ਛੋਟਾ ਕੱਦ ਵੱਡਾ ਕੱਦ

ਕਾਨਾ ਸਿੰਘ ਨੇ ਸ਼ਾਇਰੀ ਵੀ ਕੀਤੀ ਹੈ ਅਤੇ ਕਹਾਣੀਆਂ ਵੀ ਲਿਖੀਆਂ ਹਨ। ਬਾਲ ਰਚਨਾਵਾਂ ਵੀ ਸਾਹਿਤ ਦੀ ਝੋਲੀ ਪਾਈਆਂ ਹਨ। ਹੋਰ ਵੀ ਕਈ ਕੁਝ, ਨਿੱਕ-ਸੁੱਕ; ਪਰ ਉਹਦੀ ਨਸਰ (ਵਾਰਤਕ) ਦਾ ਰੰਗ ਨਿਰਾਲਾ ਹੈ। ਰਸਦਾਰ, ਸੁਘੜ, ਚੁਸਤ, ਤੇ ਨਾਲ ਹੀ ਨੱਚ-ਨੱਚ ਫਾਵੀ ਹੁੰਦੀ। ਰਚਨਾ ‘ਚ ਲੋਹੜੇ ਦੀ ਰਵਾਨੀæææ। ਪਿਛਲੇ ਅੰਕ ਵਿਚ ਉਹਦੀ ਨਸਰ ਦਾ ਇਕ ਰੰਗ ‘ਮਰ ਜਾਣੇ ਜਿਉਣ ਜੋਗੇ’ ਆਪਣੇ ਪਾਠਕਾਂ ਲਈ ਪੇਸ਼ ਕੀਤਾ ਸੀ। ਐਤਕੀਂ ‘ਛੋਟਾ ਕੱਦ ਵੱਡਾ ਕੱਦ’ ਲੇਖ ਛਾਪ ਰਹੇ ਹਾਂ। ਉਹਦੀ ਨਸਰ ਦੀ ਕਿਤਾਬ ‘ਚਿਤ ਚੇਤਾ’ ਹੁਣੇ-ਹੁਣੇ ਛਪੀ ਹੈ। -ਸੰਪਾਦਕ
ਕਾਨਾ ਸਿੰਘ
ਫੋਨ: 91-95019-44944
ਜੇ ਮੈਂ ਦੂਰ ਚੇਤੇ ਦੇ ਅਰੰਭ ਵੱਲ ਚਲੀ ਜਾਵਾਂ ਤਾਂ ਜਿਹੜੇ ਲਫ਼ਜ਼ ਅੱਜ ਤੱਕ ਉਂਜ ਦੇ ਉਂਜ ਹੀ ਕੰਨਾਂ ਵਿਚ ਗੂੰਜਦੇ ਆਏ ਹਨ, ਉਹ ਹਨ, ‘ਹਾਇ ਜੇ ਤੂੰ ਰਤਾ ਲੰਮੀ ਹੋਨੀ ਤਾਂæææ।’
ਭੈਣਾਂ ਵਿਚੋਂ ਪੰਜਵੀਂ ਅਤੇ ਸਾਰੇ ਭੈਣਾਂ-ਭਰਾਵਾਂ ਤੋਂ ਛੋਟੀ ਅਰ ਮਧਰੀ ਹੋਣ ਕਾਰਨ ਮੈਨੂੰ ‘ਕਚੀਚੀ’ ਕਰ ਕੇ ਵੀ ਛੇੜਿਆ ਜਾਂਦਾ ਸੀ। ਮੇਰੀ ਦਸ ਸਾਲ ਦੀ ਉਮਰ ਤੱਕ ਵੱਡੀਆਂ ਤਿੰਨਾਂ ਭੈਣਾਂ ਦੇ ਘਰ ਕੁਲ ਮਿਲਾ ਕੇ, ਮੇਰੇ ਦਸ ਭਣੇਵੇਂ-ਭਣੇਵੀਆਂ ਪੈਦਾ ਹੋ ਚੁੱਕੇ ਸਨ ਜਿਨ੍ਹਾਂ ਦੀ ‘ਬੱਚੀ ਮਾਸੀ’ ਅਖਵਾਉਣਾ ਵੀ ਮੇਰੀ ਕਿਸਮਤ ਵਿਚ ਲਿਖਿਆ ਹੋਇਆ ਸੀ। ਦੋ ਨਿੱਕੇ ਭਰਾਵਾਂ ਸਮੇਤ ਇਹ ਦਰਜਨ ਬਾਲਕ ਮੇਰੀਆਂ ਜੁੱਤੀਆਂ ਨਾਲ ਆਪਣੇ ਜੁੱਤੇ ਮੇਚ-ਮੇਚ ਛੁਟਿਆਉਂਦੇ ਅਤੇ ਮੈਥੋਂ ਗਿੱਠ-ਗਿੱਠ ਉਚੇ ਹੋ ਕੇ ਮੈਨੂੰ ਹੀਰੀਆਂ ਦੇਂਦੇ।
ਮੁਸਕਰਾਉਣ ਤੋਂ ਇਲਾਵਾ ਮੇਰੇ ਲਈ ਹੋਰ ਕੋਈ ਚਾਰਾ ਨਹੀਂ ਸੀ।
ਮਾਨਾ ਮੈਥੋਂ ਦੋ ਸਾਲ ਵੱਡੀ ਸੀ ਪਰ ਭਰੀ ਭਰੀ ਤੇ ਕੱਦਾਵਰ ਹੋਣ ਕਰ ਕੇ ਉਹ ਮੈਥੋਂ ਕਾਫੀ ਵੱਡੀ ਸਮਝੀ ਜਾਂਦੀ ਸੀ। ਉਹ ਪੜ੍ਹਾਈ ਵਿਚ ਬੜੀ ਕਮਜ਼ੋਰ ਸੀ ਜਿਸ ਦਾ ਇਕ ਕਾਰਨ ਮੈਥੋਂ ਨਿੱਕੇ ਵੀਰ ਦੀ ਬਿਮਾਰੀ ਵੀ ਸੀ। ਜਿਗਰ ਦੇ ਵਾਧੇ ਅਤੇ ਸੋਕੜੇ ਦਾ ਮਾਰਿਆ ਉਹ ਸੱਤ ਸਾਲ ਤੱਕ ਤੁਰ ਹੀ ਨਾ ਸਕਿਆ। ਉਸ ਦੇ ਇਲਾਜ ਲਈ ਥਾਂ ਥਾਂ ਭਟਕਦੀ ਮਾਂ, ਮਾਨਾ ਨੂੰ ਵੀ ਨਾਲ ਲੈ ਤੁਰਦੀ; ਵੀਰੇ ਨੂੰ ਚੁੱਕਣ ਵਿਚ ਉਸ ਦਾ ਹੱਥ ਵਟਾਉਣ ਲਈ ਜਿਸ ਕਰ ਕੇ ਮਾਨਾ ਦੇ ਸਕੂਲੋਂ ਕਈ ਕਈ ਨਾਗੇ ਹੋ ਜਾਂਦੇ।
ਮਾਨਾ ਦੀ ਅਧਿਆਪਕਾ ਨੇ ਉਸ ਦਾ ਨਾਂ ‘ਨਾਲਾਇਕ ਬੁਰਛਾ’ ਪਾ ਦਿੱਤਾ। ਉਸ ਦੇ ਸਾਹਵੇਂ ਮੇਰਾ ਨਾਂ ‘ਹੋਣਹਾਰ ਪਿਸਤੀ’ ਪੈ ਗਿਆ।
ਮੇਰਾ ਸੂਖਮ ਸਰੀਰ ਮਾਨਾ ਲਈ ਸਰਾਪ ਸੀ।
