ਪੈਂਦੀਆਂ ਨਿਭਾਉਣੀਆਂ ਕਬੀਲਦਾਰੀਆਂæææ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਫੋਨ ਦੀ ਸਕਰੀਨ ‘ਤੇ ਨਿਊ ਯਾਰਕ ਦਾ ਨੰਬਰ ਆ ਰਿਹਾ ਸੀ। ਕੰਮ ‘ਤੇ ਹੋਣ ਕਰ ਕੇ ਫੋਨ ਚੁਕਿਆ ਨਾ ਗਿਆ। ਜਦੋਂ ਤੀਜੀ ਵਾਰ ਫੋਨ ਆਇਆ, ਮੈਂ ਚੁੱਕ ਕੇ ‘ਹੈਲੋ’ ਕਿਹਾ ਤਾਂ ਅੱਗਿਉਂ ਆਵਾਜ਼ ਆਈ, “ਬਾਈ, ਪਛਾਣਿਆ! ਮੈਂ ਤੋਤਾ ਜਗਰਾਵਾਂ ਵਾਲਾ ਬੋਲਦਾਂ।” ਬੰਦਿਆਂ ਨਾਲੋਂ ਵੱਖਰਾ ਪੰਛੀ ਵਾਲਾ ਨਾਮ ਮੇਰੇ ਦਿਮਾਗ ਵਿਚ ਇਕਦਮ ਘੁੰਮ ਗਿਆ। ਮੈਂ ‘ਹਾਂ’ ਦਾ ਹੁੰਗਾਰਾ ਭਰ ਕੇ ਉਸ ਨਾਲ ਗੱਲੀਂ ਪੈ ਗਿਆ। ਤੋਤਾ ਇੰਡੀਆ ਤੋਂ ਕਿਵੇਂ ਉਡ ਕੇ ਅਮਰੀਕਾ ਪਹੁੰਚਿਆ, ਲਓ ਸੁਣੋ,
ਬਾਈ ਸਾਲ ਪਹਿਲਾਂ ਮੈਂ ਗ੍ਰਹਿਸਥ ਜੀਵਨ ਦੀ ਕਿਸ਼ਤੀ ਦੁਨਿਆਵੀ ਸਮੁੰਦਰ ਵਿਚ ਠੱਲ੍ਹੀ ਸੀ। ਚਾਚੀਆਂ, ਮਾਮੀਆਂ ਨੇ ਸ਼ਗਨਾਂ ਦੇ ਗੀਤ ਗਾ ਕੇ ਸਾਨੂੰ ਤੋਰ ਦਿੱਤਾ ਸੀ ਤੇ ਹੁਣ ਇਸ ਕਿਸ਼ਤੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਮੇਰੀ ਸੀ। ਕਈ ਵਾਰ ਦੁੱਖਾਂ ਦੇ ਝੱਖੜ ਝੁੱਲੇ, ਕਈ ਵਾਰ ਖੁਸ਼ੀਆਂ ਦੇ ਬਾਜੇ ਵੀ ਵੱਜਦੇ ਰਹੇ। ਪਤਾ ਹੀ ਨਾ ਲੱਗਿਆ, ਕਦੋਂ ਜਵਾਨੀ ਦੀ ਉਮਰ-ਮੱਤ, ਸਿਆਣਪ ਵਿਚ ਬਦਲ ਗਈ ਤੇ ਮੈਂ ਚੰਗੇ ਕਬੀਲਦਾਰ ਬੰਦਿਆਂ ਵਿਚ ਖੜ੍ਹਨ ਜੋਗਾ ਹੋ ਗਿਆ। ਮੇਰੀ ਸਿਆਣਪ ਦੀ ਪਹਿਲੀ ਪਰਖ ਉਦੋਂ ਹੋਈ ਸੀ ਜਦੋਂ ਮੇਰੇ ਮਿੱਤਰ ਅਮਰ ਦੀ ਭੈਣ ਵਾਸਤੇ ਮੁੰਡੇ ਦੀ ਦੱਸ ਪਈ। ਜਗਰਾਉਂ ਲਾਗੇ ਕੋਈ ਪਿੰਡ ਸੀ। ਅਮਰ ਦਾ ਮਾਮਾ, ਮਾਸੜ ਤੇ ਬਾਪੂ, ਤੇ ਦੋਵੇਂ ਅਸੀਂ ਵਿਚੋਲੇ ਸਮੇਤ ਮੁੰਡਾ ਦੇਖਣ ਤੁਰਨ ਲੱਗੇ। ਅਮਰ ਦਾ ਮਾਸੜ ਬੋਲਿਆ, “ਜੇ ਕੋਈ ਦੋ-ਚਾਰ ਹੋਰ ਤੇਰੇ ਯਾਰ ਹਨ, ਉਨ੍ਹਾਂ ਨੂੰ ਵੀ ਨਾਲ ਲੈ ਚੱਲ।” ਮਾਸੜ ਨੇ ਬੋਲਾਂ ਦਾ ਤੀਰ ਮੇਰੇ ਵੱਲ ਮਾਰਿਆ।
