ਬਲਜੀਤ ਬਾਸੀ
ਪਿਛਲੇ ਕੁਝ ਸਮੇਂ ਤੋਂ ਕੁਝ ਨਵਾਂ ਗਿਆਨ ਲੈ ਕੇ ਆਏ ਕੁਝ ਅਖੌਤੀ ਸਿੱਖ ਵਿਦਵਾਨ ਸਿੱਖ ਧਰਮ ਦੀ ਹਿੰਦੂ ਧਰਮ ਨਾਲ ਸਾਂਝੀ ਸੰਕਲਪਾਤਮਕ ਸ਼ਬਦਾਵਲੀ ਨੂੰ ਲੈ ਕੇ ਜ਼ਹਿਰ ਉਗਲਦੇ ਰਹਿੰਦੇ ਹਨ। ਇਕ ਅਜਿਹੇ ਵਿਦਵਾਨ ਨੇ ਇਹ ਗੱਲ ਚੱਕੀ ਹੋਈ ਹੈ ਕਿ ਕੁਝ ਗੁਰੂਆਂ ਦੇ ਨਾਮਾਂ ਪਿਛੇ ‘ਦੇਵ’ ਪਿਛੇਤਰ ਬ੍ਰਾਹਮਣੀ ਹਿੰਦੂਆਂ ਦੀ ਸਾਜ਼ਿਸ਼ ਹੈ ਜਿਵੇਂ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਰਜਨ ਦੇਵ ਆਦਿ। ਉਹ ਡਰ ਨਾਲ ਮਰੀ ਜਾ ਰਹੇ ਹਨ ਕਿ ਇਸ ਤਰ੍ਹਾਂ ਹਿੰਦੂ ਧਰਮ ਕਿਸੇ ਦਿਨ ਸਿੱਖੀ ਨੂੰ ਆਪਣੇ ਵਿਚ ਹੀ ਜਜ਼ਬ ਕਰ ਲਵੇਗਾ। ਉਹ ਕੁਝ ਗਿਣੇ ਚੁਣੇ ਸ਼ਬਦਾਂ ਬਾਰੇ ਅਨਪੜ੍ਹਾਂ ਜਿਹੀ ਗੱਲ ਕਰਦੇ ਹਨ। ਚਲੋ ਮੰਨਿਆ ਕਿ ਇਹ ਬ੍ਰਾਹਮਣਾਂ ਦੀ ਸਾਜਿਸ਼ ਹੈ ਪਰ ਲਗਭਗ ਸਾਰੇ ਗੁਰੂਆਂ ਦੇ ਹੀ ਨਾਂ ਕਿਉਂ ਹਿੰਦੂ ਮਿਥਿਹਾਸ ਵਾਲੇ ਹਨ? ਅੰਗਦ, ਰਾਮ, ਅਰਜਨ, ਗੋਬਿੰਦ, ਹਰਿ, ਕ੍ਰਿਸ਼ਨ। ਸਿੱਖ ਧਰਮ ਦੀ ਬੁਨਿਆਦ ਹੀ ਬਣ ਗਈ ਗੁਰੂ-ਸਿੱਖ ਪਰਿਪਾਟੀ ਹਿੰਦੂ ਧਰਮ ਦੀ ਪਰਾਚੀਨ ਰੀਤੀ ਹੀ ਹੈ। ਸਿੱਖ ਧਰਮ ਦੇ ਬਾਨੀਆਂ ਨੇ ਕੋਈ ਨਵੀਂ ਪਿਰਤ ਕਿਉਂ ਨਹੀਂ ਪਾਈ? ਗੁਰੂ ਸ਼ਬਦ ਹਿੰਦੂ ਧਰਮ ਵਿਚ ਬਹੁਤ ਸ਼ਰਧਾ ਰਖਦਾ ਹੈ। ਕੁਝ ਸਾਲ ਪਹਿਲਾਂ ਗੁਰੂ ਦਾ ਮਖੌਲ ਉਡਾਉਂਦੀ ਅੰਗਰੇਜ਼ੀ ਫਿਲਮ “ਲਵ ਗੁਰੂ” ਬਣੀ ਸੀ ਤਾਂ ਸਭ ਤੋਂ ਵਧ ਇਤਰਾਜ਼ ਹਿੰਦੂਆਂ ਨੇ ਕੀਤਾ ਸੀ।
ਸਿੱਖ ਮਰਦ ਨਾਂਵਾਂ ਪਿਛੇ ਸਿੰਘ ਲਾਉਣ ਦੀ ਰੀਤ ਹਿੰਦੂ ਰੀਤ ਹੈ। ਸਿੰਘ ਦੀ ਵਰਤੋਂ ਵਾਲਾ ਸਭ ਤੋਂ ਪੁਰਾਣਾ ਪ੍ਰਾਪਤ ਨਾਂ ਅਮਰ ਸਿੰਘ ਹੈ ਜੋ ਦਸਵੀਂ ਸਦੀ ਦੇ ‘ਅਮਰ ਕੋਸ਼’ ਦਾ ਕਰਤਾ ਹੈ। ਸਮੁੱਚੇ ਭਾਰਤ ਵਿਚ ਹਿੰਦੂ ਨਾਂਵਾਂ ਪਿਛੇ ਲਗਦੇ ‘ਸਿੰਘ’ ਦੇ ਕਈ ਰੁਪਾਂਤਰ ਮਿਲ ਜਾਂਦੇ ਹਨ ਜਿਵੇਂ ਸਿੰਹ, ਸਿਨਹਾ, ਸਿਮਹਾ ਆਦਿ। ਇਸ ਬਾਰੇ ਮੈਂ ਦੋ ਕੜੀਆਂ ਵਾਲਾ ਕਾਲਮ ਲਿਖ ਚੁਕਾ ਹਾਂ। ਕੁਝ ਸਿੰਘਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਿੱਖ ਔਰਤਾਂ ਦੇ ਨਾਂ ਪਿਛੇ ਲਗਦੇ ‘ਕੌਰ’ ਸ਼ਬਦ ਦੇ ਕੀ ਅਰਥ ਹੁੰਦੇ ਹਨ? ਕਈ ਸਿੰਘ ਦੀ ਤਰਜ਼ ਤੇ ਇਸ ਦਾ ਅਰਥ ਸ਼ੇਰਨੀ ਹੀ ਕਰੀ ਜਾਂਦੇ ਹਨ। ਇਸ ਦਾ ਵਿਸਥਾਰ ਫਿਰ ਕਦੇ ਕਰਾਂਗੇ, ਹਾਲ ਦੀ ਘੜੀ ਏਨਾ ਹੀ ਕਿ ਇਹ ਹਿੰਦੂ ਨਾਂਵਾਂ ਦੇ ਪਿਛੇ ਲਗਦੇ ਪ੍ਰਸਿਧ ਪਿਛੇਤਰ ਕੁਮਾਰ ਦਾ ਵਿਗੜਿਆ ਰੂਪ ਹੈ। ਅੱਜ ਵੀ ਰਾਜਸਥਾਨ ਦੇ ਬਾਂਸਵਾੜਾ ਖੇਤਰ ਦੇ ਰਾਜਪੂਤਾਂ ਦੀਆਂ ਇਸਤਰੀਆਂ ਦੇ ਨਾਂ ਪਿਛੇ ਕੌਰ ਲਗਦਾ ਹੈ। ਕ੍ਰਿਸ਼ਣੇਂਦਰ ਕੌਰ ਰਾਜਸਥਾਨ ਦੀ ਐਮæਐਲ਼ਏæ ਹੈ।
ਇਉਂ ਲਗਦਾ ਹੈ ਕਿ ਸਾਡੇ ਅਜਿਹੇ ਵਿਦਵਾਨਾਂ ਨੂੰ ਹਿੰਦੂ ਧਰਮ ਤੋਂ ਹਿੰਦੂ ਧਰਮ ਦੀ ਹੀ ਖਾਸੀਅਤ, ਭਿਟ ਹੋਣ ਲੱਗ ਪਈ ਹੈ। ਖੈਰ, ਉਨ੍ਹਾਂ ਦੀਆਂ ਭ੍ਰਿਸ਼ਟੀਆਂ ਦਲੀਲਾਂ ਕਾਰਨ ਕਿਸੇ ਦਿਨ ਆਮ ਸਿੱਖ ਆਪ ਹੀ ਉਨ੍ਹਾਂ ਤੋਂ ਦੂਰ ਹੋ ਜਾਣਗੇ। ਭਾਰਤ ਤੋਂ ਬਾਹਰਲੇ ਦੇਸ਼ਾਂ ਵਿਚ ਰਹਿੰਦੇ ਸਿੱਖ ਸਿੱਖੀ ਦੀ ਮੁਖਧਾਰਾ ਤੋਂ ਵੀ ਟੁੱਟੇ ਹੋਏ ਹਨ ਤੇ ਇਕ ਤਰ੍ਹਾਂ ਨਾਲ ਹਿੰਦੂਆਂ ਦੇ ਨਾਲ ਵੀ ਨਹੀਂ ਵਿਚਰਦੇ, ਇਸ ਲਈ ਉਹ ਅਜਿਹੇ ਘਚੋਲਿਆਂ ਤੋਂ ਛੇਤੀ ਹੀ ਪ੍ਰਭਾਵਤ ਹੋ ਜਾਂਦੇ ਹਨ।
ਕੁਝ ਹਲਕਿਆਂ ਵਲੋਂ ਗੁਰੂਆਂ ਦੇ ਨਾਂਵਾਂ ਤੋਂ ਪਹਿਲਾਂ ਸਨਮਾਨਸੂਚਕ ਉਪਾਧੀ ‘ਸ੍ਰੀ’ ਲਾਉਣ ਨੂੰ ਹਿੰਦੂਆਂ ਦੀ ਸਾਜ਼ਿਸ਼ ਦੱਸਿਆ ਜਾਣ ਲੱਗਾ ਹੈ। ਮੇਰੇ ਫੇਸਬੁਕ ਦੋਸਤ ਜੁਝਾਰ ਢਿਲੋਂ ਨੇ ਟੋਰਾਂਟੋ ਪੁੱਜੇ ਇਕ ਅਜਿਹੇ ਹੀ ਸ਼ਖਸ ਅਜਮੇਰ ਸਿੰਘ ਬਾਰੇ ਕੁਝ ਦਿਨ ਪਹਿਲਾਂ ਆਪਣੀ ਵਾਲ ‘ਤੇ ਲਿਖਿਆ, “ਪਿਛਲੇ ਦਿਨੀਂ ਇਕ ਮਹਾਨ ਸਿੱਖ ਚਿੰਤਕ ਵਿਦਵਾਨ ਟੋਰਾਂਟੋ ਆਪਣੀ ਕਿਤਾਬ ਵੇਚਣ ਆਇਆ ਸੀ, ਉਸ ਨੇ ਰੇਡੀਓ ‘ਤੇ ਬੋਲਦਿਆਂ ਕਿਹਾ ਕਿ ‘ਸ੍ਰੀ’ ਸ਼ਬਦ ਹਿੰਦੂਆਂ ਦਾ ਸ਼ਬਦ ਹੈ, ਹਿੰਦੂ ਆਪਣੇ ਭਗਵਾਨ ਨੂੰ ਸ੍ਰੀ ਸ਼ਬਦ ਲਗਾ ਕੇ ਸੰਬੋਧਨ ਹੁੰਦੇ ਹਨ, ਜਿਵੇਂ ਸ੍ਰੀ ਰਾਮ, ਸ੍ਰੀ ਭਗਵਤ ਗੀਤਾ ਆਦਿਕ। ਇਹ ਸ਼ਬਦ ਸਿੱਖਾਂ ਦਾ ਨਹੀਂ, ਸਿੱਖਾਂ ਦਾ ਬ੍ਰਾਹਮਣੀਕਰਨ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਬਦ ਪ੍ਰਚਲਿਤ ਕੀਤਾ, ਬ੍ਰਾਹਮਣਾਂ ਨੇ। ਕਿਤਾਬ ਵਿਚ ਇਸ ਤਰ੍ਹਾਂ ਲਿਖਿਆ ਹੈ, ਗੁਰੂਆਂ ਦੇ ਨਾਂਵਾਂ ਮੂਹਰੇ ‘ਸ੍ਰੀ’ ਲਾਉਣ ਦੀ ਰੀਤ ਬਿਨਾ ਸ਼ੱਕ ਹਿੰਦੂ ਪਰੰਪਰਾ ਵਿਚੋਂ ਆਈ ਹੈ, ਜਿਵੇ ਸ੍ਰੀ ਰਾਮ, ਸ੍ਰੀ ਕ੍ਰਿਸ਼ਨ, ਸ੍ਰੀ ਭਗਵਤ ਗੀਤਾ ਆਦਿ।” ਜੁਝਾਰ ਨੇ ਇਸ ਬੇਹੂਦਾ ਦਲੀਲ ਦਾ ਯਥਾਯੋਗ ਜਵਾਬ ਦਿੱਤਾ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਅੰਦਰੂਨੀ ਗਵਾਹੀ ਨਾਲ ਸਾਬਤ ਕੀਤਾ ਕਿ ਗੁਰੂਆਂ-ਭਗਤਾਂ ਦੇ ਮਨ ਵਿਚ ਇਸ ਸ਼ਬਦ ਪ੍ਰਤੀ ਕਿੰਨੀ ਸ਼ਰਧਾ ਸੀ। ਇਸ ਦੇ ਕੁਝ ਅੰਸ਼ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਤੇ ਨਾਲ ਦੀ ਨਾਲ ਆਪਣੀ ਗੱਲ ਵੀ ਕਰਾਂਗਾ। ਧਿਆਨ ਰਹੇ ਕਿ ਗੁਰਬਾਣੀ ਦੀ ਟੀਕਾਕਾਰੀ ਅਨੁਸਾਰ ਰਾਮ, ਕ੍ਰਿਸ਼ਨ ਜਾਂ ਵਿਸ਼ਨੂੰ ਦੇ ਨਾਮਾਂ ਨੂੰ ਪਰਮਾਤਮਾ ਦਾ ਅਰਥਾਵਾਂ ਮੰਨਿਆ ਗਿਆ ਹੈ: “ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ॥”; “ਸ੍ਰੀਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ॥” -ਗੁਰੂ ਅਰਜਨ ਦੇਵ। “ਰੇ ਜਿਹਬਾ ਕਰਉ ਸਤ ਖੰਡ॥ ਜਾਮਿ ਨ ਉਚਰਸਿ ਸ੍ਰੀ ਗੋਬਿੰਦ॥” -ਭਗਤ ਨਾਮਦੇਵ। “ਜਪਿ ਮਨ ਨਰਹਰੇ ਨਰਹਰ ਸੁਆਮੀ ਹਰਿ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰਿ ਪ੍ਰੀਤਮੁ ਮੋਰਾ॥” -ਗੁਰੂ ਰਾਮਦਾਸ। “ਸ੍ਰੀ ਸਤਿ ਨਾਮੁ ਕਰਤਾ ਪੁਰਖੁ ਗੁਰ ਰਾਮਦਾਸ ਚਿਤਹ ਬਸੈ॥” -ਭੱਟ ਗਯੰਦ। “ਸਿਰੀ ਗੁਰੂ ਸਾਹਿਬੁ ਸਭ ਊਪਰਿ॥ ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ॥ -ਭੱਟ ਨਲ੍ਹ। “ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ॥” -ਭੱਟ ਗਯੰਦ।
ਜੁਝਾਰ ਦਾ ਪ੍ਰਸ਼ਨ ਹੈ ਕਿ ਸਿੱਖ “ਸ੍ਰੀ ਗੁਰੂ ਗ੍ਰੰਥ ਸਾਹਿਬ” ਆਖਦੇ ਹਨ, ਹੁਣ ਕੀ ਸਰਦਾਰ ਗੁਰੂ ਗ੍ਰੰਥ ਸਾਹਿਬ ਕਿਹਾ ਜਾਣਾ ਚਾਹੀਦਾ ਹੈ? ਗ੍ਰੰਥ ਸਾਹਿਬ ਵਿਚ ਇਕ ਰਾਗ ਦਾ ਨਾਂ ਹੀ ਸ੍ਰੀਰਾਗ ਹੈ, ਉਸ ਦਾ ਕੀ ਕੀਤਾ ਜਾਵੇ? ਬਹੁਤੇ ਸਿੰਘ ਗਾਤਰੇ ਪਾਈ ਕਿਰਪਾਨ ਨੂੰ ਵੀ ‘ਸਿਰੀ ਸ੍ਰੀ ਸਾਹਿਬ’ ਆਖਦੇ ਹਨ ਅਤੇ ਸਿੱਖ ਇਕ ਦੂਸਰੇ ਨੂੰ ਮਿਲਦੇ ਵਕਤ ‘ਸਤਿ ਸ੍ਰੀ ਆਕਾਲ’ ਆਖਦੇ ਹਨ, ਕੀ ਹੁਣ ਇਹ ਵੀ ਬਦਲਨਾ ਪਉ? ਕਿਉਂਕਿ ‘ਸ੍ਰੀ’ ਸ਼ਬਦ ਤਾਂ ਹਿੰਦੂਆਂ ਦਾ ਹੋਇਆ, ਮਹਾਨ-ਚਿੰਤਕ ਮੁਤਾਬਿਕ।”
ਦਰਅਸਲ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ+ਸਿਰੀ ਸ਼ਬਦ 93+153=246 ਵਾਰ ਵਰਤਿਆ ਗਿਆ ਹੈ। ‘ਸਿਰੀ’ ਸ਼ਬਦ-ਜੋੜ ਵਿਚ ਬਹੁਤਾ ਸਿਰੀਰਾਗ ਲਈ ਹੀ ਵਰਤੋਂ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਦੇਵ ਨੇ ਕੀਤੀ ਤੇ ਭਗਤਾਂ ਦੀ ਬਾਣੀ ਜਿਥੇ ਵੀ ਆਈ ਹੈ, ਉਥੇ ਸਿਰਲੇਖ ਵਜੋਂ ਉਨ੍ਹਾਂ ਦੇ ਨਾਂ ਤੋਂ ਪਹਿਲਾਂ ਸਨਮਾਨਸੂਚਕ ‘ਸ੍ਰੀ’ ਦੀ ਵਰਤੋਂ ਗੁਰੂ ਸਾਹਿਬ ਨੇ ਆਪ ਕੀਤੀ। ਕੁਝ ਮਿਸਾਲਾਂ: ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ; ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ; ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦ ਘਰ; ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ; ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ।
ਭਾਵੇਂ ਗੁਰੂਆਂ ਦੇ ਨਾਂ ਲਈ ਅੰਕ ਦੱਸ ਕੇ ਮਹਲਾ ਸ਼ਬਦ ਵਰਤਿਆ ਗਿਆ ਹੈ ਪਰ ਇਕ ਅਪਵਾਦ ਵੀ ਮਿਲਦਾ ਹੈ, ‘ਸ੍ਰੀ ਗੁਰੂ ਸਾਹਿਬ ਦੇ ਮੁਖਵਚਨ’, ਜਿਵੇਂ ‘ਸਵਯੇ ਸ੍ਰੀ ਮੁਖਬਾਕਯ ਮਹਲਾ ੫’, ਦਸਮ ਗ੍ਰੰਥ ਵਿਚ ‘ਸ੍ਰੀ ਮੁਖਵਾਕ ਪਾਤਸਾਹੀ ੧੦’ ਸਰਬ-ਗਿਆਤ ਹੈ। ਭੱਟਾਂ ਦੀ ਬਾਣੀ ਵਿਚ ਸਪਸ਼ਟ ਤੌਰ ‘ਤੇ ਗੁਰੂ ਦੇ ਨਾਂ ਅੱਗੇ ਸ੍ਰੀ ਸ਼ਬਦ ਦੀ ਵਰਤੋਂ ਹੋਈ ਹੈ, “ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾ” -ਭਟ ਨਲਯ; ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪਯਉ-ਭਟ ਗਯੰਦ; ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ-ਭਟ ਗਯੰਦ; ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ-ਭਟ ਬਲਯ।
ਫਿਰ ਸਿੱਖ ਜੈਕਾਰਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ; ਪ੍ਰਣਾਮਸੂਚਕ ਬੋਲ, ‘ਸਤਿ ਸ੍ਰੀ ਅਕਾਲ’; ਸਿੱਖ ਅਰਦਾਸ ਵਿਚ ਕਈ ਗੁਰੂਆਂ ਦੇ ਨਾਂ ਨਾਲ ਸ੍ਰੀ ਲਾਇਆ ਮਿਲਦਾ ਹੈ ਜਿਵੇਂ “æææਸਿਮਰੋ ਸ੍ਰੀ ਹਰ ਰਾਇ, ਸ੍ਰੀ ਹਰਕ੍ਰਿਸ਼ਨ ਧਿਆਈਐæææ॥” ਗੁਰਦਵਾਰਿਆਂ ਦੇ ਨਾਂ ਅੱਗੇ ਵੀ ਇਸ ਦੀ ਵਰਤੋਂ ਹੁੰਦੀ ਹੈ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਨਨਕਾਣਾ ਸਾਹਿਬ ਆਦਿ। ਕੁਝ ਸਥਾਨਾਂ ਦੇ ਨਾਂ ਅੱਗੇ ਇਹ ਸ਼ਬਦ ਲਗਦਾ ਹੈ ਜਿਵੇਂ ਸ੍ਰੀਨਗਰ, ਸ੍ਰੀ ਗੰਗਾਨਗਰ, ਸ੍ਰੀ ਲੰਕਾ। ਗੁਰੂ ਨਾਨਕ ਦੇਵ ਨੇ ਆਪਣੇ ਵੱਡੇ ਬੇਟੇ ਦਾ ਨਾਂ ਹੀ ਸ੍ਰੀ ਚੰਦ ਰੱਖਿਆ ਸੀ। ਸੋ, ਸਪਸ਼ਟ ਹੈ ਕਿ ਸ੍ਰੀ ਸ਼ਬਦ ਬਾਰੇ ਸਾਡੇ ਗੁਰੂਆਂ ਵਿਚ ਅਪਣੱਤ ਦੀ ਭਾਵਨਾ ਹੈ ਅਤੇ ਗੁਰੂ ਕਾਲ ਵੇਲੇ ਹੀ ਗੁਰੂਆਂ ਤੇ ਭਗਤਾਂ ਲਈ ਇਸ ਦੀ ਵਰਤੋਂ ਪ੍ਰਚਲਿਤ ਸੀ। ਮਹਾਨ ਕੋਸ਼ ਵਿਚ ਇਸ ਨੂੰ ਆਦਰਬੋਧਕ ਸ਼ਬਦ ਕਿਹਾ ਗਿਆ ਹੈ ਜੋ ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ 108 ਵਾਰ, ਮਾਤਾ, ਪਿਤਾ, ਵਿਦਿਆ, ਗੁਰੂ ਲਈ 6 ਵਾਰ, ਆਪਣੇ ਮਾਲਿਕ ਵਾਸਤੇ 5 ਵਾਰ, ਵੈਰੀ ਨੂੰ 4 ਵਾਰ, ਮਿੱਤਰ ਨੂੰ 3 ਵਾਰ, ਨੌਕਰ ਨੂੰ 2 ਵਾਰ, ਪੁੱਤਰ ਤਥਾ ਇਸਤਰੀ ਨੂੰ 1 ਵਾਰ ਵਰਤਣਾ ਚਾਹੀਏ। ਸ੍ਰੀ ਤੋਂ ਤੀਜੀ ਡਿਗਰੀ ਦਾ ਸ਼ਬਦ ਸ੍ਰੇਸ਼ਟ ਬਣਿਆ ਜਿਸ ਤੋਂ ਅੱਗੇ ਸੇਠ ਸ਼ਬਦ ਬਣਿਆ। ਹਿੰਦੂ ਧਰਮ ਦੀ ਹਰ ਗੱਲੇ ਨਿਖੇਧੀ ਲਈ ਤਹੂ ਅਜਿਹੇ ਸਿੱਖ ਵਿਦਵਾਨਾਂ ਦੀ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਦਾ ਇਹ ਹਾਲ ਹੈ।
ਆਓ, ਜ਼ਰਾ ਸ੍ਰੀ ਸ਼ਬਦ ਦੇ ਪਿਛੋਕੜ ਬਾਰੇ ਕੁਝ ਜਾਣ ਲਈਏ। ਇਸ ਦਾ ਸੰਸਕ੍ਰਿਤ ਰੂਪ ਸ਼੍ਰੀ ਹੈ ਤੇ ਇਸ ਦੇ ਮੁਖ ਅਰਥ ਹਨ ਲਛਮੀ, ਸਮ੍ਰਿਧੀ, ਧਨਵਾਨਤਾ; ਚਮਕ, ਸ਼ੋਭਾ, ਜਲੌ, ਸ਼ਾਨ, ਸੁੰਦਰਤਾ; ਉਚੀ ਪਦਵੀ, ਗੌਰਵ, ਸ਼ੁਭ, ਮਾਨਯੋਗ ਆਦਿ। ਦਰਅਸਲ ਇਸ ਸ਼ਬਦ ਵਿਚ ਸਾਰੀ ਪ੍ਰਿਥਵੀ, ਜੀਵ ਜੰਤੂ, ਬਨਸਪਤੀ-ਗੱਲ ਕੀ ਸਾਰਾ ਜਗਤ ਹੀ ਸਮਾਇਆ ਹੋਇਆ ਹੈ। ਭਗਵਾਨ ਵਿਸ਼ਨੂੰ ਨੂੰ ਸ਼੍ਰੀਮਾਨ, ਸ਼੍ਰੀਮਤ ਕਿਹਾ ਜਾਂਦਾ ਹੈ। ਗੌਰਤਲਬ ਹੈ ਕਿ ਸ਼੍ਰੀ ਸ਼ਬਦ ਇਸਤਰੀ ਲਿੰਗ ਹੈ ਤਦੇ ਇਸ ਦਾ ਇਕ ਅਰਥ ਲਛਮੀ ਵੀ ਹੈ। ਸ੍ਰੀਦੇਵੀ ਵੀ ਲਛਮੀ ਹੀ ਹੁੰਦੀ ਹੈ। ਇਸ ਦਾ ਭਾਵ ਇਹ ਵੀ ਹੈ ਕਿ ਸਾਰਾ ਜਗਤ ਸ਼੍ਰੀ ਵਿਚ ਹੀ ਆਸਰਾ ਭਾਲਦਾ ਹੈ। ਵਿਸ਼ਨੂੰ ਸ਼੍ਰੀ ਦੇ ਨਾਲ ਰਹਿੰਦਾ ਹੈ, ਉਸ ਦਾ ਪਤੀ ਹੈ, ਇਸ ਲਈ ਉਸ ਨੂੰ ਸ਼੍ਰੀਮਾਨ ਕਿਹਾ ਜਾਂਦਾ ਹੈ। ਸ੍ਰੀਮਾਨ ਵਿਚਲਾ ਮਾਨ ਸ਼ਬਦ ਸੰਸਕ੍ਰਿਤ ‘ਵਤ’ ਤੋਂ ਬਣਿਆ ਹੈ ਜਿਸ ਵਿਚ ਮਾਲਕ, ਸਵਾਮੀ ਦੇ ਭਾਵ ਹਨ। ਵਤ ਤੋਂ ਵੰਤ (ਰੂਪਵੰਤ) ਬਣਿਆ, ਇਸ ਤੋਂ ਵਾਨ (ਰੂਪਮਾਨ) ਤੇ ਫਿਰ ਮਾਨ।
