦੇ ਮੁਖੀ ਏæਕੇæ ਐਂਟਨੀ, ਗੱਠਜੋੜ ਕਰਨ ਬਾਰੇ ਰਿਪੋਰਟ ਪੇਸ਼ ਕਰ ਰਹੇ ਹਨ। ਕੋਸ਼ਿਸ਼ ਹੈ ਕਿ ਸਰਕਾਰ ਵਿਰੋਧੀ ਵੋਟਾਂ ਖਿੰਡਣ ਨਾ ਅਤੇ ਅਕਾਲੀ-ਭਾਜਪਾ ਗੱਠਜੋੜ ਇਸ ਤੋਂ ਮੁੜ ਲਾਭ ਨਾ ਉਠਾ ਸਕੇ।
ਉਧਰ, ਪੀਪਲਜ਼ ਪਾਰਟੀ ਆਫ਼ ਪੰਜਾਬ ਅਤੇ ਆਮ ਆਦਮੀ ਪਾਰਟੀ ਵਿਚ ਸਮਝੌਤੇ ਦੀ ਗਲ ਵੀ ਨੇੜੇ ਲੱਗ ਗਈ ਹੈ। ਪੀæਪੀæਪੀæ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅਤੇ ‘ਆਪ’ ਦੇ ਨੇਤਾਵਾਂ ਯੋਗਿੰਦਰ ਯਾਦਵ ਤੇ ਸੰਜੈ ਸਿੰਘ ਦਰਮਿਆਨ ਪਹਿਲੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਪਲੇਠੀ ਮੀਟਿੰਗ ਵਿਚ ਯੋਗਿੰਦਰ ਯਾਦਵ ਤੇ ਸੰਜੈ ਸਿੰਘ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ‘ਆਪ’ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਇਸ ‘ਤੇ ਸਹਿਮਤੀ ਨਹੀਂ ਬਣ ਸਕੀ ਸੀ। ਉਦੋਂ ਪੀæਪੀæਪੀæ ਨੇ ‘ਆਪ’ ਨਾਲ ਰਲ ਕੇ ਚੱਲਣ ਦੀ ਇੱਛਾ ਜ਼ਾਹਰ ਕੀਤੀ ਸੀ।
ਗੌਰਤਲਬ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਅੱਡ ਹੋ ਕੇ ਪੀæਪੀæਪੀæ ਦਾ ਗਠਨ ਕੀਤਾ ਸੀ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀæਪੀæਆਈæ, ਸੀæਪੀæਐਮæ ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨਾਲ ਸਮਝੌਤਾ ਕਰ ਕੇ ਸਾਂਝਾ ਮੋਰਚਾ ਕਾਇਮ ਕਰ ਲਿਆ ਸੀ। ਸਾਂਝਾ ਮੋਰਚਾ ਚੋਣਾਂ ਵਿਚ ਚਾਹੇ ਖ਼ਾਤਾ ਨਹੀਂ ਖੋਲ੍ਹ ਸਕਿਆ ਸੀ ਪਰ ਇਹ ਪੰਜ ਫ਼ੀਸਦ ਤੋਂ ਵੱਧ ਵੋਟਾਂ ਲੈਣ ਵਿਚ ਸਫ਼ਲ ਜ਼ਰੂਰ ਰਿਹਾ ਸੀ। ਇਸ ਤੋਂ ਬਾਅਦ ਪੰਚਾਇਤੀ ਰਾਜ ਚੋਣਾਂ ਵਿਚ ਪਾਰਟੀ ਦੇ ਕੁਝ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।

Be the first to comment

Leave a Reply

Your email address will not be published.