ਅੰਮ੍ਰਿਤਸਰ: ਸ਼ਰਧਾਲੂਆਂ ਦੀ ਵਧਦੀ ਆਮਦ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਵੱਲੋਂ ਮੱਥਾ ਟੇਕਣ ਉਪਰੰਤ ਨਿਕਾਸੀ ਦੇ ਇਕ ਮਾਤਰ ਲਾਂਘੇ ਦੀ ਜਗ੍ਹਾ ਦੋ ਤਰਫ਼ਾ ਨਿਕਾਸੀ ਅਜਮਾਇਸ਼ ਵਜੋਂ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਸਫ਼ਲ ਹੋਣ ‘ਤੇ ਪੱਕੇ ਤੌਰ ‘ਤੇ ਲਾਗੂ ਕਰ ਦਿੱਤਾ ਜਾਵੇਗਾ।
ਰੋਜ਼ਾਨਾ ਕਰੀਬ ਸਵਾ ਤੋਂ ਡੇਢ ਲੱਖ ਸੰਗਤ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਤੋਂ ਇਲਾਵਾ ਵਿਸ਼ੇਸ਼ ਦਿਹਾੜਿਆਂ, ਗੁਰਪੁਰਬ ਤੇ ਛੁੱਟੀਆਂ ਆਦਿ ਮੌਕੇ ਢਾਈ ਤੋਂ ਤਿੰਨ ਲੱਖ ਦੀ ਸੰਗਤ ਗੁਰੂ ਘਰ ਦਰਸ਼ਨਾਂ ਲਈ ਉਮੜਦੀ ਹੈ ਜਿਸ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਿਚ ਕਈ ਵਾਰ ਤਿੰਨ ਤੋਂ ਚਾਰ ਘੰਟੇ ਲੱਗ ਜਾਂਦੇ ਹਨ। ਅਜਿਹੇ ਵਿਚ ਛੋਟੇ ਬੱਚਿਆਂ, ਬਜ਼ੁਰਗਾਂ ਤੇ ਅੰਗਹੀਣ ਸ਼ਰਧਾਲੂਆਂ ਦੀ ਵੱਡੀ ਸਮੱਸਿਆ ਖੜ੍ਹੀ ਹੋ ਜਾਂਦੀ ਸੀ ਜਿਸ ਦੇ ਚੱਲਦਿਆਂ 40 ਫ਼ੀਸਦੀ ਦੇ ਕਰੀਬ ਸ਼ਰਧਾਲੂ ਮੱਥਾ ਟੇਕਣ ਤੋਂ ਵਾਂਝੇ ਹੀ ਵਾਪਸ ਮੁੜ ਜਾਂਦੇ ਸਨ।
ਇਸ ਉਲਝਣ ਦਾ ਕਾਰਨ ਮੱਥਾ ਟੇਕਣ ਉਪਰੰਤ ਨਿਕਾਸੀ ਲਈ ਕੇਵਲ ਖੱਬੇ ਪਾਸੇ ਦਾ ਪੂਰਬੀ ਰਸਤਾ ਹੀ ਵਰਤੇ ਜਾਣਾ ਸਮਝਿਆ ਜਾ ਰਿਹਾ ਸੀ। ਅਜਿਹੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਅੰਦਰ ਨਤਮਸਤਕ ਹੋਣ ਉਪਰੰਤ ਖੱਬੇ ਹੱਥ ਵਾਲੇ ਪੂਰਬੀ ਰਸਤੇ ਦੇ ਨਾਲ-ਨਾਲ ਸਾਹਮਣੇ ਦੱਖਣੀ ਰਸਤੇ (ਜੋ ਹਰਿ ਕੀ ਪੌੜੀ ਵੱਲ ਖੁਲ੍ਹਦਾ ਹੈ) ਨੂੰ, ਦੂਸਰੇ ਨਿਕਾਸੀ ਰਸਤੇ ਵਜੋਂ ਵਰਤਣ ਦੀ ਯੋਜਨਾ ਬਣਾਈ ਗਈ ਹੈ ਜਿਸ ਨੂੰ ਹੁਣ ਅਜਮਾਇਸ਼ ਵਜੋਂ ਸੰਗਤ ਲਈ ਖੋਲ੍ਹ ਦਿੱਤਾ ਗਿਆ ਹੈ। ਪ੍ਰਬੰਧਕਾਂ ਅਨੁਸਾਰ ਅਜਮਾਇਸ਼ ਸਫ਼ਲ ਹੋਣ ‘ਤੇ 25 ਤੋਂ 30 ਫੀਸਦੀ ਵਧੇਰੇ ਸੰਗਤ ਦੇ ਮੱਥਾ ਟੇਕ ਲੈਣ ਦੀ ਆਸ ਹੈ। ਸੰਗਤ ਨੂੰ ਹਰ ਸੰਭਵ ਸਹੂਲਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਨੂੰ ਕੋਈ ਔਖ ਨਾ ਆਵੇ।
