ਐਫ ਬੀ ਆਈ ਵਲੋਂ ਖਾੜਕੂ ਸਰਗਮੀਆਂ ਦੇ ਦੋਸ਼ ‘ਚ ਬਲਵਿੰਦਰ ਸਿੰਘ ਗ੍ਰਿਫਤਾਰ

ਰੀਨੋ, ਨੇਵਾਡਾ: ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐਫ਼ਬੀæਆਈæ) ਵੱਲੋਂ ਬੀਤੀ 17 ਦਸੰਬਰ ਨੂੰ ਇਥੇ ਗ੍ਰਿਫਤਾਰ ਕੀਤੇ ਗਏ ਬੱਬਰ ਖਾਲਸਾ ਦੇ ਕਥਿਤ ਖਾੜਕੂ ਬਲਵਿੰਦਰ ਸਿੰਘ ਝੱਜ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਹ ਨਿਰਦੋਸ਼ ਹੈ ਅਤੇ ਉਸ ਦਾ ਅਸਲ ਨਾਂ ਬਲਜੀਤ ਸਿੰਘ ਹੈ ਨਾ ਕਿ ਬਲਵਿੰਦਰ ਸਿੰਘ। ਜ਼ਿਕਰਯੋਗ ਹੈ ਕਿ ਐਫ਼ਬੀæਆਈæ ਵਲੋਂ ਉਸ ਖ਼ਿਲਾਫ਼ ਕਤਲ, ਅਗਵਾ ਤੇ ਹੋਰ ਮੁਲਕ ਵਿਚ ਅਤਿਵਾਦੀ ਸਰਗਰਮੀਆਂ ਚਲਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। 
ਉਸ ਨੂੰ ਸ਼ੁੱਕਰਵਾਰ ਰੀਨੋ ਫੈਡਰਲ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ। ਬਲਵਿੰਦਰ ਸਿੰਘ ਉਰਫ ਝੱਜ ਉਰਫ ਹੈਪੀ ਉਰਫ ਪੋਲੀ ਉਰਫ ਬਲਜੀਤ ਸਿੰਘ ਨੇ ਕਿਹਾ ਕਿ ਉਸ ਖ਼ਿਲਾਫ਼ ਲਾਏ ਦੋਸ਼ ਝੂਠੇ ਹਨ। ਉਸ ਖ਼ਿਲਾਫ਼ ਮੁਕਦਮੇ ਦੀ ਮੁੱਢਲੀ ਸੁਣਵਾਈ 11 ਫਰਵਰੀ ਤੋਂ ਸ਼ੁਰੂ ਹੋਵੇਗੀ ਤੇ ਦੋਸ਼ ਸਾਬਤ ਹੋਣ ‘ਤੇ ਉਸ ਨੂੰ ਸਾਰੀ ਉਮਰ ਜੇਲ੍ਹ ਵਿਚ ਗੁਜ਼ਾਰਨੀ ਪੈ ਸਕਦੀ ਹੈ। ਬਲਵਿੰਦਰ ਸਿੰਘ ‘ਤੇ ਦੋਸ਼ ਹੈ ਕਿ ਉਹ ਬੱਬਰ ਖ਼ਾਲਸਾ ਇੰਟਰਨੈਸ਼ਨਲ ਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜਿਆ ਰਿਹਾ ਹੈ। ਉਸ ਨੇ ਆਪਣੀ ਪਛਾਣ ਬਦਲਣ ਲਈ ਜਾਅਲਸਾਜ਼ੀ ਕੀਤੀ। ਉਸ ਨੇ ਭਾਰਤ ਵਿਚ ਗੜਬੜੀਆਂ ਕਰਨ ਲਈ ਗੁਰਜੰਟ ਸਿੰਘ ਤੇ ਸਰੂਪ ਸਿੰਘ ਨੂੰ ਪੈਸਾ ਭੇਜਿਆ।
39 ਸਾਲਾ ਟਰੱਕ ਡਰਾਈਵਰ ਬਲਵਿੰਦਰ ਸਿੰਘ ਨੂੰ ਐਫ਼ਬੀæਆਈæ ਅਤੇ ਅਤਿਵਾਦੀ ਟਾਸਟ ਫੋਰਸ ਵੱਲੋਂ ਪੰਜਾਬ ਵਿਚ ਅਤਿਵਾਦੀ ਸੰਗਠਨਾਂ ਲਈ ਸਹਾਇਤਾ ਸਮੱਗਰੀ ਪਹੁੰਚਾਉਣ, ਹੱਤਿਆ ਤੇ ਅਗਵਾ ਕਰਨ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਗਲਤ ਇਮੀਗਰੇਸ਼ਨ ਦਸਤਾਵੇਜ਼ ਬਣਾਉਣ ਤੇ ਧੋਖਾਧੜੀ ਦੇ ਵੀ ਦੋਸ਼ ਲੱਗੇ ਹਨ।
ਜਾਂਚ ਏਜੰਸੀਆਂ ਅਨੁਸਾਰ ਉਹ ਭਾਰਤੀ ਨਾਗਰਿਕ ਸੀ ਤੇ ਅਮਰੀਕਾ ਭੱਜ ਆਇਆ ਸੀ। ਇਥੇ ਆ ਕੇ ਉਹ ਸਿਆਸੀ ਸ਼ਰਨ ਲੈਣ ਪਿਛੋਂ ਅਮਰੀਕਾ ਵਿਚ ਸਥਾਈ ਤੌਰ ‘ਤੇ ਰਹਿ ਰਿਹਾ ਸੀ। ਉਹ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੋਸੀ ਤੋਂ ਹੈ। ਬਲਵਿੰਦਰ ਸਿੰਘ ‘ਤੇ ਦੋ ਅਤਿਵਾਦੀ ਸੰਗਠਨਾਂ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਮੈਂਬਰ ਹੋਣ ਦਾ ਸ਼ੱਕ ਹੈ। ਉਸ ‘ਤੇ ਇਹ ਵੀ ਦੋਸ਼ ਹੈ ਕਿ ਉਹ ਭਾਰਤ ਵਿਚ ਇਨ੍ਹਾਂ ਦੋਵਾਂ ਸੰਗਠਨਾਂ ਨੂੰ ਹਥਿਆਰਾਂ ਦੀ ਖਰੀਦ ਤੇ ਭਾਰਤ ਵਿਚ ਹੋਰ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਲਈ ਰੀਨੋ ਤੋਂ ਪੈਸੇ ਭੇਜਦਾ ਸੀ। ਉਸ ‘ਤੇ ਦੋਸ਼ ਹੈ ਕਿ ਉਸ ਨੇ 30 ਨਵੰਬਰ 1997 ਮਗਰੋਂ ਅਮਰੀਕਾ ਵਿਚ ਜਾਅਲੀ ਪਛਾਣ ਪੱਤਰ ਬਣਵਾਏ ਤਾਂ ਜੋ ਉਹ ਦੇਸ਼ ਤੋਂ ਬਾਹਰ ਯਾਤਰਾ ਕਰ ਸਕੇ। ਉਹ ਅਮਰੀਕਾ ਤੋਂ ਪਾਕਿਸਤਾਨ, ਭਾਰਤ ਤੇ ਹੋਰ ਦੇਸ਼ਾਂ ਵਿਚ ਗਿਆ ਤੇ ਭਾਰਤ ਵਿਚ ਅਤਿਵਾਦੀ ਕਾਰਵਾਈਆਂ ਲਈ ਉਥੇ ਮੌਜੂਦ ਹਮਖਿਆਲੀਆਂ ਨਾਲ ਨਿਰੰਤਰ ਰਾਬਤੇ ਵਿਚ ਰਿਹਾ।
ਝੱਜ ਦਾ ਪਰਿਵਾਰ ਵੀ ਭੁਗਤ ਰਿਹੈ ਪੇਸ਼ੀਆਂ
ਹੁਸ਼ਿਆਰਪੁਰ: ਅਮਰੀਕੀ ਜਾਂਚ ਏਜੰਸੀ ਐਫ਼æਬੀæਆਈ ਵੱਲੋਂ ਗ੍ਰਿਫ਼ਤਾਰ ਕੀਤੇ ਖਾੜਕੂ ਬਲਵਿੰਦਰ ਸਿੰਘ ਪੋਸੀ ਦੇ ਪਰਿਵਾਰ ਦੇ ਜੀਅ ਵੀ ਅਤਿਵਾਦੀ ਕਾਰਵਾਈਆਂ ਵਿਚ ਕਥਿਤ ਸ਼ਮੂਲੀਅਤ ਕਾਰਨ ਪੁਲਿਸ ਕੇਸ ਭੁਗਤ ਰਹੇ ਹਨ। ਬਲਵਿੰਦਰ ਸਿੰਘ ਜੋ ਹੁਸ਼ਿਆਰਪੁਰ ਦੇ ਪਿੰਡ ਪੋਸੀ ਨਾਲ ਸਬੰਧਤ ਹੈ, 2006 ਵਿਚ ਜਲੰਧਰ ਦੇ ਬੱਸ ਅੱਡੇ ‘ਤੇ ਹੋਏ ਬੰਬ ਧਮਾਕਿਆਂ ਦੇ ਕੇਸ ਵਿਚ ਲੋੜੀਂਦਾ ਹੈ। ਇਸ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਕਾਰਵਾਈ ਸਰਕਾਰੀ ਪੱਧਰ ‘ਤੇ ਚੱਲ ਰਹੀ ਹੈ। ਮਾਰਚ 2013 ‘ਚ ਪੁਲਿਸ ਨੇ ਉਸ ਦੇ ਪਿੰਡ ਵਿਚਲੇ ਘਰੋਂ ਅਸਲਾ ਤੇ ਗੋਲੀ ਸਿੱਕਾ ਬਰਾਮਦ ਕੀਤਾ ਸੀ। ਪੁਲਿਸ ਨੇ ਉਸ ਦੀ ਮਾਤਾ ਸਲਿੰਦਰ ਕੌਰ ਤੇ ਭੈਣ ਕੁਲਵਿੰਦਰ ਕੌਰ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤੇ ਅਸਲਾ ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ ਸੀ। ਦੋਵੇਂ ਜ਼ਿਲ੍ਹਾ ਜੇਲ ਹੁਸ਼ਿਆਰਪੁਰ ਵਿਚ ਨਜ਼ਰਬੰਦ ਸਨ। ਕੁਝ ਚਿਰ ਪਹਿਲਾਂ ਹੀ ਦੋਹਾਂ ਦੀ ਜ਼ਮਾਨਤ ਹੋਈ ਸੀ। ਬਲਵਿੰਦਰ ਸਿੰਘ ਖਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਖਾੜਕੂ ਰਣਜੀਤ ਸਿੰਘ ਨੀਟਾ, ਬਲਵਿੰਦਰ ਦੇ ਭਾਣਜੇ ਦਲਜੀਤ ਸਿੰਘ ਤੇ ਦੋ ਹੋਰ ਵਿਅਕਤੀਆਂ ਦੇ ਨਾਂ ਵੀ ਇਸ ਐਫ਼æਆਈæਆਰ ਵਿਚ ਸ਼ਾਮਲ ਹਨ।

Be the first to comment

Leave a Reply

Your email address will not be published.