ਹਰਜਿੰਦਰ ਦੁਸਾਂਝ
ਫੋਨ: 530-301-1753
ਮਿਲੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਲਈ ਗੁਰਬਖ਼ਸ਼ ਸਿੰਘ ਵੱਲੋਂ ਰੱਖੇ ਮਰਨ ਵਰਤ ਨੇ ਪੰਜਾਬੀ ਸੂਬੇ ਲਈ ਮਰਨ ਵਰਤ ਰੱਖ ਕੇ ਸ਼ਹਾਦਤ ਦੇਣ ਵਾਲੇ ਆਗੂ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਯਾਦ ਕਰਵਾ ਦਿੱਤੀ ਹੈ। ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਦਾ ਕੀ ਮੁੱਲ ਪਿਆ? ਉਸ ਦੀ ਆਪਣੀ ਅਕਾਲੀ ਪਾਰਟੀ ਸਮੇਤ ਕਿੰਨੇ ਕੁ ਲੋਕਾਂ ਨੂੰ ਉਹ ਅੱਜ ਯਾਦ ਹਨ, ਜਾਂ ਕਿੰਨੇ ਕੁ ਉਨ੍ਹਾਂ ਨੂੰ ਯਾਦ ਕਰਦੇ ਹਨ? ਸਿਵਾਏ ਇਸ ਗੱਲ ਦੇ ਕਿ ਉਨ੍ਹਾਂ ਦੇ ਇਲਾਕੇ ਦੇ ਲੋਕਾਂ ਨੇ ਅੰਮ੍ਰਿਤਸਰ ਦੇ ਰਈਆ ਕਸਬੇ ਵਿਚ ਜੀæਟੀæ ਰੋਡ ਉਤੇ ਉਨ੍ਹਾਂ ਦੀ ਯਾਦ ਵਿਚ ਕੁੜੀਆਂ ਦਾ ਕਾਲਜ ਬਣਾ ਦਿੱਤਾ। ਉਥੇ ਉਨ੍ਹਾਂ ਦੀ ਯਾਦ ਵਿਚ ਹੁੰਦਾ ਸਾਲਾਨਾ ਸਮਾਗਮ ਸਾਧਾਰਨ ਤੇ ਸਥਾਨਕ ਸਮਾਗਮ ਤੋਂ ਵੱਧ ਨਹੀਂ ਹੁੰਦਾ। ਸ਼ਹੀਦ ਦਾ ਸ਼ਹੀਦੀ ਸਮਾਗਮ ਦੇਖਿਆਂ ਤਾਂ ਦੇਰ ਹੋ ਗਈ, ਜਿੰਨੀ ਕੁ ਵਾਰ ਉਥੇ ਗਿਆ ਹਾਂ, ਜੁੜਦੇ ਇਕੱਠ ਨਾਲੋਂ ਵੱਧ ਕਿਸੇ ਰਾਜਸੀ ਨੇਤਾ ਦੇ ਮੁੰਡੇ ਕੁੜੀ ਦੇ ਵਿਆਹ Ḕਤੇ ਜ਼ਿਆਦਾ ਭੀੜ ਇਕੱਠੀ ਹੋਈ ਹੁੰਦੀ ਹੈ।
ਗੁਰਬਖ਼ਸ਼ ਸਿੰਘ ਵੱਲੋਂ ਰੱਖਿਆ ਮਰਨ ਵਰਤ ਡੇਢ ਮਹੀਨੇ ਨੂੰ ਢੁੱਕ ਚੁੱਕਾ ਹੈ। ਉਸ ਦੇ ਸ਼ਾਂਤਮਈ ਸੰਘਰਸ਼ ਨੂੰ ਭਾਵੇਂ ਭਾਰਤੀ ਮੀਡੀਆ ਨੇ ਬਣਦੀ ਥਾਂ ਨਹੀਂ ਦਿੱਤੀ ਪਰ ਬੀæਬੀæਸੀæ ਅਤੇ ਸੀæਐਨæਐਨæ ਵਰਗੀਆਂ ਵਕਾਰੀ ਸੰਸਥਾਵਾਂ ਨੇ ਢੁੱਕਵਾਂ ਪ੍ਰਸਾਰਨ ਕੀਤਾ ਹੈ। ਪੰਜਾਬ ਦੇ ਕੁਝ ਨਾਮੀ ਕਲਾਕਾਰਾਂ ਤੇ ਰਾਗੀਆਂ ਢਾਡੀਆਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਅਤੇ ਮਰਨ ਵਰਤ ਵਾਲੇ ਸਥਾਨ ਗੁਰਦੁਆਰਾ ਅੰਬ ਸਾਹਿਬ ਜਾ ਕੇ ਹਾਅ ਦਾ ਨਾਹਰਾ ਵੀ ਮਾਰਿਆ; ਪਰ ਸਭ ਤੋਂ ਵੱਡਾ ਸਵਾਲ ਹੈ ਕਿ ਗੁਰਬਖ਼ਸ਼ ਸਿੰਘ ਵੱਲੋਂ ਦ੍ਰਿੜਤਾ ਨਾਲ ਚੁੱਕੇ ਕੁਰਬਾਨੀ ਵਾਲੇ ਕਦਮ ਦੇ ਬਾਵਜੂਦ ਉਨ੍ਹਾਂ ਦਾ ਸੰਘਰਸ਼ ਲੋਕ ਲਹਿਰ ਕਿਉਂ ਨਹੀਂ ਬਣ ਸਕਿਆ? ਇਸ ਸਵਾਲ ਦੇ ਜਵਾਬ ਵੱਖੋ-ਵੱਖਰੇ ਹੋ ਸਕਦੇ ਹਨ।
ਬਹੁਤੇ ਲੋਕ ਰਾਜਸੀ ਪਾਰਟੀਆਂ ਨੂੰ ਕੋਸਦੇ ਹਨ, ਤੇ ਸਭ ਤੋਂ ਵੱਧ ਸੱਤਾਧਾਰੀ ਅਕਾਲੀ ਦਲ ਨੂੰ। ਨਿਰਸੰਦੇਹ, ਇਹ ਵਾਜਿਬ ਹੈ ਕਿ ਇਹ ਮਸਲੇ ਦੀਆਂ ਜੜ੍ਹਾਂ ਅਕਾਲੀ ਦਲ ਦੇ ਧਰਮ ਯੁੱਧ ਮੋਰਚੇ ਵਿਚ ਹਨ ਅਤੇ ਮੌਜੂਦਾ ਦੌਰ ਵਿਚ ਉਹ ਸੱਤਾ Ḕਤੇ ਕਾਬਜ਼ ਹਨ। ਗੁਰਬਖ਼ਸ਼ ਸਿੰਘ ਦਾ ਮਰਨ ਵਰਤ ਸ਼ੁਰੂ ਹੋਣ ਤਕ, ਇਸ ਮੁੱਦੇ ਉਤੇ ਸਭ ਰਾਜਸੀ ਪਾਰਟੀਆਂ ਖਾਮੋਸ਼ ਰਹੀਆਂ। ਹੁਣ ਹਾਲਾਤ ਨੂੰ ਨਾਜ਼ੁਕ ਮੋੜ ‘ਤੇ ਪੁੱਜਣ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਹਿਲ-ਜੁਲ ਕੀਤੀ ਹੈ। ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਅਮਰਿੰਦਰ ਸਿੰਘ ਨੇ ਵੀ ਮੂੰਹ ਤੋਂ ਛਿੱਕਲੀ ਲਾਹੀ ਹੈ। ਸਵਾਲ ਉਠਦਾ ਕਿ ਇਨ੍ਹਾਂ ਪਾਰਟੀਆਂ ਦੀ ਇਸ ਮਸਲੇ ਦੇ ਪ੍ਰਸੰਗ ਵਿਚ ਪਹਿਲਾਂ ਕੀ ਕਾਰਗੁਜ਼ਾਰੀ ਰਹੀ ਹੈ। ਖੱਬੀਆਂ ਲਾਲ ਤੇ ਸੱਜੀਆਂ ਸੰਗਤਰੀ ਰਾਜਸੀ ਧਿਰਾਂ ਦੇ ਕੁਝ ਸਾਧਾਰਨ ਆਗੂਆਂ ਨੇ ਦੱਬੀ ਸੁਰ ਵਿਚ ਹਾਅ ਦਾ ਨਾਹਰਾ ਤਾਂ ਮਾਰਿਆ ਹੈ ਪਰ ਲੋਕ ਪੱਖੀ ਹੋਣ ਦੇ ਦਾਅਵੇ ਕਰਨ ਵਾਲੀਆਂ ਰਾਜਸੀ ਪਾਰਟੀਆਂ ਨੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ। ਗੁਰਬਖ਼ਸ਼ ਸਿੰਘ ਦੇ ਸੰਘਰਸ਼ ਦੇ ਹੱਕ ਵਿਚ ਵੱਡੀ ਲੋਕ ਲਹਿਰ ਦੇ ਨਾ ਉਸਰਨ ਦਾ ਕਾਰਨ ਰਾਜਸੀ ਪਾਰਟੀਆਂ ਵੱਲੋਂ ਆਪਣੇ ਮੁਫਾਦਾਂ ਦਾ ਨਾ ਛੱਡਣਾ ਵੀ ਹੋ ਸਕਦਾ ਪਰ ਗੁਰਬਖ਼ਸ਼ ਸਿੰਘ ਦੇ ਦੁਆਲੇ ਉਨ੍ਹਾਂ ਦੇ ਹਮਾਇਤੀਆਂ ਦਾ ਵਗਲਿਆ ਘੇਰਾ ਅਤੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਵਾਲਿਆਂ ਦੀਆਂ ਨੀਤੀਆਂ ਵੀ ਘੱਟ ਦੋਸ਼ੀ ਨਹੀਂ ਹਨ। ਜਿਸ ਤਰੀਕੇ ਨਾਲ ਇਸ ਸੰਘਰਸ਼ ਦਾ ਪ੍ਰਚਾਰ ਕੀਤਾ ਗਿਆ, ਉਹੀ ਲੋਕ ਲਹਿਰ ਨਾ ਬਣਨ ਦਾ ਸਭ ਤੋਂ ਵੱਡਾ ਕਾਰਨ ਬਣਿਆ ਹੈ।
ਦਰਅਸਲ, ਸਜ਼ਾ ਭੁਗਤ ਚੁੱਕੇ, ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਅਸਲ ਵਿਚ ਸਿੱਖਾਂ ਨਾਲ ਵਿਤਕਰੇ ਦਾ ਮਸਲਾ ਨਹੀਂ ਹੈ। ਇਹ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦਾ ਮਸਲਾ ਹੈ। ਜਦੋਂ ਇਸ ਨੂੰ ਭਾਰਤ ਵਿਚ ਸਿੱਖਾਂ ਨਾਲ ਵਿਤਕਰੇ ਦਾ ਮੁੱਦਾ ਬਣਾ ਕੇ ਪੇਸ਼ ਕੀਤਾ ਗਿਆ ਤਾਂ ਇਸ ਨੂੰ ਨਾ ਤਾਂ ਪੰਜਾਬੀ (ਸਿੱਖਾਂ) ਲੋਕਾਂ ਨੇ ਗੰਭੀਰਤਾ ਨਾਲ ਲਿਆ ਤੇ ਨਾ ਹੀ ਵਿਦੇਸ਼ੀ ਸਰਕਾਰਾਂ ਨੇ ਇਸ ਨੂੰ ਬਹੁਤਾ ਗੌਲਿਆ। ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਨੇ ਹੁਣ ਯੂæਐਨæਓæ ਤੱਕ ਪਹੁੰਚ ਕੀਤੀ ਹੈ। ਯੂæਐਨæਓæ ਅਧੀਨ ਮਨੁੱਖੀ ਅਧਿਕਾਰਾਂ ਸਬੰਧੀ ਕੰਮ ਕਰਦੀਆਂ ਵੱਖੋ-ਵੱਖਰੀਆਂ ਸੰਸਥਾਵਾਂ ਨੇ ਸਿਰਫ਼ ਧਰਵਾਸਾ ਦੇਣ ਤੋਂ ਬਿਨਾਂ ਅਜੇ ਤਕ ਕੋਈ ਠੋਸ ਕਦਮ ਨਹੀਂ ਚੁੱਕਿਆ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਸ਼ਿਕਾਇਤ ਕਰਨ ਵਾਲੀਆਂ ਕਈ ਵਿਦੇਸ਼ੀ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਸਿੱਖ ਮਸਲਿਆਂ ਜਾਂ ਪੰਜਾਬ ਸਮੱਸਿਆ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਦੇ ਰਹੇ ਹਨ। ਉਂਝ, ਸਭ ਤੋਂ ਵੱਡਾ ਸਵਾਲ ਸਜ਼ਾ ਭੁਗਤ ਚੁੱਕੇ, ਜੇਲ੍ਹਾਂ ਵਿਚ ਬੈਠੇ ਸਿੱਖਾਂ ਦੀ ਸੂਚੀ ਹੈ। ਅਸਲ ਵਿਚ ਸੰਘਰਸ਼ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਸਾਰੇ ਪੀੜਤ ਸਿੱਖਾਂ ਦੇ ਨਾਵਾਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਸੀ। ਪੱਤਰਕਾਰੀ ਨਾਲ ਜੁੜੇ ਲੋਕ ਸੂਚੀ ਮੰਗਦੇ ਸਨ ਪਰ ਸ਼ੁਰੂ ਵਿਚ ਕੋਈ ਸੂਚੀ ਹੈ ਹੀ ਨਹੀਂ ਸੀ। ਬਾਅਦ ਵਿਚ ਜਿਹੜੀ ਸੂਚੀ ਸਾਹਮਣੇ ਆਈ, ਉਸ ਵਿਚ ਸਿਰਫ਼ ਅੱਠ ਨਾਂ ਸਨ। ਇਨ੍ਹਾਂ ਵਿਚੋਂ ਛੇ ਬੰਦੀ ਸਿੱਖਾਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ। ਇਹ ਸੂਚੀ ਛਪਣ ਨਾਲ ਗੁਰਬਖ਼ਸ਼ ਸਿੰਘ ਦਾ ਮਨੁੱਖੀ ਅਧਿਕਾਰਾਂ ਦੀ ਬਹਾਲੀ ਦਾ ਸੰਘਰਸ਼ ਗਰਮ-ਖਿਆਲ ਸਿੱਖਾਂ ਦੀ ਇਕ ਧਿਰ ਨਾਲ ਜੁੜ ਗਿਆ। ਪ੍ਰਬੰਧਕਾਂ ਵੱਲੋਂ ਜਿਨ੍ਹਾਂ ਸਿੱਖਾਂ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਸਬੰਧ ਪੰਜਾਬ ਵਿਚ ਚੱਲੀ ਸਿੱਖ ਖਾੜਕੂ ਲਹਿਰ ਨਾਲ ਹੈ ਤੇ ਉਸ ਲਹਿਰ ਵਿਚ ਖਾੜਕੂਆਂ ਦੇ ਕਈ ਧੜੇ ਸਨ। ਸੋ, ਕੁਝ ਸਿੱਖਾਂ ਦੇ ਨਾਂ ਜਾਰੀ ਹੋਣ ਨਾਲ ਅਜਿਹਾ ਹੋਣਾ ਸੁਭਾਵਿਕ ਸੀ, ਪਰ ਹੁਣ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਦੂਜੀ ਵਾਰ ਜਾਰੀ ਹੋਈ ਲਿਸਟ ਸਵਾ ਸੌ ਨੂੰ ਜਾ ਪੁੱਜੀ ਅਤੇ ਹੁਣ ਅੰਕੜਾ ਦੋ ਸੌ ਪਾਰ ਚੁੱਕਾ ਹੈ।
ਇਸ ਤੋਂ ਅਗਲਾ ਅਹਿਮ ਸਵਾਲ ਹੈ ਕਿ ਕੀ ਇਹ ਸੱਚਮੁੱਚ ਸਿੱਖ ਵਿਰੋਧੀ ਵਰਤਾਰਾ ਹੈ? ਇਸ ਦਾ ਠੋਸ ਜਵਾਬ ਕਿਸ ਕੋਲ ਹੈ ਭਲਾ? ਦੇਖਣ-ਸਮਝਣ ਵਾਲੀ ਗੱਲ ਇਹ ਹੈ ਕਿ ਭਾਰਤ ਦਾ ਸਮੁੱਚਾ ਜੇਲ੍ਹ ਪ੍ਰਬੰਧ ਕਿਹੋ ਜਿਹਾ ਹੈ ਅਤੇ ਸਿੱਖਾਂ ਸਮੇਤ ਹੋਰ ਕਿੰਨੇ ਕੈਦੀ ਸਜ਼ਾ ਭੁਗਤਣ ਪਿੱਛੋਂ ਵੀ ਜੇਲ੍ਹਾਂ ਵਿਚ ਬੰਦ ਹਨ। ਸਜ਼ਾ ਖ਼ਤਮ ਹੋਣ ਪਿੱਛੋਂ ਜੇ ਇਕੱਲੇ ਸਿੱਖ ਹੀ ਜੇਲ੍ਹਾਂ ਵਿਚ ਬੰਦ ਹਨ ਤਾਂ ਇਹ ਪੱਖਪਾਤ ਦਾ ਮੁੱਦਾ ਬਣਦਾ ਹੈ ਪਰ ਉਥੇ ਤਾਂ ਸਿੱਖਾਂ ਤੋਂ ਵੱਧ ਹਿੰਦੂ, ਮੁਸਲਮਾਨ, ਬੋਧੀ, ਪਾਰਸੀ ਤੇ ਅਨੇਕਾਂ ਹੋਰ ਸਜ਼ਾ ਭੁਗਤਣ ਪਿੱਛੋਂ ਵੀ ਸੀਖਾਂ ਪਿੱਛੇ Ḕਬੰਧਨ ਛੁਟਣḔ ਦੀ ਉਡੀਕ ਵਿਚ ਹਨ। ਇਸ ਲਈ ਜੇ ਗੁਰਬਖ਼ਸ਼ ਸਿੰਘ ਤੇ ਉਨ੍ਹਾਂ ਦੇ ਸਾਥੀ ਇਸ ਨੂੰ ਸਿੱਖ ਸੰਘਰਸ਼ ਨਾ ਬਣਾ ਕੇ ਸਾਂਝੀਵਾਲਤਾ ਵਾਲਾ ਮਨੁੱਖੀ ਹੱਕਾਂ ਦਾ ਸੰਘਰਸ਼ ਬਣਾਉਂਦੇ, ਤਾਂ ਕੋਈ ਕਾਰਨ ਨਹੀਂ ਸੀ ਕਿ ਇਹ ਲੋਕ ਸੰਘਰਸ਼ ਨਾ ਬਣਦਾ ਅਤੇ ਕੌਮਾਂਤਰੀ ਪੱਧਰ ਉਤੇ ਇਸ ਨੂੰ ਭਰਵਾਂ ਹੁੰਗਾਰਾ ਮਿਲਦਾ!