ਮੌਸਮ ਸਰਦੀ ਦਾ। ਚੌਥੀ ਵਿਚ ਸਾਂ ਮੈਂ ਤੇ ਮਾਨਾ ਛੇਵੀਂ ਵਿਚ। ਸ਼ਹਿਰ ਗੁਜਰਖਾਨ ਦੇ ਹਾਈ ਸਕੂਲ ਦੇ ਖੁੱਲ੍ਹੇ ਦਾਲਾਨ ਦੀ ਧੁੱਪ ਵਿਚ ਵਿਛੀਆਂ ਟਾਟ-ਪੱਟੀਆਂ ਉਪਰ ਸਾਰੀਆਂ ਜਮਾਤਾਂ ਲੱਗੀਆਂ ਹੋਈਆਂ ਸਨ। ਕੰਨ ਪਕੜ ਕੇ ਖੜ੍ਹੀ ਹੋਈ ਮਾਨਾ ਨੂੰ ਉਸ ਦੀ ਆਧਿਆਪਕਾ ਸੱæਰੇਆਮ ਮਾਰ ਰਹੀ ਸੀ, ਧੱਫੋ-ਧੱਫੇ। ਫੇਰ ਰੋਂਦੀ ਕੁਰਲਾਉਂਦੀ ਮਾਨਾ ਨੂੰ ਕੰਨੋਂ ਫੜ ਕੇ ਉਹ ਮੇਰੀ ਜਮਾਤ ਵਿਚ ਲੈ ਆਈ ਅਤੇ ਉਸ ਨੂੰ ਮੇਰੇ ਨਾਲ ਬਿਠਾਉਂਦਿਆਂ ਗਰਜੀ: ‘ਹੇ ਵੀ ਤੈ ਤੇਰੀ ਭੈਣ ਹੈ ਨਾ। ਕਿਤਨੀ ਹੁਸ਼ਿਆਰ ਹੈ। ਹੈ ਕੋਈ, ਇਸਨਾ ਮੁਕਾਬਲਾ? ਤੂੰ ਤੈ ਇਸ ਨਾਲ ਵੀ ਬਹਿਣ ਨੇ ਕਾਬਲ ਨਹੀਂæææ।’
ਸਾਰੇ ਸਕੂਲ ਦੀਆਂ ਵਿਦਿਆਰਥਣਾਂ ਸਾਹਵੇਂ ਮਾਨਾ ਦਾ ਏਨਾ ਅਪਮਾਨ ਮੇਰੀ ਰੂਹ ‘ਤੇ ਸਦੀਵੀ ਲਾਸ ਪਾ ਗਿਆ।
ਘਰ-ਬਾਹਰ ਖੁਦ ਨੂੰ ‘ਛਟਾਂਕੜੀ’ ਅਤੇ ਮਾਨਾ ਨੂੰ ‘ਬੋਤਾ’ ਕਰ ਕੇ ਸੁਣਦਿਆਂ ਮੈਨੂੰ ਲੱਗਦਾ ਕਿ ਮਾਨਾ ਨਾਲ ਹੁੰਦੇ ਜ਼ੁਲਮ ਦਾ ਕਾਰਨ ਮੇਰਾ ਸੂਖਮ ਸਰੀਰ ਹੀ ਹੈ।
ਮੈਨੂੰ ਆਪਣੀ ਤੁੱਛਤਾ ਦੇ ਹੋਰ ਵੀ ਤੁੱਛ ਹੋਣ ਦਾ ਅਹਿਸਾਸ ਹੁੰਦਾ।
ਦਿੱਲੀ-ਸ਼ਾਹਦਰੇ ਦੇ ਗਾਂਧੀ ਮੈਮੋਰੀਅਲ ਸਕੂਲ ਵਿਚ ਛੇਵੀਂ ਜਮਾਤ ਵਿਚ ਸਾਂ ਮੈਂ, ਤੇ ਕਾਂਤਾ ਪਿਸ਼ੌਰਨ ਮੇਰੀ ਜਮਾਤਣ। ਕੱਦ-ਬੁੱਤ ਵਿਚ ਤਾਂ ਨਿਰੀ ਪਠਾਣੀ ਸੀ ਕਾਂਤਾ ਪਰ ਪੜ੍ਹਾਈ ਵਿਚ ਬੜੀ ਹੀ ਕਮਜ਼ੋਰ।
ਕਾਂਤਾ ਦਾ ਦਿਮਾਗ ਸਦਾ ਸ਼ਰਾਰਤੀ ਕਾਢਾਂ ਵਿਚ ਲੱਗਿਆ ਰਹਿੰਦਾ। ਜਦੋਂ ਵੀ ਉਸ ਵੱਲ ਵੇਖਾਂ, ਉਹ ਆਪਣੀ ਚੌੜੀ ਗਿੱਠ ਵਿਖਾਉਂਦੀ ਹੋਈ ਮੈਨੂੰ ‘ਗਿੱਠੀ-ਗਿੱਠੀ’ ਆਖ ਕੇ ਛੇੜੇ। ਅਧਿਆਪਕਾ ਤਵਾਰੀਖ ਜਾਂ ਜੁਗਰਾਫੀਏ ਦਾ ਸਬਕ ਦੇ ਰਹੀ ਹੋਵੇ, ਤੇ ਕਾਂਤਾ ਇਸ਼ਾਰਿਆਂ ਇਸ਼ਾਰਿਆਂ ਵਿਚ ਮੈਨੂੰ ਚਿੜਾ ਰਹੀ ਹੋਵੇ। ਮੈਂ ਲੱਖ ਇਰਾਦੇ ਕਰਦੀ ਉਸ ਵੱਲ ਨਾ ਵੇਖਣ ਦੇ, ਫੇਰ ਵੀ ਮੈਥੋਂ ਵੇਖ ਹੋ ਜਾਂਦਾ।
ਮੈਨੂੰ ਕਾਂਤਾ ਦੀ ਗਿੱਠ ਦਾ ਸੰਤਾਪ ਹੰਢਾਉਣਾ ਹੀ ਪੈਂਦਾ।
ਪਾਣੀਪਤ ਦੀ ਤੀਜੀ ਲੜਾਈ ਬਿਆਨ ਕਰ ਰਹੀ ਸੀ ਅਧਿਆਪਕਾ, ਤੇ ਮੈਂ ਉਸ ਦੀ ਕੁਰਸੀ ਕੋਲ ਬੈਠੀ ਹੋਈ ਸਾਂ, ਭੁੰਜੇ ਹੀ। ਕਾਂਤਾ ਮੇਰੇ ਪਿੱਛੇ ਬੈਠੀ ਹੋਈ ਸੀ। ਉਸ ਮੇਰੀ ਗੁੱਤ ਦੀ ਪਰਾਂਦੀ ਕੁਰਸੀ ਦੀ ਲੱਤ ਨਾਲ ਬੰਨ੍ਹ ਦਿੱਤੀ। ਮੈਂ ਬੇਖਬਰ ਸਾਂ। ਅੱਧੀ ਛੁੱਟੀ ਦੀ ਘੰਟੀ ਵੱਜਦਿਆਂ ਮੈਂ ਉਠ ਕੇ ਭੱਜਣ ਦੀ ਜੋ ਕੀਤੀ, ਤਾਂ ਧੜੰਮ ਕਰ ਕੇ ਡਿੱਗ ਪਈ। ਮੇਰੇ ਕੋਲ ਬੈਠੀ ਅਮਰਜੀਤ ਨੇ ਕਾਂਤਾ ਦੀ ਕਾਰਸਤਾਨੀ ਦੀ ਖਬਰ ‘ਭੈਣ ਜੀ’ ਨੂੰ ਕਰ ਦਿੱਤੀ। ਭੈਣ ਜੀ ਨੇ ਕਾਂਤਾ ਨੂੰ ਸਜ਼ਾ ਦੇਣ ਲਈ ਮੈਨੂੰ ਉਸ ਦੇ ਮੋਢਿਆਂ ‘ਤੇ ਚੜ੍ਹ ਕੇ ਸਾਰੇ ਸਕੂਲ ਵਿਚ ਗੇੜਾ ਲਗਾਉਣ ਦਾ ਹੁਕਮ ਦੇ ਦਿੱਤਾ। ਹੁਣ ਕਾਂਤਾ ਬੁਰੀ ਤਰ੍ਹਾਂ ਰੋ ਰਹੀ ਸੀ। ਤੇ ਮੈਂæææ?
