ਦਿੱਲੀ ਦਾ ਤਖਤ ਸਾਂਭੇਗੀ ਆਮ ਆਦਮੀ ਪਾਰਟੀ

ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਦਿੱਲੀ ਦੀ ਕਮਾਨ ਹੁਣ ‘ਆਪ’ ਦੇ ਹੱਥ ਹੋਵੇਗੀ। ਆਮ ਆਦਮੀ ਪਾਰਟੀ (ਆਪ) ਨੇ ਸਿਰਫ ਇਕ ਸਾਲ ਦੇ ਸਿਆਸੀ ਸਫਰ ਵਿਚ ਹੀ ਦਿੱਲੀ ਫਤਿਹ ਕਰ ਕੇ ਭਾਰਤ ਦਾ ਸਿਆਸਤ ਵਿਚ ਨਵਾਂ ਇਤਿਹਾਸ ਸਿਰਜਿਆ ਹੈ। ਦੇਸ਼ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਦਾ ਨਾਅਰਾ ਲੈ ਕੇ ਸਿਆਸਤ ਦੇ ਬਿਖੜੇ ਪੈਂਡੇ ‘ਤੇ ਤੁਰੇ ਆਪ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਵੀ ਸ਼ਾਇਦ ਇਹ ਯਕੀਨ ਨਹੀਂ ਸੀ ਕਿ ਜਨਤਾ ਇਸ ਤਰ੍ਹਾਂ ਉਸ ਦਾ ਖੁੱਲ੍ਹ ਕੇ ਸਾਥ ਦੇਵੇਗੀ।
ਦਿੱਲੀ ਦੀ ਜਨਤਾ ਨੇ ਸੱਤਾ ‘ਤੇ ਪਿਛਲੇ 15 ਸਾਲ ਤੋਂ ਕਾਬਜ਼ ਕਾਂਗਰਸ ਨੂੰ ਤਾਂ ਧੋਬੀ ਪਟਕਾ ਮਾਰਿਆ ਹੀ ਹੈ ਪਰ ਨਾਲ ਹੀ ਭਾਜਪਾ ਨੂੰ ਵੀ ਦੱਸ ਦਿੱਤਾ ਕਿ ਸਿਰਫ ਲਾਰਿਆਂ ਜਾਂ ਵਾਅਦਿਆਂ ਨਾਲ ਕੰਮ ਨਹੀਂ ਸਰਨਾ, ਸਗੋਂ ਕੁਝ ਕਰ ਕੇ ਵਿਖਾਉਣ ਦੀ ਲੋੜ ਹੈ। ਚਾਰ ਦਸੰਬਰ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ 70 ਵਿਚੋਂ 28 ਸੀਟਾਂ ਮਿਲੀਆਂ ਜਦੋਂਕਿ ਕਾਂਗਰਸ ਦੇ ਪੱਲੇ ਸਿਰਫ ਅੱਠ ਸੀਟਾਂ ਹੀ ਪਈਆਂ। ਦੇਸ਼ ਦੀ ਮੁੱਖ ਵਿਰੋਧੀ ਧਿਰ ਭਾਜਪਾ ਚੋਣਾਂ ਵਿਚ 32 ਸੀਟਾਂ ਤਾਂ ਲੈ ਗਈ ਪਰ ਸਰਕਾਰ ਬਣਾਉਣ ਦਾ ਸੁਫਨਾ ਪੂਰਾ ਨਾ ਹੋ ਸਕਿਆ।
ਭਾਜਪਾ ਵੱਲੋਂ ਸਰਕਾਰ ਬਣਾਉਣ ਤੋਂ ਇਨਕਾਰ ਕਰਨ ‘ਤੇ ਦਿੱਲੀ ਵਿਚ ਸਿਆਸੀ ਰੇੜਕਾ ਪੈਦਾ ਹੋ ਗਿਆ ਸੀ। ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਤੋਂ ਬਾਅਦ ਕਾਂਗਰਸ ਦੀ ਹਮਾਇਤ ਨਾਲ ‘ਆਪ’ ਸਰਕਾਰ ਬਣਾਉਣ ਲਈ ਰਾਜ਼ੀ ਹੋ ਗਈ। ਇਸ ਨੇ ਕਾਂਗਰਸ ਦੀ ਹਮਾਇਤ ਲੈਣ ਲਈ ਵੀ ਕਈ ਸ਼ਰਤਾਂ ਰੱਖੀਆਂ ਤੇ ਕਾਂਗਰਸ ਦੀ ਹਾਮੀ ਤੋਂ ਬਾਅਦ ਸਰਕਾਰ ਬਣਾਉਣ ਦਾ ਰਾਹ ਚੁਣਿਆ। ਇਸ ਤੋਂ ਇਲਾਵਾ ਵੋਟਾਂ ਤੋਂ ਬਾਅਦ ਵੀ ਆਪ ਨੇ ਸਰਕਾਰ ਬਣਾਉਣ ਲਈ ਲੋਕਾਂ ਦੀ ਰਾਏ ਲਈ ਤੇ ਬਹੁਮਤ ਨੇ ਸਰਕਾਰ ਬਣਾਉਣ ਦੇ ਵਿਚਾਰ ‘ਤੇ ਮੋਹਰ ਲਾਈ।
