ਭ੍ਰਿਸ਼ਟਾਚਾਰ ਦਾ ਘਮਾਸਾਣ: ਕਾਂਗਰਸ ਤੇ ਭਾਜਪਾ ਨੂੰ ਪਿਆ ਘੇਰਾ

ਨਵੀਂ ਦਿੱਲੀ: ਭਾਰਤ ਵਿਚ ਸੱਤਾਧਾਰੀ ਕਾਂਗਰਸ ਅਤੇ ਮੁੱਖ ਵਿਰੋਧੀ ਧਿਰ ਭਾਜਪਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰ ਗਈਆਂ ਹਨ। ਦੋਵਾਂ ਧਿਰਾਂ ਦੇ ਸੀਨੀਅਰ ਆਗੂਆਂ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਇਨ੍ਹਾਂ ਪਾਰਟੀਆਂ ਅੰਦਰ ਕਲੇਸ਼ ਵੀ ਸ਼ੁਰੂ ਹੋ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਲੋਕ ਸਭਾ ਚੋਣਾਂ ਸਿਰ ‘ਤੇ ਹੋਣ ਕਾਰਨ ਦੋਵਾਂ ਧਿਰਾਂ ਵਲੋਂ ਇਕ-ਦੂਜੇ ਦੇ ਪੋਤੜੇ ਫੋਲਣ ਦੀ ਬਜਾਏ ਆਪੋ-ਆਪਣਾ ਘਰ ਸੰਭਾਲਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕਾਂਗਰਸ ਖਿਲਾਫ ਵੱਡੀ ਪੱਧਰ ‘ਤੇ ਉਥਲ-ਪੁਥਲ ਦੇ ਬਾਵਜੂਦ ਭਾਜਪਾ ਦਾ ਵਿਰੋਧੀ ਧਿਰ ਵਾਲਾ ਦਬਕਾ ਨਦਾਰਦ ਹੈ। ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿੱਢ ਕੇ ਅਰਵਿੰਦ ਕੇਜਰੀਵਾਲ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੇ ਹਨ।
ਕਾਂਗਰਸ ਵੱਲੋਂ ਕੈਬਨਿਟ ਮੰਤਰੀ ਸਲਮਾਨ ਖੁਰਸ਼ੀਦ ਤੋਂ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ‘ਤੇ ਲੱਗੇ ਬੇਨੇਮੀਆਂ ਦੇ ਦੋਸ਼ਾਂ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੁਰੂ ਵਿਚ ਭਾਜਪਾ ਨੇ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ ਸਨ ਪਰ ਆਪਣੇ ਪ੍ਰਧਾਨ ਨਿਤਿਨ ਗਡਕਰੀ ‘ਤੇ ਵੀ ਦੋਸ਼ ਲੱਗਣ ਕਾਰਨ ਹੁਣ ਇਸ ਦੀ ਸੁਰ ਨਰਮ ਹੋ ਗਈ ਹੈ। ਉਲਟਾ ਭਾਜਪਾ ਦੇ ਅੰਦਰ ਘਮਾਸਾਣ ਸ਼ੁਰੂ ਹੋ ਗਿਆ ਹੈ ਅਤੇ ਇਕ ਧੜਾ ਸ੍ਰੀ ਗਡਕਰੀ ਨੂੰ ਬਾਹਰ ਦਾ ਰਾਹ ਦਿਖਾਉਣ ਲਈ ਸਰਗਰਮ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨੂੰ ਲੈ ਕੇ ਪਹਿਲਾਂ ਹੀ ਭਾਜਪਾ ਵਿਚਾਲੇ ਜੰਗ ਛਿੜੀ ਹੋਈ ਹੈ। ਹੁਣ ਗਡਕਰੀ ‘ਤੇ ਲੱਗੇ ਦੋਸ਼ਾਂ ਨੇ ਪਾਰਟੀ ਦਾ ਅੰਦਰੂਨੀ ਸੰਕਟ ਹੋਰ ਵਧਾ ਦਿੱਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਗਡਕਰੀ ਦੀ ਪ੍ਰਧਾਨਗੀ ‘ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਉਂਜ ਭਾਜਪਾ ਨੇ ਕਿਹਾ ਹੈ ਕਿ ਗਡਕਰੀ ਦੀਆਂ ਜਿਨ੍ਹਾਂ 18 ਕੰਪਨੀਆਂ ਬਾਰੇ ਸਵਾਲ ਉਠਾਏ ਗਏ ਹਨ, ਉਸ ਵਿਚ ਗਡਕਰੀ ਨੇ ਕੁਝ ਵੀ ਗੈਰਕਾਨੂੰਨੀ ਤੇ ਅਨੈਤਿਕ ਨਹੀਂ ਕੀਤਾ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿਚ ਉਨ੍ਹਾਂ ਨੂੰ ਅਹੁਦੇ ‘ਤੇ ਬਰਕਰਾਰ ਰੱਖਣ ਦੇ ਸਵਾਲ ‘ਤੇ ਵੰਡੀਆਂ ਪੈ ਗਈਆਂ ਹਨ। ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਤਾਂ ਲੰਘੇ ਦਿਨ ਹੋਈ ਕੋਰ ਕਮੇਟੀ ਦੀ ਮੀਟਿੰਗ ‘ਚੋਂ ਹੀ ਗ਼ੈਰਹਾਜ਼ਰ ਰਹੇ। ਇਸੇ ਦੌਰਾਨ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਪਾਰਟੀ ਦੇ ਤਿੰਨ ਸੀਨੀਅਰ ਆਗੂ ਸੁਸ਼ਮਾ ਸਵਰਾਜ, ਅਨੰਤ ਕੁਮਾਰ ਤੇ ਬਲਬੀਰ ਪੁੰਜ, ਸ੍ਰੀ ਅਡਵਾਨੀ ਨੂੰ ਉਨ੍ਹਾਂ ਦੇ ਨਿਵਾਸ ‘ਤੇ ਜਾ ਕੇ ਮਿਲੇ ਅਤੇ ਦਬਾਅ ਪਾਇਆ ਕਿ ਉਹ ਮੀਟਿੰਗ ਵਿਚ ਹਾਜ਼ਰੀ ਭਰਨ ਪਰ ਸ੍ਰੀ ਅਡਵਾਨੀ ਰਾਜ਼ੀ ਨਹੀਂ ਹੋਏ। ਜ਼ਿਕਰਯੋਗ ਹੈ ਕਿ ਸ੍ਰੀ ਰਾਮ ਜੇਠਮਲਾਨੀ ਦੇ ਪੁੱਤਰ ਮਹੇਸ਼ ਜੇਠਮਲਾਨੀ ਨੇ ਭਾਜਪਾ ਦੀ ਕੌਮੀ ਕਾਰਜਕਾਰਨੀ ਤੋਂ ਅਸਤੀਫਾ ਇਸ ਆਧਾਰ ‘ਤੇ ਦੇ ਦਿੱਤਾ ਸੀ ਕਿ ਜਦੋਂ ਤੱਕ ਸ੍ਰੀ ਗਡਕਰੀ ਪਾਰਟੀ ਪ੍ਰਧਾਨ ਹਨ, ਉਦੋਂ ਤੱਕ ਕਾਰਜਕਾਰਨੀ ਦਾ ਮੈਂਬਰ ਬਣੇ ਰਹਿਣਾ ਉਨ੍ਹਾਂ ਨੂੰ ਨਾ-ਮੁਮਕਿਨ ਜਾਪਦਾ ਹੈ ਕਿਉਂਕਿ ਉਨ੍ਹਾਂ ਦੀ ਜ਼ਮੀਰ ਨਹੀਂ ਮੰਨਦੀ ਕਿ ਉਹ ਸ੍ਰੀ ਗਡਕਰੀ ਨੂੰ ਆਪਣਾ ਨੇਤਾ ਮੰਨਣ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪਾਰਟੀ ਦਾ ਹਿੱਤ ਇਸ ਗੱਲ ਵਿਚ ਹਨ ਕਿ ਸ੍ਰੀ ਗਡਕਰੀ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਬੇਦਾਗ਼ ਸਾਬਤ ਹੋਣ ਤੱਕ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਹੋ ਜਾਣ।
ਦਰਅਸਲ, ਅਜਿਹੀ ਹੀ ਸਲਾਹ ਰਾਮ ਜੇਠਮਲਾਨੀ ਨੇ ਸ੍ਰੀ ਗਡਕਰੀ ਦੇ ਪੂਰਤੀ ਗਰੁੱਪ ਲਈ ਸ਼ੱਕੀ ਸਰੋਤਾਂ ਤੋਂ ਫੰਡ ਆਉਣ ਦੇ ਦੋਸ਼ ਲੱਗਦਿਆਂ ਹੀ ਦੇ ਦਿੱਤੀ ਸੀ। ਰਾਮ ਜੇਠਮਲਾਨੀ ਨੇ ਆਪਣੇ ਪੁੱਤਰ ਦੀ ਖੁੱਲ੍ਹ ਕੇ ਪੈਰਵੀ ਕਰਦਿਆਂ ਇਹ ਦਾਅਵਾ ਵੀ ਕੀਤਾ ਹੈ ਕਿ ਪਾਰਟੀ ਦੇ ਤਿੰਨ ਸੀਨੀਅਰ ਆਗੂ ਜਸਵੰਤ ਸਿੰਘ, ਯਸ਼ਵੰਤ ਸਿਨਹਾ ਤੇ ਸ਼ਰਤੂਘਨ ਸਿਨਹਾ ਉਨ੍ਹਾਂ ਦੀ ਸੋਚ ਦੇ ਮੁਦੱਈ ਹਨ; ਹਾਲਾਂਕਿ ਇਨ੍ਹਾਂ ਤਿੰਨਾਂ ਨੇ ਸ੍ਰੀ ਜੇਠਮਲਾਨੀ ਦੇ ਦਾਅਵੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ।

Be the first to comment

Leave a Reply

Your email address will not be published.