ਮੈਨੂੰ ਲੱਗਦਾ ਕਿ ਕਾਂਤਾ ਦੀ ਬੇਇੱਜ਼ਤੀ ਲਈ ਮੈਂ ਹੀ ਕਸੂਰਵਾਰ ਹਾਂ।
ਜ਼ਾਹਿਰ ਹੈ, ਜੇ ਮੈਂ ਵੀ ਕਾਂਤਾ ਵਰਗੀ ਲੰਮੀ ਤਗੜੀ ਹੁੰਦੀ ਤਾਂ ਭੈਣ ਜੀ ਨੇ ਉਸ ਲਈ ਇਹ ਸਜ਼ਾ ਤਜਵੀਜ਼ ਨਹੀਂ ਸੀ ਕਰਨੀ।
ਮੇਰਾ ਮਧਰਾ ਕੱਦ ਅਤੇ ਸੂਖਮ ਸਰੀਰ ਕੱਦਾਵਰ ਕੁੜੀਆਂ ਲਈ ਮੈਨੂੰ ਸਰਾਪ ਮਹਿਸੂਸ ਹੁੰਦਾ।
ਅੱਠਵੀਂ ਤੋਂ ਦਸਵੀਂ ਤਕ ਜਦੋਂ ਮੈਂ ਦਿੱਲੀ ਦੇ ਜਾਮਾ ਮਸਜਿਦ ਖੇਤਰ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਸਾਂ, ਤਾਂ ਰੇਲ ਗੱਡੀ ਉਤੇ ਮੇਰੇ ਨਾਲ ਚੜ੍ਹਦੀਆਂ ਹਮਉਮਰ ਕੁੜੀਆਂ ਦੇ ਮਹੀਨੇਵਾਰੀ ਰੇਲਵੇ-ਪਾਸਾਂ ਦੇ ਪੂਰੇ ਪੈਸੇ ਲੱਗਦੇ ਤੇ ਮੇਰੇ ਅੱਧੇ।
ਮੇਰਾ ਹਾਫ਼ ਟਿਕਟ ਹੁੰਦਾ। ਮੈਂ ਬੱਚੀ ਜਿਹੀ ਜੁ ਦਿਖਦੀ ਸਾਂ।
ਉਦੋਂ ਬਾਰਾਂ ਸਾਲ ਦੀ ਉਮਰ ਤਕ ਰੇਲ ਦੇ ਪਾਸ ਦਾ ਅੱਧਾ ਕਿਰਾਇਆ ਲੱਗਦਾ ਸੀ। ਛੋਟੇ ਕੱਦ ਦਾ ਇਹ ਵੀ ਫਾਇਦਾ ਸੀ ਕਿ ਜਿਥੇ ਉਚੀਆਂ ਲੰਮੀਆਂ ਕੁੜੀਆਂ ਗੱਡੀ ਦੀ ਭੀੜ ਵਿਚ ਧੱਕੇ ਖਾਂਦੀਆਂ ਕਈ ਵੇਰਾਂ ਰਹਿ ਵੀ ਜਾਂਦੀਆਂ, ਉਥੇ ਮੈਂ ਹੋਰ ਝੁਕਦੀ ਤੇ ਸੁੰਗੜਦੀ ਹੋਈ ਹੇਠੋਂ-ਹੇਠੋਂ ਭੀੜ ਵਿਚ ਧੁਸਦੀ, ਛੜੱਪ ਜਾ ਵੜਦੀ ਜ਼ਨਾਨੇ ਡੱਬੇ ਵਿਚ। ਬਾਲੜੀ ਜਿਹੀ ਦਿਸਣ ਕਾਰਨ ਮੈਨੂੰ ਮਰਦਾਵੇਂ ਡੱਬਿਆਂ ਵਿਚ ਵੀ ਵੜ ਜਾਣ ਦੀ ਸਹੂਲੀਅਤ, ਖੁੱਲ੍ਹ ਅਤੇ ਸੁਰੱਖਿਆ ਮਿਲਦੀ ਸੀ।
ਜੇ ਗੱਡੀਆਂ ਅਤੇ ਰੇਲਵੇ ਦੇ ਅਰਾਮ-ਘਰਾਂ ਜਾਂ ਪਬਲਿਕ ਪੇਸ਼ਾਬਘਰਾਂ ਦੇ ਦਰਵਾਜ਼ਿਆਂ ਦੀ ਹੇਠਲੀ ਕੁੰਡੀ ਖਰਾਬ ਜਾਂ ਨਦਾਰਦ ਹੋਵੇ ਤਾਂ ਮੈਨੂੰ ਬੜੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ। ਸੱਤ-ਫੁੱਟੇ ਦਰਵਾਜ਼ੇ ਦੀ ਉਪਰਲੀ ਕੁੰਡੀ ਤਕ ਕਿਵੇਂ ਪਹੁੰਚਾਂ? ਅਜਿਹੇ ਵੇਲੇ ਰੱਬ ਉਤੇ ਡਾਢਾ ਗੁੱਸਾ ਆਉਂਦਾ। ਮੈਨੂੰ ਇਕ-ਦੋ ਇੰਚ ਹੋਰ ਕੱਦ ਦੇਣ ਨਾਲ ਭਲਾ ਰੱਬ ਦਾ ਕੀ ਘਟ ਜਾਣਾ ਸੀ!
ਅਠਵੀਂ ਜਮਾਤ ਤਕ ਪੁੱਜਦੀਆਂ ਕਿਸ਼ੋਰੀਆਂ ਆਪੋ-ਆਪਣੀ ਸੀਮਾ ਤੇ ਸਮਰਥਾ ਅਨੁਸਾਰ ਪੂਰਾ ਕੱਦ ਕੱਢ ਲੈਂਦੀਆਂ ਹਨ। ਦਿੱਲੀ ਦੇ ਗਾਂਧੀ ਗਰਾਊਂਡ, ਚਾਂਦਨੀ ਚੌਕ, ਦਰੀਬਾ, ਦਰਿਆਗੰਜ, ਦਿੱਲੀ ਗੇਟ, ਅਜਮੇਰੀ ਗੇਟ, ਨਵੀਂ ਸੜਕ, ਖਾਰੀ ਬਾਉਲੀ, ਮੋਰੀ ਗੇਟ ਅਤੇ ਕਸ਼ਮੀਰੀ ਗੇਟ ਦੀ ਵਲਗਣ ਵਿਚ ਪੈਂਦੇ ਇਸ ਇਕੋ-ਇਕ ਸਿਰਕੱਢ ਸਕੂਲ ਦੀਆਂ ਮੇਰੀਆਂ ਹਾਣਨਾਂ-ਜਮਾਤਣਾਂ ਦੀ ਚਰਚਾ ਦਾ ਹੁਣ ਮੁੱਖ ਵਿਸ਼ਾ ਹੁੰਦਾ ਸੀ, ਰਾਹ ਵਿਚ ਦਿਸਦਾ ਜਾਂ ਟੱਕਰਦਾ, ਮੁਸਕਦਾ ਜਾਂ ਮਿਲਦਾ ਕੋਈ ਕਿਸ਼ੋਰ ਨੱਢਾ।
‘ਆਜ ਸਾਲੇ ਨੇ ਪਾਸ ਸੇ ਗੁਜ਼ਰਤੇ ਹੂਏ ਮੁਝੇ ਗੁਲਾਬ ਕਾ ਫੂਲ ਥਮਾ ਦੀਆ, ਯੇਹ ਦੇਖੋæææ।’ ਕੋਈ ਆਖਦੀ ਅਤੇ ਕੋਈ ਝੁੰਝਲਾ ਕੇ ਬੋਲਦੀ, ‘ਆਜ ਮਰਾ ਦਿੱਖਾ ਹੀ ਨਹੀਂæææ।’
