ਏਸ਼ੀਆ ਦਾ ਸਭ ਤੋਂ ਵੱਡਾ ਹੈ ਤਰਨਤਾਰਨ ਦਾ ਸਰੋਵਰ

ਤਰਨਤਾਰਨ: 1596 ਈਸਵੀ ਵਿਚ ਤਰਨਤਾਰਨ ਦੀ ਪਵਿੱਤਰ ਨਗਰੀ ਦਾ ਨੀਂਹ ਪੱਥਰ ਰੱਖਣ ਤੋਂ ਤਕਰੀਬਨ ਛੇ ਸਾਲ ਪਹਿਲਾਂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਵੱਲੋਂ ਇਥੇ ਹੀ ਪਵਿੱਤਰ ਸਰੋਵਰ ਦੀ ਨੀਂਹ ਰੱਖੀ ਸੀ। ਇਹ ਸਰੋਵਰ ਅੱਜ ਏਸ਼ੀਆ ਭਰ ਵਿਚ ਸਭ ਤੋਂ ਵੱਡੇ ਆਕਾਰ ਵਾਲਾ ਹੋਣ ਦਾ ਮਾਣ ਹਾਸਲ ਕਰ ਰਿਹਾ ਹੈ। ਇਤਿਹਾਸ ਮੁਤਾਬਕ ਇਸ ਸਰੋਵਰ ਵਾਲੀ ਥਾਂ ‘ਤੇ ਪਿੰਡ ਪਲਾਸੌਰ ਦੀ ਇਕ ਢਾਬ ਹੋਇਆ ਕਰਦੀ ਸੀ ਜਿਥੇ ਆਸ-ਪਾਸ ਦੇ ਪਿੰਡਾਂ ਦਾ ਪਾਣੀ ਆਣ ਠਹਿਰਦਾ ਹੁੰਦਾ ਸੀ।
ਸ਼ਹਿਰ ਦੇ ਨਜ਼ਦੀਕੀ ਪਿੰਡ ਪਲਾਸੌਰ, ਮੁਰਾਦਪੁਰ, ਕੈਰੋਵਾਲ, ਕਾਜੀਕੋਟ (ਖਾਨੇਵਾਲ), ਠੱਠੀ ਖਾਰਾ ਆਦਿ ਦੇ ਪਾਲੀ ਮੁੰਡੇ ਆਪਣੇ ਪਸ਼ੂ ਆਦਿ ਇਥੇ ਲਿਆ ਕੇ ਤਾਰੀਆਂ ਲਾਇਆ ਕਰਦੇ ਸਨ। ਗੁਰੂ ਅਰਜਨ ਦੇਵ ਜਦੋਂ 1590 ਈਸਵੀ (17 ਵੈਸਾਖ ਸੰਮਤ 1647) ਨੂੰ ਅੰਮ੍ਰਿਤਸਰੋਂ-ਗੋਇੰਦਵਾਲ ਸਾਹਿਬ ਜਾਂਦਿਆਂ ਇਸ ਢਾਬ ਕੋਲ ਰੁਕੇ ਤਾਂ ਉਨ੍ਹਾਂ ਨੂੰ ਇਥੋਂ ਦਾ ਪੌਣ ਪਾਣੀ ਬਹੁਤ ਚੰਗਾ ਲੱਗਾ। ਉਨ੍ਹਾਂ ਨੂੰ ਨਾਲ ਹੀ ਇਹ ਵੀ ਪਤਾ ਲੱਗਾ ਕਿ ਇਸ ਢਾਬ ਕਰਕੇ ਪਿੰਡ ਪਲਾਸੌਰ ਤੇ ਕਾਜੀਕੋਟ ਜਿਸ ਨੂੰ ਉਦੋਂ ਖਾਨੇਵਾਲ ਵੀ ਸੱਦਿਆ ਜਾਂਦਾ ਸੀ, ਦੇ ਲੋਕ ਆਪਸ ਵਿਚ ਝਗੜਦੇ ਰਹਿੰਦੇ ਸਨ।
ਗੁਰੂ ਜੀ ਨੇ ਇਸ ਜਗ੍ਹਾ (ਢਾਬ) ਦੇ ਕਾਜੀਕੋਟ ਦੇ ਖੱਤਰੀਆਂ ਤੇ ਪਲਾਸੌਰ ਦੇ ਰੰਗੜਾਂ ਨੂੰ ਰਜ਼ਾਮੰਦ ਕਰਕੇ ਇਹ ਜ਼ਮੀਨ ਇਕ ਲੱਖ ਸਤਵੰਜਾ ਹਜ਼ਾਰ ਰੁਪਏ ਵਿਚ ਖਰੀਦ ਲਈ। ਇਸ ਜ਼ਮੀਨ ਦੀ ਖਰੀਦ ਕਰਨ ਬਾਰੇ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਸੰਤੋਖ ਸਿੰਘ ਨੇ ਆਪਣੇ ਮਹਾਂਕਾਵਿ (ਗ੍ਰੰਥ) ‘ਗੁਰੂ ਪ੍ਰਕਾਸ਼ ਸੂਰਜ’ ਵਿਚ ਵੀ ਦਰਜ ਕੀਤਾ ਹੈ। ਗੁਰੂ ਜੀ ਨੇ ਇਸ ਢਾਬ ਨੂੰ ਦੁਖ ਨਿਵਾਰਨ (ਸਰੋਵਰ) ਦਾ ਨਾਂ ਦਿੱਤਾ। ਗੁਰੂ ਜੀ ਨੇ ਇਸ ਸਰੋਵਰ ਦੀ 15 ਭਾਦਰੋਂ, 1647 ਸੰਮਤ (1590 ਈਸਵੀ) ਨੂੰ ਨੀਂਹ ਰਖਵਾਉਣ ਮੌਕੇ ਬਾਬਾ ਬੁੱਢਾ ਜੀ ਪਾਸੋਂ ਅਰਦਾਸਾ ਕਰਵਾਇਆ।
ਗੁਰੂ ਜੀ ਨੇ ਉਸ ਮੌਕੇ ਦੇ ਹਾਕਮ (ਰਾਜ ਕਰਮਚਾਰੀ) ਨੁਰੂਦੀਨ ਨੂੰ ਵੀ ਬੁਲਵਾਇਆ। ਉਸ ਰਾਜ ਕਰਮਚਾਰੀ ਨਾਲ ਹੀ ਸਲਾਹ ਮਸ਼ਵਰਾ ਕਰਨ ਉਪਰੰਤ ਗੁਰੂ ਜੀ ਨੇ ਸਰੋਵਰ ਤੇ ਨਗਰ ਦੀ ਉਸਾਰੀ ਲਈ ਇੱਟਾਂ ਪਕਾਉਣ ਦਾ ਹੁਕਮ ਦਿੱਤਾ। ਇਹ ਸਰੋਵਰ ਤਕਰੀਬਨ 16 ਏਕੜ ਜ਼ਮੀਨ ਵਿਚ ਫੈਲਿਆ ਹੋਇਆ ਹੈ ਜਿਸ ਦੀ ਲੰਬਾਈ 212 ਗਜ ਤੇ ਚੌੜਾਈ 208 ਗਜ ਹੈ। ਇਵੇਂ ਇਸ ਦਾ ਘੇਰਾ ਇਕ ਮੀਲ 212 ਗਜ ਦਾ ਬਣਦਾ ਹੈ। ਗੁਰੂ ਜੀ ਨੇ ਇਸ ਸਰੋਵਰ ਦਾ ਵਾਤਾਵਰਣ ਹੋਰ ਵੀ ਸੁਹਾਵਨਾ ਬਣਾਉਣ ਲਈ ਇਸ ਦੇ ਚਾਰੇ ਪਾਸੇ ਅੰਬਾਂ ਦੇ ਦਰਖ਼ਤ ਲਗਵਾਏ ਸਨ। ਇਨ੍ਹਾਂ ਦਰਖ਼ਤਾਂ ਨੂੰ ਤਕਰੀਬਨ 40 ਸਾਲ ਪਹਿਲਾਂ ਪੁਟਵਾ ਕੇ ਇਥੇ ਸੰਗਮਰਮਰ ਦੀ ਪਰਿਕਰਮਾ ਬਣਾ ਦਿੱਤੀ ਗਈ ਹੈ।
ਗੁਰੂ ਜੀ ਵੱਲੋਂ ਜਦੋਂ ਸ਼ਹਿਰ ਦੀ ਉਸਾਰੀ ਤੇ ਪਾਵਨ ਸਰੋਵਰ ਨੂੰ ਪੱਕਿਆਂ ਕਰਨ ਦਾ ਕਾਰਜ ਪੂਰੇ ਜ਼ੋਰਾਂ ‘ਤੇ ਕਰਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਹੀ ਸਰਕਾਰੀ ਹਾਕਮ ਨੁਰੂਦੀਨ ਨੇ ਨਜ਼ਦੀਕੀ ਨਗਰ ਵਿਖੇ ਸਰਾਇ (ਸਰਾਂ) ਦੀ ਉਸਾਰੀ ਸ਼ੁਰੂ ਕਰਵਾ ਦਿੱਤੀ। ਉਸ ਨੇ ਇਲਾਕੇ ਦੇ ਹੋਰ ਆਵਿਆਂ (ਭੱਠਿਆਂ) ਦੀਆਂ ਇੱਟਾਂ ਸਰਾਂ ‘ਤੇ ਲਾਉਣ ਲਈ ਹੁਕਮ ਜਾਰੀ ਕਰ ਦਿੱਤੇ ਤੇ ਉਸ ਦੇ ਹੁਕਮਾਂ ਮੁਤਾਬਕ ਇੱਟਾਂ ਕਿਧਰੇ ਹੋਰ ਭੇਜਣ ‘ਤੇ ਪਾਬੰਦੀ ਹੀ ਨਹੀਂ ਲਵਾ ਦਿੱਤੀ ਸਗੋਂ ਸ਼ਹਿਰ ਤੇ ਸਰੋਵਰ ਲਈ ਆਈਆਂ ਇੱਟਾਂ ਵੀ ਸਰਾਂ ਨੂਰੂਦੀਨ ਦੀ ਉਸਾਰੀ ਲਈ ਮੰਗਵਾ ਲਈਆਂ। ਹਾਕਮ ਦੀ ਇਸ ਕਾਰਵਾਈ ਖ਼ਿਲਾਫ਼ ਸਿੱਖਾਂ ਅੰਦਰ ਡਾਢਾ ਰੋਸ ਪੈਦਾ ਹੋਇਆ। ਹਾਕਮ ਦੀ ਇਸ ਕਾਰਵਾਈ ਤੋਂ ਗੁਰੂ ਜੀ ਖੁਦ ਵੀ ਕਾਫੀ ਖ਼ਫ਼ਾ ਹੋਏ। ਉਹ ਇਥੇ ਕੰਮ ਬੰਦ ਕਰਵਾ ਕੇ ਅੰਮ੍ਰਿਤਸਰ ਵਾਪਸ ਚਲੇ ਗਏ। ਅੱਜ ਇਹ ਪਾਵਨ ਸਰੋਵਰ ਦੇਸ਼-ਵਿਦੇਸ਼ ਦੇ ਸਿੱਖਾਂ ਲਈ ਅਮਨ-ਭਾਈਚਾਰੇ ਦਾ ਸੰਦੇਸ਼ ਦੇ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੇ ਇਥੇ ਸਰੋਵਰ ਦੀ ਪਰਿਕਰਮਾ ਹੀ ਪੱਕੀ ਨਹੀਂ ਕਰਵਾਈ ਸਗੋਂ ਇਥੇ ਚਾਰ ਕੋਨਿਆਂ ਤੇ ਮੁਨਾਰੇ ਵੀ ਬਣਾਉਣ ਦਾ ਐਲਾਨ ਕੀਤਾ। ਇਨ੍ਹਾਂ ਵਿਚੋਂ ਇਕ ਹੀ ਤਿੰਨ ਮੰਜ਼ਿਲਾ ਮੁਨਾਰਾ ਬਣ ਸਕਿਆ ਸੀ ਕਿ ਸਿੱਖ ਰਾਜ ਦਾ ਪਤਨ ਸ਼ੁਰੂ ਹੋ ਗਿਆ। ਇਸ ਮੁਨਾਰੇ ਦੀ ਉਸਾਰੀ 1839 ਈਸਵੀ (ਸੰਮਤ 1886) ਨੂੰ ਸ਼ੁਰੂ ਹੋ ਕੇ ਉਸੇ ਹੀ ਸਾਲ ਮੁਕੰਮਲ ਹੋ ਗਈ ਸੀ। ਇਹ 156 ਫੁੱਟ ਛੇ ਇੰਚ ਉੱਚਾ ਹੈ, ਜਿਸ ਦੇ ਸਿਖ਼ਰ ‘ਤੇ ਖਲੋ ਕੇ ਆਸ-ਪਾਸ ਦੇ 10-12 ਮੀਲਾਂ ਤੱਕ ਨਿਗਾਹ ਦੌੜਾਈ ਜਾ ਸਕਦੀ ਹੈ।
ਪਹਿਲਾਂ ਪਹਿਲ ਤਾਂ ਇਸ ਸਰੋਵਰ ਵਿਚ ਬਾਰਸ਼ਾਂ ਦੇ ਪਾਣੀ ਨਾਲ ਹੀ ਸ਼ਰਧਾਵਾਨ ਇਸ਼ਨਾਨ ਕਰ ਲਿਆ ਕਰਦੇ ਸਨ ਪਰ ਬਾਰਸ਼ ਨਾ ਹੋਣ ਦੀ ਸੂਰਤ ਵਿਚ 1883 ਈਸਵੀ ਵਿਚ ਜਦੋਂ ਸਖ਼ਤ ਔੜ ਲਗ ਗਈ ਤਾਂ ਜੀਂਦ (ਸੰਗਰੂਰ) ਦੇ ਮਹਾਰਾਜਾ ਰਘੁਬੀਰ ਸਿੰਘ ਨੇ ਅੰਗਰੇਜ਼ ਹਕੂਮਤ ਤੱਕ ਪਹੁੰਚ ਕਰਕੇ ਰਸੂਲਪੁਰ ਘਰਾਟਾਂ ਨੇੜਿਉਂ ਇਕ ਕੱਚਾ ਰਜਵਾਹਾ ਬਣਵਾ ਕੇ ਇਸ ਸਰੋਵਰ ਵਿਚ ਨਹਿਰੀ ਪਾਣੀ ਪਵਾਉਣਾ ਸ਼ੁਰੂ ਕੀਤਾ।

Be the first to comment

Leave a Reply

Your email address will not be published.