ਅਸਲ ਵਿਚ ਦਿੱਲੀ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਦਾ ਕਦੀ ਅਹਿਸਾਸ ਹੀ ਨਹੀਂ ਹੋਇਆ ਕਿ ਆਮਦਨ ਕਰ ਵਿਭਾਗ ਵਿਚ ਇਕ ਅਧਿਕਾਰੀ ਵਜੋਂ ਆਪਣੀ ਡਿਊਟੀ ਕਰਨ ਵਾਲਾ ਕੋਈ ਬੰਦਾ ਆਪਣੀ ਕਾਬਲੀਅਤ ਸਦਕਾ ਦਿੱਲੀ ਦੇ ਸਭ ਤੋਂ ਤਾਕਤਵਰ ਮੁੱਖ ਮੰਤਰੀ ਦੇ ਅਹੁਦੇ ਤਕ ਪੁੱਜ ਜਾਵੇਗਾ। ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਸ਼ਹਿਰ ਸੀਵਾਨੀ ਮੰਡੀ ਵਿਚ 16 ਜੂਨ, 1968 ਨੂੰ ਜਨਮੇ ਅਰਵਿੰਦ ਕੇਜਰੀਵਾਲ ਨੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਹਿਸਾਰ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 1989 ਆਈæਆਈæਟੀæ ਖੜਗਪੁਰ ਤੋਂ ਇੰਜੀਨੀਅਰਿੰਗ ਕੀਤੀ ਤੇ 1995 ਵਿਚ ਉਹ ਇੰਡੀਅਨ ਰੈਵਨਿਊ ਸਰਵਿਸ ਲਈ ਚੁਣੇ ਗਏ। ਸਿੱਖਲਾਈ ਤੋਂ ਬਾਅਦ ਦਿੱਲੀ ਆਮਦਨ ਕਰ ਵਿਭਾਗ ਵਿਚ ਸਹਾਇਕ ਕਮਿਸ਼ਨਰ ਬਣੇ। ਇਥੇ ਵੀ ਆਪਣੇ ਲਈ ਉਨ੍ਹਾਂ ਨੇ ਖੁਦ ਨਿਯਮ ਬਣਾਏ। ਉਹ ਨਿਯਮ ਸੀ ਆਪਣੇ ਮੇਜ਼ ਨੂੰ ਖੁਦ ਸਾਫ ਕਰਨਾ, ਕੂੜੇਦਾਨ ਵਿਚੋਂ ਗੰਦਗੀ ਖੁਦ ਚੁੱਕਣੀ, ਕਿਸੇ ਕੰਮ ਲਈ ਚਪੜਾਸੀ ਦੀ ਸੇਵਾ ਨਾ ਲੈਣਾ। ਆਮਦਨ ਕਰ ਵਿਭਾਗ ਵਿਚ ਨੌਕਰੀ ਕਰਦੇ ਹੋਏ ਹੀ ਕੇਜਰੀਵਾਲ ਨੇ ਵਿਭਾਗ ਵਿਚ ਭ੍ਰਿਸ਼ਟਾਚਾਰ ਘੱਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ।
2000 ਵਿਚ ਕੇਜਰੀਵਾਲ ਨੇ ‘ਪਰਿਵਰਤਨ’ ਨਾਂ ਦੀ ਸੰਸਥਾ ਦੀ ਸ਼ੁਰੂਆਤ ਕੀਤੀ। ਇਸ ਦੇ ਲਈ ਛਪਵਾਏ ਗਏ ਪੋਸਟਰਾਂ ‘ਤੇ ਲਿਖਿਆ ਜਾਂਦਾ ਸੀ-ਰਿਸ਼ਵਤ ਨਾ ਦੇਵੋ, ਕੰਮ ਨਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ। ‘ਪਰਿਵਰਤਨ’ ਰਾਹੀਂ ਹੀ ਦੇਸ਼ ਭਰ ਵਿਚ ਉਨ੍ਹਾਂ ਸੂਚਨਾ ਦਾ ਅਧਿਕਾਰ (ਆਰæਟੀæਆਈæ) ਮੁਹਿੰਮ ਚਲਾਈ। ਇਹ ਬਿੱਲ ਬੇਸ਼ਕ ਕੇਂਦਰ ਸਰਕਾਰ ਨੇ ਪਾਸ ਕੀਤਾ ਪਰ ਜਨਤਾ ਵਿਚ ਜਾ ਕੇ ਉਨ੍ਹਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਸੰਸਥਾ ‘ਪਰਿਵਰਤਨ’ ਨੇ ਨਿਭਾਈ।