ਇੰਦੂ, ਸੁਚਿੰਤਾ, ਸ਼ਮੀਮ, ਮਨਜੀਤ ਤੇ ਮੇਨਕਾ ਸਭ ਦੇ ਆਪਣੇ ‘ਸਾਲੇ’ ਤੇ ‘ਮਰੇ’ ਸਨ ਪਰ ਮੇਰਾ ਕੋਈ ਵੀ ਨਾ। ਮੈਂ ਅਜੇ ਤਕ ਬਾਲੜੀ ਜੁ ਦਿਖਦੀ ਸਾਂ।
ਛੋਟੇ ਕੱਦ ਦਾ ਅਹਿਸਾਸ ਹੁਣ ਹੋਰ ਵੀ ਦੁਖਦਾਈ ਸੀ।
ਬਾਲੜੀ ਦਿਸਣਾ ਮੇਰੇ ਲਈ ਗਾਹਲ ਦੇ ਬਰਾਬਰ ਸੀ।
ਹਵਾਈ ਫ਼ੌਜ ਵਿਚ ਅਫ਼ਸਰ ਅਤੇ ਬੰਗਲੌਰ ਨਿਯੁਕਤ ਹੋਏ ਮੇਰੇ ਵੱਡੇ ਵੀਰ ਦੂਜੀ ਸਾਲਾਨਾ ਛੁੱਟੀ ‘ਤੇ ਘਰ ਆਏ। ਕੱਦ ਦੇ ਦੁੱਖ ਕਾਰਨ ਮੈਂ ਉਨ੍ਹਾਂ ਦਿਨਾਂ ਵਿਚ ਖੁਦਕੁਸ਼ੀ ਦੇ ਮਨਸੂਬੇ ਬਣਾ ਰਹੀ ਸਾਂ। ਵੀਰ ਜੀ ਤੋਂ ਮੇਰੀ ਪੀੜ ਗੁੱਝੀ ਨਾ ਰਹੀ।
‘ਤੂੰ ਭੁੱਲ ਕੇ ਵੀ ਜਸਵੰਤ ਮਾਮੀ ਵਰਗੀ ਨਹੀਂ ਹੋਣਾ।’ ਵੀਰ ਜੀ ਨੇ ਨਸੀਹਤ ਦਿੱਤੀ।
ਜਸਵੰਤ ਮਾਮੀ ਮੇਰੇ ਵੱਡੇ ਮਾਮੇ ਦੀ ਦੂਜੀ ਪਤਨੀ ਸੀ। ਪਹਿਲੀ ਮਾਮੀ ਤਿੰਨ ਨਿਆਣੇ ਛੱਡ ਕੇ ਮਰ ਗਈ ਸੀ। ਇਸ ਮਾਮੀ ਨੂੰ ਮਤਰੇਈ ਦੀ ਅੱਲ ਨਾਲ ਜੀਣਾ ਪੈ ਰਿਹਾ ਸੀ। ਜ਼ਾਹਿਰ ਹੈ ਕਿ ਜੇ ਕੋਈ ਮੁਟਿਆਰ ‘ਮਤਰੇਈ-ਮਤਰੇਈ’ ਦੇ ਦੂਸ਼ਣਾਂ ਨਾਲ ਜਿਉਂਦੀ ਹੋਈ ਸ਼ੱਕ ਦੀ ਘਾਟੀ ਵਿਚੋਂ ਪਲ-ਪਲ ਲੰਘੇ ਤਾਂ ਵਕਤ ਪਾ ਕੇ ਉਸ ਨੇ ਮਤਰੇਈ ਦਾ ਚੰਡਾਲ ਰੂਪ ਧਾਰ ਵੀ ਲੈਣਾ ਹੁੰਦਾ ਹੈ।
ਮਧਰੀ, ਮੋਟੀ, ਖਰ੍ਹਵੀ ਤੇ ਭਾਰੀ ਅਰ ਮਰਦਾਵੀਂ ਜਿਹੀ ਆਵਾਜ਼ ਵਾਲੀ ਜਸਵੰਤ ਮਾਮੀ ਮੈਨੂੰ ਉਕਾ ਨਾ ਭਾਉਂਦੀ। ਮਮੇਰੇ ਭਰਾ ਅਤੇ ਭੈਣਾਂ ਸਾਹਵੇਂ ਉਹ ਮਾਮੀ ਮੈਨੂੰ ਨਿਰੀ ਡੈਣ ਜਾਪਦੀ। ਬਚਪਨ ਵਿਚ ਸੁਣੀਆਂ ਹੋਈਆਂ ਰਾਖਸ਼ਾਂ ਅਤੇ ਡੈਣਾਂ ਦੀਆਂ ਸਾਰੀਆਂ ਹੀ ਕਹਾਣੀਆਂ ਦੇ ਕਿਰਦਾਰਾਂ ਦੇ ਦਰਸ਼ਨ ਮੈਂ ਮਾਮੀ ਦੇ ਚਿਹਰੇ ਤੋਂ ਕਰਦੀ।
ਜਸਵੰਤ ਮਾਮੀ ਵਰਗੀ ਬਣਨ ਨਾਲੋਂ ਤਾਂ ਮੇਰੇ ਲਈ ਮਰ ਜਾਣਾ ਹੀ ਬਿਹਤਰ ਸੀ।
‘ਪਰ ਮੈਂ ਜਸਵੰਤ ਮਾਮੀ ਵਰਗੀ ਕਿਉਂ ਤੇ ਕਿਵੇਂ ਬਣਾਂਗੀ?’ ਮੈਂ ਵੀਰ ਜੀ ਤੋਂ ਪੁੱਛਦੀ।
‘ਤੂੰ ਕਦੇ ਮੋਟੀ ਨਹੀਂ ਹੋਣਾ। ਵਰਜਿਸ਼ ਵਲੋਂ ਘੇਸਲ ਨਹੀਂ ਮਾਰਨੀ। ਰੋਜ਼ ਲਟਕਣ ਦਾ ਅਭਿਆਸ ਕਰਿਆ ਕਰ। ਕੰਬੀਨੇਸ਼ਨਾਂ ਦੀ ਥਾਂ ਇਕੋ ਰੰਗ ਦਾ ਸੂਫੀਆਨਾ ਸੂਟ ਪਾਇਆ ਕਰ। ਲੰਮੀਆਂ ਧਾਰੀਆਂ ਤੇ ਬਰੀਕ ਛੀਟ ਅਰ ਹਲਕੇ ਰੰਗ ਦੀਆਂ ਕਮੀਜ਼ਾਂ ਪਾਇਆ ਕਰ। ਇਸ ਤਰ੍ਹਾਂ ਕਰਨ ਨਾਲ ਤੇਰਾ ਕੱਦ ਘੱਟ ਛੋਟਾ ਲੱਗੇਗਾ। ਤੂੰ ਜੇ ਲੰਮੀ ਨਹੀਂ ਹੋ ਸਕਦੀ ਤਾਂ ਲੰਮੀ ਦਿਸਣ ਦਾ ਭੁਲੇਖਾ ਤਾਂ ਪਾ ਹੀ ਸਕਦੀ ਏਂæææ।’
‘æææ ਤੂੰ ਸਰੀਰਕ ਕੱਦ ਦੀ ਬਨਿਸਬਤ ਆਪਣਾ ਮਾਨਸਿਕ ਤੇ ਬੌਧਿਕ ਕੱਦ ਉਚਾ ਕਰ। ਇਸ ਕੱਦ ਦੀ ਕੋਈ ਸੀਮਾ ਨਹੀਂæææਸਰਾਫ਼ਾ ਬਾਜ਼ਾਰ ਦੀਆਂ ਤੇਰੀਆਂ ਅਮੀਰ ਜਮਾਤਣਾਂ ਛੇਤੀ ਹੀ ਵਿਆਹੀਆਂ ਜਾਣਗੀਆਂ। ਪੂੜੀਆਂ-ਕਚੌਰੀਆਂ, ਮਿਠਾਈਆਂ ਅਤੇ ਭਾਂਤ-ਭਾਂਤ ਦੇ ਪਕਵਾਨ ਖਾ-ਖਾ ਕੇ ਉਹ ਮੰਜਿਆਂ ਉਤੇ ਮੇਲ੍ਹਦੀਆਂ ਮੋਟੀਆਂ ਮਾਂਵਾਂ ਬਣ ਜਾਣਗੀਆਂ ਤੇ ਤੂੰ ਪੜ੍ਹ-ਲਿਖ ਕੇ ਡਾਕਟਰ ਬਣੇਂਗੀ ਜਾਂ ਵਕੀਲ ਜਾਂ ਅਫ਼ਸਰ, ਤੇ ਇੰਜ ਹੀ ਰਹੇਂਗੀ ਪਤਲੀ-ਪਤੰਗ ਤੇ ਚੁਸਤ। ਤੇਰੀਆਂ ਕੱਦਾਵਰ ਸਹੇਲੀਆਂ ਤੇਰੇ ‘ਤੇ ਰਸ਼ਕ ਕਰਨਗੀਆਂ। ਦੁਨੀਆਂ ਦੇ ਮਹਾਨ ਅਤੇ ਪ੍ਰਤਿਭਾਸ਼ਾਲੀ ਪੁਰਖ ਜਿਨ੍ਹਾਂ ਨੇ ਇਤਿਹਾਸ ਬਦਲਿਆ, ਬਣਾਇਆ ਤੇ ਮੁੜ-ਮੁੜ ਸਿਰਜਿਆ, ਉਹ ਜ਼ਿਆਦਾ ਕਰ ਕੇ ਛੋਟੇ ਕੱਦ ਦੇ ਹੀ ਸਨæææ।’
ਵੀਰ ਜੀ ਦੀ ਹੱਲਾਸ਼ੇਰੀ ਅਤੇ ਮੇਰੀ ਪ੍ਰਤਿਭਾ ਵਿਚ ਉਨ੍ਹਾਂ ਦੇ ਦ੍ਰਿੜ੍ਹ ਵਿਸ਼ਵਾਸ ਨੇ ਮੈਨੂੰ ਮੁੜ ਜਿਉਣ ਜੋਗੀ ਕਰ ਦਿੱਤਾ।
ਅਧਿਆਪਨ ਦੇ ਕਿੱਤੇ ਦੇ ਨਾਲ-ਨਾਲ ਆਪ ਵੀ ਪੜ੍ਹਦੀ-ਪੜ੍ਹਦੀ ਮੈਂ ਐਮæਏæ ਤੱਕ ਪੁੱਜ ਗਈ। ਜਿਉਂ-ਜਿਉਂ ਸਫ਼ਲ ਹੁੰਦੀ ਗਈ, ਹੀਣਤਾ ਦੇ ਭਾਵ ਤੋਂ ਮੁਕਤ ਹੁੰਦੀ ਗਈ, ਭਾਵੇਂ ਸਾਰੀ ਦੀ ਸਾਰੀ ਕਦੇ ਵੀ ਨਹੀਂ।
ਜ਼ਿੰਦਗੀ ਦੇ ਸਮੁੱਚੇ ਤਜਰਬੇ ਨੇ ਮੈਨੂੰ ਇਹ ਸਿਖਾਇਆ ਹੈ ਕਿ ਕੁਝ ਵੀ ਕਰ ਸਕਣ, ਬਣਨ, ਹੋਣ ਜਾਂ ਥੀਣ ਦਾ ਰਾਜ਼ ਮੂਲ ਰੂਪ ਵਿਚ ਕਮਤਰੀ ਦਾ ਅਹਿਸਾਸ ਹੀ ਹੈ।
ਉਨ੍ਹੀਵੇਂ ਵਰ੍ਹੇ ਵਿਚ ਪੈਰ ਸੀ ਮੇਰਾ। ਪੰਜਵੀਂ ਜਮਾਤ ਦੀ ਅਧਿਆਪਕਾ ਸਾਂ ਉਦੋਂ। ਜਮਾਤ ਕਮਰੇ ਵਿਚ ਆਪਣੇ ਵਿਦਿਆਰਥੀਆਂ ਨਾਲ ਭੁੰਜੇ ਬੈਠੀ ਉਨ੍ਹਾਂ ਤੋਂ ਨਕਸ਼ੇ ਬਣਵਾ ਰਹੀ ਸਾਂ ਕਿ ਅਚਾਨਕ ਮੁਆਇਨੇ ਲਈ ਇੰਸਪੈਕਟਰ ਆ ਨਿਕਲੀ।
‘ਤੁਮਾਰੀ ਅਧਿਆਪਕਾ ਕਹਾਂ ਹੈ ਬੱਚੋ?’
ਬੱਚਿਆਂ ਨਾਲ ਬੈਠੀ ਹੋਈ ਬੱਚੀ ਜਿਹੀ ਅਧਿਆਪਕਾ ਇੰਸਪੈਕਟਰ ਨੂੰ ਦਿਸੀ ਹੀ ਨਾ।
ਤਗੜਾ ਤੇ ਕੱਦਾਵਰ ਰਮੇਸ਼, ਜਮਾਤ ਦਾ ਮਨੀਟਰ ਸੀ। ਉਸ ਉਠ ਕੇ ਮੇਰੇ ਵੱਲ ਇਸ਼ਾਰਾ ਕੀਤਾ।
‘ਅਰੇ ਤੁਮ ਹੋ ਅਧਿਆਪਕਾ? ਇਤਨੀ ਨੰਨ੍ਹੀ ਸੀ? ਜ਼ਰਾ ਸਾਹੜੀ-ਵਾਹੜੀ ਪਹਿਨ ਕਰ ਬੱਚੋਂ ਸੇ ਅਲੱਗ ਤੋ ਦਿਖਾ ਕਰੋ। ਤੁਮ ਤੋ ਉਨਸੇ ਭੀ ਛੋਟੀ ਲੱਗ ਰਹੀ ਹੋæææ?’
ਉਸ ਦਿਨ ਤੋਂ ਬਾਅਦ ਮੈਂ ਸਾੜ੍ਹੀ ਪਹਿਨਣੀ ਸ਼ੁਰੂ ਕਰ ਦਿੱਤੀ। ਨਾਲ ਹੀ ਉਚੀ ਅੱਡੀ ਦੇ ਸੈਂਡਲ ਪਾਉਣ ਲੱਗੀ। ਵਾਲ ਵੀ ਦੋ ਗੁੱਤਾਂ ਦੀ ਥਾਂ ‘ਤੇ ਜੂੜੇ ਵਿਚ ਸੰਭਾਲਣ ਲੱਗੀ। ਉਦੋਂ ਤੋਂ ਅੱਜ ਤੱਕ ਸਾੜ੍ਹੀ ਹੀ ਮੇਰਾ ਲਿਬਾਸ ਹੈ। ਜੇ ਕਦੇ ਭੁੱਲ ਭੁਲੇਖੇ ਵੀ ਸੂਟ ਪਾ ਲਿਆ ਤਾਂ ਇਹੀ ਸੁਣਨ ਨੂੰ ਮਿਲਿਆ: ‘ਜਿੰਨੀ ਚੰਗੀ ਤੈਨੂੰ ਸਾੜ੍ਹੀ ਫੱਬਦੀ ਹੈ, ਸੂਟ ਨਹੀਂæææ।’
‘æææ ਠੀਕ ਹੈ ਸੂਟ ਪਰ ਸਾੜ੍ਹੀ ਦਾ ਜੁਆਬ ਨਹੀਂ।’
ਇਸ ‘ਪਰ’ ਤੋਂ ਮੈਂ ਕਦੇ ਵੀ ‘ਬੇਪਰ’ ਨਾ ਹੋ ਸਕੀ। ਮੁਕਤ ਹੋਣ ਲਈ ਇਕ ਹੋਰ ਜਨਮ ਲੈਣਾ ਪਵੇਗਾ। ਚਲੋ ਮੁੜ ਵਾਪਸ ਆਉਣ ਲਈ ਇਕ ਪੱਜ ਤਾਂ ਹੈ!