“ਮਾਸੜ ਜੀ, ਅਸੀਂ ਦੋ ਹੀ ਕਾਫੀ ਹਾਂ। ਤੁਸੀਂ ਗੱਡੀ ਵਿਚ ਬੈਠੋ।” ਮੈਂ ਕਿਹਾ। ਮਾਸੜ ਨੂੰ ਸ਼ਾਇਦ ਮੇਰੇ ਨਿਆਣਪੁਣੇ ‘ਤੇ ਹਾਸਾ ਆਉਂਦਾ ਹੋਵੇ।
ਮੁੰਡੇ ਵਾਲਿਆਂ ਦੇ ਘਰ ਪਹੁੰਚੇ। ਸਾਰਿਆਂ ਨੇ ਚੁੱਪ-ਚੁੱਪੀਤੇ ਜਿਹੇ ਹੱਥ ਮਿਲਾਏ, ਜਿਵੇਂ ਬਹੁਤੀ ਸਿਆਣਪ ਦਿਖਾਉਂਦੇ ਹੋਈਏ। ਚੜ੍ਹਦੇ ਫੱਗਣ ਦੀ ਨਿੱਘੀ ਧੁੱਪ ਸਿਆਲਾਂ ਵਿਚ ਖਾਧੇ ਖੋਏ ਨੂੰ ਛੇੜ ਰਹੀ ਸੀ। ਵਿਹੜੇ ਵਿਚ ਮੰਜੇ ਡਾਹ ਦਿੱਤੇ ਗਏ। ਮੈਂ ਬਾਰਡਰ ‘ਤੇ ਖੜ੍ਹੇ ਬੀæਐਸ਼ਐਫ਼ ਦੇ ਜਵਾਨ ਵਾਂਗ ਚਾਰੇ ਪਾਸੇ ਨਿਗ੍ਹਾ ਘੁੰਮਾਉਣ ਲੱਗਿਆ। ਪੰਜ-ਛੇ ਮੱਝਾਂ ਨੁਹਾ ਕੇ ਧੁੱਪੇ ਬੰਨ੍ਹੀਆਂ ਹੋਈਆਂ ਸਨ। ਥੱਲੇ ਟਿੱਬੇ ਦਾ ਰੇਤਾ ਇੰਜ ਵਿਛਾਇਆ ਸੀ ਜਿਵੇਂ ਕਿਸੇ ਪਖੰਡੀ ਸਾਧ ਦੇ ਥੱਲੇ ਸ਼ਨੀਲ ਦਾ ਬਿਸਤਰਾ ਹੋਵੇ। ਵਰਾਂਡੇ ਵਿਚ ਟਰੈਕਟਰ ਇੰਜ ਲਪੇਟਿਆ ਹੋਇਆ ਸੀ ਜਿਵੇਂ ਕੁੜੀ ਅਨੰਦ ਕਾਰਜ ਕਰਵਾਉਣ ਬੈਠੀ ਹੋਵੇ। ਸੁਹਾਗਾ ਤੇ ਹਲ ਇੱਟਾਂ ਦੇ ਕੇ ਰੱਖੇ ਹੋਏ ਸਨ; ਯਾਨਿ ਖੇਤੀਬਾੜੀ ਦੇ ਸਾਰੇ ਸੰਦਾਂ ਦੀ ਸੰਭਾਲ ਦੇਖ ਕੇ ਮੈਂ ਅੰਦਾਜ਼ਾ ਲਾ ਲਿਆ ਸੀ ਕਿ ਮੁੰਡੇ ਵਾਲਿਆਂ ਵਿਚ ਮਿਹਨਤ ਦਾ ਖੂਨ ਦੌੜਦਾ ਹੈ। ਇਕ ਦਿਨ ਜ਼ਰੂਰ ਤਰੱਕੀ ਭਰੀ ਉਡਾਣ ਭਰਨਗੇ।