ਇਸ ਦੀ ਸਭ ਤੋਂ ਵੱਡੀ ਮਿਸਾਲ ਦੁਨੀਆਂ ਵਿਚ ਸਭ ਤੋਂ ਲੰਮੀ ਭੁੱਖ ਹੜਤਾਲ ਕਰਨ ਵਾਲੀ ਮਨੀਪੁਰ ਸੂਬੇ ਦੀ ਕੁੜੀ ਇਰੋਮ ਚਾਨੂੰ ਸ਼ਰਮੀਲਾ ਸਿੰਘ ਹੈ। ਦੋ ਨਵੰਬਰ 2000 ਨੂੰ ਉਸ ਨੇ ਮਨੀਪੁਰ ਵਿਚ ਪੁਲਿਸ ਵਧੀਕੀਆਂ ਅਤੇ ਸੂਬੇ ਵਿਚ ਅਰਧ-ਫੌਜੀ ਸੇਵਾਵਾਂ ਦੇ ਕਰਿੰਦਿਆਂ ਵੱਲੋਂ ਸੂਬੇ ਵਿਚ ਕੀਤੇ ਜਬਰ ਜਨਾਹ ਦੇ ਖ਼ਿਲਾਫ਼ ਮਰਨ ਵਰਤ ਸ਼ੁਰੂ ਕੀਤਾ ਸੀ। ਉਸ ਦੇ ਮਾਮਲੇ ਵਿਚ ਭਾਰਤ ਸਰਕਾਰ ਅਤੇ ਸਭ ਰਾਜਸੀ ਪਾਰਟੀਆਂ ਖਾਮੋਸ਼ ਹਨ। ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਆਪਣੇ ਰਾਜਸੀ ਹਿੱਤਾਂ ਖਾਤਿਰ ਉਸ ਦੀ ਹਮਾਇਤ ਕਰ ਰਹੀ ਹੈ। ਨਕਸਲੀ ਗਰੁੱਪ ਠੋਕ-ਵਜਾ ਕੇ ਉਸ ਦੀ ਹਮਾਇਤ ਕਰ ਰਹੇ ਹਨ। ਦੇਖਣ ਵਾਲੀ ਗੱਲ ਹੈ ਕਿ ਉਸ ਨੇ ਮਨੀਪੁਰ ਦੇ ਲੋਕਾਂ ਲਈ ਵਿੱਢਿਆ ਸੰਘਰਸ਼ ਸਮੁੱਚੀ ਮਨੁੱਖਤਾ, ਸਮੂਹ ਭਾਰਤੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ, ਇਸ ਦਾ0 ਘੇਰਾ ਮੋਕਲਾ ਕਰ ਲਿਆੈ। ਅੱਜ ਉਸ ਨੂੰ ਪੂਰੀ ਦੁਨੀਆਂ ਵਿਚੋਂ ਸਮਰਥਨ ਮਿਲ ਰਿਹਾ ਹੈ। ਕੌਮਾਂਤਰੀ ਪੱਧਰ ਉਤੇ ਉਹ ਸਨਮਾਨਿਤ ਹੋ ਚੁੱਕੀ ਹੈ। ਇੱਥੋਂ ਤੱਕ ਕਿ ਸਰਕਾਰੀ ਹੁਕਮਾਂ ਨੂੰ ਅੱਖੋਂ ਪਰੋਖੇ ਕਰ ਕੇ ਪੂਨਾ ਯੂਨੀਵਰਸਿਟੀ ਨੇ ਉਸ ਦੇ ਨਾਂ Ḕਤੇ ਕੁੜੀਆਂ ਲਈ ਸਕਾਲਰਸ਼ਿਪ ਸ਼ੁਰੂ ਕਰ ਦਿੱਤਾ ਹੈ। ਪਿਛਲੇ ਚੌਦਾਂ ਸਾਲਾਂ ਤੋਂ ਉਸ ਨੇ ਮੂੰਹ ਨੂੰ ਪਾਣੀ ਜਾਂ ਅੰਨ ਨਹੀਂ ਲਾਇਆ ਉਹ ਪੁਲਿਸ ਹਿਰਾਸਤ ਵਿਚ ਹੈ ਅਤੇ ਉਸ ਨੂੰ ਨਾਲੀਆਂ ਰਾਹੀਂ ਜਬਰੀ ਸਿੰਥੈਟਿਕ ਖਾਣਾ ਦਿੱਤਾ ਜਾ ਰਿਹਾ ਹੈ। ਹੁਣ ਉਸ ਦੇ ਸੰਘਰਸ਼ ਅੱਗੇ ਅਤੇ ਉਭਰ ਰਹੇ ਕੌਮਾਂਤਰੀ ਦਬਾਅ ਸਾਹਮਣੇ ਭਾਰਤੀ ਸਰਕਾਰ ਲਿਫਦੀ ਦਿਸਦੀ ਹੈ। ਇਥੇ ਇਹ ਗੱਲ ਦੇਖਣ ਵਾਲੀ ਹੈ ਕਿ ਜੇ ਗੁਰਬਖ਼ਸ਼ ਸਿੰਘ ਨੂੰ ਭਾਰਤੀ ਮੀਡੀਆ ਨੇ ਬਣਦੀ ਕਵਰੇਜ ਨਹੀਂ ਦਿੱਤੀ ਤਾਂ ਪਿਛਲੇ ਚੌਦਾਂ ਸਾਲਾਂ ਵਿਚ ਚਾਨੂੰ ਸ਼ਰਮੀਲਾ ਨੂੰ ਵੀ ਕਿੰਨੀ ਕੁ ਕਵਰੇਜ ਮਿਲੀ ਹੈ? ਇਹ ਦੇਖ ਕੇ ਮੀਡੀਆ ਉਤੇ ਪੱਖਪਾਤ ਦਾ ਲਗਦਾ ਦੋਸ਼ ਵੀ ਨਿਰਮੂਲ ਹੀ ਲਗਦਾ ਹੈ। ਫਰਕ ਸਿਰਫ਼ ਇਹ ਹੈ ਕਿ ਗੁਰਬਖ਼ਸ਼ ਸਿੰਘ ਦੇ ਸਾਥੀ ਸੰਘਰਸ਼ ਦਾ ਘੇਰਾ ਤੰਗ ਰੱਖਦੇ ਹਨ ਤੇ ਚਾਨੂੰ ਦੇ ਸਾਥੀ ਮੋਕਲਾ।
ਜਦ ਪੰਜਾਬੀ ਕਲਾਕਾਰ ਗੁਰਦਾਸ ਮਾਨ, ਗੁਰਬਖ਼ਸ਼ ਸਿੰਘ ਦੇ ਹੱਕ ਵਿਚ ਪੁੱਜਿਆ ਤਾਂ ਉਸ ਨੂੰ ਦਾੜ੍ਹੀ ਕੇਸ ਰੱਖਣ ਤੇ ਅੰਮ੍ਰਿਤਪਾਨ ਕਰਨ ਲਈ ਜ਼ੋਰ ਦੇਣ ਵਰਗਾ ਕੰਮ, ਸੰਘਰਸ਼ ਨੂੰ ਲੋਕਾਂ ਨਾਲੋਂ ਨਿਖੇੜਨ ਵਾਲਾ ਕਦਮ ਹੀ ਹੈ। ਇਸ ਬਾਰੇ ਗੁਰਦਾਸ ਮਾਨ ਦਾ ਸਪਸ਼ਟ ਕਹਿਣਾ ਸੀ ਕਿ ਉਹ ਅੰਮ੍ਰਿਤ ਛਕਣ ਨਹੀਂ, ਮਨੁੱਖੀ ਹੱਕਾਂ ਦੀ ਹਮਾਇਤ ਲਈ ਆਇਆ ਹੈ। ਨਾਲੇ, ਇਹ ਦੋਸ਼ ਦੇਣਾ ਕਿ ਪੰਜਾਬ ਦੇ ਲੋਕਾਂ ਦੀ ਸੋਚ ਖੁੰਢੀ ਹੋ ਗਈ ਹੈ, ਕੁਰਬਾਨੀ ਵਾਲਾ ਜਜ਼ਬਾ ਪਹਿਲਾਂ ਵਾਲਾ ਨਹੀਂ, ਇਸ ਵਿਚ ਕੋਈ ਸਚਾਈ ਨਹੀਂ। ਜੇ ਸੰਘਰਸ਼ ਦੇ ਆਗੂਆਂ ਵਿਚ ਗੁਰਬਖ਼ਸ਼ ਸਿੰਘ ਵਰਗੀ ਇਮਾਨਦਾਰੀ, ਦਿਆਨਤਦਾਰੀ ਤੇ ਦ੍ਰਿੜਤਾ ਹੋਵੇਗੀ ਤਾਂ ਸੰਘਰਸ਼ ਜ਼ਰੂਰ ਲੋਕ ਲਹਿਰ ਬਣ ਕੇ ਉਭਰੇਗਾ। ਗੁਰਬਖ਼ਸ਼ ਸਿੰਘ ਦਾ ਸੰਘਰਸ਼ ਨਿਰਾਪੁਰਾ ਸ਼ਾਂਤੀਪੂਰਵਕ ਹੈ ਪਰ ਜੇ ਇਸ ਨਾਲ ਤੱਤੀਆਂ ਗੱਲਾਂ ਜੋੜੀਆਂ ਜਾਣਗੀਆਂ, ਤਾਂ ਕਈ ਭੁਲੇਖੇ ਪੈਣਗੇ ਅਤੇ ਇਸ ਸੰਘਰਸ਼ ਦੇ ਲੋਕ ਮੁਕਤੀ ਦੀ ਜਿੱਤ ਦੀ ਮੰਜ਼ਿਲ Ḕਤੇ ਪੁੱਜਣ ਵਿਚ ਹੋਰ ਕੁਵੇਲਾ ਹੋਵੇਗਾ।
Leave a Reply