ਇਹ ਦੁਨੀਆਂ ਇਤਨੀ ਖੂਬਸੂਰਤ ਹੈ ਕਿ ਸਦਾ-ਸਦਾ ਲਈ ਚਲੇ ਜਾਣ ਲਈ ਜੀ ਨਹੀਂ ਕਰਦਾ। ਮਧਰੀ ਹੀ ਸਹੀ, ਮੈਂ ਮੁੜ-ਮੁੜ ਆਉਣਾ, ਜੀਣਾ ਤੇ ਰੱਜ-ਰੱਜ ਜੀ ਕੇ ਹੀ ਜਾਣਾ ਚਾਹਵਾਂਗੀ।

ਲੰਮੇਰੀ ਦਿਸਣ ਲਈ ਮੈਂ ਸਦਾ ਤਣ ਕੇ ਤੁਰਦੀ ਹਾਂ, ਸਿੱਧਮ-ਸਿੱਧੀ।
ਬੁੱਢਾ ਹੀ ਕਿਉਂ ਨਾ ਹੋ ਜਾਵੇ, ਛੋਟੇ ਕੱਦ ਦਾ ਬੰਦਾ ਕਦੇ ਕੁੱਬਾ ਨਹੀਂ ਹੁੰਦਾ, ਬਸ਼ਰਤੇ ਕਿ ਉਹ ਰੀੜ੍ਹ-ਹੱਡੀ ਦੀ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋਵੇ। ਲੰਮੇ ਕੱਦ ਦੇ ਬੰਦੇ ਅਕਸਰ ਹੀ ਵੱਡੀ ਉਮਰ ਵਿਚ ਆ ਕੇ ਦੂਹਰੇ ਹੋਣ ਲੱਗਦੇ ਹਨ।
ਕੱਦਾਵਰ ਇਸਤਰੀਆਂ ਅਕਸਰ ਆਪਣੀ ਉਮਰ ਘਟਾ ਦੇ ਦੱਸਦੀਆਂ ਹਨ। ਇਹ ਮੇਰੀ ਸਮੱਸਿਆ ਨਹੀਂ। ਮੈਨੂੰ ਤਾਂ ਸਦਾ ਆਪਣੀ ਸਹੀ ਉਮਰ ਦੱਸਣ ਕਾਰਨ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਯੋਗ ਸਾਧਨਾ ਅਰ ਹੈਲਥ ਕਲੱਬ ਦੇ ਕਿੱਤੇ ਨਾਲ ਸਬੰਧਤ ਹੋਣ ਕਰ ਕੇ ਮੈਂ ਆਪਣੀ ਉਮਰ ਵਧਾ ਕੇ ਦੱਸਦੀ ਹਾਂ।
ਸੱਚ ਹੈ ਕਿ ਕਈ ਵੇਰਾਂ ਸੱਚ ਗਲਪ ਨਾਲੋਂ ਵੀ ਅਜੀਬ ਤੇ ਅਨੋਖਾ ਜਾਪਣ ਲੱਗਦਾ ਹੈ। ਛੋਟਾ ਤੇ ਅਨੁਪਾਤਿਤ ਆਕਾਰ ਸੁੰਦਰਤਾ ਦਾ ਪ੍ਰਤੀਕ ਹੈ।
ਛੋਟੇ ਜੀਵ-ਜੰਤੂ ਪੰਛੀ-ਜਨੌਰ ਤ੍ਰਿਖੇ ਅਤੇ ਮਾਣ-ਮੱਤੇ ਹੁੰਦੇ ਹਨ। ਪੰਛੀ ਢਿੱਲੇ-ਢਾਲੇ, ਬੇਤਰਤੀਬੇ, ਡਿਗਦੇ-ਢਹਿੰਦੇ ਜਾਂ ਬੁੱਢੇ ਵੀ ਕਦੇ ਨਹੀਂ ਦਿਸੇ। ਹਾਂ, ਪਿੰਜਰੇ-ਪਿਆਂ ਦੀ ਹੋਰ ਗੱਲ ਹੈ!
ਕੱਦ ਵੱਲੋਂ ਹਾਥੀ ਸਭ ਤੋਂ ਵਿਸ਼ਾਲ ਚੌਪਾਇਆ ਹੈ। ਉਸ ਦੀ ਠੁਮਕਦਾਰ ਚਾਲ ਲਾਸਾਨੀ ਹੈ। ਬਾਲਕ ਹਾਥੀ ਦੀ ਸਵਾਰੀ ਦਾ ਅਨੰਦ ਭਾਵੇਂ ਮਾਣਦੇ ਹਨ ਪਰ ਛਲਾਂਗਾ ਮਾਰਨ ਅਰ ਚੁੰਗੀਆਂ ਭਰਨ ਵੇਲੇ ਉਹ ਹਿਰਨਾਂ ਅਤੇ ਖਰਗੋਸ਼ਾਂ ਦੀ ਹੀ ਰੀਸ ਕਰਦੇ ਹਨ। ਹਾਥੀ ਪ੍ਰੌੜਤਾ ਦਾ ਪ੍ਰਤੀਕ ਹੈ। ਪ੍ਰੌੜ ਅਤੀਤ-ਮੁਖੀ ਹੁੰਦੇ ਹਨ ਅਤੇ ਬਾਲਕ ਭਵਿੱਖ-ਮੁਖੀ।
ਤੇਜ਼ ਤੇਜ਼ ਤੁਰਦੇ, ਦੁਲਾਂਘਾਂ ਪੁੱਟਦੇ ਮਧਰੇ ਬੰਦੇ ਬੱਚਿਆਂ ਨਾਲ ਬੱਚੇ ਹੋ ਨਿਬੜਦੇ ਹਨ; ਭਾਵੇਂ ਇਹ ਵੀ ਸੱਚ ਹੈ ਕਿ ਤ੍ਰਿਖਾ ਤੁਰਨਾ ਉਨ੍ਹਾਂ ਦੀ ਮਜਬੂਰੀ ਹੁੰਦੀ ਹੈ। ਉਨ੍ਹਾਂ ਨੂੰ ਲੰਮਿਆਂ ਨਾਲ ਕਦਮ ਜੁ ਮਿਲਾ ਕੇ ਤੁਰਨਾ ਪੈਂਦਾ ਹੈ। ਲੰਮੇ ਦੀ ਇਕ ਦੁਲਾਂਘ ਤੇ ਗਿੱਠੇ ਦੀਆਂ ਦੋ। ਗਿੱਠਾ ਦੌੜੇ ਨਾ ਤਾਂ ਕੀ ਕਰੇ? ਰਫ਼ਤਾਰ ਦੀ ਮਜਬੂਰੀ ਮਧਰੇ ਦੀ ਆਦਤ ਬਣ ਜਾਂਦੀ ਹੈ। ਚਾਲ ਦੀ ਫੁਰਤੀ ਉਸ ਦੇ ਹਰ ਕਦਮ ਨੂੰ ਫੁਰਤੀਲਾ ਬਣਾਉਂਦੀ ਹੋਈ ਉਸ ਦਾ ਸੁਭਾਅ ਹੋ ਨਿਬੜਦੀ ਹੈ।
ਵੱਡਿਆਂ ਵਿਚ ਤ੍ਰਿਖਾ ਅਤੇ ਨਿੱਕਿਆਂ ਨਾਲ ਨਿੱਕਾ ਹੋਣਾ ਛੋਟੇ ਕੱਦ ਦਾ ਹਾਸਲ ਹੈ।
