ਚੰਡੀਗੜ੍ਹ: ਸਾਲ 2013 ਵਿਚ ਭਾਵੇਂ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਵਾਅਦੇ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਪਰ ਸਰਕਾਰ ਲੋਕ ਮਸਲਿਆਂ ਦੀ ਥਾਂ ਹੋਰਾਂ ਕੰਮਾਂ ਵਿਚ ਹੀ ਉਲਝੀ ਰਹੀ। ਇਸ ਸਾਲ ਦੌਰਾਨ ਅਜਿਹੇ ਬਹੁਤ ਘੱਟ ਵੇਲੇ ਆਏ ਜਦੋਂ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨੇ ਆਪਣੇ ਦਫ਼ਤਰਾਂ ਵਿਚ ਫੇਰਾ ਪਾਇਆ। ਇਸ ਵਰ੍ਹੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਵੇਂ ਲਏ ਹੈਲੀਕਾਪਟਰ ਵਿਚ ਜ਼ਿਆਦਾ ਤੇ ਜ਼ਮੀਨ ‘ਤੇ ਘੱਟ ਨਜ਼ਰ ਆਏ। ਉਨ੍ਹਾਂ ਦੀ ਆਪਣੇ ਵਿਭਾਗਾਂ ਵਿਚ ਕਾਰਗੁਜ਼ਾਰੀ ਢਿੱਲੀ ਰਹੀ। ਉਪ ਮੁੱਖ ਮੰਤਰੀ ਦਾ ਜ਼ਿਆਦਾ ਜ਼ੋਰ ਨਿਵੇਸ਼ ਸੰਮੇਲਨ ਤੇ ਕਬੱਡੀ ਕੱਪ ਉਤੇ ਰਿਹਾ। ਨਿਵੇਸ਼ ਸੰਮੇਲਨ ਰਾਹੀਂ ਸੂਬੇ ਵਿਚ ਪੂੰਜੀ ਨਿਵੇਸ਼ ਦੇ ਸੁਪਨੇ ਤਾਂ ਵੱਡੇ-ਵੱਡੇ ਲਏ ਗਏ ਹਨ ਪਰ ਇਨ੍ਹਾਂ ਦਾ ਨਤੀਜਾ ਕੁਝ ਸਾਲਾਂ ਤੱਕ ਹੀ ਸਾਹਮਣੇ ਆਵੇਗਾ। ਛੋਟੇ ਬਾਦਲ ਗ੍ਰਹਿ ਵਿਭਾਗ ਦਾ ਕੰਮ ਵੀ ਦੇਖਦੇ ਹਨ, ਪਰ ਰਾਜ ਵਿਚ ਕਾਨੂੰਨ ਵਿਵਸਥਾ ਦਾ ਮਾਮਲਾ ਅਕਸਰ ਚਰਚਾ ਵਿਚ ਰਹਿੰਦਾ ਹੈ। ਆਬਕਾਰੀ ਤੇ ਕਰ ਵਿਭਾਗ ਵੀ ਉਨ੍ਹਾਂ ਦੀ ਦੇਖ-ਰੇਖ ਹੇਠ ਹੈ। ਇਸ ਵਿਭਾਗ ਨੇ ਕਰਾਂ ਦੀ ਵਸੂਲੀ ਦਾ ਮਿਥਿਆ ਟੀਚਾ ਪੂਰਾ ਨਹੀਂ ਕੀਤਾ ਤੇ ਵਿੱਤੀ ਵਰ੍ਹੇ ਦੇ ਅੰਤ ਤੱਕ ਇਹ ਪੂਰਾ ਹੋਣ ਦੀ ਉਮੀਦ ਵੀ ਨਹੀਂ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਵੇਂ ਨਿਤਨੇਮ ਵਾਂਗ ਸੰਗਤ ਦਰਸ਼ਨ ਚਾਲੂ ਰੱਖੇ ਪਰ ਇਸ ਵਿਚ ਲੋਕ ਮਸਲਿਆਂ ਦੀ ਥਾਂ ਦੂਸ਼ਣਬਾਜ਼ੀ ਜ਼ਿਆਦਾ ਰਹੀ। ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਜੋ ਲੋਕ ਸੰਪਰਕ ਵਿਭਾਗ ਦੇ ਮੰਤਰੀ ਵੀ ਹਨ, ਸੁਰਖੀਆਂ ਵਿਚ ਰਹਿਣ ਦੇ ਆਦੀ ਹੋ ਗਏ ਹਨ। ਇੰਜ ਇਸ ਸਾਲ ਦੌਰਾਨ ਵਿਧਾਨ ਸਭਾ ਅੰਦਰ ਕੀਤੇ ਕੁਝ ‘ਕਰਤਬਾਂ’ ਨੂੰ ਛੱਡ ਕੇ ਉਨ੍ਹਾਂ ਨੇ ਕੋਈ ਖਾਸ ਮਾਅਰਕਾ ਨਹੀਂ ਮਾਰਿਆ।
ਮੀਡੀਆ ਵਿਚ ਵੀ ਆਪਣੀ ਚੰਗੀ ਭੱਲ ਬਣਾਉਣ ਵਿਚ ਉਹ ਕਾਮਯਾਬ ਨਹੀਂ ਹੋਏ। ਇਸ ਮੰਤਰੀ ਦੀ ਇਹ ਖਾਸੀਅਤ ਜ਼ਰੂਰ ਹੈ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਮੁਕਾਬਲੇ ਦਫ਼ਤਰ ਵਿਚ ਜ਼ਿਆਦਾ ਦਿਖਾਈ ਦਿੰਦਾ ਹੈ ਪਰ ਪ੍ਰਸ਼ਾਸਕੀ ਕੰਮ ਕਰਨ ਦੀ ਥਾਂ ਰਾਜਸੀ ਵਿਰੋਧੀਆਂ ‘ਤੇ ਹਮਲੇ ਕਰਨ ਵਿਚ ਜ਼ਿਆਦਾ ਜ਼ੋਰ ਲੱਗਿਆ ਰਹਿੰਦਾ ਹੈ। ਉਹ ਚਾਰ ਵਿਭਾਗਾਂ ਮਾਲ, ਲੋਕ ਸੰਪਰਕ, ਗੈਰ ਰਵਾਇਤੀ ਊਰਜਾ ਤੇ ਪਰਵਾਸੀ ਭਾਰਤੀ ਮਾਮਲੇ ਦਾ ਕੰਮ ਦੇਖਦੇ ਹਨ। ਕਿਸੇ ਵੀ ਵਿਭਾਗ ਵਿਚ ਕੋਈ ਖਾਸ ਕੰਮ ਦਿਖਾਈ ਨਹੀਂ ਦੇ ਰਿਹਾ।
ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਭਾਵੇਂ ਵਿਭਾਗੀ ਘਪਲੇਬਾਜ਼ੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਰਹੇ ਪਰ ਉਨ੍ਹਾਂ ਦੇ ਵਿਭਾਗ ਦੇ ਅਸਰਦਾਰ ਕੰਮਾਂ ਦੀ ਚਰਚਾ ਵੀ ਭਾਰੂ ਰਹਿੰਦੀ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਤਾਂ ਕਾਰਗੁਜ਼ਾਰੀ ਪੱਖ ਤੋਂ ਧੀਮੀ ਗਤੀ ਦੇ ਸਮਾਚਾਰਾਂ ਵਾਂਗ ਹੀ ਚਲਦੇ ਹਨ। ਸਥਾਨਕ ਸਵੈ-ਸ਼ਾਸਨ ਮੰਤਰੀ ਅਨਿਲ ਜੋਸ਼ੀ ਨੇ ਪਹਿਲਾਂ ਉਦਯੋਗ ਤੇ ਹੁਣ ਸਥਾਨਕ ਸਰਕਾਰ ਵਿਭਾਗ ਵਿਚ ਕੁਝ ਕੰਮ ਕੀਤੇ, ਬਾਕੀ ਭਾਜਪਾ ਮੰਤਰੀਆਂ ਨੇ ਤਾਂ ਟਾਈਮ ਹੀ ਪਾਸ ਕੀਤਾ ਹੈ।
ਭਾਜਪਾ ਵਿਧਾਇਕ ਦਲ ਦੇ ਨੇਤਾ ਭਗਤ ਚੂਨੀ ਲਾਲ ਦੀ ਕਾਰਗੁਜ਼ਾਰੀ ਤਾਂ ਨਾਮਾਤਰ ਹੀ ਮੰਨੀ ਜਾਂਦੀ ਹੈ। ਮਦਨ ਮੋਹਨ ਮਿੱਤਲ ਮਾੜੀ ਮੋਟੀ ਕਾਰਗੁਜ਼ਾਰੀ ਜ਼ਰੂਰ ਦਿਖਾਉਂਦੇ ਹਨ, ਪਰ ਉਨ੍ਹਾਂ ਨੂੰ ਜਿਹੜੇ ਵੀ ਵਿਭਾਗ ਦਾ ਕੰਮ ਦਿੱਤਾ ਜਾਂਦਾ ਹੈ, ਉਸ ਵਿਭਾਗ ਵਿਚ ਭ੍ਰਿਸ਼ਟਾਚਾਰ ਦੀਆਂ ਗੱਲਾਂ ਹੋਣ ਲਗਦੀਆਂ ਹਨ। ਭਾਜਪਾ ਦੇ ਚੌਥੇ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੀ ਕੋਈ ਜਲਵਾ ਨਹੀਂ ਦਿਖਾ ਸਕੇ। ਮੁੱਖ ਮੰਤਰੀ ਦੇ ਦਾਮਾਦ ਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਦੇ ਵਿਭਾਗ ਵਿਚ ਕੀ ਹੋ ਰਿਹਾ ਹੈ, ਇਸ ਬਾਰੇ ਕਿਸੇ ਨੂੰ ਵੀ ਕੋਈ ਇਲਮ ਨਹੀਂ ਹੈ। ਉਂਜ ਉਹ ਮੰਤਰੀ ਮੰਡਲ ਦੀਆਂ ਮੀਟਿੰਗਾਂ ਦੌਰਾਨ ਆਪਣੇ ਰਿਸ਼ਤੇਦਾਰਾਂ ਨਾਲ ਆਢਾ ਲੈਣ ਤੋਂ ਕੰਨੀਂ ਨਹੀਂ ਕਤਰਾਉਂਦੇ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਕਿਸੇ ਵਿਵਾਦ ਵਿਚ ਨਹੀਂ ਘਿਰੇ ਪਰ ਉਨ੍ਹਾਂ ਦਾ ਵਿਭਾਗ ਸਾਰਾ ਸਾਲ ਹੀ ਸੁਰਖੀਆਂ ਵਿਚ ਰਿਹਾ ਹੈ। ਇਸ ਵਿਭਾਗ ਦੀ ਕਾਰਗੁਜ਼ਾਰੀ ਇਕ ਮੁਨੀਮ ਵਾਲੀ ਹੀ ਰਹਿ ਜਾਣ ਕਾਰਨ ਵਿੱਤ ਮੰਤਰੀ ਵੀ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਕਈ ਮੰਤਰੀ ਹਨ, ਜੋ ਲੋਕ ਸੰਪਰਕ ਵਿਭਾਗ ਦੇ ਅਖ਼ਬਾਰੀ ਬਿਆਨਾਂ ਵਿਚ ਹੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿਚ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ, ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ, ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਜੇਲ੍ਹ ਬਾਰੇ ਮੰਤਰੀ ਸਰਵਣ ਸਿੰਘ ਫਿਲੌਰ ਸ਼ਾਮਲ ਹਨ।
Leave a Reply