ਅਰਵਿੰਦ ਕੇਜਰੀਵਾਲ ਨੂੰ ਸੂਚਨਾ ਦਾ ਅਧਿਕਾਰ ‘ਤੇ ਕੰਮ ਲਈ ਏਸ਼ੀਆ ਦਾ ਨੋਬਲ ਪੁਰਸਕਾਰ ਕਿਹਾ ਜਾਣ ਵਾਲਾ ਮੈਗਸਾਸੇ ਪੁਰਸਕਾਰ ਮਿਲਿਆ। ‘ਪਰਿਵਰਤਨ’ ਦਾ ਅਗਲਾ ਨਿਸ਼ਾਨਾ ਸੀ ਜਨ ਲੋਕਪਾਲ। ਇਹ ਸਿਲਸਿਲਾ ਵਧਦਾ ਗਿਆ ਤੇ ਕੇਜਰੀਵਾਲ ਨੇ ਫਰਵਰੀ 2006 ਵਿਚ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਪੂਰੇ ਸਮੇਂ ਦੇ ਲਈ ਸਿਰਫ ‘ਪਰਿਵਰਤਨ’ ਵਿਚ ਹੀ ਕੰਮ ਕਰਨ ਲੱਗੇ। ਇਸ ਤੋਂ ਬਾਅਦ ਅੰਨਾ ਹਜ਼ਾਰੇ ਤੇ ਹੋਰਨਾਂ ਨਾਲ ਰਲ ਕੇ ਦੇਸ਼ ਵਿਚ ਸ਼ੁਰੂ ਹੋਇਆ ਭ੍ਰਿਸ਼ਟਾਚਾਰ ਖਿਲਾਫ ਸਭ ਤੋਂ ਵੱਡਾ ਅੰਦੋਲਨ।
ਇਸ ਅੰਦੋਲਨ ਨੂੰ ਜਨ ਸਮਰਥਨ ਤਾਂ ਪੂਰਾ ਮਿਲਿਆ ਪਰ ਜਨ ਲੋਕਪਾਲ ਬਿੱਲ ਨਹੀਂ ਬਣ ਸਕਿਆ। ਇਥੋਂ ਹੀ ਅਰਵਿੰਦ ਕੇਜਰੀਵਾਲ ਨੇ ਸਿਆਸਤ ਵਿਚ ਆਉਣ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਅੰਨਾ ਹਜ਼ਾਰੇ ਤੇ ਕੇਜਰੀਵਾਲ ਦੇ ਰਸਤੇ ਵੱਖੋ-ਵੱਖਰੇ ਹੋ ਗਏ। ਉਂਜ ਅਰਵਿੰਦ ਕੇਜਰੀਵਾਲ ਅੰਨਾ ਹਜ਼ਾਰੇ ਤੋਂ ਬਿਨਾਂ ਵੀ ਅੱਗੇ ਵਧਦੇ ਗਏ। 26 ਨਵੰਬਰ 2012 ਤੋਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਹੋਂਦ ਵਿਚ ਆਈ ਤੇ ਮਹਿਜ਼ ਇਕ ਵਰ੍ਹੇ ਪਹਿਲਾਂ ਹੀ ਪੈਦਾ ਹੋਈ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਕਾਬਜ਼ ਕਾਂਗਰਸ ਤੇ ਭਾਜਪਾ ਨੂੰ ਸਖਤ ਟੱਕਰ ਦਿੰਦਿਆਂ 28 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕੇਜਰੀਵਾਲ ਨੇ ਜ਼ੈਡ ਸੁਰੱਖਿਆ ਲੈਣ ਤੋਂ ਦਿੱਲੀ ਪੁਲੀਸ ਨੂੰ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ ਤੇ ਪਰਮਾਤਮਾ ਉਸ ਦਾ ਰਖਵਾਲਾ ਹੈ।

Be the first to comment

Leave a Reply

Your email address will not be published.