ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀæਜੀæਪੀæ (ਜੇਲ੍ਹਾਂ) ਸ਼ਸ਼ੀ ਕਾਂਤ ਨੇ ਨਸ਼ਾ ਤਸਕਰੀ ਵਿਚ ਦੇ ਕੇਸ ਵਿਚ ਗ੍ਰਿਫਤਾਰ ਜਗਦੀਸ਼ ਭੋਲਾ ਵੱਲੋਂ ਸੂਬੇ ਦੇ ਤਿੰਨ ਮੰਤਰੀਆਂ ਦੀ ਕੌਮਾਂਤਰੀ ਨਸ਼ਾ ਕਾਰੋਬਾਰ ‘ਚ ਸਰਗਰਮ ਸ਼ਮੂਲੀਅਤ ਵਾਲੇ ਦਾਅਵੇ ਨੂੰ ਸਹੀ ਦੱਸਦਿਆਂ ਖੁਦ ਨੂੰ ਵੀ ਇਨ੍ਹਾਂ ਨਾਵਾਂ ਦੀ ਪੁਖ਼ਤਾ ਜਾਣਕਾਰੀ ਹੋਣ ਦੀ ਗੱਲ ਕਹੀ ਹੈ। ਅਕਾਲੀ-ਭਾਜਪਾ ਗਠਜੋੜ ਦੇ ਹੀ ਪਿਛਲੇ ਕਾਰਜਕਾਲ ਸਮੇਂ ਰਾਜ ਦੇ ਏæਡੀæਜੀæਪੀæ (ਇੰਟੈਲੀਜੈਂਸ) ਰਹਿ ਚੁੱਕੇ ਸ਼ਸ਼ੀ ਕਾਂਤ ਵੱਲੋਂ ਇਹ ਕੇਸ ਅਦਾਲਤੀ ਚਾਰਾਜੋਈ ਅਧੀਨ ਹੋਣ ਨਾਤੇ ਇਨ੍ਹਾਂ ਮੰਤਰੀਆਂ ਸਣੇ ਅੱਧੀ ਦਰਜਨ ਦੇ ਕਰੀਬ ਮੌਜੂਦਾ ਤੇ ਸਾਬਕਾ ਵਿਧਾਇਕਾਂ ਦੇ ਨਾਂ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲ ਹਲਫ਼ਨਾਮੇ ਰਾਹੀਂ ਦੱਸਣ ਦੀ ਗੱਲ ਕਹੀ ਗਈ ਹੈ।
ਉਨ੍ਹਾਂ ਸਪਸ਼ਟ ਕੀਤਾ ਹੈ ਕਿ ਸੂਬੇ ਅੰਦਰ ਨਸ਼ਿਆਂ ਦਾ ਰੈਕਟ ਚਲਾ ਰਹੇ ਇਹ ਤਿੰਨੇ ਮੰਤਰੀ ਅਤੇ ਬਾਕੀ ਦੇ ਸਿਆਸਤਦਾਨ ਮਾਝਾ ਤੇ ਦੋਆਬਾ ਖੇਤਰ ਦੇ ਹਨ ਅਤੇ ਇਨ੍ਹਾਂ ‘ਚੋਂ ਇੱਕ ਨੂੰ ਜਲੰਧਰ ਦੇ ਆਲੇ-ਦੁਆਲੇ ‘ਡੋਡਿਆਂ ਵਾਲੇ ਬਾਬੇ’ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਨੂੰ ਵੀ ਇਨ੍ਹਾਂ ਨਾਵਾਂ ਦੀ ਪੂਰੀ ਜਾਣਕਾਰੀ ਹੈ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਸੀਲਬੰਦ ਰਿਪੋਰਟ ਵਿਚ ਸਬੂਤਾਂ ਅਤੇ ਹਵਾਲਿਆਂ ਸਣੇ ਇਨ੍ਹਾਂ ਦਾ ਪੂਰਾ ਕੱਚਾ ਚਿੱਠਾ ਦਰਜ ਕੀਤਾ ਹੈ। ਉਪ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਖ਼ੁਫ਼ੀਆ ਵਿਭਾਗ ਤੋਂ ਉਨ੍ਹਾਂ ਦੇ ਕਾਰਜਕਾਲ ਸਮੇਂ ਅਜਿਹੀਆਂ ਹੋਰ ਵੀ ਰਿਪੋਰਟਾਂ ਲਈਆਂ ਗਈਆਂ ਸਨ। ਉਨ੍ਹਾਂ ਇਸ ਧੰਦੇ ਵਿਚ ਇਕੱਲੇ ਇਨ੍ਹਾਂ ਸਿਆਸਤਦਾਨਾਂ ਦੇ ਹੀ ਨਹੀਂ, ਬਲਕਿ ਕਈ ਉੱਚ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਹੋਣ ਦਾ ਦਾਅਵਾ ਵੀ ਕੀਤਾ ਹੈ।
ਇਸੇ ਦੌਰਾਨ ਪੰਜਾਬ ਪੁਲਿਸ ਵੱਲੋਂ 11 ਨਵੰਬਰ ਨੂੰ ਗ੍ਰਿਫ਼ਤਾਰ ਕੀਤੇ ਗਏ ਜਗਦੀਸ਼ ਭੋਲਾ ਵੱਲੋਂ ਪੰਜਾਬ ਪੁਲਿਸ ਦੀ ਜਾਂਚ ਨੂੰ ਸਿਆਸਤਦਾਨਾਂ ਦੇ ਦਬਾਅ ਹੇਠ ਦੱਸਦਿਆਂ ਇਸ ਮਾਮਲੇ ਦੀ ਜਾਂਚ ਸੀæਬੀæਆਈæ ਨੂੰ ਸੌਂਪਣ ਦੀ ਮੰਗ ਹਿੱਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ। ਭੋਲਾ ਦੇ ਵਕੀਲ ਨੇ ਦੱਸਿਆ ਕਿ ਜਗਦੀਸ਼ ਭੋਲਾ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦੇ ਅਹਿਮ ਕਰੀਬੀਆਂ ਦੀ ਨਸ਼ਾ ਰੈਕਟ ਵਿਚ ਸ਼ਮੂਲੀਅਤ ਹੋਣ ਦੀ ਪੁਖ਼ਤਾ ਜਾਣਕਾਰੀ ਰੱਖਦਾ ਹੈ ਅਤੇ ਸਰਕਾਰ ਆਪਣੇ ‘ਬੰਦਿਆਂ’ ਨੂੰ ਬਚਾਉਣ ਲਈ ਕੇਸ ਦੀ ਨਿਰਪੱਖ ਜਾਂਚ ਨਹੀਂ ਕਰ ਰਹੀ।
Leave a Reply