ਚਾਹ ਨਾਲ ਮਿੱਠਾ ਆ ਗਿਆ ਪਰ ਮੁੰਡੇ ਦੇ ਅਜੇ ਦਰਸ਼ਨ ਨਹੀਂ ਸਨ ਹੋਏ। ਮਾਸੜ ਬਰਫੀ ਮੂੰਹ ਵਿਚ ਪਾਉਂਦਾ ਮੇਰੇ ਵੱਲ ਵੀ ਚੋਰ ਨਿਗ੍ਹਾ ਨਾਲ ਦੇਖਦਾ ਸੀ ਕਿ ਮੈਂ ਕੀ ਦੇਖ ਰਿਹਾ ਹਾਂ। ਚਾਹ ਪੀ ਕੇ ਹਟੇ ਹੀ ਸਾਂ ਕਿ ਮੁੰਡਾ ਪੱਠਿਆਂ ਦਾ ਰੇਹੜਾ ਭਰੀ ਲਿਆ ਰਿਹਾ ਸੀ। ਰੇਹੜੇ ਅੱਗੇ ਜੁੜਿਆ ਨਗੌਰੀ ਵੱਛਾ ਦੇਖ ਕੇ ਮਨ ਖੁਸ਼ ਹੋ ਗਿਆ। ਉਸ ਦਾ ਦੁੱਧ ਵਰਗਾ ਪਿੰਡਾ ਲਿਸ਼ਕਾਂ ਮਾਰ ਰਿਹਾ ਸੀ। ਮੁੰਡਾ ਦੇਖਿਆ, ਗੋਰਾ ਨਿਛੋਹ, ਲੰਮਾ ਤੇ ਪਤਲਾ। ਹਲਕੀ ਜਿਹੀ ਦਾੜ੍ਹੀ, ਪਤਲੀਆਂ ਜਿਹੀਆਂ ਮੁੱਛਾਂ। ਡੱਬੀਦਾਰ ਪਰਨਾ ਬੜੇ ਸਲੀਕੇ ਨਾਲ ਬੰਨ੍ਹਿਆ ਹੋਇਆ। ਜਦੋਂ ਮੁੰਡਾ ਹੱਥ-ਮੂੰਹ ਧੋ ਕੇ ਸਾਡੇ ਕੋਲ ਆਇਆ ਤਾਂ ਮੁੰਡੇ ਦਾ ਪਿਤਾ ਬੋਲਿਆ, “ਆਹ ਭਾਈ, ਮੇਰਾ ਵੱਡਾ ਲੜਕਾ ਤਲਵਿੰਦਰ ਸਿੰਘ ਹੈ, ਪਰ ਅਸੀਂ ਪਿਆਰ ਨਾਲ ਤੋਤਾ ਆਖ ਦਿੰਦੇ ਹਾਂ। ਅਹੁ ਇਸ ਤੋਂ ਛੋਟੀ ਮੇਰੀ ਧੀ ਦਲਜੀਤ ਕੌਰ ਹੈ ਤੇ ਛੋਟਾ ਦੁੱਧ ਪਾਉਣ ਡੇਅਰੀ ਗਿਆ ਹੈ। ਮੁੜਨ ਵਾਲਾ ਹੀ ਹੋਊ।” ਮੇਰੀ ਨਿਗ੍ਹਾ ਦਲਜੀਤ ਕੌਰ ‘ਤੇ ਗਈ ਜਿਹੜੀ ਆਪਣੇ ਭਰਾਵਾਂ ਵਾਂਗ ਹੀ ਲੰਮੀ, ਪਤਲੀ ਤੇ ਸੁਨੱਖੀ ਸੀ।
ਅਮਰ ਦੇ ਮਾਮੇ ਨੇ ਜ਼ਮੀਨ ਬਾਰੇ ਪੁੱਛਿਆ। ਪੰਜ-ਪੰਜ ਕਿੱਲੇ ਆਉਂਦੇ ਸਨ। ਉਨ੍ਹਾਂ ਦੀ ਮੰਗ ਵੀ ਕੋਈ ਨਹੀਂ ਸੀ। ਮਾਸੜ ਨੇ ਵੀ ਵਕੀਲਾਂ ਵਾਂਗ ਪੁੱਛਣ ਦੀ ਕੋਈ ਕਸਰ ਬਾਕੀ ਨਾ ਛੱਡੀ। ਅਮਰ ਦਾ ਬਾਪੂ ਤਾਂ ਆਪਣੇ ਸਾਲੇ ਤੇ ਸਾਂਢੂ ਦੀ ‘ਹਾਂ’ ਦੀ ਉਡੀਕ ਕਰ ਰਿਹਾ ਸੀ। ਅਮਰ ਨੇ ਮੈਨੂੰ ਪਰੇ ਕਰ ਕੇ ਕਿਹਾ, “ਹੁਣ ਤੂੰ ਵੀ ਕੁਝ ਪੁੱਛ ਲੈ ਕਿ ਬਰਫੀ ਖਾਣ ਹੀ ਆਇਆ ਸੀ।” ਮੈਂ ਮੁੰਡੇ ਦੇ ਬਾਪੂ ਨੂੰ ਪੁੱਛਿਆ, “ਬਾਈ ਜੀ! ਦਲਜੀਤ ਆਪਣੀ ਪੜ੍ਹਦੀ ਹੈ ਕਿ ਨਹੀਂ।” ਮੇਰੇ ਮੂੰਹੋਂ ਕੁੜੀ ਦਾ ਨਾਮ ਸੁਣ ਕੇ ਸਾਰਿਆਂ ਨੇ ਕੰਨ ਇੰਜ ਚੁੱਕ ਲਏ ਜਿਵੇਂ ਗਲੀ ਵਿਚ ਗੋਲੀ ਚੱਲ ਗਈ ਹੋਵੇ। ਮੁੰਡੇ ਦੇ ਬਾਪੂ ਨੇ ਕਿਹਾ, “ਹਾਂ ਭਾਈ, ਸਿੱਧਵਾਂ ਵਾਲੇ ਕਾਲਜ ਵਿਚ ਵੱਡੀ ਪੜ੍ਹਾਈ ਕਰਦੀ ਹੈ।”
ਸਾਰੇ ਹੈਰਾਨ ਸਨ ਕਿ ਦੇਖਣ ਮੁੰਡਾ ਆਏ ਹਾਂ, ਤੇ ਇਹ ਕੁੜੀ ਬਾਰੇ ਪੁੱਛੀ ਜਾਂਦਾ ਹੈ! ਮੈਂ ਅਮਰ ਨੂੰ ਗਲੀ ਵਿਚ ਲੈ ਗਿਆ ਤੇ ਕਿਹਾ, “ਦੇਖ ਮਿੱਤਰਾ! ਮੁੰਡਾ ਆਪਣੀ ਪੰਮੀ ਦੇ ਬਿਲਕੁਲ ਫਿੱਟ ਹੈ। ਇਨ੍ਹਾਂ ਦੀ ਕੁੜੀ ਸੋਹਣੀ-ਸੁਨੱਖੀ ਹੈ। ਕਿਸੇ ਕੈਨੇਡਾ, ਅਮਰੀਕਾ ਵਾਲੇ ਨੇ ਪਸੰਦ ਕਰ ਲੈਣੀ ਹੈ। ਜਦੋਂ ਇਨ੍ਹਾਂ ਦੀ ਕੁੜੀ ਬਾਹਰ ਚਲੀ ਗਈ, ਤਾਂ ਆਪਣਾ ਤੋਤਾ ਸਿੰਘ ਵੀ ਉਡਾਰੀ ਮਾਰ ਜਾਊ ਪੰਮੀ ਸਮੇਤ। ਮੇਰਾ ਖਿਆਲ ਹੈ ਆਪਾਂ ‘ਹਾਂ’ ਕਰ ਦੇਈਏ।”
ਫਿਰ ਮਾਮੇ ਨੂੰ ਪੁੱਛਿਆ। ਮਾਮਾ ਕਹਿੰਦਾ, “ਜਿਵੇਂ ਤੁਹਾਡੀ ਮਰਜ਼ੀ ਹੈ।” ਮਾਸੜ ਤੋਂ ਪੁਛਿਆ ਤਾਂ ਉਹ ਕਹਿੰਦਾ, “ਬਾਕੀ ਸਭ ਠੀਕ-ਠਾਕ ਹੈ, ਘਰ ਪੁਰਾਣੇ ਢੰਗ ਦਾ ਹੀ ਹੈ। ਘਰ ਪਾਉਣ ਵਾਲਾ ਹੈ। ਫਿਰ ਪੰਮੀ ਉਲ੍ਹਾਮਾ ਦੇਊ ਕਿ ਮਾਸੜਾ! ਦੇਖਿਆ ਕੀ ਸੀ। ਸਾਰੇ ਕੋਠੇ ਚੋਈ ਜਾਂਦੇ ਨੇ।” ਮਾਸੜ ਦੀ ਗੱਲ ਵੀ ਸ਼ਾਇਦ ਠੀਕ ਸੀ, ਪਰ ਪਤਾ ਲੱਗਿਆ ਸੀ ਕਿ ਮੁੰਡੇ ਵਾਲਿਆਂ ਨੇ ਖੇਤੀ ਨਾਲ ਦੋ ਕਿੱਲੇ ਜ਼ਮੀਨ ਬੈਅ ਖਰੀਦ ਲਏ ਸਨ। ਮੈਂ ਪੂਰਾ ਜ਼ੋਰ ਲਾਇਆ ਕਿ ਆਪਾਂ ‘ਹਾਂ’ ਕਰ ਕੇ ਜਾਈਏ। ਸਾਡੇ ਚਿਹਰਿਆਂ ਦੀ ਖੁਸ਼ੀ ਦੇਖ ਕੇ ਮੁੰਡੇ ਵਾਲਿਆਂ ਨੇ ਵੀ ਅੰਦਾਜ਼ਾ ਲਾ ਲਿਆ ਹੋਵੇਗਾ ਕਿ ਤੋਤੇ ਦੇ ਮੂੰਹ ਛੁਹਾਰਾ ਪੈ ਜਾਵੇਗਾ। ਗੱਲਾਂ-ਬਾਤਾਂ ਅਜੇ ਚੱਲ ਰਹੀਆਂ ਸਨ, ਮੈਂ ਤੋਤਾ ਸਿੰਘ ਦੇ ਮੋਢੇ ‘ਤੇ ਹੱਥ ਰੱਖਦਾ ਹੋਇਆ ਦਲਜੀਤ ਤੇ ਉਨ੍ਹਾਂ ਦੀ ਮਾਂ ਵੱਲ ਲੈ ਆਇਆ।
