ਨਦਰਿ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰੁ ਪਾਇਆ

ਡਾæ ਗੁਰਨਾਮ ਕੌਰ, ਕੈਨੇਡਾ
ਨਦਰਿ, ਕਿਰਪਾ, ਮਿਹਰ, ਪਰਸਾਦਿ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬਹੁਤ ਵਾਰ ਆਏ ਹਨ। ਗੁਰਬਾਣੀ ਅਨੁਸਾਰ ਗਿਆਨ, ਜਿਸ ਤੋਂ ਮਨੁੱਖ ਨੂੰ ਜ਼ਿੰਦਗੀ ਦੇ ਸਹੀ ਮਾਰਗ ‘ਤੇ ਚੱਲਣ ਦੀ ਸੋਝੀ ਆਉਣੀ ਹੈ, ਗੁਰੂ ਅਤੇ ਅਕਾਲ ਪੁਰਖ ਦੋਹਾਂ ਦੀ ਮਿਹਰ ਰਾਹੀਂ ਪ੍ਰਾਪਤ ਹੁੰਦਾ ਹੈ। ਜਿਸ ਮਨੁੱਖ ‘ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਉਸ ਨੂੰ ਅਸਲੀ ਗੁਰੂ ਮਿਲਦਾ ਹੈ, ਜਿਸ ‘ਤੇ ਗੁਰੂ ਦੀ ਮਿਹਰ ਹੁੰਦੀ ਹੈ, ਉਸ ਨੂੰ ਗਿਆਨ ਪ੍ਰਾਪਤ ਹੁੰਦਾ ਹੈ। 
‘ਪੰਜਾਬ ਟਾਈਮਜ਼’ ਦੇ 21 ਦਸੰਬਰ ਦੇ ਅੰਕ ਵਿਚ ਦਲਜੀਤ ਸਿੰਘ (ਇੰਡੀਆਨਾ) ਦਾ ਲੇਖ ‘ਪ੍ਰਸ਼ਾਦ’ ਛਪਿਆ ਹੈ, ਜਿਸ ਵਿਚ ਉਸ ਨੇ ਸਿੱਖ ਧਰਮ ਵਿਚ ਪਰਸ਼ਾਦ ਦੀ ਮਹੱਤਤਾ ਅਤੇ ਅੱਜ ਕਲ੍ਹ ਇਸ ਦੇ ਹੋ ਰਹੇ ਵਪਾਰੀਕਰਨ ਬਾਰੇ ਲਿਖਿਆ ਹੈ। ਇਸ ਨੂੰ ‘ਪਰਸ਼ਾਦ’ ਗੁਰੂ ਅਤੇ ਅਕਾਲ ਪੁਰਖ ਦੀ ਮਿਹਰ ਨਾਲ ਜੁੜਿਆ ਹੋਣ ਕਰਕੇ ਹੀ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸਾਹਮਣੇ ਸਿੱਖ ਧਰਮ ਦਾ ਪ੍ਰਕਾਸ਼ਨ ਕਰਨ ਦਾ ਮਕਸਦ ਇੱਕ ਸੱਚਾ-ਸੁੱਚਾ, ਅਕਾਲ ਪੁਰਖ ਦੇ ਪ੍ਰੇਮ ਵਿਚ ਰੰਗਿਆ, ਆਪਸੀ ਸਹਿਚਾਰ, ਪ੍ਰੇਮ-ਪਿਆਰ ਨਾਲ ਓਤ-ਪੋਤ ਅਤੇ ਜਾਤ-ਪਾਤ ਦੇ ਵਖਰੇਵਿਆਂ ਤੋਂ ਰਹਿਤ ਮਨੁੱਖੀ ਬਰਾਬਰੀ ਵਾਲਾ ਸਮਾਜ ਸਿਰਜਣ ਦਾ ਸੀ। ਇਸੇ ਆਦਰਸ਼ ਨੂੰ ਅਮਲੀ ਰੂਪ ਦੇਣ ਲਈ ਸੰਗਤਿ, ਲੰਗਰ, ਪਰਸ਼ਾਦ ਆਦਿ ਸੰਸਥਾਵਾਂ ਅਤੇ ਪਰੰਪਰਾਵਾਂ ਸ਼ੁਰੂ ਕੀਤੀਆਂ ਗਈਆਂ। ਪਰਸ਼ਾਦ ਵਿਚ ਵੀ ਗੁਰੂ ਦੀ ਮਿਹਰ ਸ਼ਾਮਲ ਹੈ। ਲੰਗਰ ਵਿਚ ਵਰਤਣ ਵਾਲਾ ਵੀ ਪਰਸ਼ਾਦਾ ਹੁੰਦਾ ਹੈ, ਆਮ ਰੋਟੀ ਨਹੀਂ। ਇਹ ਅਜਿਹੀਆਂ ਸੰਸਥਾਵਾਂ ਹਨ ਜਿਨ੍ਹਾਂ ਰਾਹੀਂ ਮਨੁੱਖ ਰੱਬ ਅਤੇ ਬੰਦੇ ਨੂੰ ਪ੍ਰੇਮ ਕਰਨਾ ਸਿੱਖਦਾ ਹੈ ਅਤੇ ਮਨੁੱਖਤਾ ਦੀ ਸੇਵਾ ਕਰਨੀ ਸਿੱਖਦਾ ਹੈ। ਪਰ ਵਰਤਮਾਨ ਸਮੇਂ ਵਿਚ ਲੰਗਰ ਅਤੇ ਪਰਸ਼ਾਦ-ਦੋਹਾਂ ਵਿਚੋਂ ਸੰਗਤੀ-ਭਾਵਨਾ ਅਤੇ ਸੇਵਾ ਦੋਵੇਂ ਗੁਆਚ ਰਹੇ ਹਨ।
ਦਲਜੀਤ ਸਿੰਘ ਵੱਲੋਂ ਵਰਣਨ ਕੀਤੇ ਗਏ ਪਖੰਡ ਵਰਗਾ ਹੀ ਇੱਕ ਹੋਰ ਪਖੰਡ ਹੈ, ਮੱਸਿਆ ਅਤੇ ਪੂਰਨਮਾਸ਼ੀ ਮਨਾਉਣਾ ਅਤੇ ਇਸ ਦੇ ਨਾਮ ‘ਤੇ ਗੁਰਦੁਆਰਿਆਂ/ਡੇਰਿਆਂ ਤੇ ਇਕੱਠ ਕਰਨਾ ਜਿਨ੍ਹਾਂ ਦਾ ਸਿੱਖ ਧਰਮ ਵਿਚ ਕੋਈ ਮਹੱਤਵ ਨਹੀਂ ਹੈ। ਇਨ੍ਹਾਂ ਦੀ ਮਨੌਤ ਸ਼ਾਇਦ ਗੁਰਦੁਆਰਿਆਂ ਉਤੇ ਮਹੰਤਾਂ ਦੇ ਕਬਜ਼ਿਆਂ ਵੇਲੇ ਸ਼ੁਰੂ ਹੋਈ ਹੋਵੇਗੀ ਪਰ ਅਫਸੋਸ ਤਾਂ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪ੍ਰਬੰਧ ਨੂੰ ਜਿਉਂ ਦਾ ਤਿਉਂ ਚੱਲਣ ਦੇ ਰਹੀ ਹੈ ਕਿਉਂਕਿ ਇਹ ਗੁਰਦੁਆਰਿਆਂ ਦੀ ਆਮਦਨ ਦਾ ਸਾਧਨ ਬਣ ਗਿਆ ਹੈ। ਸਿਤਮ ਦੀ ਗੱਲ ਹੈ ਕਿ ਇਸ ਮੱਸਿਆ ਅਤੇ ਪੂਰਨਮਾਸ਼ੀ ਕਰਕੇ ਹੀ ਸੰਤ ਸਮਾਜ ਨੇ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸੋਂ ਮੰਗ ਕੀਤੀ ਹੈ ਕਿ ਬਿਕਰਮੀ ਕੈਲੰਡਰ ਲਾਗੂ ਕੀਤਾ ਜਾਵੇ। ਪਹਿਲਾਂ ਇਨ੍ਹਾਂ ਡੇਰੇਦਾਰਾਂ ਨੇ ਹੀ ਅਸਲੀ ਨਾਨਕਸ਼ਾਹੀ ਕੈਲੰਡਰ ਦਾ ਭੋਗ ਪੁਆ ਕੇ ਰੱਲਗੱਡ ਕੈਲੰਡਰ ਲਾਗੂ ਕਰਵਾਇਆ। ਹੁਣ ਇਸ ਆੜ ਵਿਚ ਕਿ ਇਸ ਨਾਲ ਝਗੜੇ ਪੈਦਾ ਹੋ ਰਹੇ ਹਨ, ਮੁੜ ਬਿਕਰਮੀ ਕੈਲੰਡਰ ਲਾਗੂ ਕਰਵਾਉਣਾ ਚਾਹੁੰਦੇ ਹਨ। ਇਹ ਹੋ ਵੀ ਜਾਣਾ ਹੈ ਕਿਉਂਕਿ ਸੱਤਾ ‘ਤੇ ਕਾਬਜ਼ ਅਕਾਲੀ ਦਲ ਨੂੰ ਸਿੱਖ ਜਾਂ ਸਿੱਖੀ ਦਾ ਕੋਈ ਫਿਕਰ ਨਹੀਂ, ਸੱਤਾ ‘ਤੇ ਬਣੇ ਰਹਿਣ ਦਾ ਫਿਕਰ ਹੈ। ਆਸਾ ਦੀ ਵਾਰ ਵਿਚ ਦਰਜ਼ ਸਲੋਕਾਂ ਵਿਚ ਕੁਝ ਇਸ ਕਿਸਮ ਦੇ ਹੀ ਧਾਰਮਿਕ ਪਖੰਡਾਂ, ਜਨਤਾ ਦੇ ਆਪਣੇ ਹੱਕਾਂ ਪ੍ਰਤੀ ਚੇਤੰਨ ਨਾ ਹੋਣ, ਤਾਕਤਵਰਾਂ ਵੱਲੋਂ ਕਮਜ਼ੋਰਾਂ ਦੇ ਸ਼ੋਸ਼ਣ ਅਤੇ ਹੋਰ ਸਮਾਜਿਕ ਬੁਰਾਈਆਂ ਦੀ ਗੱਲ ਕੀਤੀ ਗਈ ਹੈ।