ਮਧਰੇ ਦੀ ਸੀਮਾ ਤਾਂ ਆਕਾਸ਼ ਹੈ ਪਰ ਇਸ ਦੇ ਉਲਟ ਔਸਤ-ਕੱਦ ਦੀ ਦੁਨੀਆਂ ਵਿਚ ਵਿਚਰਦੇ ਹੋਏ ਲੰਮੇਰੇ ਬੰਦੇ ਨੂੰ ਥਾਂ-ਥਾਂ ਝੁਕਣਾ ਪੈਂਦਾ ਹੈ। ਆਪਣੇ ਤੋਂ ਨੀਵੇਂ ਕੱਦ ਵਾਲਿਆਂ ਦੀ ਅੱਖ ਵਿਚ ਅੱਖ ਪਾ ਕੇ ਵੇਖਣ ਅਤੇ ਜੱਫੀ ਪਾਉਣ ਲਈ ਲੰਮੇ ਬੰਦੇ ਨੂੰ ਅਕਸਰ ਹੀ ਲਿਫਣਾ ਪੈਂਦਾ ਹੈ। ਲਿਫਣ ਦਾ ਇਹ ਅਹਿਸਾਸ ਲੰਮੇ ਬੰਦੇ ਦੀ ਰੂਹ ਵਿਚ ਅਚੇਤ ਹੀ ਪ੍ਰਵੇਸ਼ ਕਰਦਾ ਹੋਇਆ ਉਸ ਦੀ ਜੀਣ-ਥੀਣ ਅਤੇ ਕਰਮ-ਸ਼ੈਲੀ ਉਤੇ ਹਾਵੀ ਹੋ ਕੇ ਉਸ ਨੂੰ ਝੁਕਾਉਂਦਾ-ਝੁਕਾਉਂਦਾ ਕੁੱਬਾ ਬਣਾ ਦੇਂਦਾ ਹੈ।
ਛੋਟੇ ਕੱਦ ਵਾਲੇ ਬੰਦੇ ਦਾ ਅਹਿਸਾਸੇ-ਕਮਤਰੀ ਦਾ ਸ਼ਿਕਾਰ ਹੋਣਾ ਸੁਭਾਵਕ ਹੈ। ਇਹ ਅਹਿਸਾਸ ਉਸ ਨੂੰ ਆਪਣੀ ਪਛਾਣ ਬਣਾਉਣ ਲਈ ਉਤੇਜਿਤ ਕਰਦਾ ਹੈ ਜਿਸ ਕਰ ਕੇ ਉਚਾ ਉਠਦਾ-ਉਠਦਾ ਉਹ ਅਕਾਸ਼ੀ ਬੁਲੰਦੀਆਂ ਛੁਹਣ ਦੀ ਵੀ ਸੰਭਾਵਨਾ ਰੱਖਦਾ ਹੈ। ਇਸ ਤੱਥ ਦੇ ਪ੍ਰਮਾਣ ਵਜੋਂ ਮਹਾਨ ਹਸਤੀਆਂ ਦੇ ਅੰਕੜੇ ਲੱਭਣੇ ਕੋਈ ਔਖੇ ਨਹੀਂ।
ਹੀਣਤਾ ਦਾ ਅਹਿਸਾਸ ਸਿਰਫ਼ ਛੋਟੇ ਕੱਦ ਵਾਲਿਆਂ ਦੀ ਹੀ ਹੋਣੀ ਨਹੀਂ, ਆਮ ਨਾਲੋਂ ਲੰਮੇਰੇ ਬੰਦਿਆਂ ਲਈ ਵੀ ਇਹ ਉਤਨੀ ਹੀ ਗੰਭੀਰ ਸਮੱਸਿਆ ਹੈ। ਛੇ ਫੁੱਟ ਤੋਂ ਇਕ ਦੋ ਇੰਚ ਵੱਧ ਹੋਣਾ ਤਾਂ ਵਾਹ ਭਲਾ, ਪਰ ਤਿੰਨ ਚਾਰ ਜਾਂ ਪੰਜ ਇੰਚ?
ਏਨਾ ਲੰਮਾ ਬੰਦਾ ਜਾਂ ਤਾਂ ਝੁਕਦਾ-ਝੁਕਦਾ ਝੁਕ ਹੀ ਜਾਏਗਾ, ਤੇ ਜਾਂ ਫਿਰ ਕਿਸੇ ਮਧਰੇ ਵਾਂਗ ਉਹ ਵੀ ਆਪਣੇ ਕੱਦ ਨੂੰ ਹੀ ਆਪਣੀ ਪਛਾਣ ਦਾ ਕੇਂਦਰ ਬਣਾ ਕੇ ਆਪਣੇ ਅੰਤਰੀਵ ਗੁਣ ਨੂੰ ਵਧਾ-ਚਮਕਾ ਕੇ ਕਿਸੇ ਬੁਲੰਦੀ ‘ਤੇ ਪੁੱਜ ਜਾਏਗਾ। ਕੀ ਸਦੀ ਦਾ ਮਹਾਨ ਅਭਿਨੇਤਾ ਅਮਿਤਾਬ ਬਚਨ ਇਸ ਤੱਥ ਦੀ ਸਾਖਿਅਤ ਮਿਸਾਲ ਨਹੀਂ?
ਲੰਮੀਆਂ ਕੁੜੀਆਂ ਜੀਵਨ-ਸਾਥੀ ਵਜੋਂ ਬਰਾਬਰ ਜਾਂ ਲੰਮੇਰੇ ਕੱਦ ਦੇ ਬੰਦੇ ਭਾਲਦੀਆਂ ਹਨ। ਉਹ ਆਪਣੇ ਦੋਸਤ ਮਿੱਤਰਾਂ ਦੀ ਅੱਖ ਵਿਚ ਅੱਖ ਪਾ ਕੇ ਸਾਹਮਣੇ ਤੇ ਸਿੱਧਾ ਵੇਖਣ ਦੀਆਂ ਆਦੀ ਹੁੰਦੀਆਂ ਹਨ। ਇਸ ਦੇ ਉਲਟ ਮਧਰੀਆਂ ਨੂੰ ਆਪਣੇ ਹਾਣੀ-ਮਿੱਤਰਾਂ ਵੱਲ ਸਿਰ ਉਚਿਆ ਕੇ ਵੇਖਣ ਦੀ ਆਦਤ ਹੁੰਦੀ ਹੈ। ਉਨ੍ਹਾਂ ਦੀ ਇਹ ਨਜ਼ਰ ਮਰਦਾਂ ਦੇ ਅਹੰ ਨੂੰ ਪੱਠੇ ਪਾਉਂਦੀ ਹੈ।
ਕੋਈ ਪੁਰਸ਼ ਕਿਸੇ ਛੋਟੇ ਕੱਦ ਵਾਲੀ ਇਸਤਰੀ ਨੂੰ ਕਲਾਵੇ ਵਿਚ ਲੈਣ ਲੱਗਿਆਂ ਉਸ ਪ੍ਰਤੀ ਸੁਰੱਖਿਆ ਦੀ ਭਾਵਨਾ ਰੱਖਦਾ ਹੈ। ਦੋਹਾਂ ਦੀ ਅਚੇਤ ਸਰੀਰਕ ਭਾਸ਼ਾ ਦੁਵੱਲੇ ਆਕਰਸ਼ਣ ਅਤੇ ਮੋਹ ਦਾ ਕਾਰਨ ਬਣਦੀ ਹੈ।
ਕੁਦਰਤ ਵੱਲੋਂ ਹੀ ਨਰ ਅਗਰੈਸਿਵ (ਹਮਲਾਵਰ) ਇਕਾਈ ਹੈ, ਐਕਟਿਵ; ਤੇ ਮਦੀਨ ਕਾਰਜਹੀਣ ਯਾਨਿ ਪੈਸਿਵ।
ਸਮਰਪਿਤ ਹੋਣ ਵਿਚ ਔਰਤ ਦਾ ਛੋਟਾ ਕੱਦ ਅਹਿਮ ਰੋਲ ਨਿਭਾਉਂਦਾ ਹੈ। ਬਰਾਬਰ ਦੀ ਜਾਂ ਤਗੜੀ-ਲੰਮੇਰੀ ਔਰਤ ਨੂੰ ਕੋਈ ਮਰਦ ਕਲਾਵੇ ਵਿਚ ਤਾਂ ਲੈ ਲਏਗਾ ਪਰ ਉਸ ਨੂੰ ਚੁੱਕਣ ਦੀ ਹਿੰਮਤ ਕਿਵੇਂ ਕਰੇਗਾ? ਲੋਕ-ਗੀਤਾਂ ਵਿਚ ਇਸ ਤੱਥ ਦੀ ਭਰਪੂਰ ਗਵਾਹੀ ਮਿਲਦੀ ਹੈ।