ਸੋ, ਸ਼੍ਰੀਮਾਨ ਦਾ ਅਰਥ ਹੋਇਆ ਜੋ ਸ਼੍ਰੀ ਯਾਨਿ ਲਛਮੀ ਦਾ ਸਵਾਮੀ, ਮਾਲਿਕ ਜਾਂ ਪਤੀ ਹੈ। ਸ਼੍ਰੀ ਸਾਰੇ ਜਗਤ ਦੀ ਧਾਰਨੀ ਹੈ। ਸ੍ਰੀ ਸ਼ਬਦ ਇਕ ਤਰ੍ਹਾਂ ਜਣਨੀ ਇਸਤਰੀ ਦਾ ਵੀ ਅਰਥਾਵਾਂ ਹੈ ਜਿਸ ਵਿਚ ਸਾਰੀ ਸਿਰਜਣਾਤਮਕ ਸ਼ਕਤੀ ਹੈ, ਜੋ ਸਭ ਪ੍ਰਾਣੀਆਂ ਦੀ ਧਾਰਨੀ ਹੈ। ਵਿਡੰਬਨਾ ਹੈ ਕਿ ਅੱਜ ਅਸੀਂ ਸਨਮਾਨਬੋਧਕ ‘ਸ੍ਰੀ’ ਸ਼ਬਦ ਪੁਰਖਾਂ ਦੇ ਅੱਗੇ ਲਾਉਂਦੇ ਹਾਂ ਤੇ ਇਸਤਰੀਆਂ ਦੇ ਅੱਗੇ ਸ਼੍ਰੀਮਤੀ ਜਦ ਕਿ ਮੁਢਲੇ ਤੌਰ ‘ਤੇ ਇਹ ਸ਼ਬਦ ਹੈ ਹੀ ਇਸਤਰੀਵਾਚਕ। ਅਜਿਤ ਵਡਨੇਰਕਰ ਨੇ ਇਸ ਤਨਜ਼ ਨੂੰ ਚੰਗੀ ਤਰ੍ਹਾਂ ਉਘਾੜਿਆ ਹੈ। ਉਸ ਦਾ ਕਹਿਣਾ ਹੈ ਕਿ ਪੁਰਖ ਸ਼੍ਰੀਮਾਨ ਦਾ ਧਾਰਨੀ ਸ਼੍ਰੀ (ਲਛਮੀ, ਇਸਤਰੀ) ਕਰਕੇ ਹੋਇਆ ਪਰ ਵਿਅੰਗ ਵਾਲੀ ਗੱਲ ਹੈ ਕਿ ਪੁਰਖਵਾਚੀ ਸ਼੍ਰੀਮਾਨ ਤੋਂ ਫਿਰ ਇਸਤਰੀ ਲਿੰਗ ਸ਼ਬਦ ਸ਼੍ਰੀਮਤੀ ਬਣਾ ਲਿਆ ਗਿਆ ਤੇ ਇਸ ਤਰ੍ਹਾਂ ਇਸਤਰੀ ਦੀ ਸਥਿਤੀ ਗੌਣ ਕਰ ਦਿੱਤੀ ਗਈ। ਪੁਰਸ਼ ਦੇ ਅੱਗੇ ਲੱਗੇ ਹੋਏ ਸ਼੍ਰੀ ਅਗੇਤਰ ਦੀ ਵਿਆਖਿਆ ਇਹ ਕਹਿ ਕੇ ਕਰ ਦਿੱਤੀ ਜਾਂਦੀ ਹੈ ਕਿ ਇਹ ਤਾਂ ਜੀ ਸ਼੍ਰੀਮਾਨ ਦਾ ਸੰਖੇਪ ਹੈ! ਸ਼ਕਤੀਮਾਨ ਪੁਰਖ ਨੇ ਸ਼ਕਤੀਵਾਚਕ ਇਸਤਰੀ ਦਾ ਕਿੰਨਾ ਕੁਝ ਖੋਹ ਲਿਆ ਹੈ। ਇਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਸ੍ਰੇਸ਼ਟ ਸ਼ਬਦ ਸ਼੍ਰੀ ਦੀ ਹੀ ਤੀਜੀ ਡਿਗਰੀ ਹੈ ਤੇ ਸੇਠ ਇਸੇ ਦਾ ਬਦਲਿਆ ਰੂਪ ਹੈ। ਖੈਰ, ਸ਼ਬਦਾਂ ਦੇ ਇਤਿਹਾਸ ਵਿਚ ਬਹੁਤ ਗੇੜ ਆਉਂਦੇ ਹਨ ਤੇ ਜੋ ਵਰਤਮਾਨ ਵਿਚ ਪ੍ਰਚਲਿਤ ਹੈ, ਉਸ ਨੂੰ ਸਵੀਕਾਰਨਾ ਪੈਂਦਾ ਹੈ।
Leave a Reply