ਸਿਰਲੇਖ ਵਾਲੀ ਪੰਕਤੀ ਆਸਾ ਦੀ ਵਾਰ ਦੀ ਚੌਥੀ ਪਉੜੀ ਦੀ ਹੈ। ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਜੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਜੇ ਉਹ ਮਨੁੱਖ ‘ਤੇ ਮਿਹਰ ਕਰੇ ਤਾਂ ਉਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ। ਇਸ ਗੱਲ ਦਾ ਜ਼ਿਕਰ ਪਹਿਲਾਂ ਵੀ ਹੋ ਚੁੱਕਾ ਹੈ ਕਿ ਸਿੱਖ ਧਰਮ ਵਿਚ ਮਨੁੱਖ ਦੇ ਜਨਮ ਨੂੰ ਸਭ ਤੋਂ ਉਤਮ ਮੰਨਿਆ ਗਿਆ ਹੈ ਜੋ ਬਹੁਤ ਜਨਮਾਂ ਵਿਚ ਵਿਚਰਨ ਤੋਂ ਬਾਅਦ ਅਕਾਲ ਪੁਰਖ ਦੀ ਮਿਹਰ ਨਾਲ ਮਿਲਦਾ ਹੈ। ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਹੈ ਕਿ ਬਹੁਤ ਸਾਰੇ ਜਨਮਾਂ ਵਿਚ ਭਟਕਣ ਤੋਂ ਬਾਅਦ ਜਦੋਂ ਅਕਾਲ ਪੁਰਖ ਦੀ ਮਿਹਰ ਹੋਈ ਤਾਂ ਜੀਵ ਮਨੁੱਖ ਦੀ ਜੂਨੀ ਵਿਚ ਆਇਆ। ਸਤਿਗੁਰੂ ਨੇ ਉਸ ਨੂੰ ਆਪਣਾ ਸ਼ਬਦ ਸੁਣਾਇਆ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸਤਿਗੁਰੂ ਦੇ ਬਰਾਬਰ ਕੋਈ ਦਾਤਾ (ਦਾਤਾਂ ਦੇਣ ਵਾਲਾ) ਨਹੀਂ ਹੈ ਕਿਉਂਕਿ ਉਹ ਸ਼ਬਦ ਰਾਹੀਂ ਮਨੁੱਖ ਨੂੰ ਗਿਆਨ ਬਖ਼ਸ਼ਿਸ਼ ਕਰਦਾ ਹੈ।
ਗੁਰੂ ਨਾਨਕ ਸਾਹਿਬ ਨੇ ਜਪੁਜੀ ਦੇ ਅਰੰਭ ਵਿਚ ਹੀ ਸਪੱਸ਼ਟ ਕੀਤਾ ਹੈ ਕਿ ਮਨੁੱਖ ਦੇ ਸਚਿਆਰ ਬਣਨ ਦੇ ਰਸਤੇ ਵਿਚ ਹਉਮੈ ਸਤਿ ਦਾ ਅਨੁਭਵ ਨਹੀਂ ਕਰਨ ਦਿੰਦੀ, ਅਰਥਾਤ ਮਨੁੱਖ ਅਤੇ ਪਰਮਾਤਮਾ ਦੇ ਮੇਲ ਵਿਚ ਹਉਮੈ ਐਸੀ ਦੀਵਾਰ ਹੈ ਜੋ ਮਿਲਾਪ ਨਹੀਂ ਹੋਣ ਦਿੰਦੀ। ਇਸ ਪਉੜੀ ਵਿਚ ਵੀ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਆਪਾ-ਭਾਵ (ਹਉਮੈ) ਗਵਾ ਦਿੱਤੀ ਹੈ, ਉਨ੍ਹਾਂ ਨੂੰ ਸਤਿਗੁਰੂ ਦੇ ਮਿਲਣ ਨਾਲ ਸੱਚੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਸਤਿਗੁਰੂ ਨੇ ਸੱਚੇ ਪਰਮਾਤਮਾ ਦੀ ਸੋਝੀ ਪਾਈ ਹੈ, ਸੱਚਾ ਗੁਰੂ ਉਹ ਹੈ ਜਿਸ ਨੇ ਆਪ ਸੱਚੇ ਪਰਮਾਤਮਾ ਦਾ ਅਨੁਭਵ ਕਰ ਲਿਆ ਹੈ ਅਤੇ ਸਤਿਗੁਰੂ ਪਾਸੋਂ ਸ਼ਬਦ ਰਾਹੀਂ ਇਹ ਸੋਝੀ ਆਮ ਮਨੁੱਖ ਪ੍ਰਾਪਤ ਕਰਦਾ ਹੈ,
ਨਦਰਿ ਕਰਂਹਿ ਜੇ ਆਪਣੀ
ਤਾਂ ਨਦਰੀ ਸਤਿਗੁਰੁ ਪਾਇਆ॥
ਏਹੁ ਜੀਉ ਬਹੁਤੇ ਜਨਮ ਭਰੰਮਿਆ
ਤਾਂ ਸਤਿਗੁਰਿ ਸਬਦੁ ਸੁਣਾਇਆ॥ (ਪੰਨਾ 464)
ਇਸ ਪਉੜੀ ਤੋਂ ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰ ਦੀ ਪਰਮਾਤਮਾ ਵੱਲੋਂ ਕੀਤੀ ਘਾੜਤ ਦਾ ਬਿਆਨ ਕੀਤਾ ਹੈ ਅਤੇ ਦੱਸਿਆ ਹੈ ਕਿ ਅਗਿਆਨ ਵਿਚ ਗ੍ਰੱਸੀ ਹੋਣ ਕਰਕੇ ਇਹ ਦੁਨੀਆਂ ਠੱਗੀ ਜਾ ਰਹੀ ਹੈ। ਕਰਤਾ ਪੁਰਖ ਨੇ ਸੰਸਾਰ ਦੀ ਘਾੜਤ ਇਸ ਤਰ੍ਹਾਂ ਕੀਤੀ ਹੈ ਜਿਵੇਂ ਰਾਸ ਪੈ ਰਹੀ ਹੋਵੇ (ਰਾਸਾਂ ਵਿਚ ਰਾਸਧਾਰੀਏ ਅਵਤਾਰਾਂ ਦਾ ਸਾਂਗ ਬਣਾ ਕੇ ਗਾਉਂਦੇ ਅਤੇ ਨੱਚਦੇ ਹਨ)। ਇਸ ਦੇ ਸਮੇਂ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਇਸ ਦੇ ਘੰਟੇ (ਘੜੀਆਂ) ਜਿਵੇਂ ਗੋਪੀਆਂ ਹਨ, ਦਿਨ ਦੇ ਪਹਿਰ ਜਿਵੇਂ ਕਾਨ੍ਹ ਹਨ; ਪਉਣ, ਪਾਣੀ ਅਤੇ ਅੱਗ ਜਿਵੇਂ ਉਨ੍ਹਾਂ ਦੇ ਗਹਿਣੇ ਹਨ (ਜੋ ਗੋਪੀਆਂ ਨੇ ਪਹਿਨੇ ਹੋਏ ਹਨ)। ਕੁਦਰਤਿ ਦੀ ਇਸ ਰਾਸ ਵਿਚ ਚੰਦਰਮਾ ਅਤੇ ਸੂਰਜ ਪਰਮਾਤਮਾ ਵੱਲੋਂ ਘੜੇ ਹੋਏ ਦੋ ਅਵਤਾਰ ਹਨ। ਇਹ ਸਾਰੀ ਧਰਤੀ ਪਰਮਾਤਮਾ ਵੱਲੋਂ ਬਣਾਈ ਹੋਈ ਰਾਸ ਪਾਉਣ ਲਈ ਮਾਲ-ਧਨ ਹੈ ਅਤੇ ਇਸ ਸੰਸਾਰ ਦੇ ਧੰਦੇ ਰਾਸ ਦਾ ਵਰਤਣ-ਵਲੇਵਾਂ ਹਨ। ਮਾਇਆ ਦੀ ਇਸ ਰਾਸ ਵਿਚ ਗਿਆਨ ਤੋਂ ਵਿਹੂਣਾ ਇਹ ਸੰਸਾਰ ਠੱਗਿਆ ਜਾ ਰਿਹਾ ਹੈ ਅਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ। ਕਹਿਣ ਤੋਂ ਭਾਵ ਹੈ ਕਿ ਜੀਵ ਸੰਸਾਰ ਦੀ ਇਸ ਸੁੰਦਰ ਘਾੜਤ ਵਿਚ ਸੁਹਣੇ ਪਦਾਰਥਾਂ ਨੂੰ ਦੇਖ ਦੇਖ ਕੇ ਹੀ ਮਸਤ ਹੋ ਰਿਹਾ ਹੈ ਅਤੇ ਆਪਣਾ ਜੀਵਨ ਅਜਾਈਂ ਗਵਾ ਰਿਹਾ ਹੈ,
ਘੜੀਆ ਸਭੇ ਗੋਪੀਆ ਪਹਰ ਕਨ੍ਹ ਗੋਪਾਲ॥
ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ॥ (ਪੰਨਾ 465)
ਅਗਲੇ ਸਲੋਕ ਵਿਚ ਰਾਸਾਂ ਪਾਉਣ ਵਾਲਿਆਂ ਦਾ ਜ਼ਿਕਰ ਹੈ। ਇਨ੍ਹਾਂ ਰਾਸਾਂ ਵਿਚ ਚੇਲੇ ਸਾਜ ਵਜਾਉਂਦੇ ਹਨ ਅਤੇ ਉਨ੍ਹਾਂ ਦੇ ਗੁਰੂ ਪੈਰ ਹਿਲਾ ਹਿਲਾ ਕੇ ਅਤੇ ਸਿਰ ਫੇਰਦੇ ਨੱਚਦੇ ਹਨ। ਉਨ੍ਹਾਂ ਦੇ ਪੈਰਾਂ ਨਾਲ ਉਡ ਉਡ ਕੇ ਧੂੜ ਉਨ੍ਹਾਂ ਦੇ ਸਿਰ ਵਿਚ ਪੈਂਦੀ ਹੈ। ਲੋਕ ਉਨ੍ਹਾਂ ਨੂੰ ਨੱਚਦਿਆਂ ਦੇਖ ਦੇਖ ਕੇ ਹੱਸਦੇ ਹਨ। ਰਾਸਧਾਰੀਏ ਇਹ ਸਾਰੇ ਸਵਾਂਗ ਰੋਜ਼ੀ ਦੀ ਖ਼ਾਤਰ ਰਚਦੇ ਹਨ ਅਤੇ ਰਾਸ ਪਾਉਂਦੇ ਹਨ, ਆਪਣੇ ਆਪ ਨੂੰ ਜ਼ਮੀਨ ‘ਤੇ ਸੁੱਟਦੇ ਹਨ। ਗੋਪੀਆਂ ਅਤੇ ਕਾਨ੍ਹ ਦੇ ਸਵਾਂਗ ਬਣ ਕੇ ਗਾਉਂਦੇ ਹਨ, ਸੀਤਾ, ਰਾਮ ਅਤੇ ਹੋਰ ਸਵਾਂਗ ਬਣ ਕੇ ਗਾਉਂਦੇ ਹਨ। ਜਿਸ ਕਰਤਾ ਪੁਰਖ ਨੇ ਇਹ ਸੰਸਾਰ ਬਣਾਇਆ ਹੈ ਉਹ ਆਪ ਭੈ ਤੋਂ ਰਹਿਤ ਹੈ ਅਤੇ ਨਿਰਾਕਾਰ ਹੈ, ਉਸ ਦਾ ਕੋਈ ਆਕਾਰ ਨਹੀਂ ਹੈ ਅਤੇ ਉਸ ਦਾ ਨਾਮ ਸਦੀਵੀ ਹੈ। ਉਸ ਅਕਾਲ ਪੁਰਖ ਨੂੰ ਉਹੀ ਸਿਮਰਦੇ ਹਨ ਜਿਨ੍ਹਾਂ ਦੇ ਮਨ ਉਸ ਦੀ ਮਿਹਰ ਸਦਕਾ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਉਸ ਨੂੰ ਸਿਮਰਨ ਦਾ ਚਾਅ ਹੈ। ਪਰਮਾਤਮਾ ਦੇ ਅਜਿਹੇ ਸੇਵਕਾਂ ਦੀ ਜੀਵਨ-ਰੂਪੀ ਰਾਤ ਸੁਆਦਲੀ ਗੁਜ਼ਰਦੀ ਹੈ।
ਗੁਰੂ ਦੀ ਲੋੜ ਦੱਸਦਿਆਂ ਗੁਰੂ ਨਾਨਕ ਫੁਰਮਾਉਂਦੇ ਹਨ ਕਿ ਰੱਬ ਦੇ ਅਜਿਹੇ ਸੇਵਕਾਂ ਨੂੰ ਕਰਤਾ ਪੁਰਖ ਆਪਣੀ ਮਿਹਰ ਦੀ ਨਜ਼ਰ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਅਜਿਹੀ ਸਿੱਖਿਆ ਲਈ ਹੈ। ਨੱਚਣ ਤੇ ਨੱਚਦਿਆਂ ਫੇਰੀਆਂ ਲੈਣ ਨਾਲ ਜੀਵਨ ਦਾ ਉਧਾਰ ਨਹੀਂ ਹੁੰਦਾ। ਜੇ ਇਸ ਤਰ੍ਹਾਂ ਉਧਾਰ ਹੁੰਦਾ ਤਾਂ ਸੰਸਾਰ ‘ਤੇ ਪੈਦਾ ਹੋਣ ਵਾਲੇ ਅਨੇਕਾਂ ਪਦਾਰਥ ਅਤੇ ਜੀਵ ਸਦਾ ਹੀ ਭੌਂਦੇ ਰਹਿੰਦੇ ਹਨ ਜਿਵੇਂ ਕੋਹਲੂ, ਚਰਖਾ, ਚੱਕੀ, ਚੱਕ, ਥਲਾਂ ਦੇ ਬੇਅੰਤ ਵਰੋਲੇ, ਲਾਟੂ, ਮਧਾਣੀਆਂ, ਫਲ੍ਹੇ, ਪੰਛੀ, ਭੰਬੀਰੀਆਂ ਜੋ ਇੱਕੋ ਸਾਹ ਉਡਦੀਆਂ ਰਹਿੰਦੀਆਂ ਹਨ, ਉਨ੍ਹਾਂ ਦਾ ਵੀ ਉਧਾਰ ਹੋ ਗਿਆ ਹੁੰਦਾ। ਸੂਲ ਉਤੇ ਚੜ੍ਹਾ ਕੇ ਵੀ ਕਈ ਜੀਵਾਂ ਨੂੰ ਭੰਵਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਇਸ ਤਰ੍ਹਾਂ ਭੌਣ ਵਾਲੇ ਜੀਵ ਅਣਗਿਣਤ ਹਨ, ਉਨ੍ਹਾਂ ਦੀ ਗਿਣਤੀ ਦਾ ਕੋਈ ਅੰਤ ਨਹੀਂ ਲਗਾਇਆ ਜਾ ਸਕਦਾ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵੀ ਜੀਵਾਂ ਨੂੰ ਜ਼ੰਜੀਰਾਂ ਵਿਚ ਜਕੜ ਕੇ ਭਵਾਉਂਦਾ ਹੈ। ਹਰ ਇੱਕ ਜੀਵ ਆਪਣੇ ਕੀਤੇ ਕਰਮਾਂ ਅਨੁਸਾਰ ਨੱਚ ਰਿਹਾ ਹੈ। ਜਿਹੜੇ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ ਅੰਤ ਵਾਰ ਰੋਂਦੇ ਹੋਏ ਇੱਥੋਂ ਤੁਰਦੇ ਹਨ। ਨੱਚਣ ਟੱਪਣ ਨਾਲ ਮਨੁੱਖ ਕਿਸੇ ਉਚੀ ਅਵਸਥਾ ਨੂੰ ਨਹੀਂ ਪਹੁੰਚ ਜਾਂਦੇ ਅਤੇ ਨਾ ਹੀ ਕਿਸੇ ਕਿਸਮ ਦੀ ਸਿੱਧੀ ਪ੍ਰਾਪਤ ਕਰ ਲੈਂਦੇ ਹਨ। ਨੱਚਣਾ ਕੁੱਦਣਾ ਮਨ ਦੀ ਖੁਸ਼ੀ ਹੈ, ਸ਼ੌਕ ਹੈ। ਪ੍ਰੇਮ ਉਨ੍ਹਾਂ ਦੇ ਮਨ ਵਿਚ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਦਾ ਭੈ ਹੁੰਦਾ ਹੈ,
ਵਾਇਨਿ ਚੇਲੇ ਨਚਨਿ ਗੁਰ॥
ਪੈਰ ਹਲਾਇਨਿ ਫੇਰਨਿ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥
ਵੇਖੈ ਲੋਕੁ ਹਸੈ ਘਰਿ ਜਾਇ॥ (ਪੰਨਾ 465)
ਗੁਰੂ ਨਾਨਕ ਦਾ ਦੱਸਿਆ ਮਾਰਗ ਨਾਮ-ਮਾਰਗ ਹੈ, ਜਿਸ ਵਿਚ ਕਿਸੇ ਕਰਮ-ਕਾਂਡ ਨੂੰ ਕੋਈ ਥਾਂ ਪ੍ਰਾਪਤ ਨਹੀਂ ਹੈ। ਗੁਰੂ ਨਾਨਕ ਅਗਲੀ ਪਉੜੀ ਵਿਚ ਕਰਤਾ ਪੁਰਖ ਨੂੰ ਸੰਬੋਧਿਤ ਹਨ ਕਿ ਹੇ ਅਕਾਲ ਪੁਰਖ ਤੇਰਾ ਨਾਮ ਨਿਰੰਕਾਰ ਹੈ। ਜੋ ਜੋ ਪ੍ਰਾਣੀ ਇਸ ਨਾਮ ਦਾ ਸਿਮਰਨ ਕਰਦੇ ਹਨ, ਉਹ ਨਰਕ ਵਿਚ ਨਹੀਂ ਪੈਂਦੇ ਅਰਥਾਤ ਇਸ ਸੰਸਾਰ-ਸਾਗਰ ਤੋਂ ਪਾਰ ਲੰਘ ਜਾਂਦੇ ਹਨ। ਇਹ ਸਰੀਰ ਅਤੇ ਇਸ ਵਿਚ ਜੀਵਨ ਸਭ ਉਸ ਅਕਾਲ ਪੁਰਖ ਦੀ ਦੇਣ ਹੈ। ਉਹੀ ਜੀਵਨ ਬਸਰ ਕਰਨ ਲਈ ਜੀਵਾਂ ਨੂੰ ਖਾਣ ਲਈ ਭੋਜਨ ਦਿੰਦਾ ਹੈ। ਉਸ ਦੀਆਂ ਦਾਤਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਵੀ ਹੈ ਅਤੇ ਵਿਅਰਥ ਵੀ ਹੈ ਕਿ ਉਹ ਕਿੰਨਾ ਕੁਝ ਦਿੰਦਾ ਹੈ। ਜੇ ਜੀਵ ਆਪਣਾ ਭਲਾ ਚਾਹੁੰਦਾ ਹੈ ਤਾਂ ਭਲਾ ਇਸ ਗੱਲ ਵਿਚ ਹੀ ਕਿ ਉਹ ਚੰਗਾ ਕੰਮ ਕਰਕੇ ਵੀ ਆਪਣੇ ਆਪ ਨੂੰ ਨੀਵਾਂ ਸਮਝੇ (ਇਸੇ ਨੂੰ ਗੁਰਮਤਿ ਵਿਚ ਹਲੀਮੀ ਕਹਿੰਦੇ ਹਨ ਜੋ ਸਦਾਚਾਰਕ ਗੁਣ ਹੈ)। ਜਦੋਂ ਮਨੁੱਖ ਦੀ ਉਮਰ ਹੋ ਜਾਂਦੀ ਹੈ ਤਾਂ ਬੁਢਾਪਾ ਵੀ ਆਉਣਾ ਹੀ ਹੁੰਦਾ ਹੈ, ਬੁਢਾਪਾ ਕੋਈ ਨਾ ਕੋਈ ਵੇਸ ਧਾਰ ਕੇ ਆ ਹੀ ਜਾਂਦਾ ਹੈ। ਜਦੋਂ ਜੀਵਨ ਦੇ ਸੁਆਸ ਪੂਰੇ ਹੋ ਜਾਂਦੇ ਹਨ ਤਾਂ ਜੀਵ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ, ਕੋਈ ਵੀ ਇਥੇ ਰਹਿ ਨਹੀਂ ਸਕਦਾ, ਜਾਣਾ ਹੀ ਹੁੰਦਾ ਹੈ,