ਛੋਟੇ ਕੱਦ ਵਾਲੀ ਇਸਤਰੀ ਦੇ ਸਾਥ ਵਿਚ ਪੁਰਸ਼ ਆਪਣੇ ਆਪ ਨੂੰ ਸੰਪੂਰਨ ਅਤੇ ਵਧੇਰੇ ਸੁਰੱਖਿਅਤ ਸਮਝਦਾ ਹੈ।
ਆਪਣੇ ਪਹਿਲੇ ਗਰਭ-ਕਾਲ ਦੌਰਾਨ ਮੈਂ ਹੋਣ ਵਾਲੇ ਬਾਲਕ ਦੇ ਲੰਮੇ ਕੱਦ ਲਈ ਪਾਠ ਅਰਦਾਸਾਂ ਕਰਦੀ ਰਹੀ। ਦਿਨ ਰਾਤ, ਲਗਾਤਾਰ। ਨਵਜਾਤ ਬੱਚੇ, ਸੰਨੀ ਨੂੰ ਪਹਿਲੀ ਨਜ਼ਰੇ ਜਿਸ ਨੇ ਵੇਖਿਆ, ‘ਵਾਹ ਵਾਹ ਲੰਮਾ’ ਆਖਿਆ। ਸੂਖਮ ਸਰੀਰ ਵਾਲੀ ਮਾਂ ਦਾ ਪੁੱਤਰ, ਸੰਨੀ ਛੇ ਫੁੱਟਾ ਹੈ।
ਸੱਸ ਸਮੇਤ ਮੇਰੀਆਂ ਸਾਰੀਆਂ ਹੀ ਨਣਾਨਾਂ ਤੇ ਦਰਾਣੀਆਂ ਜਠਾਣੀਆਂ ਲੰਮੀਆਂ ਜਾਂ ਮਝਲੇ ਕੱਦ ਦੀਆਂ ਹਨ ਪਰ ਕਿਸੇ ਦੇ ਵੀ ਬਲਾਕ ਨੇ ਏਨਾ ਲੰਮਾ ਕੱਦ ਨਹੀਂ ਕੱਢਿਆ। ਸ਼ਾਇਦ ਇਸ ਲਈ ਕਿ ਉਨ੍ਹਾਂ ਮਾਂਵਾਂ ਲਈ ਇਹ ਏਨੀ ਗੰਭੀਰ ਚਿੰਤਾ ਦਾ ਮਸਲਾ ਨਹੀਂ ਸੀ।
ਸੰਨੀ ਜ਼ਰੂਰ ਮੇਰੀ ਚੇਤਨਾ ਦੀ ਅੰਤਰੀਵ ਲੋਚਾ ਦੀ ਪ੍ਰਬਲਤਾ ਦਾ ਸਿੱਟਾ ਹੋਵੇਗਾ। ਮੇਰਾ ਵਿਸ਼ਵਾਸ ਹੈ।
ਸਾਗਰ ਤੱਟ ‘ਤੇ ਵਸਦੇ ਮਹਾਂਨਗਰ ਮੁੰਬਈ, ਕਲਕੱਤਾ ਜਾਂ ਮਦਰਾਸ ਵਿਚ ਪ੍ਰਵੇਸ਼ ਕਰਦਿਆਂ ਪਹਿਲੀ ਨਜ਼ਰ ਦੇ ਪ੍ਰਭਾਵ ਅਨੁਸਾਰ ਉਥੋਂ ਦੀਆਂ ਇਸਤਰੀਆਂ ਉਤਰੀ ਭਾਰਤ ਦੀਆਂ ਔਰਤਾਂ ਦੇ ਮੁਕਾਬਲੇ ਲੰਮੇਰੀਆਂ, ਇਕਹਿਰੇ ਬਦਨ ਵਾਲੀਆਂ, ਗੁੰਦਵੀਆਂ ਅਰ ਗਠੀਲੀਆਂ ਪ੍ਰਤੀਤ ਹੁੰਦੀਆਂ ਹਨ। ਇਹ ਸੁਭਾਵਕ ਵੀ ਹੈ।
ਸਾਗਰ ਦੀ ਮੱਛੀ ਪਹਾੜਾਂ ਦੀ ਦਰਿਆਈ ਮੱਛੀ ਨਾਲੋਂ ਲੰਮੇਰੀ ਨਹੀਂ?
ਹੈ ਕੋਈ ਹੋਰ ਬਿਰਛ ਜੋ ਨਾਰੀਅਲ ਜਾਂ ਤਾੜ ਦੇ ਕੱਦ ਦੇ ਬਰਾਬਰ ਦਾ ਹੋਵੇ?
ਕੀ ਵੇਲ੍ਹ ਮੱਛੀ ਜਾਂ ਮਗਰਮੱਛ ਉਤਰ ਦੇ ਤ੍ਰਿਖੇ ਦਰਿਆਵਾਂ ਵਿਚ ਜੀ ਸਕਦੇ ਹਨ?
ਸਮੁੰਦਰ ਦੇ ਕੰਢੇ ‘ਤੇ ਆਕਸੀਜਨ ਦੇ ਖੁੱਲ੍ਹੇ ਗੱਫੇ ਮਿਲਦੇ ਹਨ ਤੇ ਪਹਾੜਾਂ ‘ਤੇ?
ਜਿਉਂ-ਜਿਉਂ ਉਪਰ ਨੂੰ ਜਾਂਦੇ ਜਾਈਏ, ਆਕਸੀਜਨ ਦੀ ਘਾਟ ਹੀ ਘਾਟ। ਇਹੀ ਕਾਰਨ ਹੈ ਕਿ ਉਤਰੀ ਭਾਰਤ ਵਿਚ ਔਸਤ ਜ਼ਨਾਨਾ ਕੱਦ ਪੰਜ ਫੁੱਟ ਦੇ ਕਰੀਬ ਹੀ ਹੈ। ਜਿਵੇਂ-ਜਿਵੇਂ ਹੋਰ ਉਪਰ ਪਹਾੜਾਂ ਵੱਲ ਚੜ੍ਹਦੇ ਜਾਂਦੇ ਹਾਂ, ਕੱਦ ਛੁਟੇਰਾ ਵੇਖਦੇ ਹਾਂ। ਪਹਾੜੀਏ, ਤਿੱਬਤੀ ਜਾਂ ਨੇਪਾਲੀ ਇਸ ਦੇ ਗਵਾਹ ਹਨ।
ਬਾਲ ਉਮਰੇ ਮੈਂ ਆਪਣੇ ਗਿੱਠੇਪਣ ਤੋਂ ਏਨੀ ਦੁਖੀ ਸਾਂ ਕਿ ਤਿੱਬਤ ਜਾਂ ਨੇਪਾਲ ਜਾ ਵੱਸਣ ਦੇ ਮਨਸੂਬੇ ਬਣਾਉਂਦੀ ਪਰ ਫੇਰ ਸੋਚਦੀ ਕਿ ਉਥੇ ਰਹਿੰਦਿਆਂ ਫਿਰ ਵਿਆਹ ਵੀ ਤਾਂ ਕਿਸੇ ਗਿੱਠੇ ਨਾਲ ਹੀ ਕਰਨਾ ਪਵੇਗਾ; ਤੇ ਫੇਰ ਆਉਣ ਵਾਲੀ ਔਲਾਦ? ਉਹ ਤਾਂ ਨਿਰੀ ਬੌਣੀ ਹੀ ਹੋਵੇਗੀ!

Be the first to comment

Leave a Reply

Your email address will not be published.