ਮੈਂ ਦਲਜੀਤ ਨਾਲ ਵੀ ਗੱਲ ਕੀਤੀ ਤੇ ਉਹਦੀ ਮਾਂ ਨਾਲ ਵੀ। ਪੰਜਾਬੀਆਂ ਦੇ ਸੁਭਾਅ ਵਾਂਗ ਅਸੀਂ ਵੀ ਰਿਸ਼ਤੇਦਾਰੀਆਂ ਕੱਢਣ ਲੱਗ ਪਏ।æææ ਚਲੋ ਜੀ! ਮੁੰਡੇ ਦੀ ਮਾਮੀ ਦੇ ਪੇਕੇ, ਮੇਰੇ ਨਾਨਕੇ ਪਿੰਡ ਸਨ। ਮੈਂ ਵੀ ਉਨ੍ਹਾਂ ਨੂੰ ਜਾਣਦਾ ਸੀ। ਮਾਂ ਨੇ ਆਪਣੇ ਮੁੰਡਿਆਂ ਤੇ ਧੀ ਦੀ ਬਹੁਤ ਤਾਰੀਫ ਕੀਤੀ। ਖੈਰ! ਮੇਰਾ ਮਨ ਉਥੇ ਪੰਮੀ ਦਾ ਰਿਸ਼ਤਾ ਕਰਨ ਨੂੰ ਮੰਨ ਗਿਆ। ਅਸੀਂ ਮਾਸੜ ਤੋਂ ਬਿਨਾਂ ਸਾਰੇ ਉਥੇ ਰਿਸ਼ਤੇ ਲਈ ਤਿਆਰ ਸੀ ਪਰ ਮਾਸੜ ਘਰ ਪਾਉਣ ਵਾਲੀ ਗੱਲ ‘ਤੇ ਅੜਿਆ ਹੋਇਆ ਸੀ। ਮੈਂ ਕਿਹਾ ਕਿ ਜੇ ਇਕ-ਅੱਧੀ ਕਮੀ ਹੈ, ਕੋਈ ਗੱਲ ਨਹੀਂ। ਪਰਿਵਾਰ ਵੈਸ਼ਨੋ ਹੈ, ਮਿਹਨਤੀ ਹੈ; ਕਣਕ ਨਾਲ ਬੈਠਕ ਭਰੀ ਪਈ ਹੈ, ਵੀਹ ਖਣ ਤੂੜੀ ਦੇ ਇੰਜ ਭਰੇ ਪਏ ਨੇ ਜਿਵੇਂ ਗੰਨਿਆਂ ਵਾਲੀ ਟਰਾਲੀ ਲੱਦੀ ਹੁੰਦੀ ਹੈ।
ਚੱਲੋ ਜੀ! ਸਾਡੀ ਉਥੇ ‘ਹਾਂ’ ਹੋ ਗਈ। ਅਗਲੇ ਸਾਲ ਵਿਆਹ ਰੱਖ ਦਿੱਤਾ। ਤੋਤਾ ਸਿੰਘ ਦੇ ਪਰਿਵਾਰ ਵਿਚ ਮੈਂ ਸਤਿਕਾਰ ਵਜੋਂ ਉਭਰਿਆ ਸੀ। ਅਸੀਂ ਪੰਮੀ ਦਾ ਵਿਆਹ ਤੋਤਾ ਸਿੰਘ ਨਾਲ ਕਰ ਦਿੱਤਾ। ਸਾਰੇ ਖੁਸ਼ ਸਨ ਪਰ ਮਾਸੜ ਦਾ ਮੂੰਹ ਇੰਜ ਸੀ, ਜਿਵੇਂ ਉਸ ਨੇ ਕੁਨੈਣ ਦੀ ਗੋਲੀ ਚੱਬ ਲਈ ਹੋਵੇ। ਤੋਤਾ ਸਿੰਘ ਨਾਲ ਮੇਰਾ ਪਿਆਰ ਸਾਲੇ-ਜੀਜੇ ਵਾਲਾ ਨਹੀਂ, ਸਗੋਂ ਭਰਾਵਾਂ ਵਰਗਾ ਹੋ ਗਿਆ ਸੀ। ਦੋ ਸਾਲਾਂ ਬਾਅਦ ਪੰਮੀ ਦੇ ਮੁੰਡਾ ਹੋ ਗਿਆ। ਤੋਤਾ ਸਿੰਘ ਹੋਰੀਂ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣ ਲੱਗੇ ਸੀ ਕਿ ਦਲਜੀਤ ਬਾਰੇ ਅਮਰੀਕਾ ਤੋਂ ਆਏ ਮੁੰਡੇ ਦੀ ਦੱਸ ਪਈ। ਤੋਤਾ ਸਿੰਘ ਹੋਰਾਂ ਜਵਾਬ ਦੇ ਦਿੱਤਾ ਕਿ ਐਤਕੀਂ ਹੱਥ ਤੰਗ ਹੈ, ਘਰ ਪਾ ਰਹੇ ਹਾਂ, ਅਗਲੇ ਸਾਲ ਵਿਆਹ ਕਰਾਂਗੇ। ਜਦੋਂ ਵਿਚੋਲੇ ਨੇ ਜ਼ੋਰ ਦੇ ਕੇ ਅਮਰੀਕਾ ਵਾਲੇ ਮੁੰਡੇ ਨੂੰ ਦਲਜੀਤ ਦਿਖਾਈ ਤਾਂ ਉਸ ਨੇ ‘ਹਾਂ’ ਕਰ ਦਿੱਤੀ। ਬਗੈਰ ਕਿਸੇ ਦਾਜ-ਦਹੇਜ ਤੋਂ ਸਾਦਾ ਵਿਆਹ ਕਰਨ ਲਈ ਕਿਹਾ। ਦਲਜੀਤ ਦੇ ਹੱਥਾਂ ਨੂੰ ਮਹਿੰਦੀ ਲਾ ਦਿੱਤੀ ਗਈ। ਸਾਲ ਵਿਚ ਹੀ ਦਲਜੀਤ ਨਿਊ ਯਾਰਕ ਪੁੱਜ ਗਈ। ਮੈਂ ਅਮਰੀਕਾ ਆ ਗਿਆ ਤੇ ਤੋਤਾ ਸਿੰਘ ਹੋਰਾਂ ਨਾਲ ਮੁਲਾਕਾਤ ਕਦੇ-ਕਦਾਈਂ ਫੋਨ ‘ਤੇ ਹੁੰਦੀ। ਬਾਅਦ ਵਿਚ ਤਾਂ ਬਹੁਤ ਸਮਾਂ ਗੱਲ ਹੋਈ ਨਾ। ਫਿਰ ਤੋਤਾ ਸਿੰਘ ਨੇ ਬਾਅਦ ਵਿਚ ਜੋ ਹੋਇਆ ਉਹ ਇੰਜ ਸੁਣਾਇਆ,
ਬਾਈ ਜੀ! ਕੁਲਦੀਪ ਇਥੇ ਆ ਗਈ ਤੇ ਅਸੀਂ ਘਰ ਵੀ ਵਧੀਆ ਬਣਾ ਲਿਆ। ਫਿਰ ਪੰਮੀ ਦੇ ਮਾਸੜ ਦੀ ਕੁੜੀ ਵਿਆਹੁਣ ਵਾਲੀ ਹੋਈ ਤਾਂ ਉਸ ਨੇ ਸਾਡਾ ਵਿਹੜਾ ਨੀਵਾਂ ਕਰ ਦਿੱਤਾ। ਆਖੇ, ਤੂੰ ਆਪਣੇ ਭਰਾ ਦਾ ਰਿਸ਼ਤਾ ਮੇਰੀ ਕੁੜੀ ਨਾਲ ਕਰ। ਕਦੇ ਅਮਰ ਨੂੰ ਨਾਲ ਲਿਆਵੇ, ਕਦੇ ਪੰਮੀ ਤੋਂ ਜ਼ੋਰ ਨਾਲ ਕਹਾਵੇ। ਛੋਟਾ ਭਰਾ ਪੜ੍ਹ ਵੀ ਬਹੁਤ ਗਿਆ ਸੀ। ਪੜ੍ਹੀ ਤਾਂ ਕੁੜੀ ਵੀ ਬਹੁਤ ਸੀ ਪਰ ਕੱਦ ਘੱਟ ਹੋਣ ਕਰ ਕੇ ਬੇਬੇ ਬਾਪੂ ‘ਹਾਂ’ ਨਹੀਂ ਸੀ ਕਰਦੇ। ਮਾਸੜ ਨੂੰ ਹੁਣ ਪਤਾ ਲੱਗ ਗਿਆ ਸੀ ਕਿ ਇਕ ਦਿਨ ਇਨ੍ਹਾਂ ਸਾਰਿਆਂ ਨੇ ਅਮਰੀਕਾ ਚਲੇ ਜਾਣਾ ਹੈ। ਇਧਰ ਦਲਜੀਤ ਨੇ ਸਿਟੀਜ਼ਨ ਹੋ ਕੇ ਸਾਡੇ ਕਾਗਜ਼ ਵੀ ਭਰ ਦਿੱਤੇ ਸਨ। ਬਾਈ, ਮੇਰੇ ਵਿਆਹ ਵਿਚ ਮਾਸੜ ਦਾ ਕੀ ਰੋਲ ਸੀ, ਮੈਨੂੰ ਇਸ ਗੱਲ ਦਾ ਪਤਾ ਸੀ, ਪਰ ਮੈਂ ਫਿਰ ਵੀ ਆਪਣੇ ਭਰਾ ਨੂੰ ਮਨਾ ਲਿਆ ਕਿ ਤੂੰ ਉਥੇ ਪੰਮੀ ਦੀ ਮਾਸੀ ਦੀ ਧੀ ਨਾਲ ਵਿਆਹ ਕਰਵਾ ਲੈ। ਦੇਖ-ਦਿਖਾਈ ਵਿਚ ਇਕ-ਅੱਧੀ ਕਮੀ ਪੇਸ਼ੀ ਛੱਡਣੀ ਪੈਂਦੀ ਹੈ, ਸਾਰਾ ਕੁਝ ਨਹੀਂ ਮਿਲਦਾ।
ਚੱਲੋ ਜੀ, ਮੇਰਾ ਭਰਾ ਮੰਨ ਗਿਆ। ਅਸੀਂ ਵਿਆਹ ਕਰ ਦਿੱਤਾ। ਸਾਡੇ ਨਾਂਹ-ਨਾਂਹ ਕਹਿੰਦਿਆਂ ਮਾਸੜ ਨੇ ਸਾਡਾ ਘਰ ਦਾਜ-ਦਹੇਜ ਨਾਲ ਭਰ ਦਿੱਤਾ। ਮੇਰੇ ਭਰਾ ਨੂੰ ਕਾਰ ਦਿੱਤੀ। ਮਾਸੜ ਦੀ ਜ਼ਮੀਨ ਸ਼ਹਿਰ ਵਿਚ ਵਿਕੀ ਹੋਣ ਕਰ ਕੇ ਪੈਸੇ ਦੀ ਕੋਈ ਕਮੀ ਨਹੀਂ ਸੀ। ਹੁਣ ਜਦੋਂ ਵੀ ਮਾਸੜ ਆਉਂਦਾ, ਤੇਰੀਆਂ ਗੱਲਾਂ ਜ਼ਰੂਰ ਕਰਦਾ ਤੇ ਕਹਿੰਦਾ, ਮੁੰਡੇ ਦੀ ਅੱਖ ਹੀ ਤੇਜ਼ ਨਹੀਂ ਸੀ, ਬੁੱਧੀ ਵੀ ਤੇਜ਼ ਸੀ। ਜਿਹੜਾ ਵਿਆਜੋਂ ਰਕਮ ਫੜ ਕੇ ਉਡਾਰੀ ਮਾਰ ਗਿਆ। ਮੈਂ ਹੱਸ ਕੇ ਕਹਿੰਦਾ, “ਮਾਸੜਾ! ਦੇਖ ਲੈ ਹੁਣ ਤਾਂ ਨਹੀਂ ਕੋਈ ਘਾਟ-ਵਾਧ ਘਰ ਵਿਚ।” ਤੇ ਮਾਸੜ ਅੱਗਿਉਂ ਮੁਸਕੜੀਏਂ ਹੱਸਦਾ।
ਮਾਸੜ ਆਪਣੀ ਧੀ ਵਿਆਹੁਣ ਪਿੱਛੋਂ ਹਵਾ ਵਿਚ ਉਡਦਾ ਰਹਿੰਦਾ। ਖ਼ੈਰ! ਮੇਰੇ ਇਕ ਪੁੱਤਰ ਤੇ ਦੋ ਧੀਆਂ ਹਨ। ਦਲਜੀਤ ਦੇ ਦੋ ਪੁੱਤਰ ਹਨ। ਛੋਟੇ ਭਰਾ ਦੇ ਇਕ ਪੁੱਤ ਹੈ। ਅਸੀਂ ਦੋਵੇਂ ਭਰਾ ਆਪਣੇ ਪਰਿਵਾਰਾਂ ਸਮੇਤ ਇਥੇ ਪਹੁੰਚ ਗਏ ਸੀ। ਬੇਬੇ ਬਾਪੂ ਪਹਿਲਾਂ ਦੋ ਵਾਰ ਗੇੜਾ ਕੱਢ ਕੇ ਚਲੇ ਗਏ ਸੀ। ਉਨ੍ਹਾਂ ਦਾ ਇਥੇ ਦਿਲ ਨਹੀਂ ਲੱਗਿਆ। ਦਲਜੀਤ ਹੋਰਾਂ ਕੋਲ ਆਪਣੀਆਂ ਟੈਕਸੀਆਂ ਹਨ, ਆਪਣਾ ਮਕਾਨ ਹੈ। ਭਲੇਮਾਣਸ ਲੋਕ ਨੇ, ਕੰਮ-ਕਾਰ ਵਧੀਆ ਹੈ। ਸਾਨੂੰ ਵੀ ਅਜੇ ਦੋ ਮਹੀਨੇ ਹੀ ਹੋਏ ਨੇ ਆਇਆ ਨੂੰ। ਤੁਹਾਨੂੰ ਕਈ ਵਾਰ ਫੋਨ ਕੀਤਾ, ਤੁਸੀਂ ਚੁੱਕਿਆ ਹੀ ਨਹੀਂ। ਅਮਰ ਕਹਿੰਦਾ ਸੀ, ਉਸ ਨੂੰ ਜਾ ਕੇ ਫੋਨ ਕਰਿਓ, ਉਹ ਤੁਹਾਨੂੰ ਆਪ ਮਿਲਣ ਆਵੇਗਾ। ਅੱਜ ਵੀ ਦਲਜੀਤ ਨੇ ਕਿਹਾ ਕਿ ਵੀਰ ਜੀ ਨੂੰ ਫੋਨ ਕਰੋ ਤੇ ਤੁਹਾਡੇ ਨਾਲ ਗੱਲਬਾਤ ਹੋ ਗਈ।
ਮੈਂ ਤੋਤਾ ਸਿੰਘ ਨਾਲ ਹੋਰ ਗੱਲਾਂ ਕਰਦਿਆਂ ਫਿਰ ਮਾਸੜ ਬਾਰੇ ਪੁੱਛਿਆ, “ਅੱਜਕੱਲ੍ਹ ਮਾਸੜ ਜੀ ਕੀ ਕਰਦੇ ਨੇ? ਉਨ੍ਹਾਂ ਦਾ ਕੀ ਹਾਲ ਹੈ?”
“ਮਾਸੜ ਨੇ ਘੋੜੀ ਰੱਖੀ ਹੋਈ ਹੈ ਤੇ ਨਾਲ ਦੋਨਾਲੀ। ਪੂਰਾ ਜਿਉਣਾ ਮੋੜ ਹੀ ਲੱਗਦਾ ਹੈ।” ਉਸ ਨੇ ਹੱਸਦਿਆਂ ਕਿਹਾ।
“ਕਿਸੇ ਬਹਾਨੇ ਉਸ ਦੀ ਘੋੜੀ ਤੇ ਰਾਈਫਲ ਵਿਕਵਾ ਦੇਵੋ। ਇਨ੍ਹਾਂ ਕੰਮਾਂ ਦੇ ਨਤੀਜੇ ਮਾੜੇ ਹੀ ਨਿਕਲਦੇ ਹਨ। ਜ਼ਮੀਨ ਵੇਚ ਕੇ ਸ਼ੌਕ ਪਾਲਣ ਨਾਲੋਂ ਤਾਂ ਮਿਹਨਤ ਦੀ ਕੀਤੀ ਕੰਜੂਸੀ ਲੱਖ ਗੁਣਾ ਚੰਗੀ ਹੈ। ਬਹੁਤੀਆਂ ਚਲਾਕੀਆਂ ਵੀ ਰਾਹ ਡੱਕ ਲੈਂਦੀਆਂ ਨੇ।”
ਖ਼ੈਰ! ਅਸੀਂ ਹੱਸਦਿਆਂ ਫਤਿਹ ਬੁਲਾਈ। ਮੈਂ ਆਪਣੀ ਕਬੀਲਦਾਰੀ ਦੀ ਪ੍ਰੀਖਿਆ ਵਿਚੋਂ ਪੂਰੇ ਨੰਬਰ ਲੈ ਕੇ ਪਾਸ ਹੋ ਗਿਆ ਸੀ। ਹੱਥੀਂ ਲਾਏ ਬੂਟੇ ਦੇ ਫੁੱਲ ਖੁਸ਼ਬੋ ਬੇਸ਼ੱਕ ਘੱਟ ਹੀ ਦੇਣ ਪਰ ਖਿੜੇ ਦੇਖ ਕੇ ਮਨ ਰੱਜ ਜਾਂਦਾ ਹੈ। ਰੱਬ ਰਾਖਾ!

Be the first to comment

Leave a Reply

Your email address will not be published.