ਪਉੜੀ॥
ਨਾਉ ਤੇਰਾ ਨਿਰੰਕਾਰੁ ਹੈ
ਨਾਇ ਲਇਐ ਨਰਕਿ ਨ ਜਾਈਐ॥
ਜੀਉ ਪਿੰਡੁ ਸਭੁ ਤਿਸ ਦਾ
ਦੇ ਖਾਜੈ ਆਖਿ ਗਵਾਈਐ॥ (ਪੰਨਾ 465)
ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਨੇ ਵੱਖ ਵੱਖ ਧਾਰਮਿਕ ਪਰੰਪਰਾਵਾਂ ਨੂੰ ਮੰਨਣ ਵਾਲਿਆਂ ਤੇ ਉਨ੍ਹਾਂ ਦੇ ਵਿਸ਼ਵਾਸ ਦੀ ਗੱਲ ਕੀਤੀ ਹੈ ਜਿਸ ਅਨੁਸਾਰ ਉਹ ਸਮਝਦੇ ਹਨ ਕਿ ਰੱਬ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨ੍ਹਾਂ ਪਰੰਪਰਾਵਾਂ ਦੀ ਤੁਲਨਾ ਵਿਚ ਰੱਬ ਦੇ ਉਹ ਭਗਤ ਹਨ ਜਿਹੜੇ ਉਸ ਦੀ ਸਿਫਤ-ਸਾਲਾਹ ਕਰਕੇ ਉਸ ਦੀ ਸਹਿਜ ਪ੍ਰਾਪਤੀ ਕਰ ਲੈਂਦੇ ਹਨ। ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਮੁਸਲਮਾਨਾਂ ਦਾ ਵਿਸ਼ਵਾਸ ਸ਼ਰਹ ਵਿਚ ਹੈ ਕਿ ਸ਼ਰਹ ਨੂੰ ਮੰਨਣ ਨਾਲ, ਸ਼ਰਹ ਦੀਆਂ ਬੰਦਸ਼ਾਂ ਵਿਚ ਰਹਿਣ ਨਾਲ ਹੀ ਉਹ ਰੱਬ ਦੇ ਬੰਦੇ ਬਣ ਸਕਦੇ ਹਨ। ਇਸ ਲਈ ਉਹ ਸ਼ਰਹ ਦੀ ਵਡਿਆਈ ਕਰਦੇ ਹਨ ਅਤੇ ਸ਼ਰਹ ਨੂੰ ਪੜ੍ਹ ਪੜ੍ਹ ਕੇ ਵਿਚਾਰ ਕਰਦੇ ਹਨ ਕਿ ਰੱਬ ਦਾ ਦੀਦਾਰ ਕਰਨ ਲਈ ਜੋ ਮਨੁੱਖ ਸ਼ਰਹ ਦੇ ਬੰਧਨ ਵਿਚ ਪੈਂਦੇ ਹਨ, ਉਹ ਹੀ ਰੱਬ ਦੇ ਅਸਲੀ ਬੰਦੇ ਹਨ। ਦੂਸਰੇ ਪਾਸੇ ਹਿੰਦੂ ਹਨ ਜੋ ਹਿੰਦੂ ਸ਼ਾਸਤਰਾਂ ਅਨੁਸਾਰ ਉਸ ਸਲਾਹੁਣਯੋਗ ਸੁੰਦਰ ਤੇ ਬੇਅੰਤ ਪ੍ਰਭੂ ਦੇ ਗੁਣ ਗਾਉਂਦੇ ਹਨ, ਤੀਰਥਾਂ ‘ਤੇ ਨਹਾਉਂਦੇ ਹਨ, ਮੂਰਤੀਆਂ ਅੱਗੇ ਭੇਟਾ ਧਰ ਕੇ, ਚੰਦਨ ਅਤੇ ਧੂਪ ਵਗੈਰਾ ਸੁਗੰਧੀ ਵਾਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ ਅਤੇ ਹਰੀ ਦੀ ਪੂਜਾ ਕਰਦੇ ਹਨ। ਇੱਕ ਪਰੰਪਰਾ ਜੋਗੀਆਂ ਦੀ ਹੈ ਜੋ ਸਮਾਧੀ ਸਥਿਤ ਹੋ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ ਉਸ ਨੂੰ ‘ਅਲਖ, ਅਲਖ’ ਕਹਿ ਕੇ ਪੁਕਾਰਦੇ ਹਨ। ਜੋਗੀਆਂ ਅਨੁਸਾਰ ਉਸ ਦਾ ਸਰੂਪ ਸੂਖਮ ਹੈ ਅਤੇ ਉਹ ਨਿਰੰਜਨ ਭਾਵ ਮਾਇਆ ਤੋਂ ਨਿਰਲੇਪ ਹੈ ਅਤੇ ਇਹ ਸਾਰਾ ਸੰਸਾਰ ਉਸੇ ਦਾ ਸਰੀਰ ਹੈ। ਇੱਕ ਹੋਰ ਹਨ ਜੋ ਆਪਣੇ ਆਪ ਨੂੰ ਸਤੀ, ਦਾਨੀ ਅਖਵਾਉਂਦੇ ਹਨ ਜਿਨ੍ਹਾਂ ਦੇ ਮਨ ਵਿਚ ਕੁਝ ਦਾਨ ਕਰਨ ਦੇ ਵਿਚਾਰ ਨਾਲ ਖੁਸ਼ੀ ਪੈਦਾ ਹੁੰਦੀ ਹੈ। ਪਰ ਉਹ ਲੋੜਵੰਦਾਂ ਨੂੰ ਦਾਨ ਕਰਕੇ ਪਰਮਾਤਮਾ ਕੋਲੋਂ ਉਸ ਤੋਂ ਵੀ ਹਜ਼ਾਰਾਂ ਗੁਣਾ ਵੱਧ ਮੰਗਦੇ ਹਨ। ਸੰਸਾਰ ਉਨ੍ਹਾਂ ਦੇ ਦਾਨੀ ਪੁਰਸ਼ ਹੋਣ ਦੀ ਵਡਿਆਈ ਕਰਦਾ ਹੈ। ਸੰਸਾਰ ਵਿਚ ਮਨੁੱਖਾਂ ਦੀ ਇੱਕ ਹੋਰ ਕਿਸਮ ਵੀ ਹੈ ਅਰਥਾਤ ਸੰਸਾਰ ਵਿਚ ਝੂਠੇ, ਬੁਰੇ ਕੰਮ ਕਰਨ ਵਾਲੇ, ਵਿਭਚਾਰੀ, ਝੂਠ ਬੋਲਣ ਵਾਲੇ, ਵਿਕਾਰੀ ਮਨੁੱਖ ਵੀ ਹਨ ਜੋ ਬੁਰੇ ਕੰਮ ਕਰਕੇ ਆਪਣੀ ਪਹਿਲੀ ਕੀਤੀ ਕਮਾਈ ਵੀ ਗੁਆ ਬੈਠਦੇ ਹਨ ਅਤੇ ਸੰਸਾਰ ਤੋਂ ਖਾਲੀ ਹੱਥ ਚਲੇ ਜਾਂਦੇ ਹਨ। ਇਹ ਸਭ ਰੰਗ-ਬਿਰੰਗੀ ਦੁਨੀਆਂ ਉਸੇ ਦੀ ਸਾਜੀ ਹੋਈ ਹੈ ਅਤੇ ਉਸ ਨੇ ਹੀ ਅਜਿਹੀ ਕਾਰ ਸੌਂਪੀ ਹੋਈ ਹੈ।
ਇਸ ਸਾਰੇ ਬ੍ਰਹਿਮੰਡ ਵਿਚ ਜਲ, ਥਲ, ਅਨੇਕ ਪੁਰੀਆਂ ਅਤੇ ਲੋਕਾਂ ਵਿਚ ਜਿੰਨੇ ਵੀ ਜੀਵ ਹਨ, ਉਹ ਜੋ ਕੁਝ ਵੀ ਕਹਿੰਦੇ ਜਾਂ ਕਰਦੇ ਹਨ ਕਰਤਾ ਪੁਰਖ ਸਭ ਕੁਝ ਸੁਣਦਾ ਅਤੇ ਜਾਣਦਾ ਹੈ ਅਤੇ ਉਹ ਸਾਰੇ ਜੀਵਾਂ ਦਾ ਆਸਰਾ ਹੈ। ਗੁਰੂ ਨਾਨਕ ਸਾਹਿਬ ਅੱਗੇ ਦੱਸਦੇ ਹਨ ਕਿ ਇਨ੍ਹਾਂ ਸਾਰਿਆਂ ਤੋਂ ਵੱਖਰੀ ਇੱਕ ਕਿਸਮ ਪਰਮਾਤਮਾ ਦੇ ਭਗਤਾਂ ਦੀ ਹੈ। ਉਨ੍ਹਾਂ ਦੇ ਮਨ ਵਿਚ ਕੇਵਲ ਅਕਾਲ ਪੁਰਖ ਦੀ ਸਿਫਤ-ਸਾਲਾਹ ਕਰਨ ਦੀ ਪ੍ਰਬਲ ਇੱਛਾ ਹੁੰਦੀ ਹੈ। ਉਸ ਸਦੀਵੀ ਰਹਿਣ ਵਾਲੇ ਅਕਾਲ ਪੁਰਖ ਦਾ ਨਾਮ ਹੀ ਉਨ੍ਹਾਂ ਦਾ ਓਟ-ਆਸਰਾ ਹੈ। ਉਹ ਉਸ ਨੂੰ ਯਾਦ ਕਰਦਿਆਂ ਸਦਾ ਅਨੰਦ ਦੀ ਅਵਸਥਾ ਵਿਚ ਰਹਿੰਦੇ ਹਨ। ਰੱਬ ਦੇ ਭਗਤ ਹਲੀਮ ਹੁੰਦੇ ਹਨ, ਇਸ ਲਈ ਆਪਣੇ ਆਪ ਨੂੰ ਜਤਾਉਂਦੇ ਨਹੀਂ,
ਮੁਸਲਮਾਨਾ ਸਿਫਤਿ ਸਰੀਅਤਿ
ਪੜਿ ਪੜਿ ਕਰਹਿ ਬੀਚਾਰੁ॥
ਬੰਦੇ ਸੇ ਜਿ ਪਵਹਿ ਵਿਚਿ ਬੰਦੀ
ਵੇਖਣੁ ਕਉ ਦੀਦਾਰੁ॥ (ਪੰਨਾ 465)

Be the first to comment

Leave a Reply

Your email address will not be published.