________________________
ਗੁਰੂ ਨਗਰੀ ਆਉਣ ਵਾਲੇ ਸੈਲਾਨੀਆਂ ‘ਤੇ ਨਵਾਂ ਬੋਝ
ਅੰਮ੍ਰਿਤਸਰ: ਨਗਰ ਨਿਗਮ ਹੁਣ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਕੋਲੋਂ ਸ਼ਹਿਰ ਦੀ ਸੁੰਦਰਤਾ ਦੇ ਨਾਂਅ ‘ਤੇ ਫੰਡ ਇਕੱਠਾ ਕਰੇਗਾ। ਗੁਰੂ ਨਗਰੀ ਵਿਚ ਪ੍ਰਤੀ ਦਿਨ ਡੇਢ ਲੱਖ ਤੋਂ ਵਧੇਰੇ ਸ਼ਰਧਾਲੂ ਤੇ ਸੈਲਾਨੀ ਦੇਸ਼-ਵਿਦੇਸ਼ ਤੋਂ ਆਉਂਦੇ ਹਨ ਜਿਨ੍ਹਾਂ ਵਿਚੋਂ ਕੁਝ ਸਰਾਵਾਂ ਵਿਚ ਠਹਿਰਣ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸ਼ਹਿਰ ਦੇ ਵੱਖ-ਵੱਖ ਹੋਟਲਾਂ ਵਿਚ ਠਹਿਰਦੇ ਹਨ।
ਇਨ੍ਹਾਂ ਹੋਟਲਾਂ ਵਿਚ ਠਹਿਰਣ ਵਾਲੇ ਸੈਲਾਨੀਆਂ ‘ਤੇ ਨਗਰ ਨਿਗਮ ਵੱਲੋਂ 50 ਤੋਂ 200 ਰੁਪਏ ਤੱਕ ਪ੍ਰਤੀ ਦਿਨ ਵੱਖਰਾ ਬੋਝ ਪਾਇਆ ਜਾ ਰਿਹਾ ਹੈ ਜਿਸ ਨੂੰ ਲਾਗੂ ਕਰਨ ਲਈ ਨਗਰ ਨਿਗਮ ਅੰਮ੍ਰਿਤਸਰ ਦੇ ਹਾਊਸ ਵਿਚ ਪ੍ਰਵਾਨਗੀ ਲੈ ਲਈ ਗਈ ਹੈ। ਸਿਟੀ ਬਿਊਟੀਫਿਕੇਸ਼ਨ ਫੰਡ (ਸ਼ਹਿਰ ਦੀ ਸੁੰਦਰਤਾ ਲਈ ਫੰਡ) ਦੇ ਨਾਂ ਦਾ ਇਹ ਟੈਕਸ ਗੁਰੂ ਨਗਰੀ ਵਿਚ ਸਥਿਤ ਹਰ ਛੋਟੇ ਵੱਡੇ ਹੋਟਲ ‘ਤੇ ਲਾਇਆ ਜਾ ਰਿਹਾ ਹੈ ਤੇ ਇਹ ਟੈਕਸ ਲਾਉਣ ਲਈ ਪੂਰੀ ਤਰ੍ਹਾਂ ਕਮਰਕੱਸੇ ਕੱਸ ਲਏ ਗਏ ਹਨ। 18 ਦਸੰਬਰ ਨੂੰ ਅੰਮ੍ਰਿਤਸਰ ਨਗਰ ਨਿਗਮ ਦੀ ਹੋਈ ਮੀਟਿੰਗ ਵਿਚ ਇਸ ਨੂੰ ਪ੍ਰਵਾਨਗੀ ਮਿਲ ਗਈ ਹੈ। ਇਸ ਟੈਕਸ ਤਹਿਤ ਹਰ ਪੰਜ ਤਾਰਾ ਹੋਟਲ ਤੋਂ 200 ਰੁਪਏ ਪ੍ਰਤੀ ਕਮਰਾ, ਪ੍ਰਤੀ ਦਿਨ, ਤਿੰਨ ਤਾਰਾ ਹੋਟਲ ਤੋਂ 100 ਰੁਪਏ ਅਤੇ ਸਧਾਰਨ ਹੋਟਲਾਂ ਤੋਂ 50 ਰੁਪਏ ਪ੍ਰਤੀ ਕਮਰਾ, ਪ੍ਰਤੀ ਦਿਨ ਵਸੂਲਿਆ ਜਾਵੇਗਾ। ਭਾਵੇਂ ਕਿ ਇਹ ਟੈਕਸ ਹੋਟਲਾਂ ‘ਤੇ ਲਾਇਆ ਜਾ ਰਿਹਾ ਹੈ ਪਰ ਇਸ ਸਿੱਧੇ ਰੂਪ ਵਿਚ ਅਸਰ ਸੈਲਾਨੀਆਂ ਦੀਆਂ ਜੇਬਾਂ ‘ਤੇ ਪਵੇਗਾ। ਇਸ ਟੈਕਸ ਖ਼ਿਲਾਫ਼ ਵਿਰੋਧੀ ਧਿਰ ਕਾਂਗਰਸ ਤੋਂ ਇਲਾਵਾ ਸੱਤਾਧਾਰੀ ਪਾਰਟੀ ਭਾਜਪਾ ਦੇ ਕੌਂਸਲਰਾਂ ਵੱਲੋਂ ਵਿਰੋਧ ਪ੍ਰਗਟ ਕੀਤਾ ਜਾ ਰਿਹਾ ਹੈ ਤੇ ਲਿਖਤੀ ਰੂਪ ਵਿਚ ਮੇਅਰ ਕੋਲੋਂ ਇਸ ਮਤੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ।
Leave a Reply