ਅੰਮ੍ਰਿਤਸਰ: ਅਦਾਲਤ ਨੇ ਪਾਲ ਸਿੰਘ ਫਰਾਂਸ ਤੇ ਉਸ ਦੇ ਦੋ ਸਾਥੀਆਂ ਮੱਖਣ ਸਿੰਘ ਤੇ ਗੁਰਮੁੱਖ ਸਿੰਘ ਨੂੰ ਨਾਜਾਇਜ਼ ਹਥਿਆਰ ਤੇ ਵਿਸਫੋਟਕ ਸਮੱਗਰੀ ਰੱਖਣ ਦੇ ਦੋਸ਼ ਵਿਚ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਦੋ ਦਿਨ ਪਹਿਲਾਂ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਨ੍ਹਾਂ ਕੋਲੋਂ ਪੁਲਿਸ ਨੇ ਦੋ ਏæਕੇ 47 ਰਾਈਫਲਾਂ, 15 ਕਿਲੋ ਆਰਡੀਐਕਸ ਤੇ ਹੋਰ ਗੋਲੀ-ਸਿੱਕਾ ਬਰਾਮਦ ਕੀਤਾ ਸੀ। ਅਦਾਲਤ ਵੱਲੋਂ ਪਾਲ ਸਿੰਘ ਨੂੰ ਧਮਾਕਾਖੇਜ਼ ਸਮੱਗਰੀ ਰੱਖਣ ਦੇ ਦੋਸ਼ ਹੇਠ ਦਸ ਸਾਲ ਤੇ ਅਸਲਾ ਐਕਟ ਹੇਠ ਪਾਲ ਸਿੰਘ ਤੇ ਗੁਰਮੁੱਖ ਸਿੰਘ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਸਰਕਾਰੀ ਵਕੀਲ ਆਰæਕੇ ਸਲਵਾਨ ਨੇ ਦੱਸਿਆ ਕਿ ਇਹ ਸਾਰੀਆਂ ਸਜ਼ਾਵਾਂ ਇਕੋ ਸਮੇਂ ਚੱਲਣਗੀਆਂ ਤੇ ਤਿੰਨਾਂ ਨੂੰ ਵੱਧ ਤੋਂ ਵੱਧ 10 ਸਾਲ ਦੀ ਕੈਦ ਕੱਟਣੀ ਪਵੇਗੀ। ਇਸ ਕੇਸ ਵਿਚ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਦੀ ਪੁਲਿਸ ਵੱਲੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿਚ ਇਨ੍ਹਾਂ ਤਿੰਨਾਂ ਤੋਂ ਇਲਾਵਾ ਨਰੈਣ ਸਿੰਘ ਚੌੜਾ ਤੇ ਕੁਲਵੰਤ ਸਿੰਘ ਵੀ ਸ਼ਾਮਲ ਸਨ। ਇਸ ਦੌਰਾਨ ਕੁਲਵੰਤ ਸਿੰਘ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਹੋ ਗਈ ਸੀ ਜਦੋਂਕਿ ਨਰੈਣ ਸਿੰਘ ਚੌੜਾ ਨੂੰ ਪੁਲਿਸ ਨੇ ਬਾਅਦ ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਖ਼ਿਲਾਫ਼ ਕੇਸ ਅਦਾਲਤ ਦੇ ਵਿਚਾਰ ਅਧੀਨ ਹੈ।
ਪੁਲਿਸ ਨੇ ਪਹਿਲਾਂ ਕੁਲਵੰਤ ਸਿੰਘ ਵਾਸੀ ਵਰਪਾਲ ਤੇ ਗੁਰਮੁਖ ਸਿੰਘ ਵਾਸੀ ਪਿੰਡ ਪੰਡੋਰੀ ਮਹਿਮਾ ਨੂੰ ਏæਕੇ 47 ਰਾਈਫਲ ਤੇ ਹੋਰ ਵਿਸਫੋਟਕ ਸਮੱਗਰੀ ਨਾਲ ਜਿਪਸੀ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮਗਰੋਂ ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਪਾਲ ਸਿੰਘ ਨੂੰ ਜਲੰਧਰ ਨੇੜਿਓਂ ਢੰਡੋਵਾਲ ਪਿੰਡ ਤੋਂ ਗ੍ਰਿਫ਼ਤਾਰ ਕਰਕੇ ਉਸ ਕੋਲੋਂ 15 ਕਿਲੋ ਆਰਡੀਐਕਸ ਬਰਾਮਦ ਕੀਤਾ ਸੀ। ਇਨ੍ਹਾਂ ਨੂੰ 2010 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਾਲ ਸਿੰਘ 1978 ਤੋਂ 1999 ਤੱਕ ਫਰਾਂਸ ਵਿਚ ਰਿਹਾ ਹੈ ਤੇ ਇਥੋਂ ਦਾ ਨਾਗਰਿਕ ਵੀ ਹੈ। ਇਹ ਤਿੰਨ ਵਾਰ 1989, 1998 ਅਤੇ 2002 ਵਿਚ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਵੀ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਸ ਦਾ ਸਬੰਧ ਬੱਬਰ ਖਾਲਸਾ ਜਥੇਬੰਦੀ ਨਾਲ ਹੈ। ਇਨ੍ਹਾਂ ਸਾਰਿਆਂ ਦਾ ਸਬੰਧ 2010 ਵਿਚ ਗ੍ਰਿਫ਼ਤਾਰ ਕੀਤੇ ਗਏ ਸੁਖਦੇਵ ਸਿੰਘ ਚਿੜਾ ਨਾਲ ਵੀ ਸੀ ਜਿਸ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਧਮਾਕੇ ਲਈ ਧਮਾਕਾਖੇਜ਼ ਸਮੱਗਰੀ ਵਾਲਾ ਵਾਹਨ ਭੀੜ-ਭਾੜ ਇਲਾਕੇ ਵਿਚ ਖੜ੍ਹਾ ਕੀਤਾ ਸੀ।
Leave a Reply